RSS

ਮਾਓਵਾਦੀਆਂ ਨੂੰ ਹਿੰਸਾ ਵੱਲ ਧੱਕਿਆ ਜਾ ਰਿਹੈ: ਅਰੁੰਧਤੀ ਰਾਏ

29 May

Arundhati roy_Janandhar

16 ਅਪ੍ਰੈਲ 2010 ਨੂੰ ਸੀ ਐੱਨ ਐੱਨ-ਆਈ ਬੀ ਐੱਨ ਟੀ ਵੀ ਚੈਨਲ ਉੱਪਰ ਸਾਗਰਿਕਾ ਘੋਸ਼ ਵੱਲੋਂ ਅਰੁੰਧਤੀ ਰਾਏ ਨਾਲ ਕੀਤੀ ਗੱਲਬਾਤ ਜੋ ਤਾਜਾ ਹਮਲੇ ਦੇ ਪਿਛੋਕੜ ਤੇ ਮਾਓਵਾਦੀ ਲਹਿਰ ਨੂੰ ਸਮਝਣ ਲਈ ਅਜ ਵੀ ਪ੍ਰਸੰਗਕ ਹੈ

ਅਨੁਵਾਦ: ਬੂਟਾ ਸਿੰਘ ਹੈਲੋ ਅਤੇ ਸੀ ਐੱਨ ਐੱਨ-ਆਈ ਬੀ ਐੱਨ ਵਿਸ਼ੇਸ਼ ‘ਚ ਤੁਹਾਡਾ ਸਵਾਗਤ ਹੈ। ਮਾਓਵਾਦੀਆਂ ਵੱਲੋਂ ਦਾਂਤੇਵਾੜਾ ‘ਚ ਸੀ ਆਰ ਪੀ ਐੱਫ ਦੇ 76 ਜਵਾਨ ਮਾਰ ਦੇਣ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕੌਮੀ ਪੱਧਰ ‘ਤੇ ਬਹਿਸ ਛਿੜ ਗਈ ਹੈ ਜਿਸ ਵਿਚ ਸਪਸ਼ਟ ਸਫ਼ਬੰਦੀ ਦਿਖਾਈ ਦੇ ਰਹੀ ਹੈ।ਇਕ ਦਲੀਲ ਇਹ ਹੈ ਕਿ ਮਾਓਵਾਦੀਆਂ ਨੂੰ ਕੁਚਲਣ ਲਈ ਵੱਧ ਤੋਂ ਵੱਧ ਤਾਕਤ ਵਰਤੀ ਜਾਵੇ ਅਤੇ ਦੂਜੀ ਦਲੀਲ ਹੈ ਕਿ ਜੋ ਪ੍ਰੋਗਰਾਮ ਤੇ ਜਮਹੂਰੀਅਤ ਉੱਥੇ ਨਹੀਂ ਪਹੁੰਚੇ, ਉਹ ਕੰਮ ਸ਼ੁਰੂ ਕੀਤੇ ਜਾਣ ਅਤੇ ਮੁੜ-ਵਸੇਬੇ ਦੀ ਪਹਿਲਕਦਮੀਂ ਕੀਤੀ ਜਾਵੇ। ਸਾਡੇ ਦਰਮਿਆਨ ਮੌਜੂਦ ਹਨ ਲੇਖਿਕਾ ਅਤੇ ਕਾਰਕੁੰਨ ਅਰੁੰਧਤੀ ਰਾਏ, ਜਿਸ ਨੇ ਮਾਓਵਾਦੀਆਂ ਬਾਰੇ ਕਈ ਲੇਖ ਲਿਖੇ ਹਨ, ਜਿਸ ਦੀ ਉਨ੍ਹਾਂ ਪ੍ਰਤੀ ਹਮਦਰਦੀ ਅਤੇ ਉਨ੍ਹਾਂ ਵਾਂਗ ਸੋਚਣ ਕਾਰਣ ਉਹ ਕਾਫ਼ੀ ਬਹਿਸ ਅਤੇ ਵਾਦ-ਵਿਵਾਦ ਦਾ ਕਾਰਣ ਬਣੀ ਹੈ। ਸਾਡੇ ਨਾਲ ਗੱਲਬਾਤ ‘ਚ ਸ਼ਾਮਲ ਹੋਣ ‘ਤੇ ਬਹੁਤ ਬਹੁਤ ਧੰਨਵਾਦ।ਸਾਗਰਿਕਾ ਘੋਸ਼: ਤੁਸੀਂ ਆਪਣਾ ਲੇਖ ‘ਕਾਮਰੇਡਾਂ ਨਾਲ ਵਿਚਰਦਿਆਂ’ ਦਾਂਤੇਵਾੜੇ ਦੀ ਘਟਨਾ ਤੋਂ ਪਹਿਲਾਂ ਲਿਖਿਆ ਸੀ। ਦਾਂਤੇਵਾੜਾ ਘਟਨਾ ਤੋਂ ਬਾਅਦ, ਕੀ ਹਾਲੇ ਵੀ ਮਾਓਵਾਦੀਆਂ ਪ੍ਰਤੀ ਤੁਹਾਡੀ ਹਮਦਰਦੀ ਦੀ ਸੁਰ ਉਹੀ ਹੈ ਜੋ ਉਸ ਲੇਖ ਵਿਚ ਸੀ?ਅਰੁੰਧਤੀ ਰਾਏ: ਦੇਖੋ, ਦਾਂਤੇਵਾੜੇ ਦੀ ਘਟਨਾ ਵਾਪਰਨ ਤੋਂ ਪਹਿਲਾਂ ਅਤੇ ਬਾਅਦ ਦਾ ਚੌਖਟਾ ਬਣਾਕੇ ਦੇਖਣ ਦਾ ਇਹ ਤਰੀਕਾ ਬੇਤੁਕਾ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਹਿੰਸਾ ਦਾ ਇਹ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਮਾਓਵਾਦੀਆਂ ਵੱਲੋਂ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮਾਂ ਨੂੰ ਮਾਰਿਆ ਗਿਆ ਹੋਵੇ। 2005-07 ਦੇ ਸਾਲਾਂ ਦਰਮਿਆਨ ਜਿਹੜੇ ਹੋਰ ਹਮਲੇ ਹੋਏ ਮੈਂ ਉਨ੍ਹਾਂ  ਹਮਲਿਆਂ ਬਾਰੇ ਲਿਖ ਚੁੱਕੀ ਹਾਂ। ਮੈਂ ਆਮ ਤੌਰ ‘ਤੇ ਇਸ ਨੂੰ ਇਸ ਤਰ੍ਹਾਂ ਦੇਖਦੀ ਹੈ ਕਿ ਲੋਕ ਕਹਿੰਦੇ ਹਨ ਕਿ ਦੇਖੋ ਸੀ ਆਰ ਪੀ ਐੱਫ ਜਵਾਨਾਂ ਦੀ ਮੌਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਹ ਲੋਕ ਹਨ ਜੋ ਮਾਓਵਾਦੀਆਂ ਦਾ ਸਫ਼ਾਇਆ ਕਰਨ ਲਈ ਕਹਿ ਰਹੇ ਹਨ। ਇੰਜ ਨਹੀਂ ਹੈ। ਮੈਂ ਸਮਝਦੀ ਹਾਂ ਕਿ ਹਰੇਕ ਮੌਤ ਨੂੰ ਭਿਆਨਕ ਦੁਖਾਂਤ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਇਹ ਇਕ ਸਿਲਸਿਲੇ ‘ਚ, ਇਕ ਜੰਗ ‘ਚ ਵਾਪਰਿਆ ਦੁਖਾਂਤ ਹੈ ਜੋ ਲੋਕਾਂ ਉੱਪਰ ਥੋਪੀ ਗਈ ਹੈ ਅਤੇ ਬਦਕਿਸਮਤੀ ਇਹ ਹੈ ਕਿ ਇਹ ਗਰੀਬਾਂ ਵਿਰੁੱਧ ਅਮੀਰਾਂ ਦੀ ਜੰਗ ਹੈ। ਇਸ ਜੰਗ ਵਿਚ ਅਮੀਰ ਨੇ ਗਰੀਬਾਂ ਵਿਚੋਂ ਸਭ ਤੋਂ ਗਰੀਬ ਲੋਕਾਂ ਨੂੰ ਹੀ ਗਰੀਬਾਂ ਨਾਲ ਲੜਨ ਲਈ ਮੂਹਰੇ ਕੀਤਾ ਹੋਇਆ ਹੈ। ਸੀ ਆਰ ਪੀ ਐੱਫ ਵਾਲੇ ਭਿਆਨਕਤਾ ਦਾ ਸ਼ਿਕਾਰ ਹੋਏ ਹਨ ਪਰ ਉਹ ਸਿਰਫ਼ ਮਾਓਵਾਦੀਆਂ ਦਾ ਸ਼ਿਕਾਰ ਨਹੀਂ ਹੋਏ। ਉਹ ਢਾਂਚੇ ਦੀ ਹਿੰਸਾ ਦੇ ਸਿਲਸਿਲੇ ਦਾ ਸ਼ਿਕਾਰ ਹੋਏ ਹਨ ਜੋ ਲਗਾਤਾਰ ਚੱਲ ਰਿਹਾ ਹੈ, ਇਸ ਤਰ੍ਹਾਂ ਦੀਆਂ ਖੋਖਲੀਆਂ ਨਿਖੇਧੀਆਂ ਦੇ ਧੰਦੇ ‘ਚ ਇਹ ਅਸਲ ਪਹਿਲੂ ਗੁੰਮ ਹੋ ਕੇ ਰਹਿ ਜਾਂਦਾ ਹੈ ਕਿ ਇਹ ਨਿਖੇਧੀਆਂ ਪੂਰੀ ਤਰ੍ਹਾਂ ਬੇਤੁਕੀਆਂ ਹਨ ਕਿਉਂਕਿ ਬਹੁਤੀ ਵਾਰ ਅਜਿਹੀ ਨਿਖੇਧੀ ਕਰਨ ਵਾਲਿਆਂ ਦੀ ਪੀੜਤਾਂ ਨਾਲ ਕੋਈ ਹਮਦਰਦੀ ਹੁੰਦੀ ਹੀ ਨਹੀਂ। ਉਹ ਸਿਰਫ਼ ਉਨ੍ਹਾਂ ਨੂੰ ਹੱਥ-ਠੋਕਿਆਂ ਵਜੋਂ ਵਰਤਦੇ ਹਨ।ਸਾਗਰਿਕਾ ਘੋਸ਼: ਤਾਂ ਫੇਰ ਹਿੰਸਾ ਦੇ ਸਿਲਸਿਲੇ ਨੂੰ ਕੌਣ ਤੋੜੇਗਾ? ਸੱਤਾ ਦੀ ਦਲੀਲ ਹੈ ਕਿ ਸਰਕਾਰ ਵੱਲੋਂ ਇਸ ਇਲਾਕੇ ‘ਚ ਸਫ਼ਾਇਆ ਮੁਹਿੰਮ ਚਲਾਉਣ ਦਾ ਕਾਰਣ ਇਹ ਹੈ ਕਿ ਜਦੋਂ ਵੀ ਪੁਲਾਂ ਦੀ ਉਸਾਰੀ ਦਾ ਕੰਮ ਵਿੱਢਿਆ ਜਾਂਦਾ ਹੈ ਜਾਂ ਸਕੂਲ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਮਾਓਵਾਦੀ ਇਨ੍ਹਾਂ ਨੂੰ ਉਡਾ ਦਿੰਦੇ ਹਨ। ਕੀ ਤੁਹਾਡੇ ਅਨੁਸਾਰ ਹਿੰਸਾ ਦਾ ਸਿਲਸਿਲੇ ਨੂੰ ਸੱਤਾ ਖ਼ਤਮ ਕਰਨ ਸਕੇਗੀ ਅਤੇ ਉੱਥੇ ਸੱਤਾ ਦੀ ਅਥਾਰਟੀ ਮੁੜ ਆਉਣ ਨਾਲ ਇਹ ਮੁੱਕ ਜਾਵੇਗਾ? ਕੀ ਤੁਸੀਂ ਇੰਜ ਸੋਚਦੇ ਹੋ?ਅਰੁੰਧਤੀ ਰਾਏ: ਇਸ ਨੂੰ ਪਰਖਣ ਦਾ ਇਕ ਸਿੱਧਾ ਜਿਹਾ ਲਿਟਮਸ ਟੈਸਟ ਹੈ, ਉਹ ਇਹ ਕਿ ਜਿਨ੍ਹਾਂ ਗਰੀਬ ਮਾਰੇ ਇਲਾਕਿਆਂ ਵਿਚ ਕੋਈ ਮਾਓਵਾਦੀ ਨਹੀਂ ਹਨ ਕੀ ਉੱਥੇ ਹਸਪਤਾਲ, ਸਕੂਲ ਹਨ? ਖ਼ੁਰਾਕੀ ਤੱਤ ਨਾਲ ਸੰਪੂਰਨ ਖਾਣਾ ਲੋਕਾਂ ਨੂੰ ਮਿਲਦਾ ਹੈ ਅਤੇ ਕਾਫ਼ੀ ਵਿਕਾਸ ਹੋਇਆ ਹੈ? ਗੱਲ ਇਸ ਤਰ੍ਹਾਂ ਨਹੀਂ ਹੈ। ਇਹ ਤੱਥ ਉਨ੍ਹਾਂ ਅਧਿਐਨਾਂ ਤੋਂ ਸਪਸ਼ਟ ਹੋ ਜਾਂਦਾ ਹੈ ਜਿਹੜੇ ਬਿਲਾਸਪੁਰ ਵਰਗੇ ਥਾਵਾਂ ‘ਤੇ ਡਾਕਟਰਾਂ ਨੇ ਕੀਤੇ ਹਨ। ਉੱਥੇ ਜਿਵੇਂ ਬਿਨਾਇਕ ਸੈਨ ਬਿਆਨ ਕਰਦਾ ਹੈ ਖ਼ੁਰਾਕੀ ਤੱਤਾਂ ਦੀ ਘਾਟ ਦੀ ਮਹਾਂਮਾਰੀ ਫੈਲੀ ਹੋਈ ਹੈ। ਜਦੋਂ ਤੁਸੀਂ ਸਕੂਲਾਂ ਨੂੰ ਦੇਖਦੇ ਹੋ ਇਨ੍ਹਾਂ ਨੂੰ ਬੈਰਕਾਂ ਵਜੋਂ ਵਰਤਿਆ ਜਾ ਰਿਹਾ ਹੈ। ਇਹ ਅਸਲ ਵਿਚ ਬੈਰਕਾਂ ਵਜੋਂ ਬਣਾਏ ਜਾਂਦੇ ਹਨ ਤਾਂ ਕਿ ਇਹ ਕਿਹਾ ਜਾ ਸਕੇ ਕਿ ਮਾਓਵਾਦੀ ਸਕੂਲਾਂ ਨੂੰ ਉਡਾ ਰਹੇ ਹਨ ਅਤੇ ਵਿਕਾਸ ਦੇ ਖਿਲਾਫ਼ ਹਨ, ਇਹ ਹਾਸੋਹੀਣੀ ਗੱਲ ਹੈ।ਸਾਗਰਿਕਾ ਘੋਸ਼: ਪਰ ਤੁਸੀਂ ਰਾਜਕੀ ਹਿੰਸਾ ਨੂੰ ਨਿੰਦਦੇ ਹੋ ਅਤੇ ਤੁਹਾਡੇ ਉੱਤੇ ਇਲਜ਼ਾਮ ਲੱਗਦਾ ਹੈ ਕਿ ਤੁਸੀਂ ਨਕਸਲੀ ਹਿੰਸਾ ਅਤੇ ਮਾਓਵਾਦੀਆਂ ਦੀ ਹਿੰਸਾ ਦੀ ਨਿਖੇਧੀ ਨਹੀਂ ਕਰਦੇ। ਅਸਲ ਵਿਚ ਤੁਸੀਂ ਇਸ ਨੂੰ ਜਾਇਜ਼ ਠਹਿਰਾਉਣ ਲਈ ਦਲੀਲਾਂ ਦਿੰਦੇ ਹੋ ਅਤੇ ਹਿੰਸਾ ਨੂੰ ਰੋਮਾਂਟਿਕ ਬਣਾਕੇ ਪੇਸ਼ ਕਰਦੇ ਹੋ? ਤੁਹਾਡੇ ਉੱਤੇ ਇਹ ਦੋਸ਼ ਲੱਗਦਾ ਹੈ। ਮੈਂ ਤੁਹਾਡੇ ਲੇਖ ‘ਚੋਂ ਪੜ੍ਹਕੇ ਦੱਸਦੀ ਹੈ ਜਿੱਥੇ ਤੁਸੀਂ ਲਿਖਿਆ ਇਹ ਹੈ ”ਮੈਂ ਮਹਿਸੂਸ ਕਰਦੀ ਹਾਂ ਮੈਨੂੰ ਇਸ ਨੁਕਤੇ ‘ਤੇ ਕੁਝ ਕਹਿਣਾ ਚਾਹੀਦਾ ਹੈ। ਹਿੰਸਾ ਦੇ ਵਿਅਰਥ ਹੋਣ ਬਾਰੇ, ਸਰਸਰੀ ਜਹੇ ਮੌਤ ਦੀਆਂ ਸਜ਼ਾਵਾਂ ਦੇਣ ਬਾਰੇ। ਫਿਰ ਮੈਂ ਕੀ ਸੁਝਾਅ ਦੇਵਾਂ ਕਿ ਉਹ (ਆਦਿਵਾਸੀ) ਕੀ ਕਰਨ? ਅਦਾਲਤ ‘ਚ ਜਾਣ? ਨਵੀਂ ਦਿੱਲੀ ਜੰਤਰ ਮੰਤਰ ਵਿਖੇ ਧਰਨਾ ਦੇਣ? ਰੈਲੀ ਕੱਢਣ? ਲੜੀਵਾਰ ਭੁੱਖ ਹੜਤਾਲ ਕਰਨ? ਇਹ ਹਾਸੋਹੀਣਾ ਜਾਪਦਾ ਹੈ। ਨਵੀਂ ਆਰਥਕ ਨੀਤੀ ਨੂੰ ਹੱਲਾਸ਼ੇਰੀ ਦੇਣ ਵਾਲੇ ਇਸ ਦਾ ਵਿਰੋਧ ਕਰਨ ਦੀ ਬਦਲਵੀਂ ਨੀਤੀ ਦਾ ਸੁਝਾਅ ਜ਼ਰੂਰ ਦੇਣਾ ਚਾਹੀਦਾ ਹੈਂਜੋ ਅਰਾਮ ਨਾਲ ਹੀ ਕਹਿ ਦਿੰਦੇ ਹਨ ਕਿ ‘ਹੋਰ ਕੋਈ ਬਦਲ ਨਹੀਂ ਹੈ’। ਇਸ ਖ਼ਾਸ ਜੰਗਲ ਦੇ, ਖ਼ਾਸ ਲੋਕਾਂ ਲਈ ਖ਼ਾਸ ਸੁਝਾਅ। ਇੱਥੇ। ਇਸੇ ਵਕਤ। ਉਹ ਕਿਹੜੀ ਪਾਰਟੀ ਨੂੰ ਵੋਟ ਪਾਉਣ? ਇਸ ਦੇਸ਼ ਦੀ ਕਿਸ ਜਮਹੂਰੀ ਸੰਸਥਾ ਤੱਕ ਉਹ ਪਹੁੰਚ ਕਰਨ?” ਇੱਥੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਤੁਸੀਂ ਕਹਿ ਰਹੇ ਹੋਵੋ ਕਿ ਅਹਿੰਸਾ ਫਾਲਤੂ ਚੀਜ਼ ਹੈ?ਅਰੁੰਧਤੀ ਰਾਏ: ਜੋ ਵਿਅਕਤੀ ਦਸ ਸਾਲਾਂ ਤੋਂ ਅਹਿੰਸਾ ਅਤੇ ਅਹਿੰਸਕ ਲਹਿਰ ਬਾਰੇ ਲਿਖਦਾ ਆ ਰਿਹਾ ਹੈ ਉਸ ਉੱਪਰ ਇਹ ਇਲਜ਼ਾਮ ਹੈਰਾਨੀਜਨਕ ਹੈ। ਪਰ ਮੈਂ ਜੰਗਲਾਂ ‘ਚ ਜਾ ਕੇ ਦੇਖਿਆ ਕਿ ਉੱਥੇ ਇਹ ਅਹਿੰਸਕ ਵਿਰੋਧ ਕਿਸੇ ਕੰਮ ਨਹੀਂ ਆਇਆ; ‘ਨਰਮਦਾ ਬਚਾਓ ਅੰਦੋਲਨ’ ਅਤੇ ਕਈ ਹੋਰ ਅਹਿੰਸਕ ਅੰਦੋਲਨਾਂ ‘ਚ ਅਤੇ ਇੱਥੋਂ ਤੱਕ ਕਿ ਖਾੜਕੂ ਲਹਿਰਾਂ ਦੌਰਾਨ ਵੀ ਕੰਮ ਨਹੀਂ ਆਇਆ। ਬਸ ਇਹ ਕੁਝ ਥਾਵਾਂ ਦੀ ਲਹਿਰ ‘ਚ ਕੰਮ ਆਇਆ ਹੈ ਪਰ ਜੰਗਲਾਂ ਦੇ ਅੰਦਰ ਦੀ ਕਹਾਣੀ ਵੱਖਰੀ ਹੈ ਕਿਉਂਕਿ ਅਹਿੰਸਾ, ਖ਼ਾਸ ਕਰਕੇ ਗਾਂਧੀਵਾਦੀ ਅਹਿੰਸਾ ਨੂੰ ਕੁਝ ਸਰੋਤਿਆਂ ਦੀ ਲੋੜ ਹੁੰਦੀ ਹੈ। ਇਹ ਇਕ ਥੀਏਟਰ ਹੈ ਜਿਸ ਨੂੰ ਸਰੋਤੇ ਚਾਹੀਦੇ ਹਨ। ਪਰ ਜੰਗਲਾਂ ਦੇ ਅੰਦਰ ਇਸ ਤਰ੍ਹਾਂ ਦੇ ਸਰੋਤੇ ਨਹੀਂ ਮਿਲਦੇ, ਜਦੋਂ ਅੱਧੀ ਰਾਤ ਨੂੰ ਹਜ਼ਾਰ ਪੁਲਸੀਏ ਆ ਕੇ ਜੰਗਲ ਦੇ ਪਿੰਡ ਨੂੰ ਘੇਰ ਲੈਂਦੇ ਹਨ ਤਾਂ ਉਹ ਕੀ ਕਰਨ? ਭੁੱਖਮਰੀ ਦਾ ਸ਼ਿਕਾਰ ਲੋਕ ਕਿਵੇਂ ਭੁੱਖ ਹੜਤਾਲ ਕਰਨ? ਜਿਨ੍ਹਾਂ ਲੋਕਾਂ ਕੋਲ ਪੈਸਾ ਹੀ ਨਹੀਂ ਉਹ ਟੈਕਸਾਂ ਜਾਂ ਬਦੇਸ਼ੀ ਸਮਾਨ ਦਾ ਜਾਂ ਖਪਤਕਾਰੀ ਚੀਜ਼ਾਂ ਦਾ ਬਾਈਕਾਟ ਕਿਵੇਂ ਕਰਨ? ਉਨ੍ਹਾਂ ਕੋਲ ਹੈ ਹੀ ਕੁਝ ਨਹੀਂ। ਮੈਂ ਉਸ ਜੰਗਲ ਦੀ ਹਿੰਸਾ ਨੂੰ ‘ਜਵਾਬੀ ਹਿੰਸਾ’ ਵਜੋਂ, ‘ਟਾਕਰੇ ਦੀ ਹਿੰਸਾ’ ਵਜੋਂ ਦੇਖਦੀ ਹਾਂ ਅਤੇ ਇਹ ਤੱਥ ਮੇਰੇ ਲਈ ਭਿਆਨਕ ਹੈ ਕਿ ਸਰਕਾਰ ਪੁਲਿਸ ਨੂੰ ਜਿੰਨਾ ਵੱਧ ਹਥਿਆਰਾਂ ਨਾਲ ਲੈਸ ਕਰਦੀ ਜਾ ਰਹੀ ਹੈ ਉਸ ਨਾਲ ਹਿੰਸਾ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ ਅਤੇ ਇਹ ਹਥਿਆਰ ਆਖ਼ਿਰ ਮਾਓਵਾਦੀ ਪੀ ਐੱਲ ਜੀ ਏ ਕੋਲ ਜਾ ਪਹੁੰਚਦੇ ਹਨ। ਕਿਸੇ ਵੀ ਸਮਾਜ ਲਈ ਇਹ ਚੀਜ਼ ਭਿਆਨਕ ਹੈ। ਮੈਂ ਨਹੀਂ ਸੋਚਦੀ ਕਿ ਇਸ ‘ਚ ਕੋਈ ਰੋਮਾਂਸ ਹੈ। ਹਾਲਾਂਕਿ, ਮੈਂ ਰੋਮਾਂਸ ਦੇ ਵਿਰੁੱਧ ਨਹੀਂ ਹਾਂ। ਮੈਨੂੰ ਵਿਸ਼ਵਾਸ ਨਹੀਂ ਆਉਂਦਾ ਕਿ ਇਹ ਗਰੀਬ ਲੋਕ ਉਸ ਜ਼ੋਰਾਵਰ ਸੱਤਾ ਨਾਲ ਮੱਥਾ ਲਾ ਰਹੇ ਹਨ ਜੋ ਲੱਖਾਂ ਦੀ ਗਿਣਤੀ ‘ਚ ਨੀਮ-ਫ਼ੌਜ ਉੱਥੇ ਭੇਜ ਰਹੀ ਹੈ। ਉਹ ਲੋਕ ਉਨ੍ਹਾਂ ਜੰਗਲਾਂ ਅੰਦਰ ਏ ਕੇ ਸੰਤਾਲੀ ਅਤੇ ਗ੍ਰੇਨੇਡਾਂ ਨਾਲ ਲੈਸ ਤਾਕਤਾਂ ਵਿਰੁੱਧ ਜੋ ਕਰ ਹਨ ਮੇਰਾ ਭਾਵ ਉਸ ਤੋਂ ਹੈ।ਸਾਗਰਿਕਾ ਘੋਸ਼: ਪਰ ਮਾਓਵਾਦੀਆਂ ਕੋਲ ਵੀ ਤਾਂ ਏ ਕੇ-ਸੰਤਾਲੀ ਹਨ? ਉਨ੍ਹਾਂ ਕੋਲ ਵੀ ਪ੍ਰੈਸ਼ਰ ਬੰਬ ਹਨ?ਅਰੁੰਧਤੀ ਰਾਏ: ਉਨਾਂ ਨੇ ਇਹ ਪੁਲਿਸ ਤੋਂ ਖੋਹੇ ਹਨ।ਸਾਗਰਿਕਾ ਘੋਸ਼: ਤੁਹਾਡੇ ਵਰਗੇ ਲੋਕ ਹਿੰਸਾ ਦੇ ਸਿਲਸਿਲੇ ਵਿਰੁੱਧ ਆਵਾਜ਼ ਨਹੀਂ ਉਠਾ ਰਹੇ ਜਾਂ ਸਗੋਂ ਤੁਸੀਂ ਇਸ ਦੀ ਵਾਜਬੀਅਤ ਲਈ ਦਲੀਲਾਂ ਘੜਦੇ ਰਹਿੰਦੇ ਹੋ ਇਸੇ ਕਰਕੇ ਤੁਹਾਨੂੰ ”ਮਾਓਵਾਦੀਆਂ ਦੇ ਹਮਾਇਤੀ” ਕਿਹਾ ਜਾ ਰਿਹਾ ਹੈ। ਭਾਜਪਾ ਤੁਹਾਨੂੰ ”ਨਕਸਲਵਾਦ ਦਾ ਸੂਖ਼ਮ ਚਿਹਰਾ” ਦੱਸਦੀ ਹੈ। ਜੇ ਤੁਸੀਂ ਮਾਓਵਾਦੀ ਹਿੰਸਾ ਦੇ ਵਿਰੁੱਧ ਆਵਾਜ਼ ਨਹੀਂ ਉਠਾਉਂਦੇ ਤੇ ਇਹੀ ਕਹਿੰਦੇ ਰਹਿੰਦੇ ਹੋ ਕਿ ਇਹ ਇਖ਼ਲਾਕੀ ਤੌਰ ‘ਤੇ ਜਾਇਜ਼ ਹੈ, ਇਸ ਨੂੰ ਰਾਜ ਦਾ ਮੁਕਾਬਲਾ ਕਰਨ ਦਾ ਇਖ਼ਲਾਕੀ ਹੱਕ ਹੈ ਕੀ ਅਜਿਹਾ ਕਰਕੇ ਸਿਵਲ ਸਮਾਜ ਦੇ ਮੈਂਬਰ ਵਜੋਂ ਤੁਸੀਂ ਆਪਣੇ ਫਰਜ਼ ਤੋਂ ਕੋਤਾਹੀ ਨਹੀਂ ਕਰ ਰਹੇ?ਅਰੁੰਧਤੀ ਰਾਏ: ਨਹੀਂ। ਮੈਂ ਕੋਤਾਹੀ ਨਹੀਂ ਕਰ ਰਹੀ। ਕਿਉਂਕਿ ਮੈਂ ਸਮਝਦੀ ਹਾਂ ਕਿ ਹਰ ਕਿਸੇ ਬਾਰੇ ਇਸ ਤਰ੍ਹਾਂ ਕਹਿ ਦੇਣਾ ਸਥਾਪਤੀ ਨੂੰ ਰਾਸ ਆਉਂਦਾ ਹੈ ਕਿ ਇਹ ਬਹੁਤ ਭਿਆਨਕ ਹੈ। ਤਾਂ ਕਿ ਅਸੀਂ ਢਾਂਚੇ ਦੀ ਭਿਆਨਕ ਹਿੰਸਾ ਵੱਲ ਧਿਆਨ ਦਿੱਤੇ ਬਗ਼ੈਰ ਜੋ ਹੋ ਰਿਹਾ ਹੈ ਉਸ ਨੂੰ ਚੱਲਣ ਦੇਈਏ। ਅਸਲ ਵਿਚ, ਉਨ੍ਹਾਂ ਕਬਾਇਲੀ ਇਲਾਕਿਆਂ ਵਿਚ ‘ਨਸਲਘਾਤ ਦੀ ਹਾਲਤ’ ਪੈਦਾ ਕੀਤੀ ਜਾ ਰਹੀ ਹੈ। ਉੱਥੋਂ ਦੀ ਖ਼ੁਰਾਕੀ ਤੱਤਾਂ ਦੀ ਘਾਟ ਪੱਖੋਂ ਜੋ ਹਾਲਤ ਹੈ ਉਸ ਨੂੰ, ਉੱਥੋਂ ਦੀ ਘੋਰ ਨਿਰਾਸ਼ਾ ਵਾਲੀ ਹਾਲਤ ਨੂੰ ਦੇਖਕੇ ਕੋਈ ਵੀ ਜ਼ਿੰਮੇਵਾਰ ਵਿਅਕਤੀ ਇਹੀ ਕਹੇਗਾ ਕਿ ਤੁਸੀਂ ਲੋਕਾਂ ਨੂੰ ਇਸ ਹਾਲਤ ‘ਚ ਧੱਕਣਾ ਬੰਦ ਕਰ ਦਿਓ ਹਿੰਸਾ ਬੰਦ ਹੋ ਜਾਵੇਗੀ। ਇੱਥੇ ਪੂਰਾ ਕਬਾਇਲੀ ਭਾਈਚਾਰਾ, ਜਿਸ ਦੀ ਵਸੋਂ ਬਹੁਤ ਸਾਰੇ ਦੇਸ਼ਾਂ ਦੀ ਵਸੋਂ ਨਾਲੋਂ ਵੱਧ ਹੈ, ਹੋਂਦ ਬਚਾਉਣ ਦੇ ਕੰਢੇ ‘ਤੇ ਖੜ੍ਹਾ ਹੈ, ਤੇ ਆਪਣੀ ਨਸਲਕੁਸ਼ੀ ਨੂੰ ਰੋਕਣ ਲਈ ਲੜ ਰਿਹਾ ਹੈ। ਮੈਂ ਉਨ੍ਹਾਂ ਦੇ ਪ੍ਰਤੀਕਰਮ, ਉਨ੍ਹਾਂ ਦੇ ਟਾਕਰੇ ਨੂੰ ਰਾਜਕੀ ਹਿੰਸਾ ਦੇ ਬਰਾਬਰ ਨਹੀਂ ਰੱਖਦੀ। ਮੈਂ ਸਮਝਦੀ ਹਾਂ ਕਿ ਦੋਵਾਂ ਨੂੰ ਬਰਾਬਰ ਰੱਖਕੇ ਦੇਖਣਾ ਅਨੈਤਿਕ ਹੈ।ਸਾਗਰਿਕਾ ਘੋਸ਼: ਤੁਹਾਡੇ ਲੇਖ ਦੇ ਇਕ ਹੋਰ ਨੁਕਤੇ ਵੱਲ ਆਉਂਦੇ ਹਾਂ, ਜਿੱਥੇ ਗਾਂਧੀ ਬਾਰੇ ਤੁਹਾਡਾ ਲਹਿਜ਼ਾ ਖ਼ਾਸ ਤੌਰ ‘ਤੇ ਸਖ਼ਤ ਹੈ। ਤੁਸੀਂ ਕਿਹਾ ਹੈ ਕਿ ਚਾਰੂ ਮਜੂਮਦਾਰ ਨੇ ਭਾਰਤ ‘ਚ ਇਨਕਲਾਬ ਦੇ ਸੁਪਨੇ ਨੂੰ ਸੱਚ ਬਣਾਈ ਰੱਖਿਆ ਹੈ। ਜ਼ਰਾ ਇਸ ਸੁਪਨੇ ਤੋਂ ਬਗ਼ੈਰ ਸਮਾਜ ਦੀ ਕਲਪਨਾ ਤਾਂ ਕਰੋ। ਸਿਰਫ਼ ਇਸੇ ਕਰਕੇ, ਅਸੀਂ ਚਾਰੂ ਨੂੰ ਬਹੁਤ ਜ਼ਿਆਦਾ ਨਿਰਦਈ ਹੋਣ ਦਾ ਫਤਵਾ ਨਹੀਂ ਦੇ ਸਕਦੇ। ਖ਼ਾਸ ਕਰਕੇ, ਜਦੋਂ ਅਸੀਂ ”ਅਹਿੰਸਾ” ਪਰਮੋ ਧਰਮ ਦੇ ਗਾਂਧੀ ਦੇ ਪਵਿੱਤਰ ਗਪੌੜ ਅਤੇ ਟਰਸਟੀਸ਼ਿਪ ਬਾਰੇ ਉਸ ਦੇ ਇਨ੍ਹਾਂ ਵਿਚਾਰਾਂ ਨੂੰ ਚਿੰਬੜੇ ਹੋਏ ਹਾਂ। ਤੁਸੀ ਇਹ ਵੀ ਕਿਹਾ ਹੈ ਕਿ ਜੇ ਗੋਲੀਬਾਰੀ ਹੋਣ ਲੱਗੇ ਤਾਂ ਕੀ ਕਰੋਗੇ……। ਕੀ ਤੁਸੀਂ ਇਹ ਸੋਚਦੇ ਹੋ ਕਿ ਗਾਂਧੀ ਵਰਗੀ ਹਸਤੀ ਦੀ ਖਿੱਲੀ ਉਡਾਈ ਜਾ ਸਕਦੀ ਹੈ?ਅਰੁੰਧਤੀ ਰਾਏ: ਮੈਂ ਸਮਝਦੀ ਹਾਂ ਕਿ ਗਾਂਧੀ ‘ਚ ਕਾਫ਼ੀ ਕੁਝ ਐਸਾ ਹੈ ਜੋ ਮੌਜੂ ਬਣਾਏ ਜਾਣ ਦਾ ਹੀ ਹੱਕਦਾਰ ਹੈ। ਕੁਝ ਐਸੀ ਚੀਜ਼ ਵੀ ਹੈ ਜਿਸ ਦਾ ਬਹੁਤ ਜ਼ਿਆਦਾ ਸਤਿਕਾਰ ਕਰਨਾ ਬਣਦਾ ਹੈ, ਖ਼ਾਸ ਤੌਰ ‘ਤੇ ਖਪਤ, ਘੱਟ ਤੋਂ ਘੱਟ ਅਤੇ ਉਨੀਆਂ ਕੁ ਲੋੜਾਂ ਵਾਲੀ ਜੀਵਨ ਜਾਚ ਜਿਸ ਨਾਲ ਜ਼ਿੰਦਗੀ ਜੀਵੀ ਜਾ ਸਕਦੀ ਹੋਵੇ। ਫਿਰ ਵੀ, ਮੈਂ ਉਹ ਪੜ੍ਹਕੇ ਸੁਣਾਉਣਾ ਚਾਹਾਂਗੀ ਜੋ ਉਸ ਨੇ ਟਰੱਸਟੀਸ਼ਿਪ ਬਾਰੇ ਕਿਹਾ ਸੀ। ਇਹ ਟਰੱਸਟੀਸ਼ਿਪ ਬਾਰੇ ਉਸ ਦੇ ਵਿਚਾਰਾਂ ਦੀ ਟੂਕ ਹੈ: ”ਅਮੀਰ ਆਦਮੀ ਦੀ ਦੌਲਤ ਉਸੇ ਦੇ ਕੋਲ ਰਹੇਗੀ, ਜਿੰਨੀ ਉਸ ਨੂੰ ਆਪਣੀਆਂ ਵਿਅਕਤੀਗਤ ਲੋੜਾਂ ਲਈ ਲੋੜੀਂਦੀ ਹੈ ਉਹ ਇਸ ਵਿਚੋਂ ਵਰਤ ਸਕੇਗਾ ਅਤੇ ਬਾਕੀ ਦੀ ਦੌਲਤ ਦਾ ਉਹ ਟਰੱਸਟੀ ਹੋਵੇਗਾ ਜੋ ਸਮਾਜ ਦੇ ਭਲੇ ਲਈ ਖ਼ਰਚੀ ਜਾਵੇਗੀ।” ਮੈਂ ਸਮਝਦੀ ਹਾਂ ਕਿ ਇਹ ਐਸਾ ਬਿਆਨ ਹੈ ਜਿਸ ਦਾ ਮੌਜੂ ਉਡਾਇਆ ਜਾ ਸਕਦਾ ਹੈ। ਮੈਨੂੰ ਅਜਿਹਾ ਕਰਨ ‘ਚ ਕੋਈ ਦਿੱਕਤ ਨਹੀਂ ਹੈ।ਸਾਗਰਿਕਾ ਘੋਸ਼: ਮਾਰਚ ਮਹੀਨੇ ਅਮਰੀਕਾ ਅੰਦਰ ਖੱਬੇਪੱਖੀ ਮੰਚ ਵਿਖੇ ਇਕ ਭਾਸ਼ਣ ‘ਚ ਤੁਸੀਂ ਕਿਹਾ ਸੀ ਕਿ ‘ਭਾਰਤ ਦੀ ਜਮਹੂਰੀਅਤ ਝੂਠੀ ਹੈ’ ਜਿਸ ਦਾ ਇਕ ਹੱਦ ਤੱਕ ਸਬੰਧ ਤੁਹਾਡੇ ਵੱਲੋਂ ਹਿੰਸਾ ਨੂੰ ਜਾਇਜ਼ ਠਹਿਰਾਉਣ ਜਾਂ ਲੱਗਭੱਗ ਜਾਇਜ਼ ਠਹਿਰਾਉਣ ਨਾਲ ਹੈ। ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਕਿਉਂਕਿ ਭਾਰਤ ਦੀ ਜਮਹੂਰੀਅਤ ‘ਝੂਠੀ’ ਹੈ ਇਸ ਕਰਕੇ ਮਾਓਵਾਦੀਆਂ ਨੂੰ ਭਾਰਤੀ ਜਮਹੂਰੀਅਤ ਤੋਂ ਕੋਈ ਉਮੀਦ ਨਹੀਂ ਹੈ?ਅਰੁੰਧਤੀ ਰਾਏ: ਨਹੀਂ, ਮੈਂ ਇਹ ਜ਼ਰੂਰ ਮਹਿਸੂਸ ਕਰਦੀ ਹਾਂ ਕਿ ਭਾਰਤ ਐਸਾ ਜੁੰਡੀ ਰਾਜ ਹੈ ਜੋ ਮੱਧ ਵਰਗਾਂ ਅਤੇ ਕੁਲੀਨ ਵਰਗਾਂ ਲਈ ਜਮਹੂਰੀਅਤ ਵਜੋਂ ਕੰਮ ਕਰਦਾ ਹੈ।ਸਾਗਰਿਕਾ ਘੋਸ਼: ਪਰ ਕੀ ਇਹ ਜਮਹੂਰੀਅਤ ਝੂਠੀ ਹੈ?ਅਰੁੰਧਤੀ ਰਾਏ: ਹਾਂ, ਕਿਉਂਕਿ ਇਹ ਲੋਕਾਂ ਦੇ ਜਨਸਮੂਹਾਂ ਲਈ ਕੰਮ ਨਹੀਂ ਕਰਦੀ ਇਹ ਝੂਠੀ ਜਮਹੂਰੀਅਤ ਹੈ। ਤੁਹਾਡੇ ਕੋਲ ਐਸੇ ਅਦਾਰੇ ਹਨ ਜੋ ਖੋਖਲੇ ਹਨ, ਜਿਨ੍ਹਾਂ ਅਦਾਰਿਆਂ ਤੱਕ ਗਰੀਬ ਦੀ ਪਹੁੰਚ ਨਹੀਂ ਹੈ ਅਤੇ ਜ਼ਰਾ ਤੁਸੀਂ ਜਮਹੂਰੀਅਤ ਦੇ ਇਨ੍ਹਾਂ ਅਦਾਰਿਆਂ ਨੂੰ, ਚੋਣਾਂ ਨੂੰ, ਅਦਾਲਤਾਂ ਨੂੰ, ਮੀਡੀਆ ਨੂੰ ਅਤੇ ਨਿਆਂਪਾਲਿਕਾ ਨੂੰ ਦੇਖੋ। ਤੁਸੀਂ ਬਹੁਤ ਹੀ ਘਾਤਕ ਪ੍ਰਬੰਧ ਖੜ੍ਹਾ ਕਰ ਲਿਆ ਹੈ। ਤੁਸੀਂ ਇਸ ਦੇਸ਼ ਦੇ ਗਰੀਬ ਲੋਕਾਂ ਦੇ ਵਿਆਪਕ ਹਿੱਸੇ ਨੂੰ ਬਾਹਰ ਧੱਕੀ ਜਾਂਦੇ ਹੋ। ਇਸੇ ਲਈ ਮੈਂ ਕਹਿੰਦੀ ਹਾਂ ਕਿ ਇਹ ਝੂਠੀ ਹੈ। ਇਹ ਕੁਝ ਲੋਕਾਂ ਦੇ ਕੰਮ ਦੀ ਹੈ ਅਤੇ ਬਾਕੀਆਂ ਦੇ ਕੰਮ ਦੀ ਨਹੀਂ ਹੈ। ਇਹ ਇਸ ‘ਤੇ ਮੁਨੱਸਰ ਹੈ ਕਿ ਤੁਸੀਂ ਖੜ੍ਹੇ ਕਿੱਥੇ ਹੋ; ਤੁਹਾਡੀ ਸਿਆਸਤ ਇਸ ਤੋਂ ਤੈਅ ਹੁੰਦੀ ਹੈ। ਜੇ ਤੁਸੀਂ ਗਰੇਟਰ ਕੈਲਾਸ਼ ‘ਚ ਹੋ ਤਾਂ ਇਹ ਜਮਹੂਰੀਅਤ ਮਹਾਨ ਹੈ ਤੇ ਤੁਸੀਂ ਇਸ ‘ਤੇ ਝੂਮ ਸਕਦੇ ਹੋ ਪਰ ਜੇ ਤੁਸੀਂ ਦਾਂਤੇਵਾੜਾ ‘ਚ ਹੋ ਤਾਂ ਇਹ ਬਿਲਕੁਲ ਜਮਹੂਰੀਅਤ ਨਹੀਂ ਹੈ। ਤੁਹਾਡਾ ਮੁੱਖ ਮੰਤਰੀ (ਛੱਤੀਸਗੜ੍ਹ ਦਾ ਰਮਨ ਸਿੰਘਂਅਨੁਵਾਦਕ) ਐਸਾ ਹੈ ਜਿਸ ਨੇ ਕਿਹਾ ਸੀ ਕਿ ਜਿਹੜੇ ਜੰਗਲਾਂ ਵਿਚੋਂ ਬਾਹਰ ਆਕੇ ਸਲਵਾ ਜੁਡਮ ਦੇ ਕੈਂਪਾਂ ਵਿਚ ਨਹੀਂ ਰਹਿਣਗੇ ਉਹ ਦਹਿਸ਼ਤਪਸੰਦ ਹਨ। ਇਸ ਤਰ੍ਹਾਂ ਆਪਣੇ ਮੁਰਗ਼ਿਆਂ ਦੀ ਦੇਖਭਾਲ ਕਰਨਾ ਅਤੇ ਆਪਣੇ ਖੇਤ ਦਾ ਖ਼ਿਆਲ ਰੱਖਣਾ ਵੀ ਦਹਿਸ਼ਤਪਸੰਦ ਕਾਰਵਾਈ ਹੈ! ਕੀ ਇਹ ਜਮਹੂਰੀਅਤ ਹੈ?ਸਾਗਰਿਕਾ ਘੋਸ਼: ਜੇ ਤੁਸੀਂ ਇਸ ਦਾ ਹੱਲ ਦੇਣਾ ਹੋਵੇ। ਤੁਸੀਂ ਕੀ ਹੱਲ ਕਰੋਗੇ? ਜਮੂਦ ਨੂੰ ਤੋੜਨ ਦਾ ਤੁਹਾਡਾ ਕੀ ਤਰੀਕਾ ਹੋਵੇਗਾ?ਅਰੁੰਧਤੀ ਰਾਏ: ਇਹ ਦੋ ਚੀਜ਼ਾਂ ਹਨ। ਦਾਰਸ਼ਨਿਕ ਪੱਧਰ ‘ਤੇ ਮੇਰਾ ਕਹਿਣਾ ਹੈ ਕਿ ਮੇਰਾ ਇਸ ‘ਚ ਵਿਸ਼ਵਾਸ ਨਹੀਂ ਹੈ ਕਿ ਜਿਸ ਸੋਚ ਨੇ ਇਸ ਧਰਤੀ ਨੂੰ ਸੰਕਟ ਦੀ ਇਸ ਨੌਬਤ ਤੱਕ ਪਹੁੰਚਾਇਆ ਹੈ ਉਸ ਨੂੰ ਬਦਲ ਪੇਸ਼ ਕਰਨ ਲਈ ਕਿਹਾ ਜਾਵੇ। ਇਸ ਕਰਕੇ ਘੱਟੋ-ਘੱਟ ਇੰਨਾ ਕੁ ਹੀ ਕੀਤਾ ਜਾ ਸਕਦਾ ਹੈ ਕਿ ਜਿਹੜੇ ਸਾਡੇ ਬੀਤੇ ਦੀ ਸਾਂਭ-ਸੰਭਾਲ ਕਰਨ ‘ਚ ਲੱਗੇ ਹੋਏ ਹਨ ਅਤੇ ਜਿਨ੍ਹਾਂ ਕੋਲ ਭਵਿੱਖ ਦੀ ਸਿਆਣਪ ਹੈ, ਉਨ੍ਹਾਂ ਨੂੰ ਜ਼ਰੂਰ ਰੋਕੀਏ ਅਤੇ ਜਾਗ੍ਰਿਤ ਕਰੀਏ।ਜਿੱਥੋਂ ਤੱਕ ”ਓਪਰੇਸ਼ਨ ਗਰੀਨ ਹੰਟ” ਦਾ ਸਵਾਲ ਹੈ ਮੈਂ ਤਿੰਨ ਚੀਜ਼ਾਂ ਕਹਿਣਾ ਚਾਹਾਂਗੀ। ਮੈਂ ਸਮਝਦੀ ਹਾਂ ਕਿ ਸਾਰੇ ਇਕਰਾਰਨਾਮਿਆਂ (MoUs), ਸਹਾਇਕ-ਢਾਂਚਾ ਪ੍ਰਾਜੈਕਟਾਂ ਦੀ ਅਸਲੀਅਤ ਕਬੂਲ ਕਰ ਲੈਣੀ ਚਾਹੀਦੀ ਹੈ, ਇਹ ਜਨਤਕ ਕੀਤੇ ਚਾਹੀਦੇ ਹਨ ਕਿ ਇਨ੍ਹਾਂ ਦਾ ਉਦੇਸ਼ ਕੀ ਹੈ ਅਤੇ ਹਾਲ ਦੀ ਘੜੀ ਇਨ੍ਹਾਂ ਨੂੰ ਰੋਕ ਦੇਣਾ ਚਾਹੀਦਾ ਹੈ। ਜਿਨ੍ਹਾਂ ਪਿੰਡਾਂ ਦੇ ਲੋਕਾਂ, ਅਸੀਂ ਲੱਖਾਂ ਲੋਕਾਂ ਦੀ ਗੱਲ ਕਰ ਰਹੇ ਹਾਂ, ਨੂੰ ਬਾਹਰ ਕੱਢ ਦਿੱਤਾ ਗਿਆ ਹੈ ਉਨ੍ਹਾਂ ਨੂੰ ਮੁੜ ਵਸਾਇਆ ਜਾਵੇ। ਬੰਦੂਕਾਂ ਵਾਲੇ ਵਾਪਸ ਬੁਲਾਏ ਜਾਣ।ਸਾਗਰਿਕਾ ਘੋਸ਼: ਵਿਕਾਸ ਦੀ ਖ਼ਾਤਰ ਹਰੇਕ ਖਣਿਜ ਵਸੀਲਿਆਂ ਦੀ ਵਰਤੋਂ ਹਰੇਕ ਦੇਸ਼ ਨੂੰ ਕਰਨੀ ਪੈਂਦੀ ਹੈ। ਸਾਡੇ ਦੇਸ਼ ਨੂੰ ਵਿਕਾਸ (growth) ਦੀ ਲੋੜ ਹੈ। ਇਹ ਜੋ ਮਾਓਵਾਦੀ ਹਨ, ਪਹਿਲਾਂ ਉਨ੍ਹਾਂ ਦਾ ਪੌਸਕੋ ਨਾਲ ਲੈਣ-ਦੇਣ ਚੱਲਦਾ ਸੀ; ਉਹ ਹਰੇਕ ਸਾਲ ਤੀਹ ਲੱਖ ਰੁਪਏ ਮਾਓਵਾਦੀਆਂ ਨੂੰ ਦਿੰਦੇ ਸਨ। ਹੁਣ ਕੋਈ ਸੌਦਾ ਨਹੀਂ ਹੁੰਦਾ ਹੁਣ ਕੋਈ ਸ਼ਰਤ ਨਹੀਂ ਹੈ। ਕੀ ਤੁਸੀਂ ਇਹ ਵਕਾਲਤ ਕਰ ਰਹੇ ਹੋ ਕਿ ਇਨ੍ਹਾਂ ਸਾਰੇ ਇਲਾਕਿਆਂ ਦੇ ਸਾਰੇ ਪ੍ਰਾਜੈਕਟਾਂ ਦਾ ਬੋਰੀ-ਬਿਸਤਰਾ ਲਪੇਟਕੇ ਇਨ੍ਹਾਂ ਨੂੰ ਚੱਲਦਾ ਕਰ ਦਿੱਤਾ ਜਾਵੇ?ਅਰੁੰਧਤੀ ਰਾਏ: ਇਹ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਖਾਣ ਸਨਅਤ ਦਾ ਨਿੱਜੀਕਰਨ ਕੀਤੇ ਜਾਣ ਨਾਲ ਕੀ ਵਾਪਰ ਰਿਹਾ ਹੈ। ਇਹ ਇਕ ਤਰ੍ਹਾਂ ਦਾ ਘਾਲਾਮਾਲਾ ਹੈ ਕਿ ਖਾਣਾਂ ਸ਼ੁਰੂ ਕੀਤੇ ਜਾਣ ਨਾਲ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਜਦਕਿ ਜਿਸ ਤਰ੍ਹਾਂ ਦਾ ਅਨੋਖਾ ਹੁਲਾਰਾ ਇਸ ਨਾਲ ਮਿਲੇਗਾ ਉਸ ਦਾ ਹਕੀਕੀ ਵਿਕਾਸ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਜ਼ਰਾ 27 ਰੁਪਏ ਦੀ ਉਸ ਰਾਇਲਟੀ ‘ਤੇ ਨਜ਼ਰ ਮਾਰੋ ਜੋ ਸਰਕਾਰ ਨੂੰ ਪ੍ਰਤੀ ਟਨ ਕੱਚੇ ਲੋਹੇ ਤੋਂ ਹਾਸਲ ਹੁੰਦੀ ਹੈ ਦੂਜੇ ਪਾਸੇ ਨਿੱਜੀ ਕੰਪਨੀ ਦਾ 5000 ਰੁਪਏ ਦਾ ਮੁਨਾਫ਼ਾ ਦੇਖੋ। ਅਸੀਂ ਆਪਣੇ ਵਾਤਾਵਰਣ ਦੀ ਕੀਮਤ ‘ਤੇ ਦੂਸਰਿਆਂ ਦੀ ਆਰਥਕਤਾ ‘ਚ ਹਿੱਸਾ ਪਾ ਰਹੇ ਹਾਂ। ਸੋ ਇਹ ਹੈ ਵਿਕਾਸ ਦੀ ਮਿੱਥ।ਸਾਗਰਿਕਾ ਘੋਸ਼: ਕੀ ਤੁਸੀਂ ਮਾਓਵਾਦੀਆਂ ਅਤੇ ਸਰਕਾਰ ਵਿਚਕਾਰ ਵਿਚੋਲਗੀ ਕਰਨ ਦੇ ਇੱਛਕ ਹੋ, ਉਨ੍ਹਾਂ ਨੇ ਤੁਹਾਡੇ ਤੇ ਕਬੀਰ ਸੁਮਨ (ਬੰਗਾਲ ਦੇ ਕਵੀ) ਦਾ ਨਾਂਅ ਪੇਸ਼ ਕੀਤਾ ਹੈ। ਪਰ ਤੁਸੀਂ ਨਾਂਹ ਕਰ ਦਿੱਤੀ? ਤੁਹਾਨੂੰ ਕਾਹਦਾ ਡਰ ਹੈ? ਤੁਸੀਂ ਅੱਗੇ ਵਧਕੇ ਵਿਚੋਲਗੀ ਕਿਉਂ ਨਹੀਂ ਕਰਦੇ?ਅਰੁੰਧਤੀ ਰਾਏ: ਮੈਂ ਆਪਣੇ ਆਪ ਤੋਂ ਡਰਦੀ ਹਾਂ। ਇਸ ‘ਚ ਮੇਰੀ ਮੁਹਾਰਤ ਨਹੀਂ ਹੈ। ਮੈਨੂੰ ਖ਼ੁਦ ‘ਤੇ ਭਰੋਸਾ ਨਹੀਂ ਹੈ। ਜੇ ਤੁਸੀਂ ਬਾਸਕਟ ਬਾਲ ਦੇ ਖਿਡ੍ਹਾਰੀ ਹੋ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਤੈਰਾਕ ਵੀ ਹੋਵੋ। ਇਸ ਲਈ ਮੈਂ ਸਮਝਦੀ ਹਾਂ ਕਿ ਹੋਰ ਬਥੇਰੇ ਲੋਕ ਹਨ ਜੋ ਇਹ ਭੂਮਿਕਾ ਵਧੀਆ ਨਿਭਾਉਣਗੇ। ਮੈਂ ਆਪਣੇ ਆਪ ਨੂੰ ਉਨ੍ਹਾਂ ਵਿਚ ਨਹੀਂ ਗਿਣਦੀ। ਪਰ ਮੈਂ ਸਮਝਦੀ ਹਾਂ ਕਿ ਸਾਨੂੰ ਇਹ ਸਵਾਲ ਜ਼ਰੂਰ ਕਰਨਾ ਹੋਵੇਗਾ ਕਿ ਜਦੋਂ ਅਸੀਂ ਮਾਓਵਾਦੀਆਂ ਦੀ ਗੱਲ ਕਰਦੇ ਹਨ ਤਾਂ ਇਸ ਤੋਂ ਸਾਡਾ ਭਾਵ ਕਿਨ੍ਹਾਂ ਤੋਂ ਹੈ? ‘ਓਪਰੇਸ਼ਨ ਗਰੀਨ ਹੰਟ’ ਦਾ ਨਿਸ਼ਾਨਾ ਕੌਣ ਹਨ? ਇਹ ਇਸ ਕਾਰਣ ਹੈ ਕਿ ਇਕ ਵਖਰੇਵਾਂ ਬਣਾ ਦਿੱਤਾ ਗਿਆ ਹੈ ਕਿ ਇਹ ਮਾਓਵਾਦੀ ਹਨ ਅਤੇ ਇਹ ਕਬਾਇਲੀ ਹਨ। ਦੂਜੇ ਪਾਸੇ, ਕੁਝ ਲੋਕਾਂ ਦਾ ਕਹਿਣਾ ਹੈ ਕਿ ਮਾਓਵਾਦੀ ਕਬਾਇਲੀਆਂ ਦੀ ਨੁਮਾਇੰਦਗੀ ਕਰਦੇ ਹਨ। ਦੋਵਾਂ ਗੱਲਾਂ ‘ਚੋਂ ਕੋਈ ਵੀ ਸਹੀ ਨਹੀਂ ਹੈ। ਤੱਥ ਇਹ ਹੈ ਕਿ ਤਕਰੀਬਨ 99 ਫੀਸਦੀ ਮਾਓਵਾਦੀ ਕਬਾਇਲੀ ਹਨ। ਪਰ ਸਾਰੇ ਕਬਾਇਲੀ ਮਾਓਵਾਦੀ ਨਹੀਂ ਹਨ, ਫਿਰ ਵੀ ਦਹਿ ਹਜ਼ਾਰਾਂ ਗਿਣਤੀ ‘ਚ ਲੋਕ ਖ਼ੁਦ ਨੂੰ ਮਾਓਵਾਦੀ ਕਹਿਣਗੇ। ਇਨ੍ਹਾਂ ‘ਚ ਔਰਤ ਜਥੇਬੰਦੀ ਦੀਆਂ 90,000 ਔਰਤਾਂ ਅਤੇ ਸਭਿਆਚਾਰਕ ਜਥੇਬੰਦੀ ਦੇ 10,000  ਮੈਂਬਰ ਸ਼ਾਮਲ ਹਨ। ਕੀ ਇਨ੍ਹਾਂ ਸਭ ਦਾ ਸਫ਼ਾਇਆ ਹੋਣ ਜਾ ਰਿਹਾ ਹੈ?ਸਾਗਰਿਕਾ ਘੋਸ਼: ਗ੍ਰਹਿ ਮੰਤਰੀ ਪੀ ਚਿਦੰਬਰਮ ਨੂੰ ਤੁਹਾਡਾ ਕੀ ਸੁਨੇਹਾ ਹੈ? ਤੁਸੀਂ ਉਸ ਨੂੰ ਕਿਸ ਤਰ੍ਹਾਂ ਦਾ ਸੁਨੇਹਾ ਦੇਣਾ ਚਾਹੋਗੇ? ਕੀ ਤੁਸੀਂ ਇਹ ਸੋਚਦੇ ਹੋ ਕਿ ਉਹ ਇਹ ਜੰਗ ਹਊਮੈਂ ਦੀ ਖ਼ਾਤਰ ਲੜ ਰਿਹਾ ਹੈ?ਅਰੁੰਧਤੀ ਰਾਏ: ਮੈਂ ਸਮਝਦੀ ਹਾਂ ਕਿ ਉਹ ਇਹ ਜੰਗ ਪੂਰੇ ਜੋਸ਼ ਨਾਲ ਉਸ ਸੋਚ ਤਹਿਤ ਲੜ ਰਿਹਾ ਹੈ ਜੋ ਕਾਰਪੋਰੇਟ ਕੰਪਨੀਆਂ ਦੀ ਗ਼ੁਲਾਮ ਹੈ। ਉਹ ਐਨਰੋਨ ਤੋਂ ਲੈ ਕੇ ਵੇਦਾਂਤਾ ਤੱਕ ਉਨ੍ਹਾਂ ਸਾਰੀਆਂ ਕੰਪਨੀਆਂ ਦੀ ਸੇਵਾ ਕਰਨੀ ਚਾਹੁੰਦਾ ਹੈ ਜਿਨ੍ਹਾਂ ਦਾ ਉਹ ਨੁਮਾਇੰਦਾ ਰਿਹਾ ਹੈ। ਮੈਂ ਉਸ ਉੱਤੇ ਭ੍ਰਿਸ਼ਟ ਹੋਣ ਦਾ ਦੋਸ਼ ਨਹੀਂ ਲਾ ਰਹੀ ਸਗੋਂ ਐਸੀ ਸੋਚ ਵਾਲਾ ਬੰਦਾ ਹੋਣ ਦਾ ਦੋਸ਼ ਲਾ ਰਹੀ ਹਾਂ ਜੋ ਇਸ ਦੇਸ਼ ਨੂੰ ਬਹੁਤ ਹੀ ਗੰਭੀਰ ਹਾਲਤ ‘ਚ ਧੱਕ ਰਹੀ ਹੈ ਅਤੇ ਇਸ ਦਾ ਅਸਰ ਸਾਡੇ ਸਾਰਿਆਂ ‘ਤੇ ਪੈਣ ਜਾ ਰਿਹਾ ਹੈ।ਸਾਗਰਿਕਾ ਘੋਸ਼: ਤੁਹਾਡੇ ਖਿਲਾਫ਼ ਜੋ ਮਾਮਲਾ ਦਰਜ ਹੋਇਆ ਹੈ ਕੀ ਤੁਹਾਨੂੰ ਇਸ ਦੀ ਪ੍ਰੇਸ਼ਾਨੀ ਨਹੀਂ ਹੈ? ਛੱਤੀਸਗੜ੍ਹ ਵਿਸ਼ੇਸ਼ ਅਧਿਕਾਰ ਕਾਨੂੰਨ ਤਹਿਤ ਤੁਹਾਡੇ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਤੁਹਾਡੇ ਲੇਖ ਨੂੰ ਲੈ ਕੇ ਪੁਲਿਸ ਇਹ ਤਫ਼ਤੀਸ਼ ਕਰ ਰਹੀ ਹੈ ਕਿ ਤੁਸੀਂ ਮਾਓਵਾਦੀਆਂ ਦੀ ਹਮਾਇਤ ਕੀਤੀ ਹੈ। ਕੀ ਤੁਸੀਂ ਸਰਕਾਰੀ ਮੁਕੱਦਮੇ ਤੋਂ ਫ਼ਿਕਰਮੰਦ ਹੋ?ਅਰੁੰਧਤੀ ਰਾਏ: ਮੈਂ ਗੁੰਡਾ ਨਹੀਂ ਹਾਂ ਕਿ ਮੈਨੂੰ ਪ੍ਰੇਸ਼ਾਨੀ ਨਾ ਹੋਵੇ। ਪਰ ਮੈਂ ਪਹਿਲੀ ਵਿਅਕਤੀ ਨਹੀਂ ਹਾਂ ਜਿਸ ਦੇ ਉਹ ਮਗਰ ਪਏ ਹਨ। ਮੈਂ ਸਮਝਦੀ ਹਾਂ ਕਿ ਉਹ ਲੋਕਾਂ ਨੂੰ ਚੇਤਾਵਨੀ ਦੇ ਕੇ ਧਮਕਾਉਣਾ ਚਾਹੁੰਦੇ ਹਨ। ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਇਸ ਜੰਗ ਨੂੰ ਤੇਜ਼ ਕਰਨਾ ਚਾਹੁੰਦੇ ਹਨ। ਮੈਂ ਸਮਝਦੀ ਹਾਂ ਕਿ ਸਾਡੇ ਦੇਸ਼ ਦੇ ਸਭ ਤੋਂ ਗਰੀਬ ਲੋਕਾਂ ਉੱਪਰ ਹਵਾਈ ਹਮਲੇ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ, ਉਹ ਜੰਗ ਦੇ ਅਖਾੜੇ ਦੀ ਘੇਰਾਬੰਦੀ ਕਰੀ ਰੱਖਣਾ ਚਾਹੁੰਦੇ ਹਨ। ਉਹ ਉਨ੍ਹਾਂ ਲੋਕਾਂ ਨੂੰ ਮੂੰਹ ਬੰਦ ਰੱਖਣ ਦੀ ਚੇਤਾਵਨੀ ਦੇ ਰਹੇ ਹਨ ਜਿਨ੍ਹਾਂ ਦੇ ਵਿਚਾਰ ਸਰਕਾਰ ਤੋਂ ਵੱਖਰੇ ਹਨ।ਸਾਗਰਿਕਾ ਘੋਸ਼: ਤੁਹਾਡੀਆਂ ਲਿਖਤਾਂ ਵਿਵਾਦਮਈ ਕਿਉਂ ਹੁੰਦੀਆਂ ਹਨ ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਭਾਰਤ ਨੂੰ ਅਰੁੰਧਤੀ ਰਾਏ ਨਾਲ ਨਫ਼ਰਤ ਕਿਉਂ ਹੈ? ਤੁਹਾਡੇ ਖਿਲਾਫ਼ ਐਨੀਆਂ ਨਫ਼ਰਤ ਭਰੀਆਂ ਈ-ਮੇਲ ਦਾ ਤਾਂਤਾ ਕਿਉਂ ਲੱਗਿਆ ਹੋਇਐ? ਲੋਕ ਇਹ ਕਿਉਂ ਸੋਚਦੇ ਹਨ ਕਿ ਤੁਹਾਡੀਆਂ ਕਹੀਆਂ ਹੋਈਆਂ ਗੱਲਾਂ ਉਨ੍ਹਾਂ ਨੂੰ ਨਹੀਂ ਜਚਦੀਆਂ? ਬਤੌਰ ਲੇਖਕ ਭਾਰਤ ਨੂੰ ਤੁਹਾਡੇ ਨਾਲ ਨਫ਼ਰਤ ਕਿਉਂ ਹੈ?ਅਰੁੰਧਤੀ ਰਾਏ: ਮੈਂ ਸਮਝਦੀ ਹਾਂ ਕਿ ਤੁਹਾਡਾ ਭਾਰਤ ਦੀ ਨੁਮਾਇੰਦਗੀ ਦਾ ਦਾਅਵਾ ਬਹੁਤ ਜ਼ਿਆਦਾ ਖਾਮ-ਖ਼ਿਆਲੀ ਹੈ। ਮੈਂ ਉਲਟਾ ਮਹਿਸੂਸ ਕਰਦੀ ਹਾਂ। ਹੋਰਨਾਂ ਲੋਕਾਂ ਵਾਂਗ, ਜਿੱਥੇ ਵੀ ਮੈਂ ਜਾਂਦੀ ਹਾਂ ਚਾਹੇ ਉੜੀਸਾ ਹੋਵੇ ਜਾਂ ਨਰਮਦਾ, ਲੋਕ ਹਰ ਥਾਂ ਮੈਨੂੰ ਬੁੱਕਲ ‘ਚ ਲੈਂਦੇ ਹਨ। ਮੈਨੂੰ ਉਹ ਲੋਕ ਨਫ਼ਰਤ ਕਰਦੇ ਹਨ ਜਿਨ੍ਹਾਂ ਦੀ ਪੁੱਗਦੀ ਹੈ, ਜਿਨ੍ਹਾਂ ਲੋਕਾਂ ਦੇ ਉੱਥੇ ਵੱਡੇ ਹਿੱਤ ਹਨ ਜਿਨ੍ਹਾਂ ਦੇ ਬਾਰੇ ਮੈਂ ਲਿਖਦੀ ਹਾਂ ਤੇ ਇਸ ਨਾਲ ਉਨ੍ਹਾਂ ਦੇ ਹਿੱਤਾਂ ਨੂੰ ਖ਼ਤਰਾ ਪੈਦਾ ਹੁੰਦਾ ਹੈ। ਜੇ ਮੈਨੂੰ ਇਹ ਮਹਿਸੂਸ ਹੁੰਦਾ ਹੋਵੇ ਕਿ ਸਾਰੇ ਭਾਰਤ ਨੂੰ ਮੇਰੇ ਨਾਲ ਨਫ਼ਰਤ ਹੈ, ਫਿਰ ਮੈਂ ਕੋਈ ਭਿਆਨਕ ਗੁਨਾਹ ਕਰ ਰਹੀ ਹੋਵਾਂਗੀ। ਸਿਆਸੀ ਲੇਖਕ ਵਜੋਂ ਮੈਂ ਜੋ ਕਰ ਰਹੀ ਹਾਂ ਮੇਰੀ ਉਸੇ ਨੂੰ ਕਰਦੇ ਰਹਿਣ ਦੀ ਤਾਂਘ ਹੈ। ਜਿਸ ਤੱਥ ਨਾਲ ਮੈਨੂੰ ਤਹਿ ਦਿਲੋਂ ਮੋਹ ਹੈ, ਭਾਵ ਅਸਲ ਮੁੱਦੇ ਨਾਲ।ਸਾਗਰਿਕਾ ਘੋਸ਼: ਪਰ ਕੀ ਤੁਹਾਨੂੰ ਇਹ ਸਮੱਸਿਆ ਲੱਗਦਾ ਹੈ? ਕੀ ਤੁਸੀਂ ਸੋਚਦੇ ਹੋ ਕਿ ਸਰਕਾਰ, ਮੀਡੀਆ, ਭਾਰੂ ਦਸਤੂਰ ਬੁੱਧੀਜੀਵੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਮਨੁੱਖੀ ਅਧਿਕਾਰ ਕਾਰਕੁੰਨਾਂ ਵਰਗੀਆਂ ਤਾਕਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਕੀ ਇਹ ਖ਼ਤਰਨਾਕ ਨਹੀਂ ਹੈ?ਅਰੁੰਧਤੀ ਰਾਏ: ਬੇਸ਼ੱਕ ਇਹ ਬਹੁਤ ਖ਼ਤਰਨਾਕ ਹੈ। ਮੈਂ ਇਕ ਲੇਖ ‘ਚ ਪੜ੍ਹਿਆ ਹੈ ਕਿ ਕੋਬਾਡ ਗਾਂਧੀ ਦੇ ਖਿਲਾਫ਼ ਦੋਸ਼ਾਂ ‘ਚ ਦਾਂਤੇਵਾੜਾ ਦਾ ਤੌਰ-ਤਰੀਕਾ ਦਿੱਲੀ ਤੱਕ ਆ ਪਹੁੰਚਿਆ ਹੈ। ਜਮਹੂਰੀ ਹੱਕਾਂ ਦੀ ਲੋਕ ਜਥੇਬੰਦੀ……..ਸਭਨਾਂ ਸੰਸਥਾਵਾਂ ਨੂੰ ਫਰੰਟ ਜਥੇਬੰਦੀਆਂ ਗ਼ਰਦਾਨਿਆ ਜਾ ਰਿਹਾ ਹੈ। ਜਿਸ ਕਿਸੇ ਦੇ ਵੀ ਵੱਖਰੇ ਵਿਚਾਰ ਹਨ ਉਸ ਨੂੰ ਰੋਕਣ ਦਾ ਝੱਲ ਇਸ ਹੱਦ ਤੱਕ ਸਵਾਰ ਹੈ ਕਿ ਕਿਸੇ ਉੱਪਰ ਵੀ ਮਾਓਵਾਦੀ ਹੋਣ ਦਾ ਦੋਸ਼ ਲਾ ਦਿੱਤਾ ਜਾਂਦਾ ਹੈ। ਐਸੇ ਸੈਂਕੜੇ ਲੋਕਾਂ ਨੂੰ ਚੁੱਕਕੇ ਜੇਲ੍ਹਾਂ ‘ਚ ਸੁੱਟ ਦਿੱਤਾ ਗਿਆ ਹੈ ਜਿਹੜੇ ਮਸ਼ਹੂਰ ਨਹੀਂ ਹਨ। ਜੰਗਲ ਦੇ ਬਾਹਰਲੀਆਂ ਅਹਿੰਸਕ ਲੋਕ ਲਹਿਰਾਂ ਤੋਂ ਲੈ ਕੇ ਜੰਗਲਾਂ ਵਿਚਲੇ ਹਥਿਆਰਬੰਦ ਸੰਘਰਸ਼ ਤੱਕ ਐਸਾ ਪੂਰਾ ਸਿਲਸਿਲਾ ਹੈ ਜਿਸ ਨੂੰ ਇਸ ਕਾਰਪੋਰੇਟ ਹਮਲੇ ਨੇ ਗਰਿਫ਼ਤ ‘ਚ ਲਿਆ ਹੋਇਆ ਹੈ। ਮੈਂ ਕਹਿੰਦੀ ਹਾਂ ਕਿ ਦੁਨੀਆਂ ‘ਚ ਹੋਰ ਕਿਤੇ ਵੀ ਇਸ ਤਰ੍ਹਾਂ ਦੀ ਜੱਗੋਂ ਤੇਰਵੀਂ ਨਹੀਂ ਹੋਈ ਹੋਣੀ।ਸਾਗਰਿਕਾ ਘੋਸ਼: ਮੈਂ ਇਕ ਉਹ ਸਵਾਲ ਪੁੱਛਣਾ ਹੈ ਜੋ ਇਕ ਦਰਸ਼ਕ ਨੇ ਮੈਨੂੰ ਭੇਜਿਆ ਹੈ, ”ਜਦੋਂ ਮੈਂ 16 ਸਾਲ ਦੀ ਕੁੜੀ ਨੂੰ ਬੰਦੂਕ ਚੁੱਕੀ ਦੇਖਦਾ ਹਾਂ, ਤਾਂ ਮੈਨੂੰ ਭੈਅ ਆਉਂਦਾ ਅਤੇ ਮੈਂ ਦੁਖੀ ਹੋ ਜਾਂਦਾ ਹਾਂ। ਜਦਕਿ ਅਰੁੰਧਤੀ ਰਾਏ 16 ਸਾਲ ਦੀ ਕੁੜੀ ਨੂੰ ਬੰਦੂਕ ਚੁੱਕੀ ਦੇਖਕੇ ਸਿਫ਼ਤਾਂ ਕਰਦੀ ਕਹਿੰਦੀ ਹੈ ਕਿ ਉਹ ਬਹੁਤ ਖ਼ੂਬਸੂਰਤ ਹੈ, ਉਸ ਦੀ ਮੁਸਕਰਾਹਟ ਬਹੁਤ ਦਿਲਕਸ਼ ਹੈ”?ਅਰੁੰਧਤੀ ਰਾਏ: 16 ਸਾਲ ਦੀ ਕੁੜੀ ਨਾਲ ਸੀ ਆਰ ਪੀ ਐੱਫ ਵਾਲਾ ਬਲਾਤਕਾਰ ਕਰੇ ਅਤੇ ਉਸ ਦੀਆਂ ਅੱਖਾਂ ਮੂਹਰੇ ਉਸ ਦਾ ਪਿੰਡ ਸਾੜ ਦਿੱਤਾ ਜਾਵੇ ਅਤੇ ਉਸਦੇ ਮਾਪੇ ਕੋਹ ਕੋਹ ਕੇ ਕਤਲ ਕਰ ਦਿੱਤੇ ਜਾਣ, ਜੇ ਉਹ ਇਸ ਹਾਲਤ ਵਿਚ ਈਨ ਮੰਨ ਜਾਵੇ ਤਾਂ ਇਸ ਨਾਲ ਮੈਨੂੰ ਦੁਖ ਪਹੁੰਚੇਗਾ। ਜੇ ਕੋਈ ਕੁੜੀ ਦਲੇਰੀ ਨਾਲ ਡੱਟਕੇ ਕਹਿੰਦੀ ਹੈ ਕਿ ਮੈਂ ਇਸ ਦਾ ਟਾਕਰਾ ਕਰਾਂਗੀ ਤਾਂ ਮੈਨੂੰ ਭਿਆਨਕ ਮਹਿਸੂਸ ਜ਼ਰੂਰ ਹੁੰਦਾ ਹੈ। ਮੈਂ ਸਮਝਦੀ ਹਾਂ ਕਿ ਇਸ ਤਰ੍ਹਾਂ ਹੋਣਾ ਭਿਆਨਕ ਹੈ। ਪਰ ਆਪਣੇ ਕਤਲ ਨੂੰ ਕਬੂਲ ਕਰਨ ਨਾਲੋਂ ਇਸ ਤਰ੍ਹਾਂ ਕਰਨਾ ਬਿਹਤਰ ਹੈ।ਸਾਗਰਿਕਾ ਘੋਸ਼: ਮੈਂ ਕੁਝ ਉਹ ਟਿੱਪਣੀਆਂ ਪੜ੍ਹਕੇ ਸੁਣਾਉਣਾ ਚਾਹਾਂਗੀ ਜੋ ਤੁਹਾਡੇ ਨਾਲ ਦੇ ਚਿੰਤਕਾਂ ਅਤੇ ਕਾਰਕੁੰਨਾਂ ਨੇ ਤੁਹਾਡੇ ਖਿਲਾਫ਼ ਕੀਤੀਆਂ ਹਨ, ਉਹ ਕਹਿੰਦੇ ਹਨ, ”ਉਹ ਉਨ੍ਹਾਂ (ਮਾਓਵਾਦੀਆਂ) ਦੀ ਸੱਤ੍ਹਾ ਦੀ ਹੋੜ ਨੂੰ ਜੰਗਲ ਵਿਚ ਰਹਿਣ ਵਾਲਿਆਂ ਦੀਆਂ ਹਕੀਕੀ ਮੰਗਾਂ, ਹੱਕਾਂ ਅਤੇ ਲੋਕਾਂ ਦੇ ਸਰੋਕਾਰਾਂ ਸਭ ਨੂੰ ਇਕੋ ਚੀਜ਼ ਬਣਾਕੇ ਪੇਸ਼ ਕਰ ਰਹੀ ਹੈ। ਉਹ ਉਸੇ ਦੋ-ਅਧਾਰੀ (binary) ਦਲੀਲ ਨੂੰ ਨਵਾਂ ਅਰਥ ਦੇ ਦਿੰਦੀ ਹਾਂ ਜਿਸ ਨੂੰ ਅਧਾਰ ਬਣਾਕੇ ਉਸ ਨੇ ਜਾਰਜ ਬੁਸ਼ ਦੀ ਖਿੱਲੀ ਉਡਾਈ ਸੀ। ਇਸ ਸਮੇਂ ਉਹ ਸਟਾਕਹੋਮ ਸਿੰਡਰਮ ਦੀ ਸ਼ਿਕਾਰ ਹੈ। ਅਤੇ ਇਕ ਦਾ ਕਹਿਣ ਦਾ ਅੰਦਾਜ਼ ਇਸ ਤਰ੍ਹਾਂ ਹੈ ਕਿ ਉਸ ਨੂੰ ਮਿਲਕੇ ਚੱਲਣ ਵਾਲੀ ਪੱਤਰਕਾਰ (embedded journalist) ਕਿਹਾ ਜਾਵੇਗਾ”। ਇਸ ਆਲੋਚਨਾ ਬਾਰੇ ਤੁਹਾਡਾ ਪ੍ਰਤੀਕਰਮ ਕੀ ਹੈ?ਅਰੁੰਧਤੀ ਰਾਏ: ਮੈਂ ਸਮਝਦੀ ਹਾਂ ਕਿ ਜੁੜੀ ਹੋਈ ਪੱਤਰਕਾਰੀ ਬੁਰੀ ਚੀਜ਼ ਨਹੀਂ ਹੈ। ਕੀ ਤੁਸੀਂ ਮੀਡੀਆ ਜਾਂ ਕਾਰਪੋਰੇਟਾਂ ਨਾਲ ਜੁੜੇ ਹੋ? ਜਾਂ ਤੁਸੀਂ ਇਸ ਦਾ ਵਿਰੋਧ ਕਰਨ ਵਾਲਿਆਂ ਨਾਲ ਜੁੜੇ ਹੋ? ਇੱਥੇ ਮੈਂ ਮਾਓਵਾਦੀਆਂ ਦੀ ਗੱਲ ਨਹੀਂ ਕਰ ਰਹੀ। ਮਾਓਵਾਦੀ ਕੌਣ ਹਨ? ਬਿਨਾਸ਼ੱਕ ਮਾਓਵਾਦੀ ਸਿਧਾਂਤਕਾਰ ਇਹ ਕਹਿੰਦੇ ਹਨ ਕਿ ਉਨ੍ਹਾਂ ਦਾ ਨਿਸ਼ਾਨਾ ਭਾਰਤੀ ਰਾਜ ਨੂੰ ਉਲਟਾਉਣਾ ਹੈ ਜਦਕਿ ਉਨ੍ਹਾਂ ਦੀਆਂ ਲੜਾਕੂ ਤਾਕਤਾਂ ‘ਚ ਸ਼ਾਮਲ ਲੋਕ ਨਹੀਂ ਜਾਣਦੇ ਕਿ ਭਾਰਤੀ ਰਾਜ ਕੀ ਬਲਾ ਹੈ? ਪਰ ਉੱਥੇ ਨਿਸ਼ਾਨਿਆਂ ਦਾ ਸੰਜੋਗ ਜ਼ਰੂਰ ਹੈ ਅਤੇ ਇਸ ਸਮੇਂ ਦੋਵੇਂ ਇਕ ਦੂਜੇ ਦਾ ਲਾਹਾ ਲੈ ਰਹੇ ਹਨ। ਮੈਂ ਕਹਿਣਾ ਚਾਹੁੰਦੀ ਹਾਂ ਕਿ ਇਕੱਲੇ ਮਾਓਵਾਦੀ ਹੀ ਭਾਰਤੀ ਰਾਜ ਨੂੰ ਉਲਟਾਉਣ ਵਾਲੀ ਤਾਕਤ ਨਹੀਂ ਹਨ; ਭਾਰਤੀ ਰਾਜ ਤਾਂ ਪਹਿਲਾਂ ਹੀ ‘ਹਿੰਦੂਤਵ ਪ੍ਰਾਜੈਕਟ’ ਅਤੇ ਕਾਰਪੋਰੇਟ ਪ੍ਰਾਜੈਕਟ ਵੱਲੋਂ ਉਲਟਾਇਆ ਜਾ ਚੁੱਕਾ ਹੈ।ਸਾਗਰਿਕਾ ਘੋਸ਼: ਸੋ ਤੁਹਾਡਾ ਵਿਸ਼ਵਾਸ ਹੈ ਕਿ ਸੰਵਿਧਾਨ ਖ਼ਤਮ ਹੋ ਚੁੱਕਾ ਹੈ?ਅਰੁੰਧਤੀ ਰਾਏ: ਮੇਰਾ ਵਿਸ਼ਵਾਸ ਹੈ ਕਿ ਇਹ ਬਹੁਤ ਜ਼ਿਆਦਾ ਨਿਤਾਣਾ ਹੋ ਗਿਆ ਹੈ।ਸਾਗਰਿਕਾ ਘੋਸ਼: ਕੀ ਤੁਸੀਂ ਭਾਰਤ ਛੱਡਕੇ ਕਿਤੇ ਹੋਰ ਜਾ ਕੇ ਰਹਿਣ ਦੀ ਸੋਚ ਰਹੇ ਹੋ?ਅਰੁੰਧਤੀ ਰਾਏ: ਬਿਲਕੁਲ ਨਹੀਂ। ਮੇਰੇ ਲਈ ਇਹ ਚੁਣੌਤੀ ਹੈ, ਇਹ ਖ਼ੂਬਸੂਰਤ ਚੀਜ਼ ਹੈ, ਅਚੰਭਾ ਹੈ ਕਿਉਂਕਿ ਇਸ ਦੇਸ਼ ਦੇ ਲੋਕ ਭਾਰਤ ‘ਚ ਦੁਨੀਆਂ ਦੀ ਸਭ ਤੋਂ ਮੁਸ਼ਕਲ ਜੱਦੋਜਹਿਦ ਲੜਨ ਜਾ ਰਹੇ ਹਨ। ਮੈਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੀ ਹਾਂ। ਇੱਥੇ ਜੋ ਹੋ ਰਿਹਾ ਮੈਂ ਉਸ ਨੂੰ ਸਲਾਮ ਕਰਦੀ ਹਾਂ। ਕਿਉਂਕਿ ਮੈਂ ਇੱਥੋਂ ਦੀ ਵਸਨੀਕ ਹਾਂ ਭਾਵੇਂ ਸੀ ਐੱਸ ਪੀ ਏ (ਛੱਤੀਸਗੜ੍ਹ ਵਿਸ਼ੇਸ਼ ਅਧਿਕਾਰ ਕਾਨੂੰਨ) ਮੈਨੂੰ ਜੇਲ੍ਹ ‘ਚ ਸੁੱਟਣਾ ਚਾਹੇ ਮੈਂ ਛੱਡਕੇ ਸਵਿਟਰਜ਼ਰਲੈਂਡ ਨਹੀਂ ਜਾਣ ਲੱਗੀ।ਸਾਗਰਿਕਾ ਘੋਸ਼: ਸ਼ੁਕਰੀਆ ਅਰੁੰਧਤੀ ਰਾਏ।ਅਰੁੰਧਤੀ ਰਾਏ: ਸ਼ੁਕਰੀਆ।    

Advertisements
 
Leave a comment

Posted by on May 29, 2013 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

 
%d bloggers like this: