RSS

ਇਕ ਅਪਾਹਜ ਪ੍ਰੋਫੈਸਰ ਅਤੇ ਰਾਜ ਵਿਰੁੱਧ ਜੰਗ

15 May

 –

GNਬੂਟਾ ਸਿੰਘ

ਹਿੰਦੁਸਤਾਨੀ ਹੁਕਮਰਾਨ ਜਦੋਂ 16ਵੀਂ ਲੋਕ ਸਭਾ ਦੇ ਚੋਣ ਅਮਲ ਦੌਰਾਨ ਇਹ ਦਾਅਵੇ ਹੁੱਬ ਕੇ ਕਰ ਰਹੇ ਹਨ ਕਿ ਸਾਡਾ ਰਾਜ ਪ੍ਰਬੰਧ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਅਤੇ ਇਨ੍ਹਾਂ ਦਾਅਵਿਆਂ ਦੇ ਗ਼ਰਦ-ਗੁਬਾਰ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਇਸ਼ਾਰੇ ‘ਤੇ 9 ਮਈ ਨੂੰ ਮਹਾਰਾਸ਼ਟਰ ਪੁਲਿਸ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਜੀ.ਐੱਨ.ਸਾਈਬਾਬਾ, ਜੋ ਕਿ ਪੂਰੀ ਤਰ੍ਹਾਂ ਅਪਾਹਜ ਹੋਣ ਕਾਰਨ ਵੀਲ-ਚੇਅਰ ‘ਤੇ ਹਨ, ਨੂੰ ਦੁਪਹਿਰ ਵਕਤ ਖਾਣਾ ਖਾਣ ਲਈ ਘਰ ਜਾਣ ਸਮੇਂ ਰਸਤੇ ਵਿਚੋਂ ਅਗਵਾ ਕਰਕੇ ਹਵਾਈ ਜਹਾਜ਼ ਰਾਹੀਂ ਨਾਗਪੁਰ ਲੈ ਲੈਂਦੀ ਹੈ ਅਤੇ ਫਿਰ ਕਈ ਘੰਟੇ ਪਿੱਛੋਂ ਉਸ ਦੀ ਪਤਨੀ ਨੂੰ ਪ੍ਰੋਫੈਸਰ ਨੂੰ ਗ਼ੈਰਕਾਨੂੰਨੀ ਕਾਰਵਾਈਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਤਹਿਤ ਗ੍ਰਿਫ਼ਤਾਰ ਕੀਤੇ ਜਾਣ ਦੀ ਇਤਲਾਹ ਮਿਲਦੀ ਹੈ ਤਾਂ ਕੀ ਜਮਹੂਰੀਅਤ ਦੀ ਧਾਰਨਾ ਤੇ ਭਾਵਨਾ ਨਾਲ ਇਸ ਤੋਂ ਵੱਡਾ ਹੋਰ ਕੋਈ ਮਜ਼ਾਕ ਹੋ ਸਕਦਾ ਹੈ? ਬੇਸ਼ੱਕ ਡਾ. ਸਾਈਬਾਬਾ ਦੀ ਗ੍ਰਿਫ਼ਤਾਰੀ ਆਪਣੇ-ਆਪ ਵਿਚ ਅਜਿਹਾ ਪਹਿਲਾ ਮਾਮਲਾ ਨਹੀਂ ਹੈ, ਅਤੇ ਇਸ ਨੂੰ ਹਿੰਦੁਸਤਾਨੀ ‘ਜਮਹੂਰੀਅਤ’ ਦੇ ਘੁੰਢ ਵਿਚ ਇਕ ਹੋਰ ਵੱਡਾ ਲੰਗਾਰ ਹੀ ਮੰਨਿਆ ਜਾਣਾ ਚਾਹੀਦਾ ਹੈ ਜਿਸ ਦੇ ਰਾਹੀਂ ਇਸ ਦੇ ਅਸਲ ਫਾਸ਼ੀਵਾਦੀ ਚਿਹਰੇ ਦੇ ਦੀਦਾਰ ਕਰਨ ਵਿਚ ਉਨ੍ਹਾਂ ਨੂੰ ਕਾਫ਼ੀ ਸਹੂਲਤ ਹੋ ਸਕਦੀ ਹੈ ਜਿਹੜੇ ਅਜੇ ਵੀ ਇਸ ਨੂੰ ਮਹਾਂ-ਜਮਹੂਰੀਅਤ ਸਮਝੀ ਬੈਠੇ ਹਨ। ਇਸ ਗ੍ਰਿਫ਼ਤਾਰੀ ਦੇ ਕਈ ਪਹਿਲੂ ਕਾਬਲੇ-ਗ਼ੌਰ ਹਨ। ਇਸ ਮੁਲਕ ਦੇ ਸੱਤਾਤੰਤਰ ਦੀਆਂ ਨਿੱਤ ਦੀਆਂ ਆਪਹੁਦਰੀਆਂ ਦੇ ਮੱਦੇ-ਨਜ਼ਰ, ਖ਼ਾਸ ਕਰਕੇ ਹਾਸ਼ੀਏ ‘ਤੇ ਧੱਕੇ ਅਵਾਮ ਅਤੇ ਸਥਾਪਤੀ ਦਾ ਵਿਰੋਧ ਕਰਨ ਵਾਲੇ ਰੌਸ਼ਨ ਦਿਮਾਗ ਹਿੱਸਿਆਂ ਦੀਆਂ ਗ੍ਰਿਫ਼ਤਾਰੀਆਂ ਨੂੰ ਦੇਖਦਿਆਂ, ਸਰਵਉਚ ਅਦਾਲਤ ਵਾਰ-ਵਾਰ ਦਿਸ਼ਾ-ਨਿਰਦੇਸ਼ ਜਾਰੀ ਕਰ ਚੁੱਕੀ ਹੈ ਕਿ ਕਿਸੇ ਵਿਅਕਤੀ ਦਾ ਕਿਸੇ ਖ਼ਾਸ ਵਿਚਾਰਧਾਰਾ ਨੂੰ ਮੰਨਣਾ ਅਤੇ ਕਿਸੇ ਪਾਬੰਦੀਸ਼ੁਦਾ ਕਰਾਰ ਦਿੱਤੀ ਜਥੇਬੰਦੀ ਦਾ ਮੈਂਬਰ ਹੋਣਾ ਆਪਣੇ ਆਪ ਵਿਚ ਕੋਈ ਗੁਨਾਹ ਨਹੀਂ ਹੈ ਜੇ ਉਹ ਕਿਸੇ ਕਾਤਲਾਨਾ ਜਾਂ ਭੰਨਤੋੜ ਦੇ ਹਿੰਸਕ ਜੁਰਮ ਵਿਚ ਸ਼ਾਮਲ ਨਹੀਂ। ਦਰ ਹਕੀਕਤ, ਹਿੰਦੁਸਤਾਨ ਕਹੇ ਜਾਂਦੇ ਇਸ ਵਿਆਪਕ ਭੂਗੋਲਿਕ ਖਿੱਤੇ ਵਿਚ ਅਜਿਹਾ ਕੋਈ ਇਲਾਕਾ ਖ਼ੁਰਦਬੀਨ ਨਾਲ ਲੱਭਣਾ ਵੀ ਸੰਭਵ ਨਹੀਂ ਹੈ ਜਿਥੇ ਹਕੂਮਤ ਦੇ ਵਿਰੁੱਧ ਕੋਈ ਵੱਡਾ ਸੰਘਰਸ਼ ਉਠ ਖੜ੍ਹਨ ਦੀ ਸੂਰਤ ਵਿਚ ਉੱਥੋਂ ਦੇ ਅਵਾਮ ਅਤੇ ਇੱਥੋਂ ਤਕ ਕਿ ਉਸ ਸੰਘਰਸ਼ ਨਾਲ ਨਜਿੱਠਣ ਵਕਤ ਸਥਾਪਤੀ ਦੀਆਂ ਰਾਜਕੀ ਲਾਕਾਨੂੰਨੀਆਂ ਦਾ ਵਿਰੋਧ ਕਰਨ ਵਾਲੇ ਜਮਹੂਰੀ ਕਾਰਕੁੰਨਾਂ ਉਪਰ ਵਹਿਸ਼ੀ ਜਬਰ ਦਾ ਝੱਖੜ ਨਾ ਝੁੱਲਿਆ ਹੋਵੇ। ਜੇ ”ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ” ਨੂੰ ਇਸ ਮੁਲਕ ਦੀ ਭੂਗੋਲਿਕ ਵਿਆਪਕਤਾ ਤੇ ਸਭਿਆਚਾਰਕ ਵੰਨ-ਸੁਵੰਨਤਾ ਦਾ ਪ੍ਰਤੀਕ ਬਣਾਕੇ ਪੇਸ਼ ਕੀਤਾ ਜਾਂਦਾ ਹੈ ਤਾਂ ਇਸ ਮਖੌਟੇ ਦੇ ਥੱਲੇ ”ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ” ਵਹਿਸ਼ਤ ਦੇ ਮੀਲ-ਪੱਥਰਾਂ ਵਿਚੋਂ ਉਭਰਦਾ ਇਸੇ ਦਾ ਦੂਜਾ ਕੁਹਜਾ ਤੇ ਘਿਣਾਉਣਾ ਚਿਹਰਾ ਵੀ ਹੈ। ਹਰ ਥਾਂ ਇਕੋ ਤਰਜ਼ੇ ‘ਤੇ ‘ਰਾਜ ਵਿਰੁੱਧ ਜੰਗ ਛੇੜਨ’ ਅਤੇ ‘ਦੇਸ-ਧ੍ਰੋਹ’ ਦੇ ਇਲਜ਼ਾਮਾਂ ਤਹਿਤ ਥੋਕ ਮੁਕੱਦਮੇ ਬਣਾਕੇ ਅਵਾਮ ਨੂੰ ਜੇਲ੍ਹਾਂ ਵਿਚ ਸਾੜਨ ਦਾ ਸਿਲਸਿਲਾ ਚਲਦਾ ਆ ਰਿਹਾ ਹੈ, ਅੰਗਰੇਜ਼ ਰਾਜ ਦੀ ਤਰ੍ਹਾਂ। ਅੰਗਰੇਜ਼ ਰਾਜ ਦੇ ਪੂਰੀ ਤਰ੍ਹਾਂ ਨਜਾਇਜ਼ ਰਾਜ ਦੀ ਸਲਾਮਤੀ ਲਈ ਬਣਾਏ ਜ਼ਾਲਮ ਕਾਨੂੰਨ ਅੱਜ ‘ਆਜ਼ਾਦ’ ਸਟੇਟ ਦੇ ਹੱਥ ਵਿਚ ਜਬਰ ਦਾ ਸੰਦ ਹਨ! ਜੇ ਅੰਗਰੇਜ਼ਾਂ ਦੇ ਬਸਤੀਵਾਦੀ ਰਾਜ ਦੀਆਂ ਦੇਸ਼ਭਗਤਾਂ ਵਿਰੁੱਧ ਐੱਫ.ਆਈ.ਆਰ. ਅਤੇ 1947 ਤੋਂ ਪਿੱਛੋਂ ਦੇ ਸਤਾਹਟ ਵਰ੍ਹਿਆਂ ਦੌਰਾਨ ਕਿਸੇ ਵੀ ਗੜਬੜਗ੍ਰਸਤ ਕਰਾਰ ਦਿੱਤੇ ਗਏ ਖਿੱਤੇ ਵਿਚ ਦਰਜ਼ ਕੀਤੀਆਂ ਐੱਫ.ਆਈ.ਆਰ. ਦਾ ਮੁਕਾਬਲਾ ਕਰਕੇ ਦੇਖਿਆ ਜਾਵੇ ਤਾਂ ਸੰਘਰਸ਼ ਨਾਲ ਜੁੜੀਆਂ ਜਥੇਬੰਦੀਆਂ ਦੇ ਖ਼ਾਸ ਨਾਵਾਂ ਤੇ ਯੂ.ਏ.ਪੀ.ਏ. ਵਰਗੇ ਆਜ਼ਾਦ ਹਿੰਦੁਸਤਾਨ ਦੀ ਪੈਦਾਇਸ਼ ਖ਼ਾਸ ਕਾਨੂੰਨਾਂ ਦੇ ਵੱਖਰੇ ਜ਼ਿਕਰ ਨੂੰ ਛੱਡਕੇ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ। ਹੁਕਮਰਾਨ ਜਮਾਤਾਂ ਅਤੇ ਇਨ੍ਹਾਂ ਦਾ ਪੁਲਿਸ/ਫ਼ੌਜਤੰਤਰ ਸਰਵਉਚ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਨੂੰ ਟਿੱਚ ਸਮਝਦੇ ਹਨ। ਉਨ੍ਹਾਂ ਨੇ ਸੱਤਾ ਦੇ ਜ਼ੋਰ ਮਨਮਾਨੀਆਂ ਕਰਨ ਦੀ ਠਾਣ ਰੱਖੀ ਹੈ। ਤੇ ਇਹ ਵੀ ਕਾਬਲੇਗ਼ੌਰ ਹੈ ਕਿ ਅਦਾਲਤਾਂ ਦੇ ਜੱਜ ਵੀ ਦਿਸ਼ਾ-ਨਿਰਦੇਸ਼ ਹੀ ਦਿੰਦੇ ਹਨ, ਇਹ ਲਾਗੂ ਹੁੰਦੇ ਹਨ ਜਾਂ ਨਹੀਂ ਇਸ ਦੀ ਪ੍ਰਵਾਹ ਉਨ੍ਹਾਂ ਨੂੰ ਵੀ ਨਹੀਂ। ਰੋਜ਼ ਮੀਡੀਆ ਵਿਚ ਅਜਿਹੀਆਂ ਲਾਕਾਨੂੰਨੀਆਂ ਅਤੇ ਸਰਵਉੱਚ ਅਦਾਲਤਾਂ ਦੇ ਦਿਸ਼ਾ-ਨਿਰਦੇਸ਼ਾਂ ਦੀਆਂ ਉਲੰਘਣਾਵਾਂ ਦੀ ਚਰਚਾ ਹੁੰਦੀ ਹੈ ਪਰ ਅੱਜ ਤਾਈਂ ਕਿਸੇ ਸੀਨੀਅਰ ਜੱਜ ਨੇ ਇਨ੍ਹਾਂ ਲਾਕਾਨੂੰਨੀਆਂ ਦਾ ਖ਼ੁਦ ਨੋਟਿਸ ਲੈ ਕੇ ਪੁਲਿਸ/ਫ਼ੌਜਤੰਤਰ ਦੇ ਹੱਥ ਰੋਕਣ ਅਤੇ ਅਦਾਲਤ ਦੇ ਹੁਕਮਾਂ ਦੀ ਤੌਹੀਨ ਦੇ ਕਿਸੇ ਮਾਮਲੇ ਨੂੰ ਉਠਾ ਕੇ ਮਜ਼ਲੂਮਾਂ ਨੂੰ ਇਨਸਾਫ਼ ਦੇਣ ਦੀ ਪਹਿਲ ਨਹੀਂ ਕੀਤੀ। ਇਹ ਵੀ ਚੇਤੇ ਰਹੇ ਕਿ ਸਰਵਉੱਚ ਅਦਾਲਤ ਨੇ ਪੁਲਿਸ ਵਲੋਂ ਅੰਨ੍ਹੇਵਾਹ ਆਪਹੁਦਰੀਆਂ ਗ੍ਰਿਫ਼ਤਾਰੀਆਂ ਦੇ ਮੱਦੇਨਜ਼ਰ ਗ੍ਰਿਫ਼ਤਾਰੀ ਸਬੰਧੀ ਉਚੇਚੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਦੀ ਪਾਲਣਾ ਕਿਸੇ ਬੰਦੇ ਨੂੰ ਗ੍ਰਿਫ਼ਤਾਰ ਕੀਤੇ ਜਾਣ ਵਕਤ ਲਾਜ਼ਮੀ ਕਰਾਰ ਦਿੱਤੀ ਗਈ ਹੈ। ਮਸਲਨ, ਗ੍ਰਿਫ਼ਤਾਰ ਬੰਦੇ ਨੂੰ ਆਪਣੇ ਪਰਿਵਾਰ, ਦੋਸਤਾਂ-ਮਿੱਤਰਾਂ ਨੂੰ ਗ੍ਰਿਫ਼ਤਾਰੀ ਦੀ ਜਾਣਕਾਰੀ ਦੇਣ ਦਾ ਇੰਤਜ਼ਾਮ ਕਰਨਾ, ਉਸ ਦਾ ਡਾਕਟਰੀ ਮੁਲਾਹਜ਼ਾ ਕਰਾਉਣਾ ਅਤੇ ਉਸ ਨੂੰ ਆਪਣਾ ਪੱਖ ਪੇਸ਼ ਕਰਨ ਲਈ ਵਕੀਲ ਦੀ ਸਹੂਲਤ ਮੁਹੱਈਆ ਕਰਾਉਣਾ। ਆਦਿਵਾਸੀ ਅਧਿਆਪਕਾ ਸੋਨੀ ਸੋਰੀ, ਡਾ. ਬਿਨਾਇਕ ਸੇਨ, ਪ੍ਰਸ਼ਾਂਤ ਰਾਹੀ ਤੋਂ ਲੈ ਕੇ ਡਾ. ਸਾਈਬਾਬਾ ਤਕ ਕਿਸੇ ਵੀ ਮਾਮਲੇ ਵਿਚ ਇਨ੍ਹਾਂ ਅਦਾਲਤੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤੋਂ ਐਨ ਉਲਟ ਪੁਲਿਸ ਅਧਿਕਾਰੀਆਂ ਵਲੋਂ ਪੂਰੀ ਤਰ੍ਹਾਂ ਬੇਖ਼ੌਫ਼ ਹੋ ਕੇ ਕੀਤੀਆਂ ਘੋਰ ਉਲੰਘਣਾਵਾਂ ਜੱਗ ਜ਼ਾਹਿਰ ਹਨ। ਵਜ੍ਹਾ ਸਾਫ਼ ਹੈ ਕਿ ਅਜਿਹੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਹੁਕਮਰਾਨਾਂ ਅਤੇ ਉਨ੍ਹਾਂ ਦੇ ਇਸ਼ਾਰੇ ‘ਤੇ ਕੰਮ ਕਰਦੇ ਪੁਲਿਸ ਅਧਿਕਾਰੀਆਂ ਦਾ ਸਥਾਪਤੀ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਮਨੋਰਥ ਪੂਰਾ ਨਹੀਂ ਹੋ ਸਕਦਾ। ਇਸੇ ਵਿਚੋਂ ਸੋਚ-ਸਮਝਕੇ ਘੋਰ ਲਾਕਾਨੂੰਨੀਆਂ ਕੀਤੀਆਂ ਜਾਂਦੀਆਂ ਹਨ। ਡਾ. ਸਾਈਬਾਬਾ ਦੀ ਗ੍ਰਿਫ਼ਤਾਰੀ ਦਾ ਇਕ ਹੋਰ ਪਹਿਲੂ ਵੀ ਹੈ ਜੋ ਹਰ ਸਿਆਸੀ ਵੰਨਗੀ ਦੇ ਹੁਕਮਰਾਨਾਂ ਨੂੰ ਕੰਡੇ ਵਾਂਗ ਚੁਭਦਾ ਹੈ। ਉਹ ਜਿਸਮਾਨੀ ਪੱਖੋਂ ਅਪਾਹਜ ਜ਼ਰੂਰ ਹੈ ਪਰ ਇਸ ਮੁਲਕ ਦੇ ਬੁੱਧੀਜੀਵੀ ਲਾਣੇ ਵਾਂਗ ਜ਼ਿਹਨੀ ਪੱਖੋਂ ਅਪਾਹਜ ਨਹੀਂ ਹੈ। ਉਹ ਕਿਸੇ ਵੀ ਕੀਮਤ ‘ਤੇ ਸਥਾਪਤੀ ਦੀ ਹਾਂ ਵਿਚ ਹਾਂ ਮਿਲਾਉਣ ਲਈ ਤਿਆਰ ਨਹੀਂ ਹੋਇਆ। ਬੇਸ਼ਕ ਉਸ ਨੂੰ ਫਾਸ਼ੀਵਾਦੀ ਰਾਜਤੰਤਰ ਵਲੋਂ ਵਾਰ-ਵਾਰ ਧਮਕਾਇਆ ਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਹੈ। ਉਹ ਵਿਕਾਸ ਦੇ ਨਾਂ ਹੇਠ ਹੁਕਮਰਾਨਾਂ ਵਲੋਂ ਅਵਾਮ ਦੇ ਜੰਗਲ-ਜ਼ਮੀਨ-ਦਰਿਆਈ ਪਾਣੀ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ; ਓਪਰੇਸ਼ਨ ਗ੍ਰੀਨ ਹੰਟ, ਸਲਵਾ ਜੂਡਮ ਆਦਿ ਐਲਾਨੀਆ ਤੇ ਅਣ-ਐਲਾਨੀਆਂ ਪੁਲਿਸ/ਫ਼ੌਜੀ ਕਾਰਵਾਈਆਂ ਰਾਹੀਂ ਲੋਕਾਂ ਦੇ ਘਾਣ; ਜੇਲ੍ਹਾਂ ਵਿਚ ਸਿਆਸੀ ਕੈਦੀਆਂ ਉਪਰ ਜ਼ੁਲਮਾਂ ਦੇ ਖ਼ਿਲਾਫ਼ ਅਤੇ ਉਨ੍ਹਾਂ ਦੇ ਹੱਕਾਂ ਤੇ ਬੇਸ਼ਰਤ ਰਿਹਾਈ ਲਈ ਆਵਾਜ਼ ਉਠਾਉਣ ਵਿਚ ਮੋਹਰੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਇਸੇ ਵਿਚੋਂ ਉਸ ਨੂੰ ਫਰਜ਼ੀ ਕੇਸਾਂ ਵਿਚ ਉਲਝਾਉਣ ਦਾ ਅਮੁੱਕ ਸਿਲਸਿਲਾ ਸ਼ੁਰੂ ਹੋਇਆ। ਜੋ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਰਚੀ ਉਸ ਡੂੰਘੀ ਸਾਜ਼ਿਸ਼ ਦਾ ਅਨਿੱਖੜ ਹਿੱਸਾ ਹੈ ਜਿਸ ਨੇ 128 ਜਥੇਬੰਦੀਆਂ ਨੂੰ ਮਾਓਵਾਦੀਆਂ ਦੀਆਂ ਫਰੰਟ ਜਥੇਬੰਦੀਆਂ ਕਰਾਰ ਦੇ ਕੇ ਇਸ ਆੜ ਹੇਠ ਜਮਹੂਰੀ ਸਰਗਰਮੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਹਕੂਮਤੀ ਦਹਿਸ਼ਤਗਰਦੀ ਜ਼ਰੀਏ ਸਮਾਜੀ ਨਿਆਂ ਦੇ ਹੱਕ ‘ਚ ਬੋਲਣ ਵਾਲਿਆਂ ਦੀ ਆਵਾਜ਼ ਨੂੰ ਕੁਚਲਣ ਦਾ ਰਾਹ ਪੱਧਰਾ ਕੀਤਾ ਸੀ। ਮਨੁੱਖੀ/ਜਮਹੂਰੀ ਅਧਿਕਾਰ ਜਥੇਬੰਦੀਆਂ ਨੂੰ ਉਚੇਚਾ ਜਾਣ-ਬੁੱਝਕੇ ਸ਼ੁਮਾਰ ਕੀਤਾ ਗਿਆ ਕਿਉਂਕਿ ਉਹ ਫਰਜ਼ੀ ਪੁਲਿਸ ਮੁਕਾਬਲਿਆਂ ਰਾਹੀਂ ਬੇਗੁਨਾਹਾਂ ਦੇ ਸੋਚੇ-ਸਮਝੇ ਕਤਲਾਂ, ਪੁਲਿਸੀ/ਫ਼ੌਜੀ ਕਾਰਵਾਈਆਂ ਦੌਰਾਨ ਬੇਗੁਨਾਹ ਅਵਾਮ ਉਪਰ ਬੇਤਹਾਸ਼ਾ ਤਸ਼ੱਦਦ, ਔਰਤਾਂ ਨਾਲ ਸਮੂਹਕ ਜਬਰ-ਜਨਾਹ ਦੇ ਵਿਆਪਕ ਵਰਤਾਰੇ ਤੇ ਹੋਰ ਹਕੂਮਤੀ ਜ਼ੁਲਮਾਂ ਦਾ ਮਹਿਜ਼ ਵਿਰੋਧ ਹੀ ਨਹੀਂ ਕਰਦੀਆਂ ਸਗੋਂ ਮਜ਼ਲੂਮ ਅਵਾਮ ਲਈ ਕਾਨੂੰਨੀ ਢੋਈ ਵੀ ਬਣਦੀਆਂ ਹਨ, ਖ਼ਾਸ ਕਰਕੇ ਉਨ੍ਹਾਂ ਇਲਾਕਿਆਂ ਵਿਚ ਜਿਥੇ ਜਥੇਬੰਦੀਆਂ ਨੂੰ ਗ਼ੈਰਕਾਨੂੰਨੀ ਐਲਾਨਕੇ ਅਵਾਮ ਦੇ ਆਪਣੀ ਜ਼ਿੰਦਗੀ ਦੀ ਬਿਹਤਰੀ ਲਈ ਜਥੇਬੰਦ ਹੋਣ ਤੇ ਜੱਦੋਜਹਿਦ ਕਰਨ ਦੇ ਮੁੱਢਲੇ ਜਮਹੂਰੀ ਹੱਕ ਵੀ ਰਾਜਤੰਤਰ ਨੇ ਖੋਹ ਲਏ ਹਨ ਅਤੇ ਉਹ ਅਣਐਲਾਨੀ ਐਮਰਜੈਂਸੀ ਹੇਠ ਪਲ-ਪਲ ਮੌਤ ਤੇ ਦਹਿਸ਼ਤ ਦੇ ਸਾਏ ਹੇਠ ਦਿਨ ਕੱਟ ਰਹੇ ਹਨ। ਸਾਲ ਕੁ ਪਹਿਲਾਂ ਡਾ. ਸਾਈਬਾਬਾ ਨੂੰ ਖ਼ਾਸ ਤੌਰ ‘ਤੇ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਗਿਆ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਭਿਆਚਾਰਕ ਕਾਰਕੁੰਨ ਹੇਮੰਤ ਮਿਸ਼ਰਾ ਅਤੇ ਛੱਤੀਸਗੜ੍ਹ-ਮਹਾਰਾਸ਼ਟਰ ਦੇ ਮਾਓਵਾਦੀਆਂ ਦੇ ਗੜ੍ਹ ਜ਼ਿਲ੍ਹਿਆਂ ਵਿਚੋਂ ਦੋ ਆਦਿਵਾਸੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਕੇ ਇਕ ਕਹਾਣੀ ਘੜੀ ਗਈ। ਹੇਮੰਤ ਮਿਸ਼ਰਾ ਦੀ ਤਫ਼ਤੀਸ਼ ਦੇ ਨਾਂ ਹੇਠ ਮੀਡੀਆ ਨੂੰ ਇਕ ਕਹਾਣੀ ਪਰੋਸੀ ਗਈ ਕਿ ਇਹ ਵਿਦਿਆਰਥੀ ਛੱਤੀਸਗੜ੍ਹ ਦੇ ਅਬੂਝਮਾੜ੍ਹ ਵਿਚ ਰੂਪੋਸ਼ ਮਾਓਵਾਦੀ ਲੀਡਰਸ਼ਿਪ ਅਤੇ ਉਨ੍ਹਾਂ ਦੇ ਖੁੱਲ੍ਹੇ ਫਰੰਟਾਂ, ਜਿਸ ਦਾ ਸੂਤਰਧਾਰ ਡਾ. ਸਾਈਬਾਬਾ ਨੂੰ ਦੱਸਿਆ ਗਿਆ, ਦਰਮਿਆਨ ਹਰਕਾਰੇ ਦਾ ਕੰਮ ਕਰਦਾ ਹੈ। ਕਿ ਗ੍ਰਿਫ਼ਤਾਰ ਕੀਤੇ ਆਦਿਵਾਸੀ ਹੇਮੰਤ ਨੂੰ ਜੰਗਲਾਂ ਦੇ ਅੰਦਰ ਸੀਨੀਅਰ ਮਾਓਵਾਦੀ ਆਗੂਆਂ ਕੋਲ ਲੈ ਕੇ ਜਾ ਰਹੇ ਸਨ। ਜਦੋਂ ਕੁਝ ਦਿਨਾਂ ਬਾਦ ਪ੍ਰਸ਼ਾਂਤ ਰਾਹੀ ਆਪਣੇ ਉਪਰ ਦਰਜ਼ ਸੰਗੀਨ ਮਾਮਲਿਆਂ ਦੇ ਸਿਲਸਿਲੇ ਵਿਚ ਲੋੜੀਂਦੇ ਕਾਗਜ਼ਾਤ ਲੈਣ ਲਈ ਰਾਏਪੁਰ ਗਿਆ (ਤਫ਼ਸੀਲ ਪੰਜਾਬ ਟਾਈਮਜ਼ 23 ਅਪ੍ਰੈਲ 2014) ਤਾਂ ਉਸ ਨੂੰ ਵੀ ਗ੍ਰਿਫ਼ਤਾਰ ਕਰਕੇ ਗੜ੍ਹਚਿਰੌਲੀ ਲਿਜਾ ਕੇ ਉਸ ਨਵੇਂ ਘੜੇ ਮੁਕੱਦਮੇ ਵਿਚ ਸ਼ੁਮਾਰ ਕਰ ਲਿਆ ਗਿਆ। ਇਸ ਫਰਜ਼ੀ ਕਹਾਣੀ ਦੇ ਅਧਾਰ ‘ਤੇ ਡਾ. ਸਾਈਬਾਬਾ ਦੀ ਦਿੱਲੀ ਰਿਹਾਇਸ਼ ਉਪਰ ਛਾਪਾ ਮਾਰ ਕੇ ਉਸ ਦੇ ਪਰਿਵਾਰ ‘ਤੇ ਦਹਿਸ਼ਤ ਪਾਈ ਗਈ। ਜਿਸ ਦਾ ਨਾ ਸਿਰਫ਼ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਸਗੋਂ ਦਿੱਲੀ ਦੇ ਸਿੱਖਿਆ-ਸ਼ਾਸਤਰੀ ਭਾਈਚਾਰੇ ਤੇ ਵਿਦਿਆਰਥੀਆਂ, ਖ਼ਾਸ ਕਰਕੇ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਦੇ ਬਹੁਗਿਣਤੀ ਪ੍ਰੋਫੈਸਰਾਂ ਅਤੇ ਅਰੁੰਧਤੀ ਰਾਏ ਸਮੇਤ ਮੰਨੇ-ਪ੍ਰਮੰਨੇ ਬੁੱਧੀਜੀਵੀਆਂ ਵਲੋਂ ਤਿੱਖਾ ਵਿਰੋਧ ਕੀਤਾ ਗਿਆ। ਦੂਜੀ ਵਾਰ ਫਿਰ ਉਸ ਤੋਂ ਪੁੱਛਗਿੱਛ ਦੇ ਬਹਾਨੇ ਉਸ ਦੇ ਘਰ ਉਪਰ ਹਮਲਾ ਕਰਨ ਦਾ ਯਤਨ ਕੀਤਾ ਗਿਆ ਇਸ ਨੂੰ ਵੀ ਉਪਰੋਕਤ ਸਾਰਿਆਂ ਨੇ ਇਕੱਠੇ ਹੋ ਕੇ ਅਤੇ ਦਿਨ-ਰਾਤ ਪਹਿਰਾ ਦੇ ਕੇ ਅਸਫ਼ਲ ਬਣਾ ਦਿੱਤਾ। ਪੁਲਿਸ ਟੋਲੀ ਘਰ ਦੀ ਤਲਾਸ਼ੀ ਅਤੇ ਸਾਈਬਾਬਾ ਵਲੋਂ ਤਫ਼ਤੀਸ਼ ਦੌਰਾਨ ਦਿੱਤੇ ਮੁਕੰਮਲ ਸਹਿਯੋਗ ਦੇ ਸਿੱਟੇ ਵਜੋਂ ਕੁਛ ਵੀ ਐਸਾ ਪੇਸ਼ ਨਹੀਂ ਕਰ ਸਕੀ। ਜਿਸ ਤੋਂ ਉਸ ਦੀ ਮਾਓਵਾਦੀ ਕਾਰਵਾਈਆਂ ਵਿਚ ਕੋਈ ਸ਼ਮੂਲੀਅਤ ਸਾਬਤ ਹੁੰਦੀ ਹੋਵੇ। ਆਪਣੇ ਖ਼ਿਲਾਫ਼ ਅਤੇ ਅਗਾਂਹਵਧੂ ਪ੍ਰੋਫੈਸਰ ਦੀ ਰਾਖੀ ਲਈ ਲੋਕ ਰਾਇ ਚੱਟਾਨ ਵਾਂਗ ਖੜ੍ਹੀ ਦੇਖਕੇ ਪੁਲਿਸ ਅਧਿਕਾਰੀ ਵਕਤੀ ਤੌਰ ‘ਤੇ ਪਿੱਛੇ ਹਟ ਗਏ ਅਤੇ ਚੁੱਪ-ਚੁਪੀਤੇ ਉਸ ਨੂੰ ਘਰ ਤੋਂ ਬਾਹਰ ਅਗਵਾ ਕਰਨ ਦੇ ਢੁੱਕਵੇਂ ਮੌਕੇ ‘ਤੇ ਦੀ ਇੰਤਜ਼ਾਰ ਕਰਨ ਲੱਗੇ। ਜਿਸ ਨੂੰ ਆਖ਼ਿਰ ਉਹ 9 ਮਈ ਨੂੰ ਅੰਜ਼ਾਮ ਦੇਣ ‘ਚ ਕਾਮਯਾਬ ਹੋ ਗਏ ਅਤੇ ਅਦਾਲਤ ਵਿਚੋਂ ਉਸ ਦਾ 14 ਦਿਨ ਦਾ ਰਿਮਾਂਡ ਲੈ ਲਿਆ ਅਤੇ ਨਾਗਪੁਰ ਜੇਲ੍ਹ ਵਿਚ ਡੱਕ ਦਿੱਤਾ ਜਿਥੇ ਉਸ ਵਰਗੇ 90 ਫ਼ੀ ਸਦੀ ਅਪਾਹਜ ਨਜ਼ਰਬੰਦ ਨੂੰ ਸਾਂਭਣ ਦੇ ਕੋਈ ਇੰਤਜ਼ਾਮ ਹੀ ਨਹੀਂ ਹਨ। ਹਰ ਪਲ ਕਿਸੇ ਸਹਾਇਕ ਦੇ ਮੁਥਾਜ ਬੰਦੇ ਨੂੰ ਅਜਿਹੇ ਹਾਲਾਤ ਵਿਚ ਬੰਦ ਕਰਨ ਪਿੱਛੇ ਹੁਕਮਰਾਨਾਂ ਦੀ ਜ਼ਾਹਰਾ ਮਨਸ਼ਾ ਉਸ ਨੂੰ ਜਿਸਮਾਨੀ ਤੇ ਜ਼ਿਹਨੀ ਤਸੀਹੇ ਦੇਣ ਦੀ ਹੈ। ਹਾਲੀਆ ਚੋਣਾਂ ਦੇ ਨਤੀਜੇ ਕੁਝ ਵੀ ਹੋਣ, ਜੇ ਰਾਜਸੀ ਬਦਲਾਅ ਰਾਹੀਂ ਦੋ ਮੁੱਖ ਪਾਰਟੀਆਂ ਨੂੰ ਛੱਡਕੇ ਕੋਈ ਨਵੇਂ ਹੁਕਮਰਾਨ ਸੱਤਾਧਾਰੀ ਹੁੰਦੇ ਹਨ ਕੀ ਉਹ ਹਿੰਦੁਸਤਾਨੀ ਸਟੇਟ ਦੀ ਇਸ ਬੁਨਿਆਦੀ ਤਾਸੀਰ ਅਤੇ ‘ਜਮਹੂਰੀਅਤ’ ਦੇ ਇਸ ਘਿਣਾਉਣੇ ਚਿਹਰੇ ਨੂੰ ਬਦਲਣ ਦੇ ਸਮਰੱਥ ਹੋਣਗੇ? ਜਿਥੇ ਰਾਜਕੀ ਮਸ਼ੀਨ ਦਾ ਹਰ ਪੁਰਜ਼ਾ ਸਾਢੇ ਛੇ ਦਹਾਕਿਆਂ ਤੋਂ ਇਕ ਖ਼ਾਸ ਵਰਗ ਦੇ ਹਿੱਤ ਹਰ ਹੀਲੇ ਮਹਿਫ਼ੂਜ਼ ਕਰਨ ਲਈ ਪੱਬਾਂ ਭਾਰ ਹੋਇਆ ਪਿਆ ਹੈ?

 

Advertisements
 
Leave a comment

Posted by on May 15, 2014 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

 
%d bloggers like this: