RSS

ਅਫ਼ਜ਼ਲ ਗੁਰੂ ਜਿਸਨੂੰ ਹਿੰਦੋਸਤਾਨ ਦੀ ਹਕੂਮਤ ਨੇ ਸ਼ਹੀਦ ਦੇ ਰੁਤਬੇ ਉੱਤੇ ਪਹੁੰਚਾ ਦਿੱਤਾ

28 Feb

ਸਤਨਾਮ

ਸ੍ਰੀਨਗਰ ਵਿੱਚ ਇੱਕ ਕਬਰ ਅਫ਼ਜ਼ਲ ਗੁਰੂ ਦੇ ਮੁਰਦਾ ਸਰੀਰ ਦੀ ਉਡੀਕ ਵਿੱਚ ਹੈ। ਕੋਈ ਨਹੀਂ  ਜਾਣਦਾ ਇਸ ਨੂੰ ਕਦ ਅਫ਼ਜ਼ਲ ਦੀ ਮਹਿਮਾਨ ਨਵਾਜ਼ੀ ਦਾ ਮੌਕਾ ਮਿਲੇਗਾ ਜਦੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਦਫ਼ਨ ਉਸਦੇ ਸਰੀਰ ਨੂੰ ਵਾਪਸ ਉਸਦੇ ਵਤਨ ਲਿਆਂਦਾ ਜਾਵੇਗਾ। ਸ਼ਾਇਦ ਦਹਾਕੇ ਲੱਗ ਜਾਣ, ਜਾਂ ਇਹ ਕਦੇ ਵੀ ਨਾ ਹੋਵੇ। ਅਫ਼ਜ਼ਲ ਦੀ ਕਬਰ ਦੇ ਨਾਲ ਹੀ ਇਕ ਹੋਰ ਕਬਰ ਵੀ ਹੈ ਜਿਹੜੀ 29 ਸਾਲ ਤੋਂ ਆਪਣੇ ਮਾਲਕ ਦੀ ਉਡੀਕ ਕਰ ਰਹੀ ਹੈ। ਮਕਬੂਲ਼ ਅਹਿਮਦ ਬੱਟ ਵੀ 1984 ਤੋਂ ਤਿਹਾੜ ਜੇਲ੍ਹ ਵਿਚ ਦਫ਼ਨ ਹੈ। ਸ੍ਰੀਨਗਰ ਦਾ ਮਜ਼ਾਰ-ਏ-ਸ਼ੁਹਦਾ ਵੀ ਅਜੀਬ ਕਬਰਿਸਤਾਨ ਹੈ। ਮਕਬੂਲ਼ ਪਹਿਲਾ ਇਨਸਾਨ ਸੀ ਜਿਸ ਨੇ ਸ਼ਹੀਦਾਂ ਲਈ ਰਾਖਵੇਂ ਰੱਖੇ ਗਏ ਇਸ ਕਬਰਿਸਤਾਨ ਵਿਚ ਆਪਣਾ ਘਰ ਵਸਾਉਣਾ ਸੀ, ਪਰ ਉਹ ਅਜੇ ਤਕ ਨਹੀਂ ਆਇਆ। ਆਖ਼ਰੀ ਕਬਰ ਅਫ਼ਜ਼ਲ ਵਾਸਤੇ  ਤਿਆਰ ਕੀਤੀ ਗਈ ਹੈ। ਦੋਵੇਂ ਖਾਲੀ ਪਈਆਂ ਇੰਤਜ਼ਾਰ ਕਰ ਰਹੀਆਂ ਹਨ, ਕਰਾਹ ਰਹੀਆਂ ਹਨ, ਅਜੇ ਖ਼ਾਮੋਸ਼ ਨਹੀਂ ਹੋਈਆਂ। ਵੈਸੇ, ਇਹ ਖਾਲੀ  ਪਈਆਂ ਬੇ-ਸਬਰ ਕਬਰਾਂ ਦਾ ਕਬਰਿਸਤਾਨ ਨਹੀਂ ਹੈ। ਮਕਬੂਲ਼ ਤੋਂ ਅਫ਼ਜ਼ਲ ਦੇ ਦਿਨ ਤਕ ਇਸ ਵਿਚ ਇਕ ਹਜ਼ਾਰ ਤੋਂ ਵੱਧ ਲੋਕਾਂ ਨੇ ਮੁਕਾਮ ਕੀਤਾ ਹੈ। ਕਈ ਕਬਰਾਂ ਵਿਚ ਦੋ ਤੋਂ ਵੱਧ ਸਰੀਰ ਦਫ਼ਨ ਹਨ। ਬਾਪ ਬੇਟਾ, ਭਰਾ ਭਰਾ, ਜਾਂ ਭੈਣ ਭਰਾ। ਇਹ ਸੱਭੇ ਉਹ ਹਨ ਜਿਹੜੇ ਵਕਤ-ਬ-ਵਕਤ ਹਿੰਦੋਸਤਾਨੀ ਹਥਿਆਰਬੰਦ ਫ਼ੌਜਾਂ ਦੇ ਜਬਰੋ ਤਸ਼ੱਦਦ ਜਾਂ ਗੋਲੀਆਂ ਦਾ ਸ਼ਿਕਾਰ ਹੋਏ ਹਨ। ਅਜਿਹੇ ਕਬਰਿਸਤਾਨ ਕਸ਼ਮੀਰ ਵਾਦੀ ਦੇ ਅਨੇਕਾਂ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਮੌਜੂਦ ਹਨ, ਕੋਈ 500 ਦੇ ਕਰੀਬ। ਇਕ ਅੰਦਾਜ਼ੇ ਮੁਤਾਬਕ ਕਸ਼ਮੀਰ ਦੀ ਅਜ਼ਾਦੀ ਦੀ ਲੜਾਈ ਵਿਚ ਕੋਈ 90,000 ਕਸ਼ਮੀਰੀਆਂ ਦੀ ਜਾਨ ਗਈ ਹੈ। ਹਜ਼ਾਰਾਂ ਲਾ-ਪਤਾ ਹਨ ਜਿਹਨਾਂ ਨੂੰ ਕਬਰ ਵੀ ਨਸੀਬ ਨਹੀਂ ਹੋ ਸਕੀ। ਨਾ ਕਦੇ ਉਹਨਾਂ ਦੀ ਆਖ਼ਰੀ ਰਸਮ ਅਦਾ ਹੋਈ, ਨਾ ਕਦੇ ਫ਼ਾਤਿਹਾ ਪੜ੍ਹੀ ਗਈ। ਹਜ਼ਾਰਾਂ ਔਰਤਾਂ ਬੇਵਾ ਹੋ ਚੁੱਕੀਆਂ ਹਨ, ਹਜ਼ਾਰਾਂ ਬੱਚੇ ਅਨਾਥ ਫਿਰਦੇ ਹਨ।
ਅਫ਼ਜ਼ਲ ਗੁਰੁ ਦੀ ਕਬਰ ਉੱਤੇ ਗੱਡੇ ਗਏ ਕਾਲੇ ਰੰਗ ਦੇ ਸੰਗੇ ਤੁਰਬਤ ਉੱਤੇ ਕਸ਼ਮੀਰੀਆਂ ਨੇ ਇਹ ਇਬਾਰਤ ਉੱਕਰੀ : ਕੌਮ ਦਾ ਸ਼ਹੀਦ-ਮੁਹੰਮਦ ਅਫ਼ਜ਼ਲ ਗੁਰੂ-ਸ਼ਹੀਦੀ ਦਿਨ 9 ਫਰਵਰੀ 2013-ਦਿਨ ਸ਼ਨੀਵਾਰ-ਜਿਸ ਦੀ ਮਿੱਟੀ ਹਕੂਮਤੇ ਹਿੰਦ ਕੋਲ ਅਮਾਨਤ ਹੈ-ਕੌਮ ਨੂੰ ਇਸਦੀ ਵਾਪਸੀ ਦਾ ਇੰਤਜ਼ਾਰ ਹੈ। ਦੋ ਦਿਨ ਬਾਦ ਕਬਰ ਦੇ ਇਸ ਯਾਦਗਾਰੀ ਪੱਥਰ ਨੂੰ ਪੁਲੀਸ ਉਖਾੜ ਕੇ ਲੈ ਗਈ ਤੇ ਇਕ ਵੱਖਰੀ ਇਬਾਰਤ ਲਿਖ ਕੇ ਓਥੇ ਗੱਡ ਗਈ।
ਕਈ ਵਾਰ ਕਬਰਾਂ ‘ਤੇ ਉੱਕਰੇ ਸ਼ਬਦਾਂ ਤੋਂ ਵੀ ਹਕੂਮਤਾਂ ਖ਼ੋਫ਼ਜ਼ਦਾ ਹੋ ਜਾਂਦੀਆਂ ਹਨ!
ਮਕਬੂਲ਼ ਬੱਟ ਦੀ ਕਬਰ ਉੱਤੇ ਵੀ ਅਜਿਹੇ ਹੀ ਲਫ਼ਜ਼ ਉੱਕਰੇ ਹੋਏ ਹਨ ਜੋ ਅਫ਼ਜ਼ਲ ਦੀ ਕਬਰ ਉੱਤੇ ਉੱਕਰੇ ਹੋਏ ਸਨ। ਹਕੂਮਤ ਨੇ ਮਕਬੂਲ਼ ਦੀ ਕਬਰ ਦੇ ਪੱਥਰ ਨੂੰ ਨਹੀਂ ਸੀ ਉਖਾੜਿਆ। ਓਦੋਂ ਜ਼ਮਾਨਾ ਹੋਰ ਸੀ। ਹਿੰਦੋਸਤਾਨ ਦੀ ਹਕੂਮਤ ਕਸ਼ਮੀਰੀ ਲੋਕਾਂ ਦੇ ਮਨਾਂ ਚੋਂ ਐਨੀ ਬੁਰੀ ਤਰ੍ਹਾਂ ਨਹੀਂ ਸੀ ਉੱਤਰੀ ਜਿੰਨੀ ਅੱਜ ਦੂਰ ਹੋ ਚੁੱਕੀ ਹੈ। ਬੇਗਾਨਗੀ ਐਨੀ ਨਹੀਂ ਸੀ ਜਿੰਨੀ ਸਾਡੀ ਹਕੂਮਤ ਦੇ ਭਿਆਨਕ ਜ਼ੁਲਮ ਤਸ਼ੱਦਦ ਕਾਰਨ ਅੱਜ ਹੈ। ਮਕਬੂਲ ਬੱਟ ਦੀ ਫ਼ਾਂਸੀ ਵੇਲੇ ਕੋਈ ਕਰਫ਼ਿਊ ਨਹੀਂ ਸੀ ਲੱਗਾ, ਕੋਈ ਵਿਰੋਧ-ਮੁਜ਼ਾਹਰਿਆਂ ਦਾ ਡਰ ਨਹੀਂ ਸੀ। ਪਰ ਹੁਣ ਅਫ਼ਜ਼ਲ ਦੀ ਫ਼ਾਂਸੀ ਵੇਲੇ ਸਮੁੱਚੀ ਵਾਦੀ ਵਿਚ ਪੂਰੇ ਨੌਂ ਦਿਨ-ਰਾਤ ਦਾ ਕਰਫ਼ਿਊ ਜਾਰੀ ਰਿਹਾ, ਪੁਲਿਸ ਦਾ ਭਾਰੀ ਬੰਦੋਬਸਤ ਹਰ ਪਿੰਡ, ਹਰ ਸ਼ਹਿਰ ਵਿਚ ਸੀ, ਅਤੇ ਫ਼ੌਜ ਨੂੰ ਤਿਆਰ-ਬਰ-ਤਿਆਰ ਰਹਿਣ ਦੇ ਹੁਕਮ ਸਨ। ਫ਼ਾਂਸੀ ਤੋਂ ਪਹਿਲਾਂ ਦੀ ਰਾਤ ਨੂੰ ਹੀ ਪੁਲਿਸ ਤੜਕੇ ਦੋ ਵਜੇ ਮੋਰਚੇ ਮੱਲੀ ਖੜ੍ਹੀ ਸੀ। ਅਖ਼ਬਾਰਾਂ, ਟੈਲੀਫੋਨ, ਇੰਟਰਨੈੱਟ, ਕੇਬਲ ਟੀ ਵੀ, ਸਭ ਬੰਦ। ਇਸ ਦੇ ਬਾਵਜੂਦ ਲੋਕ ਸੜਕਾਂ ਉੱਤੇ ਨਿਕਲਦੇ ਰਹੇ ਤੇ ਹਜੂਮਾਂ ਦੀ ਸ਼ਕਲ ਵਿਚ ਪੁਲਿਸ ਤੇ ਨੀਮ ਫ਼ੌਜੀ ਦਸਤਿਆਂ ਨਾਲ ਟੱਕਰਾਂ ਲੈਂਦੇ ਰਹੇ। ਕਰਫ਼ਿਊ ਦੌਰਾਨ, ਵੱਖ ਵੱਖ ਥਾਵਾਂ ਉੱਤੇ ਪੁਲਿਸ ਗੋਲੀ ਨਾਲ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਅਤੇ ਅਨੇਕਾਂ ਦੇ ਜ਼ਖ਼ਮੀ ਹੋਣ ਦੀ ਸਰਕਾਰੀ ਖ਼ਬਰ ਹੈ।
ਅਫ਼ਜ਼ਲ ਦੀ ਫ਼ਾਂਸੀ ਦੀ ਉਸਦੇ ਪਰਿਵਾਰ ਤਕ ਨੂੰ ਖ਼ਬਰ ਨਹੀਂ ਕੀਤੀ ਗਈ। ਹਕੂਮਤ ਪਰਿਵਾਰ ਨੂੰ ਇਹ ਕਾਨੂੰਨੀ ਹੱਕ ਦੇਣ ਤੋਂ ਵੀ ਤ੍ਰਹੀ ਹੋਈ ਸੀ। ਐਨੀ ਵਿਸ਼ਾਲ ਫ਼ੌਜ ਦੀ ਮਾਲਕ ਤੇ ਮਹਾਂਸ਼ਕਤੀ ਬਨਣ ਦੇ ਸੁਪਨੇ ਪਾਲਦੀ ਹਕੂਮਤ ਦਾ ਗ੍ਰਹਿ ਮੰਤਰੀ ਇਸ ਨੁਕਤਾਚੀਨੀ ਦੇ ਜਵਾਬ ਵਿਚ ਬੋਲਿਆ, “ਜੇ ਇੰਜ ਖ਼ਬਰਾਂ ਦੇ ਕੇ ਫ਼ਾਂਸੀਆਂ ਦੇਣ ਲੱਗੇ ਤਾਂ ਚੱਲ ਗਿਆ ਰਾਜ”। ਜ਼ਾਹਰ ਸੀ ਕਿ ਘਰ ਵਾਲਿਆਂ ਨੂੰ ਸਪੀਡ ਪੋਸਟ ਰਾਹੀਂ 8 ਤਾਰੀਖ਼ ਨੂੰ ਚਿੱਠੀ ਪਾਉਣਾ ਤੇ ਫਿਰ 9 ਨੂੰ ਸਵੇਰੇ ਫ਼ਾਂਸੀ ਦੇ ਦੇਣਾ ਤੇ ਫਿਰ ਕਹਿਣਾ ਕਿ ਅਸੀਂ ਤਾਂ ਹੁਣ ਮੁਰਦੇ ਨੂੰ ਦਫ਼ਨ ਕਰ ਚੁੱਕੇ ਹਾਂ ਕਿਉਂਕਿ ਕੋਈ ਮੁਰਦਾ ਸਰੀਰ ਨੂੰ ਲੈਣ ਲਈ ਪਹੁੰਚਿਆ ਹੀ ਨਹੀਂ, ਹਕੂਮਤ ਦੇ ਧੋਖੇ ਅਤੇ ਖ਼ੌਫ਼ਜ਼ਦਾ ਹੋਏ ਹੋਣ ਨੂੰ ਹੀ ਉਜਾਗਰ ਕਰਦਾ ਹੈ। ਜਮਹੂਰੀਅਤ ਅਤੇ ਸੰਵਿਧਾਨਕ ਹੱਕਾਂ ਦਾ ਹਕੂਮਤੀ ਰੌਲਾ-ਰੱਪਾ ਮਹਿਜ਼ ਦਿਖਾਵਾ ਹੀ ਹੈ। ਹਕੀਕਤ ਇਹ ਹੈ ਕਿ ਜਿਸ ਕਸ਼ਮੀਰ ਨੂੰ ਹਕੂਮਤ ਦੇਸ਼ ਦਾ ਅਨਿੱਖੜਵਾਂ ਅੰਗ ਕਹਿੰਦੀ ਹੈ ਉਸੇ ਦੇ ਵਸਨੀਕਾਂ ਤੋਂ ਖੌਫ਼ਜ਼ਦਾ ਹੈ, ਉਹਨਾਂ ਦਾ ਵਿਸ਼ਵਾਸ਼ ਗੁਆ ਚੁੱਕੀ ਹੈ, ਉਹਨਾਂ ਦੇ ਹੱਕ ਮਾਰੀ ਬੈਠੀ ਹੈ। ਇਸ ਤਰ੍ਹਾਂ ਯਕੀਨ ਗੁਆ ਕੇ ਵਾਕਈ ਰਾਜ ਨਹੀਂ ਚੱਲਿਆ ਕਰਦੇ, ਹਕੂਮਤ ਇਹ ਜਾਣਦੀ ਹੈ। ਇਸੇ ਲਈ ਇਸਦੀ ਹਰ ਵੇਲੇ ਤੇ ਹਰ ਥਾਂ, ਜਬਰ ਤਸ਼ੱਦਦ ਉੱਤੇ ਟੇਕ ਹੈ; ਕਸ਼ਮੀਰ ਹੋਵੇ, ਉੱਤਰ-ਪੂਰਬ ਹੋਵੇ, ਜਾਂ ਬਾਕੀ ਦਾ ਹਿੰਦੋਸਤਾਨ। ਇਸੇ ਲਈ ਫ਼ਾਂਸੀ ਲੁਕ ਛਿਪ ਕੇ ਤੇ ਸਾਜ਼ਸ਼ੀ ਤਰੀਕੇ ਨਾਲ ਦਿੱਤੀ ਗਈ। ਬਲਵੰਤ ਸਿੰਘ ਰਾਜੋਆਣਾ ਦੀ ਫ਼ਾਂਸੀ ਪੰਜਾਬ ‘ਚ ਉੱਠੇ ਵਿਆਪਕ ਰੋਸ ਤੇ ਰੋਹ ਕਾਰਨ ਹੀ ਰੁਕੀ ਸੀ। ਇਹੀ ਡਰ ਹਕੂਮਤ ਨੂੰ ਕਸ਼ਮੀਰ ਦੇ ਲੋਕਾਂ ਤੋਂ ਸੀ। ਮੌਤ ਨਾਲ ਅਫ਼ਜ਼ਲ ਕਸ਼ਮੀਰੀ ਲੋਕਾਂ ਦਾ ਨਾਇਕ ਬਣ ਉੱਭਰਿਆ ਹੈ ਹਾਲਾਂਕਿ ਉਹ ਖਾੜਕੂਵਾਦ ਨੂੰ ਚਿਰੋਕਣਾ ਛੱਡ ਗਿਆ ਹੋਇਆ ਸੀ ਤੇ ਜ਼ਿੰਦਗੀ ਨੂੰ ਨਵੇਂ ਸਿਰਿਓਂ ਉਸਾਰਨ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੋਇਆ ਸੀ ਜਦੋਂ ਉਸ ਨੂੰ ਪਾਰਲੀਮੈਂਟ ਕਾਂਡ ਵਿਚ ਵਲ੍ਹੇਟ ਲਿਆ ਗਿਆ।
ਫ਼ਾਂਸੀ ਲੱਗਣ ਵੇਲੇ ਉਹ ਸ਼ਾਂਤ-ਚਿੱਤ ਸੀ। ਨਕਾਬ ਪਾਏ ਜਾਣ ਤਕ ਉਹ ਜਲਾਦ ਦੀਆਂ ਅੱਖਾਂ ਵਿਚ ਵੇਖਦਾ ਰਿਹਾ।ਫਿਰ ਉਸਨੇ ਜਲਾਦ ਨੂੰ ਅਲਵਿਦਾ ਕਹੀ ਤੇ ਨਾਲ ਕਿਹਾ, “ਦੇਖੀਂ ਮੈਨੂੰ ਦਰਦ ਨਾ ਹੋਣ ਦੇਵੀਂ।” ਜਲਾਦ ਨੇ ਵੀ ਆਖ਼ਰੀ ਘੜੀ ਉਸਨੂੰ ਅਲਵਿਦਾ ਕਹੀ  ਤੇ ਇਹ ਵੀ ਕਿਹਾ, “ਨਹੀਂ ਹੋਵੇਗਾ ਦਰਦ।” ਪਰ ਉਹ ਜਲਾਦੀ ਦਾ ਕੰਮ ਕਰਨ ਦੇ ਬਾਵਜੂਦ ਜਜ਼ਬਾਤੀ ਹੋ ਗਿਆ ਸੀ ੩ ਅਤੇ ਉਦਾਸ ਸੀ।
ਪੈਰਾਂ ਹੇਠੋਂ ਤਖ਼ਤਾ ਖਿੱਚਿਆ ਗਿਆ ਤੇ ਇਕ ਮਿੰਟ ਦੇ ਅੰਦਰ ਅੰਦਰ ਅਫ਼ਜ਼ਲ ਮੌਤ ਦੀ ਗੋਦ ਵਿਚ ਜਾ ਸਮਾਇਆ। ਬੇਸ਼ੱਕ ਉਹਨਾਂ ਨੇ ਉਸਨੂੰ ਅੱਧਾ ਘੰਟਾ ਫ਼ਾਂਸੀ ਉੱਤੇ ਲਟਕਾਈ ਰੱਖਿਆ ਜਿਵੇਂ ਕਿ ਉਹ ਹਮੇਸ਼ਾਂ ਕਰਦੇ ਹਨ, ਤਾਂ ਕਿ ਕੋਈ ਮੌਤ ਨੂੰ ਝਕਾਨੀ ਦੇ ਕੇ ਵਾਪਸ ਨਾ ਪਰਤ ਆਵੇ।
ਇਹ ਸੀ 9 ਫਰਵਰੀ 2013 ਦੀ ਠੰਡੀ ਸਵੇਰ, ਵਕਤ ਸੁਬਹ 8 ਵਜੇ। ਹਵਾ ਹੌਲੀ ਹੌਲੀ ਰੁਮਕ ਰਹੀ ਸੀ, ਤੇ ਸੂਰਜ ਨੇ ਆਪਣਾ ਮੂੰਹ ਅਜੇ ਚਾਦਰ ਵਿਚ ਹੀ ਲਪੇਟਿਆ ਹੋਇਆ ਸੀ।
ਮਕਬੂਲ਼ ਅਹਿਮਦ ਬੱਟ ਨੂੰ ਇਹ ਸਵੇਰ 11 ਫਰਵਰੀ 1984 ਨੂੰ ਨਸੀਬ ਹੋਈ ਸੀ।
ਨੌਂ ਫਰਵਰੀ ਨੂੰ ਦਿਨ ਤਿਹਾੜ ਜੇਲ੍ਹ ਦੇ ਉੱਪਰਲੇ ਤੇ ਹੇਠਲੇ ਅਹਿਲਕਾਰ ਖ਼ੁਸ਼ ਨਹੀਂ, ਉਦਾਸ ਸਨ। ਸ਼ਾਇਦ ਕੁਝ ਗ਼ਲਤ ਹੋ ਗਿਆ ਸੀ। ਅਫ਼ਜ਼ਲ ਸ਼ਾਇਰੀ ਦਾ ਸ਼ੈਦਾਈ ਸ਼ੀ। ਹਰ ਵੇਲੇ ਕੁਝ ਨਾ ਕੁਝ ਪੜ੍ਹਦਾ ਰਹਿੰਦਾ ਸੀ। ਮੌਲਾਨਾ ਅਬੁਲ ਕਲਾਮ ਆਜ਼ਾਦ, ਗਾਂਧੀ, ਅਡਵਾਨੀ, ਅਤੇ ਹੋਰਨਾਂ ਨੂੰ। ਫ਼ਲਸਫ਼ਾ, ਧਰਮ, ਕਾਨੂੰਨ ਅਤੇ ਸਿਆਸਤ ਬਾਰੇ। ਜਾਂ ਕੁਝ ਨਾ ਕੁਝ ਲਿਖਦਾ ਰਹਿੰਦਾ ਸੀ।
ਇਕਨਾਂ ਲਈ ਸ਼ਹੀਦ, ਇਕਨਾਂ ਲਈ ਦੇਸ਼-ਧ੍ਰੋਹੀ
ਇਹ ਹਮੇਸ਼ਾਂ ਤੋਂ ਹੀ ਸੱਚ ਰਿਹਾ ਹੈ। ਜਦ ਤੋਂ ਹਕੂਮਤਾਂ ਪੈਦਾ ਹੋਈਆਂ ਹਨ, ਬਾਗ਼ੀ ਵੀ ਪੈਦਾ ਹੋਏ ਨੇ। ਇਹ ਵਿਰੋਧ ਕਿਸ ਦੇਸ਼, ਕਿਸ ਰਾਜ ਵਿਚ ਨਹੀਂ ਰਿਹਾ? ਸੱਭੇ ਥਾਂ ਹੀ ਰਿਹਾ ਹੈ। ਹਕੂਮਤਾਂ ਲਈ ਰਾਜ-ਧ੍ਰੋਹੀ – ਲੋਕਾਂ ਲਈ ਮਰਜੀਵੜੇ। ਸਾਡੇ ਦੇਸ਼ ਵਿਚ ਕੌਮੀ ਨਾਇਕ ਅੰਗਰੇਜ਼ ਹਕੂਮਤ ਲਈ ਬਾਗ਼ੀ ਤੇ ਦੇਸ਼-ਧ੍ਰੋਹੀ ਸਨ, ਮੋਹਨਦਾਸ ਗਾਂਧੀ ਵਰਗਿਆਂ ਲਈ ਸਿਰ ਫਿਰੇ ਨੌਜਵਾਨ, ਅਤੇ ਲੋਕਾਂ ਲਈ ਨਾਇਕ, ਅਜ਼ੀਮ ਸ਼ਹੀਦ।
ਨੁਕਤਾ ਇਹ ਹੈ ਕਿ ਕੌਣ ਕਿਸ ਜ਼ਮੀਨ ‘ਤੇ ਖੜ੍ਹੇ ਹੋ ਕੇ, ਕਿਸ ਨਜ਼ਰ੍ਹੀਏ ਤੋਂ ਦੇਖਦਾ ਤੇ ਪਰਖਦਾ ਹੈ।
ਜਦ 13 ਦਸੰਬਰ 2001 ਨੂੰ ਹਿੰਦੋਸਤਾਨ ਦੀ ਪਾਰਲੀਮੈਂਟ ਉੱਤੇ ਹਮਲਾ (ਜੇ ਇਸ ਨੂੰ ਹਮਲੇ ਦਾ ਨਾਂਅ ਦਿੱਤਾ ਜਾਵੇ ਤਾਂ) ਹੋਇਆ ਤਾਂ ਬਹੁਤ ਬਵੰਡਰ ਮੱਚਿਆ। ਕਿਸੇ ਨੇ ਕਿਹਾ ਇਹ ਦੇਸ਼ ਉੱਤੇ ਹਮਲਾ ਹੈ, ਕਿਸੇ ਲਈ ਇਹ ਜਮਹੂਰੀਅਤ ਦੇ ਪਵਿੱਤਰ ਮੰਦਰ ਉੱਤੇ ਹਮਲਾ ਸੀ ਅਤੇ ਕਿਸੇ ਲਈ ਦੇਸ਼ ਦੀ ਪ੍ਰਭੂਸੱਤਾ ਉੱਤੇ। ਬੜੀ ਹਲਚਲ ਸੀ ਉਹਨੀਂ ਦਿਨੀਂ ਦੁਨੀਆਂ ਵਿਚ। ਓਦੋਂ ਅਜੇ ਤਿੰਨ ਮਹੀਨੇ ਪਹਿਲਾਂ, ਗਿਆਰਾਂ ਸਤੰਬਰ ਨੂੰ ਅਮਰੀਕਾ ਦੇ ਸੰਸਾਰ ਵਪਾਰ ਕੇਂਦਰ ਦੇ ਜੌੜੇ ਟਾਵਰ ਅਤੇ ਅਮਰੀਕੀ ਫ਼ੌਜੀ ਕੇਂਦਰ ਪੈਂਟਾਗਨ ਦਹਿਸ਼ਤਗਰਦ ਹਮਲੇ ਦਾ ਨਿਸ਼ਾਨਾ ਬਣ ਚੁੱਕੇ ਸਨ ਤੇ ਅਮਰੀਕਾ ਦਹਿਸ਼ਤਗਰਦੀ ਨਾਲ ਨਜਿੱਠਣ ਦੇ ਨਾਂਅ ਹੇਠ ਅਫ਼ਗ਼ਾਨਿਸਤਾਨ ਉੱਤੇ ਹਮਲਾ ਕਰ ਚੁੱਕਾ ਸੀ ਜਿਸ ਨੂੰ ਦੁਨੀਆਂ ਭਰ ਦੇ ਲੋਕ ਅਮਰੀਕਾ ਦੀ ‘ਸੰਸਾਰ ਦੇ ਲੋਕਾਂ ਵਿਰੁੱਧ ਜੰਗ’ ਦਾ ਨਾਂਅ ਦੇ ਰਹੇ ਸਨ। ਉਸੇ ਤਰਜ਼ ‘ਤੇ, ਪਿਛਾਖੜੀ ਤਾਕਤਾਂ ਨੇ ਇੱਥੇ ਸ਼ੋਰ ਮਚਾਇਆ ਕਿ ਪਾਰਲੀਮੈਂਟ ਉੱਤੇ ਹਮਲੇ ਵਿਚ ਪਾਕਿਸਤਾਨ ਦਾ ਹੱਥ ਹੈ, ਇਸ ਲਈ ਹਿੰਦੋਸਤਾਨ ਵਿਚ ਦਹਿਸ਼ਤਗਰਦੀ ਨਾਲ ਨਜਿੱਠਣ ਲਈ ਪਕਿਸਤਾਨ ਉੱਤੇ ਹਮਲਾ ਕੀਤਾ ਜਾਵੇ। ਅਡਵਾਨੀ ਸਾਹਿਬ ਓਦੋਂ ਗ੍ਰਹਿ ਮੰਤਰੀ ਸਨ ਅਤੇ ਵਾਜਪਾਈ ਪ੍ਰਧਾਨ ਮੰਤਰੀ। ਹਕੂਮਤ ਨੇ ਲੱਖਾਂ ਫ਼ੌਜਾਂ ਸਰਹੱਦ ਉੱਤੇ ਤਾਇਨਾਤ ਕਰ ਦਿੱਤੀਆਂ। ਗਵਾਂਢੀ ਮੁਲਕ ਉੱਤੇ ਹਮਲੇ ਦੀ ਮੁਕੰਮਲ ਤਿਆਰੀ ਕਰ ਲਈ ਅਤੇ ਤਰਲੋਮੱਛੀ ਹੋਣ ਲੱਗੀ ਕਿ ਕਦ ਅਮਰੀਕਾ ਇਸ਼ਾਰਾ ਕਰੇ ਤੇ ਕਦ ਫ਼ੌਜਾਂ ਚਾੜ੍ਹੀਆਂ ਜਾਣ। ਪਰ ਅਮਰੀਕਾ ਦਾ ਇਸ਼ਾਰਾ ਨਹੀਂ ਆਇਆ ਕਿਉੇਂਕਿ ਪਾਕਿਸਤਾਨੀ ਪ੍ਰਧਾਨ ਮੁਸ਼ੱਰਫ਼ ਅਮਰੀਕਾ ਅੱਗੇ ਐਓਂ ਸਜਦੇ ਵਿਚ ਝੁਕ ਗਿਆ ਜਿਵੇਂ ਕਮਰ ਵਿਚ ਰੀੜ੍ਹ ਦੀ ਹੱਡੀ ਹੀ ਨਾ ਹੋਵੇ। ਬਾਦ ‘ਚ ਮੁਸ਼ੱਰਫ਼ ਨੇ ਦੱਸਿਆ ਕਿ ਉਹ ਕੀ ਕਰਦਾ,  ਅਮਰੀਕਾ ਨੇ ਉਸਦੀ ਪੁੜਪੜੀ ਉੱਤੇ ਪਸਤੌਲ ਤਾਣ ਰੱਖੀ ਸੀ ਤੇ ਉਹ ਲਾਚਾਰ ਸੀ, ਸੋ ਉਸਨੂੰ ਅਮਰੀਕਾ ਦਾ ਸਾਥ ਦੇਣਾ ਹੀ ਪੈਣਾ ਸੀ ਅਤੇ, ਉਸ ਮੁਤਾਬਕ, ਇਹੀ ਉਸ ਵੇਲੇ ਪਾਕਿਸਤਾਨ ਦੇ “ਕੌਮੀ” ਹਿਤ ਵਿਚ ਸੀ। ਬਹਰਹਾਲ, ਹਿੰਦੋਸਤਾਨੀ ਹਕੂਮਤ ਹੱਥ ਮਲਦੀ ਰਹਿ ਗਈ ਨਹੀਂ ਤਾਂ ਅਡਵਾਨੀ ਤਾਂ ਸਮੁੱਚੇ ਕਸ਼ਮੀਰ ਉੱਤੇ ਕਬਜ਼ਾ ਕਰ ਲੈਣ ਦੇ ਦਮਗਜ਼ੇ ਮਾਰ ਰਿਹਾ ਸੀ ਤੇ ਪਕਿਸਤਾਨ ਨੂੰ ਜਰਜਰੇ ਤੇ ਅਸਫ਼ਲ ਹੋ ਚੁੱਕੇ ਰਾਜ ਦਾ ਨਾਂਅ ਦੇ ਕੇ ਇਸਦੀ ਹਸਤੀ ਹੀ ਮਿਟਾ ਦੇਣ ਲਈ ਉਤਾਵਲਾ ਹੋਇਆ ਪਿਆ ਸੀ। ਦੋਵੇਂ ਹੀ ਕਹਿੰਦੇ ਕਹਾਉਂਦੇ “ਪ੍ਰਭੂਸਤਾਤਮਕ ਤੇ ਆਜ਼ਾਦ” ਗੁਆਂਢੀ ਦੇਸ਼ਾਂ ਨੇ ਕਿਵੇਂ ਅਮਰੀਕੀ ਇੱਛਾ ਅੱਗੇ ਅੱਡੀਆਂ ਵਜਾਈਆਂ ਤੇ ਪੂਛ ਲੱਤਾਂ ਵਿਚ ਲੈ ਲਈ, ਸਾਰੀ ਦੁਨੀਆਂ ਨੇ ਦੇਖਿਆ। ਉਸ ਸਾਰੇ ਘਟਨਾਕ੍ਰਮ ਵਿਚ ਇਹ ਦੋਵੇਂ ਦੇਸ਼ ਨਾ ਆਜ਼ਾਦ ਸਨ, ਨਾ ਖ਼ੁਦਮੁਖ਼ਤਿਆਰ। ਹਿੰਦੋਸਤਾਨ ਵਿਚ ਸਾਰਾ ਬਵਾਲ ਅੰਨ੍ਹੀ ਕੌਮਪ੍ਰਸਤੀ ਦੇ ਦੁਆਲੇ ਸੀ। ਸਵਾ ਅਰਬ ਦੀ ਆਬਾਦੀ ਵਿੱਚੋਂ ਮੁੱਠੀ ਭਰ ਨੂੰ ਛੱਡ ਕੇ ਕਿਸੇ ਨਹੀਂ ਸੋਚਿਆ ਕਿ ਕਸ਼ਮੀਰ ਦਾ ਕਜ਼ੀਆ ਕੀ ਹੈ, ਦੋਹਾਂ ਦੇਸ਼ਾਂ ਦਰਮਿਆਨ ਇਹ ਕੀ ਰੇੜਕਾ ਹੈ? ਕਿਓਂ ਕਸ਼ਮੀਰੀ ਹਿੰਦੋਸਤਾਨ ਤੋਂ ਓਪਰੇ ਹੋਏ ਹੋਏ ਹਨ ਤੇ ਆਜ਼ਾਦੀ ਚਾਹੁੰਦੇ ਹਨ? ਨਾ ਹੀ ਇਹ ਘੋਖਣ ਜਾਨਣ ਦੀ ਕੋਸ਼ਿਸ਼ ਕੀਤੀ ਕਿ ਇਹ ਜਮਹੂਰੀਅਤ ਕੀ ਬਲਾਅ ਹੈ ਜਿਸ ਉੱਤੇ ਹਮਲੇ ਦਾ ਐਨਾ ਰਾਮ ਰੌਲਾ ਮੀਡੀਏ ਅਤੇ ਹਾਕਮਾਂ ਨੇ ਚੁੱਕਿਆ ਹੋਇਆ ਹੈ। ਬਰਤਾਨਵੀ ਲੋਕ ਵੀ ਘੱਟ ਹੀ ਸੋਚਦੇ ਸਨ ਕਿ ਕਿਓਂ ਬਰਤਾਨੀਆਂ ਦਾ ਸੂਰਜ ਕਦੇ ਨਹੀਂ ਡੁੱਬਦਾ? ਜਿਹੜੇ ਦੇਸ਼ ਇਸਦੇ ਗ਼ੁਲਾਮ ਹਨ ਉਹਨਾਂ ਦਾ ਸੂਰਜ ਕਿਓਂ ਡੁੱਬਿਆ ਹੋਇਆ ਹੈ ਤੇ ਗ਼ੁਲਾਮ ਦੇਸ਼ਾਂ ਦੇ ਲੋਕ ਕਿਓਂ ‘ਆਜ਼ਾਦੀ ਆਜ਼ਾਦੀ’ ਕੂਕਦੇ ਹਨ? ਉਹਨਾਂ ਨੂੰ ਇਹੀ ਲੱਗਦਾ ਸੀ ਕਿ ਸਾਰੀ ਦੁਨੀਆਂ ਉਹਨਾਂ ਦੀ ਹੀ ਹੈ।ਦੂਸਰੇ ਮੁਲਕਾਂ ਦੇ ਲੋਕਾਂ ਦੀ ਕਿਸੇ ਆਜ਼ਾਦ ਹਸਤੀ ਤੇ ਹੋਣੀ ਦਾ ਕੀ ਮਤਲਬ? ਇਹੀ ਹਾਲ ਅੱਜ ਸਾਡਾ ਹੈ, ਤੇ ਅਸੀਂ ਵੀ ਅੰਨ੍ਹੀ ਦੇਸ਼ਪ੍ਰਸਤੀ ਕਾਰਨ ਕਸ਼ਮੀਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਆਹਰੀ ਹੋਏ ਪਏ ਹਾਂ। ਸਾਨੂੰ ਵੀ ਲਗਦਾ ਹੈ ਕਿ ਕਸ਼ਮੀਰ ਸਾਡਾ ਹੈ। ਪਾਕਿਸਤਾਨੀ ਹਾਕਮਾਂ ਤੇ ਲੋਕਾਂ ਨੂੰ ਲੱਗਦਾ ਹੈ ਕਿ ਕਸ਼ਮੀਰ ਉਹਨਾਂ ਦਾ ਹੈ। ਕਸ਼ਮੀਰੀ ਲੋਕ ਦੋਹਾਂ ਲਈ ਕੋਈ ਹੋਂਦ ਨਹੀਂ ਰਖਦੇ। ਉਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ ਕਿ ਉਹ ਵੀ ਕੋਈ ਲੋਕ ਹਨ ਤੇ ਉਹਨਾਂ ਦੀ ਵੀ ਕੋਈ ਧਰਤੀ ਹੈ, ਕਿ ਉਹਨਾਂ ਦੀ ਵੀ ਕੋਈ ਹਸਤੀ ਹੈ। ਇਸੇ ਲਈ ਅਫ਼ਜ਼ਲ ਦੀ ਫ਼ਾਂਸੀ ਨੂੰ ਹਿੰਦੋਸਤਾਨ ਵਿੱਚੋਂ ਹਕੂਮਤ ਨੂੰ ਐਨੀ ਵਿਆਪਕ ਹਮਾਇਤ ਮਿਲੀ ਹੈ। ਪਰ ਕਿਸੇ ਵੀ ਗ਼ੁਲਾਮ ਕੌਮ ਵਾਂਗ ਕਸ਼ਮੀਰੀ ਲੋਕ ਅਲੱਗ ਕੋਣ ਤੋਂ, ਅਲੱਗ ਜ਼ਮੀਨ ਉੱਤੇ ਖੜ੍ਹਾ ਹੋ ਕੇ ਸੋਚਦੇ ਹਨ। ਉਹਨਾਂ ਦਾ ਨਜ਼ਰ੍ਹੀਆ ਹੀ ਅਲੱਗ ਹੈ। ਤੇ ਉਹ ਸਹੀ ਹਨ। ਅਸੀਂ ਹੀ ਭੁੱਲ ਗਏ ਹਾਂ ਕਿ ਅਸੀਂ ਵੀ ਅੰਗਰੇਜ਼ਾਂ ਦੇ ਗ਼ੁਲਾਮ ਰਹੇ ਹਾਂ। ਬੜਾ ਮੁਸ਼ਕਲ ਹੈ “ਮੇਰਾ ਹੈ, ਮੇਰਾ ਹੈ” ਦੀ ਜ਼ਹਿਨੀਅਤ ਤੋਂ ਖਹਿੜਾ ਛੁਡਾਉਣਾ ਤੇ ਦੂਸਰੇ ਦਾ ਹੱਕ ਤਸਲੀਮ ਕਰਨਾ।
13 ਤਾਰੀਖ਼ ਨੂੰ ਪਾਰਲੀਮੈਂਟ ਕਾਂਡ ਹੋਇਆ ਤੇ ਕੁਝ ਘੰਟੇ ਦੇ ਅੰਦਰ ਅੰਦਰ, 14 ਤਾਰੀਖ਼ ਨੂੰ, ਸੁਰੱਖਿਆ ਦਸਤਿਆਂ ਨੇ ਅਫ਼ਜ਼ਲ ਗੁਰੂ ਨੂੰ ਸ੍ਰੀਨਗਰ ਵਿੱਚੋਂ ਹਿਰਾਸਤ ਵਿਚ ਲੈ ਲਿਆ ਜਿਵੇਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੋਵੇ ਕਿ ਅਫ਼ਜ਼ਲ ਪਾਰਲੀਮੈਂਟ ਕਾਂਡ ਵਿਚ ਸ਼ਾਮਲ ਹੈ। ਸ੍ਰੀਨਗਰ ਵਿਚ ਉਹ ਡਾਕਟਰੀ ਇਲਾਜ ਲਈ ਸਾਜੋ-ਸਮਾਨ ਦੀ ਛੋਟੀ ਜਿਹੀ ਦੁਕਾਨ ਕਰਦਾ ਸੀ। ਪੁਲਿਸ ਉਸਨੂੰ ਸਾਲਾਂ ਤੋਂ ਜਾਣਦੀ ਸੀ ਤੇ ਉਹ ਅਕਸਰ ਹੀ ਪੁਲਿਸ ਦੇ ਕੈਂਪ ਵਿਚ ਹਾਜ਼ਰੀ ਲੁਆਉਣ ਜਾਇਆ ਕਰਦਾ ਸੀ ਕਿਉਂਕਿ ਉਹ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦਾ ਇਕ ਪੁਰਾਣਾ ਕਾਰਕੁੰਨ ਰਿਹਾ ਸੀ ਜਿਸਨੇ ਆਪਣੀ ਮੈਡੀਕਲ ਕਾਲਜ ਦੀ ਪੜ੍ਹਾਈ ਛੱਡ ਕੇ ਪਾਕਿਸਤਾਨੀ ਕਬਜ਼ੇ ਹੇਠਲੇ ਪਾਰਲੇ ਕਸ਼ਮੀਰ ਵਿਚ ਟਰੇਨਿੰਗ ਲੈਂਦੇ ਹੋਏ ਇਹ ਅਹਿਸਾਸ ਕਰ ਲਿਆ ਸੀ ਕਿ ਇਹ ਸਭ ਕੁਝ ਉਸ ਦੀ ਜ਼ਹਿਨੀਅਤ ਦੇ ਵੱਸ ਦਾ ਨਹੀਂ ਸੀ। ਇਸ ਪਾਰ, ਹਿੰਦੋਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਵਿਚ ਆ ਕੇ, ਉਹ ਪੇਸ਼ ਹੋਇਆ, ਕਈ ਮਹੀਨੇ ਜੇਲ੍ਹ ਕੱਟੀ, ਮੈਡੀਕਲ ਕਾਲਜ ਵਿਚ ਫਿਰ ਦਾਖ਼ਲਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਿਹਾ। ਪੁਲਿਸ ਕਿੱਥੇ ਜੀਣ ਦੇਂਦੀ ਹੈ ਕਦੇ ਖਾੜਕੂਆਂ ਦੇ ਵਾਹ ‘ਚ ਰਹੇ ਕਿਸੇ ਵਿਅਕਤੀ ਨੂੰ? ਉਸ ਦੀ ਇਹੋ ਹੋਣੀ ਹੁੰਦੀ ਹੈ ਕਿ ਜਾਂ ਤਾਂ ਉਹ ਹਕੂਮਤ ਦਾ ਏਜੰਟ ਬਣੇ ਅਤੇ ਪੁਲਿਸ ਦੇ ਇਸ਼ਾਰਿਆਂ ਉੱਤੇ ਨੱਚੇ, ਜਾਂ ਫਿਰ ਉਸਦਾ ਜੀਣਾ ਹਰਾਮ ਕਰ ਦਿੱਤਾ ਜਾਂਦਾ ਹੈ । (ਜਾਂ ਉਹ ਫਿਰ ਤੋਂ ਲਹਿਰ ਵਿਚ ਵਾਪਸ ਪਰਤ ਜਾਂਦਾ ਹੈ)। ਇਹੀ ਅਫ਼ਜ਼ਲ ਗੁਰੂ ਨਾਲ ਹੋਇਆ, ਉਸਦਾ ਜੀਣਾ ਹਰਾਮ ਕਰ ਦਿੱਤਾ ਗਿਆ। ਇਸ ਤਰ੍ਹਾਂ ਲਿਆਉਂਦੀ ਹੈ ਹਕੂਮਤ ਬਾਗੀਆਂ ਨੂੰ ਮੁੱਖ ਧਾਰਾ ਵਿਚ! ਫ਼ੌਜ ਅਤੇ ਸਟੇਟ ਟਾਸਕ ਫੋਰਸ ਦੇ ਅਫ਼ਸਰ ਅਫ਼ਜ਼ਲ ਨਾਲ ਇਸੇ ਤਰ੍ਹਾਂ ਪੇਸ਼ ਆਏ। ਕਿਸੇ ਹੋਰ ਤਰ੍ਹਾਂ ਉਹ ਕਰ ਹੀ ਨਹੀਂ ਸਨ ਸਕਦੇ। ਉਹ ਉਸਨੂੰ ਬਾਰ ਬਾਰ ਸੱਦਦੇ, ਕਿਸੇ ਨਾ ਕਿਸੇ ਮਾਮਲੇ ਵਿਚ ਫਾਹੁਣ ਦੀ ਧਮਕੀ ਦੇਂਦੇ, ਜ਼ਲੀਲ ਕਰਦੇ ਤੇ ਫੇਰ ਪੈਸੇ ਝਾੜ ਕੇ ਛੱਡ ਦੇਂਦੇ। ਮੁਕੱਦਮੇ ਦੌਰਾਨ ਅਫ਼ਜ਼ਲ ਨੇ ਜੱਜਾਂ ਨੂੰ ਦੱਸਿਆ ਕਿ ਮੁਹੰਮਦ ਨਾਮ ਦਾ ਜਿਹੜਾ ਦਹਿਸ਼ਤਗਰਦ ਪਾਰਲੀਮੈਂਟ ਕਾਂਡ ਵਿਚ ਮਾਰਿਆ ਗਿਆ ਉਹ ਸਟੇਟ ਟਾਸਕ ਫੋਰਸ ਦੇ ਕੈਂਪ ਵਿਚ ਓਥੋਂ ਦੇ ਅਫ਼ਸਰਾਂ ਨੇ ਹੀ ਉਸਨੂੰ ਮਿਲਾਇਆ ਸੀ, ਅਤੇ ਨਾਲ ਹੀ ਇਹ ਕਿ ਇਕ ਤਾਰਕ ਨਾਂਅ ਦਾ ਵਿਅਕਤੀ ਨੂੰ ਵੀ ਮਿਲਾਇਆ ਸੀ। ਇਸੇ ਮੁਹੰਮਦ ਨਾਂ ਦੇ ਵਿਅਕਤੀ ਨੂੰ ਅਫ਼ਜ਼ਲ ਨੇ ਇਕ ਅਫ਼ਸਰ ਦਵਿੰਦਰਪਾਲ ਸਿੰਘ ਦੇ ਕਹਿਣ ‘ਤੇ ਦਿੱਲੀ ਪਹੁੰਚਾਇਆ ਸੀ। ਮੁਹੰਮਦ ਦੇ ਨਾਲ ਹੋਰ ਚਾਰ ਜਣੇ ਪਾਰਲੀਮੈਂਟ ਕਾਂਡ ਵਿਚ ਮਾਰੇ ਗਏ। ਤਾਰਕ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ, ਜਾਂ ਕਰ ਦਿੱਤਾ ਗਿਆ। ਅਫ਼ਜ਼ਲ ਬਾਕੀ ਦੇ ਚਾਰਾਂ ਨੂੰ ਨਹੀਂ ਸੀ ਜਾਣਦਾ। ਪਰ ਅਫ਼ਜ਼ਲ ਦੇ ਇਸ ਬਿਆਨ ਵੱਲ ਅਦਾਲਤ ਨੇ ਕੋਈ ਤਵੱਜੋ ਨਹੀਂ ਦਿੱਤੀ ਨਾ ਹੀ ਇਸ ਪਾਸੇ ਤੁਰਨ ਦੀ ਕੋਸ਼ਿਸ਼ ਕੀਤੀ ਕਿ ਇਸ ਸਟੇਟ ਟਾਸਕ ਫੋਰਸ ਦਾ ਪਾਰਲੀਮਾਨੀ ਕਾਂਡ ਨਾਲ ਕੀ ਰਿਸ਼ਤਾ ਹੈ? ਕਿ ਜਿਹਨਾਂ ਨੇ ਮੁਹੰਮਦ ਨੂੰ ਅਫ਼ਜ਼ਲ ਗੁਰੂ ਨਾਲ ਮਿਲਾਇਆ ਉਹ ਬਾਕੀ ਦੇ ਚਾਰਾਂ ਹਮਲਾਵਰਾਂ ਨੂੰ ਵੀ ਜਾਣਦੇ ਹੀ ਹੋਣਗੇ। ਸ਼ੌਕਤ ਅਤੇ ਅਫ਼ਸ਼ਾਂ ਗੁਰੂ (ਸ਼ਾਦੀ ਤੋਂ ਪਹਿਲਾਂ ਨਵਜੋਤ ਕੌਰ) ਦਾ ਮੁਕੱਦਮਾ ਲੜਣ ਵਾਲੀ ਸੀਨੀਅਰ ਵਕੀਲ ਨਿਤਿਆ ਰਾਮਾਕ੍ਰਿਸ਼ਨਨ ਇਹ ਕਹਿੰਦੀ ਹੈ : ਜੇ ਇਸ ਸੰਭਾਵਨਾ ਦੀ ਸੱਚਾਈ ਦਾ ਥੋੜ੍ਹਾ ਵੀ ਪਤਾ ਲੱਗ ਜਾਵੇ ਤਾਂ ਮੈਂ ਇਹ ਸਮਝਦੀ ਹਾਂ ਕਿ ਕੌਮੀ ਸੁਰੱਖਿਆ ਦੇ ਨੁਕਤਾ ਨਜ਼ਰ ਤੋਂ ਇਸ ਦੀ ਮਹੱਤਤਾ ਅਫ਼ਜ਼ਲ ਦੀ ਜੇਲ੍ਹ ਵਿਚ ਜ਼ਿੰਦਗੀ ਜਾਂ ਮੌਤ ਨਾਲੋਂ ਕਿਤੇ ਜ਼ਿਆਦਾ ਹੈ। ਉਸਦਾ ਇਸ਼ਾਰਾ ਇਹ ਕਹਿੰਦਾ ਹੈ ਕਿ ਪਾਰਲੀਮੈਂਟ ਕਾਂਡ ਵਿਚ ਸੁਰੱਖਿਆ ਫੋਰਸਾਂ ਦੇ ਅਫ਼ਸਰਾਂ ਦੀ ਸ਼ਮੂਲ਼ੀਅਤ ਦਾ ਪਹਿਲੂ ਨਸ਼ਰ ਕਰਨਾ ਵਧੇਰੇ ਮਹੱਤਵਪੂਰਨ ਹੈ। ਇਹ ਸਾਜ਼ਸ਼ ਕਿੰਨੀ ਕੁ ਵੱਡੀ ਹੈ ਤੇ ਇਸ ਦੀਆਂ ਜੜ੍ਹਾਂ ਹਕੂਮਤੀ ਮਸ਼ੀਨਰੀ ਤੇ ਸੱਤਾ ਦੇ ਗਲਿਆਰਿਆਂ ਵਿਚ ਕਿੱਥੋਂ ਕੁ ਤਕ ਪਹੁੰਚਦੀਆਂ ਹਨ, ਇਹ ਸ਼ਾਇਦ ਕਦੇ ਵੀ ਪਤਾ ਨਾ ਲੱਗੇ। ਜਾਂ, ਹੋ ਸਕਦਾ ਹੈ ਕਦੇ ਕੋਈ ਹਕੂਮਤ ਅੰਦਰਲਾ ਆਲ੍ਹਾ ਅਫ਼ਸਰ ਹੀ ਪੱਤੇ ਨੰਗੇ ਕਰ ਦੇਵੇ ਅਤੇ ਪਾਪ ਦਾ ਘੜਾ ਭੱਜ ਜਾਵੇ। ਪਹਿਲਾਂ ਹੀ ਚਰਚਾ ਹੈ ਕਿ ਪੂਨਾ ਅਤੇ ਹੋਰ ਕਈ ਜੇਲ੍ਹਾਂ ਅੰਦਰ ਅਫ਼ਗ਼ਾਨਿਸਤਾਨ ਤੋਂ ਹਿਰਾਸਤ ਵਿਚ ਲਏ ਗਏ ਬਹੁਤ ਸਾਰੇ ਕੈਦੀ ਅਮਰੀਕਾ ਨੇ ਹਿੰਦੋਸਤਾਨ ਦੀ ਸਰਕਾਰ ਨੂੰ ਸੌਂਪੇ ਹੋਏ ਹਨ ਜਿਹੜੇ ਵੱਡੀਆਂ ਕਾਰਵਾਈਆਂ ਲਈ ਇਸਤੇਮਾਲ ਕੀਤੇ ਜਾਂਦੇ ਹਨ (ਜਿਵੇਂ ਕਿ ਅਕਸ਼ਰਧਾਮ ਮੰਦਰ ਉੱਤੇ ਹੋਏ ਹਮਲੇ ਵੇਲੇ ਚਰਚਾ ਸੀ, ਜਦੋਂ ਆਖ਼ਰੀ ਦਹਿਸ਼ਤਗਰਦਾਂ ਨੂੰ ਜ਼ਿੰਦਾ ਫੜ੍ਹਣ ਦੀ ਬਜਾਏ ਸੁਰੱਖਿਆ ਦਸਤਿਆਂ ਨੇ ਉਹਨਾਂ ਨੂੰ ਮਾਰ ਦੇਣ ਨੂੰ ਤਰਜੀਹ ਦਿੱਤੀ ਸੀ ਜਦ ਕਿ ਉਹਨਾਂ $ਦਹਿਸ਼ਤਗਰਦਾਂ& ਕੋਲ ਗੋਲੀ ਸਿੱਕਾ ਖ਼ਤਮ ਹੋ ਚੁੱਕਾ ਸੀ) ਤੇ ਫਿਰ ਇਹਨਾਂ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਦਾ ਹਊਆ ਖੜ੍ਹਾ ਕਰਕੇ ਪਾਕਿਸਤਾਨ ਨੂੰ ਧਮਕਾਉਣ ਲਈ, ਹਿੰਦੋਸਤਾਨ ਵਿਚ ਮੁਸਲਮਾਨਾਂ ਨੂੰ ਦੇਸ਼-ਧ੍ਰੋਹੀ ਸਾਬਤ ਕਰਨ ਲਈ, ਅਤੇ ਕਸ਼ਮੀਰ ਦੀ ਆਜ਼ਾਦੀ ਦੀ ਲਹਿਰ ਨੂੰ ਬਦਨਾਮ ਕਰਨ ਅਤੇ ਉਸ ਉੱਤੇ ਜਬਰ ਢਾਹੁਣ ਲਈ ਵਰਤਿਆ ਜਾਂਦਾ ਹੈ। ਧੋਖੇ, ਧੱਕੇ ਅਤੇ ਜਬਰ ਉੱਤੇ ਉੱਤਰੇ ਹਾਕਮਾਂ ਲਈ ਕੁਝ ਵੀ ਸੰਭਵ ਹੈ। ਹਿਟਲਰ ਸਭ ਤੋਂ ਵੱਡੀ ਮਿਸਾਲ ਹੈ ਇਸ ਦਾਅਪੇਚ ਨੂੰ ਸਭ ਤੋਂ ਵੱਧ ਕਾਰਗਰ ਢੰਗ ਨਾਲ ਵਰਤਣ ਦੀ, ਜਿਸ ਨੇ ਆਪਣੇ ਦੇਸ਼ ਦੀ ਪਾਰਲੀਮੈਂਟ ਨੂੰ ਅੱਗ ਲਗਵਾ ਕੇ ਇਲਜ਼ਾਮ ਖੱਬੇ ਪੱਖੀ ਆਗੂਆਂ ਉੱਤੇ ਲਾ ਦਿੱਤਾ ਸੀ ਤੇ ਫੇਰ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੰਜਾਬ ਵਿਚ ਖ਼ਾਲਿਸਤਾਨੀ ਲਹਿਰ ਵੇਲੇ ਬਲੈਕ ਕੈਟ ਨਕਾਬਪੋਸ਼ਾਂ ਨੇ ਕੀ ਕੀ ਨਹੀਂ ਕੀਤਾ? ਇਹਨਾਂ ਮਾਮਲਿਆਂ ਦੇ ਦਸਤਾਵੇਜ਼ੀ ਸਬੂਤ ਅਜੇ ਬੰਦ ਪਏ ਇਤਹਾਸ ਦਾ ਹਿੱਸਾ ਹਨ ਜਿਸ ਨੇ ਕਦੇ ਨਾ ਕਦੇ ਚਾਨਣ ਵਿਚ ਆਉਣਾ ਹੀ ਹੈ। ਗੋਧਰਾ ਕਾਂਡ ‘ਚ ਕਦੇ ਵੀ ਸਾਬਤ ਨਹੀਂ ਹੋਇਆ ਕਿ ਗੱਡੀ ਨੂੰ ਅੱਗ ਕਿਸ ਨੇ ਲਾਈ ਸੀ, ਜਾਂ ਕਿਵੇਂ ਲੱਗੀ ਸੀ, ਪਰ ਫਿਰ ਵੀ 2002 ਵਿਚ ਗੁਜਰਾਤ ਵਿਚ ਤਿੰਨ ਹਜ਼ਾਰ ਮੁਸਲਮਾਨ ਆਦਮੀਆਂ, ਔਰਤਾਂ ਤੇ ਜੰਮੇ-ਅਣਜੰਮੇ ਬੱਚਿਆਂ ਦਾ ਕਤਲੇਆਮ ਕਰ ਦਿੱਤਾ ਗਿਆ।ਅਤੇ ਇਹ ਸਾਰਾ ਕੁਝ ਨਰੇਂਦਰ ਮੋਦੀ ਦੀ ਅਗਵਾਈ ਵਿਚ ਹੋਇਆ ਜਿਹੜਾ ਹਿੰਦੋਸਤਾਨ ਦਾ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਲੈ ਰਿਹਾ ਹੈ । ਇਰਾਕ ਵਿਚ ਸ਼ੀਆ ਸੁੰਨੀ ਫ਼ਸਾਦਾਂ ਨੂੰ ਭੜਕਉਣ ਵਿਚ ਅਮਰੀਕਾ ਤੇ ਉਸਦੇ ਤਲਵੇ ਚੱਟਣ ਵਾਲੀ ਹਕੂਮਤ ਨੇ ਕੀ ਕੀ ਕੀਤਾ ਹੈ, ਭਵਿੱਖ ਵਿਚ ਕਿਸੇ ਸਮੇਂ ਇਹ ਵੀ ਸਾਹਮਣੇ ਆਉਣਾ ਹੈ। ਬਹਰਹਾਲ, ਅਫ਼ਜ਼ਲ ਨੇ ਸੱਚ ਸੱਚ ਬੋਲਿਆ ਜੋ ਉਸ ਨੂੰ ਪਤਾ ਸੀ ਤੇ ਜੋ ਉਸ ਨਾਲ ਵਾਪਰਦਾ ਰਿਹਾ ਸੀ। ਨਤੀਜਾ ਨਿਕਲਿਆ : ਮੌਤ ਦੀ ਸਜ਼ਾ। ਕਿਉਂਕਿ ਅਦਾਲਤ ਇਸ ਕਾਂਡ ਦੇ ਸਾਰੇ  ਪਹਿਲੂਆਂ ਵਿਚ ਜਾਣ ਤੋਂ ਇਨਕਾਰੀ ਸੀ ਤੇ ਹਰ ਹੀਲੇ ਕਿਸੇ ਨਾ ਕਿਸੇ ਨੂੰ ਬਲੀ ਦਾ ਬੱਕਰਾ ਬਣਾਉਣਾ ਹੀ ਚਾਹੁੰਦੀ ਸੀ। ਇਹ ਅਦਾਲਤੀ ਇਨਸਾਫ਼ ਨਹੀਂ, ਸਿਆਸੀ ਫ਼ੈਸਲਾ ਸੀ। ਅਫ਼ਜ਼ਲ ਤੋਂ ਬਿਨਾਂ ਕੋਈ ਉਸ ਕੋਲ ਬਚਿਆ ਹੀ ਨਹੀਂ ਸੀ ਜ਼ਿਬਾਹ ਕਰਨ ਲਈ। ਕੋਈ ਚਸ਼ਮਦੀਦ ਗਵਾਾਹ ਨਹੀਂ ਸੀ। ਘਟਨਾ ‘ਚ ਸ਼ਾਮਲ ਵਿਅਕਤੀ ਤਾਂ ਸਾਰੇ ਮਾਰ ਦਿੱਤੇ ਗਏ ਸਨ। ਐਨੀ ਤਾਕਤਵਰ ਹਿੰਦੋਸਤਾਨੀ ਹਕੂਮਤ ਇਹ ਪਤਾ ਨਹੀਂ ਲਗਾ ਸਕੀ ਕਿ ਮੁਹੰਮਦ ਨਾਂਅ ਦੇ ਉਸ ਬਹਾਵਲਪੁਰੀ ਪਾਕਿਸਤਾਨੀ ਨਾਲ ਹੋਰ ਕੌਣ ਕੌਣ ਸ਼ਾਮਲ ਸੀ ਇਸ ਮਾਮਲੇ ਵਿਚ!? ਅਸੀਂ ਇਹੀ ਸਮਝਾਂਗੇ ਉਸਨੂੰ ਪਤਾ ਸੀ ਬਾਕੀ ਚਾਰਾਂ ਬਾਰੇ ਵੀ। ਅਫ਼ਜ਼ਲ ਨੇ ਸਹੀ ਕਿਹਾ ਕਿ ਉਸ ਨੂੰ ਸਾਰੇ ਮਾਮਲੇ ਵਿਚ ਨਾਜਾਇਜ਼ ਵਲ੍ਹੇਟਿਆ ਗਿਆ ਹੈ।
ਹਕੂਮਤ, ਜੋ ਕਿ ‘ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਣ’ ਦਾ ਬਹਾਨਾ ਬਣਾ ਕੇ ਫਾਂਸੀਆਂ ਦੇਣ ਦਾ ਰੁਖ਼ ਅਖ਼ਤਿਆਰ ਕਰੀ ਬੈਠੀ ਹੈ ਉਹ ਅੰਨ੍ਹੀ ਕੌਮਪ੍ਰਸਤੀ ਅਤੇ ਵੋਟ ਸਿਆਸਤ ਨਾਲ ਲਬਰੇਜ਼ ਹੈ।ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣ ਦੇ ਨਾਂ ਉੱਤੇ ਅਦਾਲਤਾਂ ਫ਼ੈਸਲੇ ਨਹੀਂ ਲਿਆ ਕਰਦੀਆਂ। ਜੇ ਸੁਪਰੀਮ ਕੋਰਟ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਏਨਾ ਹੀ ਫ਼ਿਕਰ ਹੈ ਤਾਂ ਉਸ ਨੂੰ ‘ਹਿੰਦੋਸਤਾਨ ਦੇ ਹਿੱਸੇ’-(ਕਸ਼ਮੀਰ ਦੇ ਲੋਕਾਂ)-ਦੀਆਂ ਭਾਵਨਾਵਾਂ ਦਾ ਫ਼ਿਕਰ ਕਿਓਂ ਨਹੀਂ ??? ਮੁਸਲਮਾਨਾਂ, ਸਿੱਖਾਂ, ਇਸਾਈਆਂ ਦਾ ਕਿਓਂ ਨਹੀਂ? ਦਲਿਤਾਂ ਦਾ ਕਿਓਂ ਨਹੀਂ? ਨਾਗਿਆਂ, ਮਨੀਪੁਰੀਆਂ, ਆਸਾਮੀਆਂ, ਤੇ ਉੱਤਰ-ਪੂਰਬ ਵਿਚ ਵਸਦੇ ਹੋਰ ਲੋਕਾਂ ਦਾ ਕਿਓਂ ਨਹੀਂ? ਦਰਅਸਲ, ਇੱਥੇ ਹਾਕਮਾਂ ਦਾ ਜਮਹੂਰੀਅਤ ਨਾਂ ਦੀ ਕਿਸੇ ਚੀਜ਼ ਨਾਲ ਕੋਈ ਵਾਸਤਾ ਨਹੀਂ। ਇਸੇ ਅਖਾਉਤੀ  ‘ਪਵਿੱਤਰ ਮੰਦਰ’ ਦੇ ਪੁਜਾਰੀਆਂ ਨੇ 1984 ਦਾ ਸਿੱਖ ਵਿਰੋਧੀ ਕਤਲੇਆਮ ਰਚਿਆ, 1992 ਵਿਚ ਬਾਬਰੀ ਮਸਜਿਦ ਤਬਾਹ ਕੀਤੀ ਤੇ ਸੈਂਕੜੇ ਮੁਸਲਮਾਨਾਂ ਦਾ ਕਤਲ਼ ਕੀਤਾ, 2002 ਵਿਚ ਗੁਜਰਾਤ ਦਾ ਤਾਂਡਵ ਨੱਚਿਆ।ਜਮਹੂਰੀਅਤ ਸਿਰਫ਼ ਵੋਟ ਨਹੀਂ ਹੁੰਦੀ। ਲੋਕਾਂ ਦੇ, ਕੌਮਾਂ ਦੇ, ਕੌਮੀ ਤੇ ਧਾਰਮਕ ਘੱਟ ਗਿਣਤੀਆਂ ਦੇ, ਦਲਿਤਾਂ ਤੇ ਪੱਛੜੀਆਂ ਜਾਤਾਂ ਦੇ, ਕਬਾਇਲ਼ੀਆਂ ਦੇ, ਔਰਤਾਂ ਦੇ, ਬੱਚਿਆਂ ਦੇ, ਜਮਹੂਰੀ ਤੇ ਇਨਸਾਨੀ ਹੱਕਾਂ ਦੀ ਗਰੰਟੀ ਵੀ ਹੁੰਦੀ ਹੈ, ਜਿਹੜੀ ਸਾਡੇ ਦੇਸ਼ ਵਿਚ ਮੋਜੂਦ ਨਹੀਂ। ਦੁਨੀਆਂ ਭਰ ਵਿਚ, ਜਦੋਂ ਦੇਸ਼ ਅੰਦਰਲੇ ਹਾਲਾਤ ਕਾਰਨ ਇਸ ਦੇਸ਼ ਦੀ ਥੂਹ ਥੂਹ ਹੁੰਦੀ ਹੈ ਓਦੋਂ, ਕਿੱਥੇ ਸੌਂ ਜਾਂਦੇ ਹਨ ਇਹ ਸਾਰੇ ‘ਕੌਮਪ੍ਰਸਤ’ ਖਲਨਾਇਕ ਜਿਹੜੇ ਅੱਜ ਅਫ਼ਜ਼ਲ ਦੀ ਮੌਤ ਉੱਤੇ ਕੱਛਾਂ ਵਜਾ ਰਹੇ ਹਨ?
ਖ਼ੁਦਾ ਰਹਿਮ ਕਰੇ ਇਹਨਾਂ ਉੱਤੇ, ਤੇ ਸੁਮੱਤ ਬਖ਼ਸ਼ੇ! ਇਹ ਕਸ਼ਮੀਰ ਨੂੰ ਜ਼ਬਰਦਸਤੀ ਆਪਣਾ ਹਿੱਸਾ ਨਹੀਂ ਬਣਾਈ ਰੱਖ ਸਕਦੇ।
ਜ਼ਬਰਦਸਤੀ ਨਾਲ ਬੇਗਾਨਗੀ ਹੋਰ ਵਧੇਗੀ ਹੀ। ਕਸ਼ਮੀਰ ਕੰਨਿਆ ਕੁਮਾਰੀ ਨਾਲ ਵਿਆਹਿਆ ਹੋਇਆ ਨਹੀਂ ਹੈ। ਇਹ ਸਿਰ-ਨਰੜ ਜ਼ਬਰਦਸਤੀ ਨਹੀਂ ਕੀਤਾ ਜਾ ਸਕਦਾ।
ਪਾਕਿਸਤਾਨੀ ਹਾਕਮ, ਲਸ਼ਕਰੇ ਤੋਇਬਾ, ਅਤੇ ਜੈਸ਼-ਏ-ਮੁਹੰਮਦ ਕੀ ਚਾਹੁੰਦੇ ਹਨ ਤੇ ਕੀ ਨਹੀਂ, ਇਹ ਜੁਦਾ ਮਾਮਲਾ ਹੈ। ਸਾਡੇ ਲਈ ਅਸਲ ਮੁੱਦਾ ਇਹ ਹੈ ਕਿ ਸਾਡੇ ਆਪਣੇ ਹਾਕਮ ਸਾਡੇ ਨਾਲ ਕਿਹੜੀ ਧੋਖੇ ਦੀ ਖੇਡ੍ਹ, ਖੇਡ੍ਹ ਰਹੇ ਹਨ, ਉਸ ਨੂੰ ਜਾਣੀਏਂ।
ਅਫ਼ਜ਼ਲ ਚਾਹੇ ਕਸ਼ਮੀਰ ਦੀ ਮੁਕਤੀ ਦੀ ਲਹਿਰ ਦਾ ਹਿੱਸਾ ਨਹੀਂ ਸੀ ਰਿਹਾ ਪਰ ਜਿਸ ਤਰ੍ਹਾਂ ਭਾਰਤੀ ਹਕੂਮਤ, ਇਨਸਾਫ਼ ਪ੍ਰਬੰਧ, ਅਤੇ ਖੁਫ਼ੀਆ ਤੇ ਸੁਰੱਖਿਆ ਏਜੰਸੀਆਂ ਉਸ ਨਾਲ ਪੇਸ਼ ਆਈਆਂ ਹਨ, ਉਹ ਨਿਹਾਇਤ ਨਿੰਦਣਯੋਗ, ਸ਼ਰਮਨਾਕ, ਅਤੇ ਮੁਜਰਮਾਨਾ ਹੈ।
ਕੀ ਇਸ ਨਾਲ ਸਾਡੀ ਰੂਹ ਨਹੀਂ ਕਚੋਟੀ ਗਈ? ਕੀ ਇਸ ਨਾਲ ਅਸੀਂ ਜ਼ਖ਼ਮੀ ਹੋਏ ਤੇ ਵਲੂੰਧਰੇ ਮਹਿਸੂਸ ਨਹੀਂ ਕਰਦੇ?
ਜੇ ਨਹੀਂ, ਤਾਂ,–ਇਹ ਸਮਾਂ ਸਾਡੇ ਸੋਚਣ ਤੇ ਜਾਗਣ ਦਾ ਹੈ।
ਅਫ਼ਜ਼ਲ ਨੂੰ ਅਸੀਂ ਸਿਰਫ਼ ਸਲਾਮ ਹੀ ਕਰ ਸਕਦੇ ਹਾਂ!

20.02.2013.

 
Leave a comment

Posted by on February 28, 2013 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

 
%d bloggers like this: