RSS

ਭਾਰਤੀ ਰਾਜ ਬਾਰੇ ਸਿਰਜੀਆਂ ਮਿੱਥਾਂ ਤੋੜਦੀ ਕਿਤਾਬ: ‘ਭਾਰਤੀ ਵਿਚਾਰਧਾਰਾ’

26 Jan

indian_ideology”ਪੈਰੀ ਐਂਡਰਸਨ ਦੀਆਂ ਦਲੀਲਾਂ ਉਨ੍ਹਾਂ ਵਿਦਵਾਨਾਂ ਤੇ ਵਿਚਾਰਕਾਂ ਨੂੰ ਪ੍ਰੇਸ਼ਾਨ ਕਰਨ ਵਾਲੀਆਂ ਹਨ, ਜਿਨ੍ਹਾਂ ਨੇ ਭਾਰਤੀ ਗਣਰਾਜ ਬਾਰੇ ਸ਼ਰਧਾਮਈ, ਕੱਟੜ ਆਮ ਸਹਿਮਤੀ ਸਿਰਜ ਰੱਖੀ ਹੈ। ਸਾਡੇ ਸਮਾਜ ਦੀ ਅਕਹਿ ਹਿੰਸਾ ਅਤੇ ਘੋਰ ਅਨਿਆਂ ਨੂੰ ਬਿਆਨ ਕਰਨ ਦੀ ਥਾਂ, ਐਂਡਰਸਨ ਆਜ਼ਾਦੀ ਦੇ ਸਮੇਂ ਤੋਂ ਭਾਰਤੀ ਰਾਜ ਦੇ ਕਰਤਾ-ਧਰਤਾ ਲੋਕਾਂ ਦੇ ਗੰਭੀਰ ਢਾਂਚਾਗਤ ਵਿਗਾੜਾਂ ਅਤੇ ਡੂੰਘੇ ਸਮਾਜੀ ਤੁਅੱਸਬਾਂ ਵੱਲ ਇਸ਼ਾਰਾ ਕਰਦਾ ਹੈ। ਇਸ ਕਿਤਾਬ ਤੋਂ ਕੰਨੀ ਕਤਰਾਉਣ ਦੀ ਬਜਾਏ ਇਸ ਨੂੰ ਗੰਭੀਰਤਾ ਨਾਲ, ਸ਼ਾਂਤ ਚਿੱਤ ਹੋਕੇ ਅਤੇ ਖੁੱਲ੍ਹੇ ਮਨ ਨਾਲ ਪੜ੍ਹਨਾ ਜ਼ਰੂਰੀ ਹੈ।”

-ਅਰੁੰਧਤੀ ਰਾਏ

ਕੈਲੀਫੋਰਨੀਆ ਯੂਨੀਵਰਸਿਟੀ ਦੇ ਸਿੱਖਿਆ ਵਿਗਿਆਨੀ, ਪੈਰੀ ਐਂਡਰਸਨ, ਦੀ ਪਿੱਛੇ ਜਹੇ ਛਪੀ ਕਿਤਾਬ ‘ਦੀ ਇੰਡੀਅਨ ਆਡੀਓਲੋਜੀ’ (ਪ੍ਰਕਾਸ਼ਕ: ਥ੍ਰੀ ਐਸੇਜ਼ ਕੁਲੈਕਟਿਵ, 2012) 1947 ਦੀ ਰਸਮੀ ਆਜ਼ਾਦੀ ਨਾਲ ਹੋਂਦ ‘ਚ ਆਏ ਭਾਰਤੀ ਰਾਜ ਦੀ ਬੁਨਿਆਦੀ ਵਿਚਾਰਧਾਰਾ, ਜਿਸ ਨੂੰ ‘ਭਾਰਤ ਦਾ ਵਿਚਾਰ’ ਕਿਹਾ ਜਾਂਦਾ ਹੈ, ਦਾ ਇਕ ਅਲੱਗ ਤਰ੍ਹਾਂ ਦਾ ਪੜਚੋਲੀਆ ਮੁਲੰਕਣ ਕਰਦੀ ਹੈ ਅਤੇ ਇਸ ਦੀਆਂ ਜੜ੍ਹਾਂ ਕਾਂਗਰਸ ਦੀ ਪ੍ਰਮੁੱਖ ਲੀਡਰਸ਼ਿਪ ਦੇ ਖ਼ਾਸ ਕੌਮਵਾਦੀ ਅਤੇ ਹਿੰਦੂਵਾਦੀ ਨਜ਼ਰੀਏ ‘ਚ ਤਲਾਸ਼ਦੀ ਹੈ। ਇਸ ਲਿਖਤ ਦੀ ਖ਼ੂਬੀ ਇਹ ਹੈ ਕਿ ਇਸ ਵਿਚ ਭਾਰਤੀ ਰਾਜ ਦੇ ਦਾਅਵਿਆਂ ਅਤੇ ਵਾਸਤਵਿਕ ਹਕੀਕਤ ਦਰਮਿਆਨ ਡੂੰਘੇ ਪਾੜੇ ਨਾਲ ਸਬੰਧਤ ਕੁਝ ਮੁੱਖ ਸਵਾਲਾਂ ਨੂੰ ਮੁਖ਼ਾਤਿਬ ਹੁੰਦਿਆਂ ਚਰਚਾ ਕੀਤੀ ਗਈ ਹੈ ਜਿਨ੍ਹਾਂ ਬਾਰੇ ਰਾਜਨੀਤਕ ਚਿੰਤਕ ਸ਼ਾਇਦ ਹੀ ਕਦੇ ਚਰਚਾ ਕਰਦੇ ਹਨ। ਭਾਰਤ ਨੂੰ ਇਕਹਿਰੀ ਦ੍ਰਿਸ਼ਟੀ ਨਾਲ ਹਿੰਦੂ ਰਾਸ਼ਟਰ ਬਣਾਉਣ ਲਈ ਯਤਨਸ਼ੀਲ ਤਾਕਤਾਂ ਬਾਰੇ ਡੂੰਘੀ ਚਿੰਤਾ ਅਤੇ ਆਲੋਚਨਾ ਤਾਂ ਅਕਸਰ ਦੇਖਣ ਨੂੰ ਮਿਲਦੀ ਹੈ ਪਰ ਧਰਮ-ਨਿਰਪੇਖਤਾ, ਜਮਹੂਰੀਅਤ ਅਤੇ ਸੱਭਿਆਚਾਰਕ ਵੰਨ-ਸੁਵੰਨਤਾ ‘ਚ ਵਿਲੱਖਣ ਏਕਤਾ ਦੇ ਦਾਅਵਿਆਂ ਅਤੇ ਖ਼ਾਸ ਕਰਕੇ ਇਨ੍ਹਾਂ ਪੱਖਾਂ ਤੋਂ ਭਾਰਤੀ ਰਾਜ ਦੀ ਅਮਲਦਾਰੀ ਦੀ ਬੇਬਾਕ ਆਲੋਚਨਾ ਕਿਤੇ ਵਿਰਲੀ ਹੀ ਨਜ਼ਰ ਆਉਂਦੀ ਹੈ। ਹੱਥਲੀ ਕਿਤਾਬ ਦਾ ਖ਼ਾਸ ਹਾਸਲ ਇਹ ਹੈ ਕਿ ਲੇਖਕ ਬਸਤੀਵਾਦੀ ਦੌਰ ਦੇ ਰਾਜਨੀਤਕ ਸੰਘਰਸ਼ ਦੇ ਇਤਿਹਾਸਕ ਪਿਛੋਕੜ ‘ਚ ਇਨ੍ਹਾਂ ਸਵਾਲਾਂ ਨੂੰ ਉਠਾਉਂਦਾ ਹੋਇਆ ਰਾਜ ਦੇ ਮੌਜੂਦਾ ਸਰੂਪ ਨਾਲ ਇਨ੍ਹਾਂ ਦੀਆਂ ਕੜੀਆਂ ਜੋੜਦਾ ਹੈ। ਉਹ ਭਾਰਤੀ ਰਾਜ ਦੀ ਜ਼ਾਹਰਾ ਹਕੀਕਤ ਨੂੰ ਨਸ਼ਤਰੀ ਨਜ਼ਰ ਨਾਲ ਘੋਖਣ ਤੱਕ ਮਹਿਦੂਦ ਨਹੀਂ ਰਹਿੰਦਾ ਸਗੋਂ ਇਸ ਬਾਰੇ ਸਥਾਪਤ ‘ਸਚਾਈਆਂ’ ਉੱਪਰ ਸਵਾਲੀਆ ਚਿੰਨ੍ਹ ਲਾਉਂਦਾ ਹੋਇਆ ਇਨ੍ਹਾਂ ਨੂੰ ਰਾਜ ਵਲੋਂ ਆਪੇ ਦੀ ਤਾਰੀਫ਼ ਲਈ ਘੜੀਆਂ ਮਿੱਥਾਂ ਕਰਾਰ ਦਿੰਦਾ ਹੈ।
ਲੇਖਕ ਅਨੁਸਾਰ ਕਿਤਾਬ ਦਾ ਨਾਂ ‘ਭਾਰਤੀ ਵਿਚਾਰਧਾਰਾ’ ਰੱਖੇ ਜਾਣ ਪਿੱਛੇ ਉਸਦਾ ਮਕਸਦ ਉਸ ਪ੍ਰਚਲਤ ਆਮ ਧਾਰਨਾ ਨੂੰ ਚਰਚਾ ਦਾ ਕੇਂਦਰ ਬਣਾਉਣਾ ਹੈ ਜੋ ਭਾਰਤੀ ਰਾਜ ਦੀ ਜਮਹੂਰੀਅਤ ਦੀ ਸਥਿਰਤਾ, ਬਹੁ-ਸੱਭਿਆਚਾਰਾਂ ਦੀ ਏਕਤਾ ਅਤੇ ਪੱਖਪਾਤ ਰਹਿਤ ਧਰਮ-ਨਿਰਪੇਖਤਾ ਨੂੰ ਬਹੁਤ ਵਡਿਆਉਂਦੀ ਤੇ ਉਚਿਆਉਂਦੀ ਹੈ। ਜੋ ਭਾਰਤੀ ਰਾਜ, ਮੀਡੀਆ ਅਤੇ ਬੁੱਧੀਮਾਨ ਤਬਕੇ ਦਾ ਮੁੱਖਧਾਰਾਈ ਪ੍ਰਵਚਨ ਹੈ। ਲੇਖਕ ਦਾ ਮੰਨਣਾ ਹੈ ਕਿ ”ਇਸ ਵਿਚਾਰਧਾਰਾ ਦੀ ਪ੍ਰਮੁੱਖ ਵਾਹਕ ਭਾਰਤੀ ਬੌਧਿਕ ਜੀਵਨ ਦੀ ਉਦਾਰਵਾਦੀ ਮੁੱਖਧਾਰਾ ਹੈ”। (ਸਫ਼ਾ 3)
ਕਿਤਾਬ ਦੇ ਪਹਿਲੇ ਹਿੱਸੇ ‘ਆਜ਼ਾਦੀ’ ਦਾ ਆਗਾਜ਼ ਜਵਾਹਰ ਲਾਲ ਨਹਿਰੂ ਦੀ ਮਸ਼ਹੂਰ ਕਿਤਾਬ ‘ਭਾਰਤ ਦੀ ਖੋਜ’ ਦੇ ਹਵਾਲੇ ਨਾਲ ਹੁੰਦਾ ਹੈ। ਜੋ ਇਸ ਉੱਪ-ਮਹਾਂਦੀਪ ਦੀ ਨਿਆਰੀ ਪ੍ਰਾਚੀਨਤਾ ਦਾ ਗੁਣਗਾਣ ਕਰਦੀ ਹੋਈ ‘ਸੱਭਿਅਤਾ ਦੇ ਪਹੁਫੁਟਾਲੇ ਦੇ ਸਮਿਆਂ ਤੋਂ ਹੀ ਭਾਰਤ ਦੇ ਮਨ-ਮਸਤਕ ਉੱਪਰ ਏਕਤਾ ਦਾ ਖ਼ਵਾਬ ਉੱਕਰਿਆ ਹੋਣ’ ਨੂੰ ਇਤਿਹਾਸਕ ਹਕੀਕਤ ਬਣਾਕੇ ਪੇਸ਼ ਕਰਦੀ ਹੈ। ਨਹਿਰੂ ਦੇ ਮੌਜੂਦਾ ਵਾਰਿਸ ਡਾ. ਮਨਮੋਹਣ ਸਿੰਘ ਦਾ ਵੀ ਇਹੀ ਦਾਅਵਾ ਹੈ ਕਿ ਭਾਰਤ ਦੇ ਆਜ਼ਾਦੀ ਦੇ ਸੰਗਰਾਮ ਦਾ ‘ਲਾਸਾਨੀ ਇਤਿਹਾਸ’ ਰਿਹਾ ਹੈ ਜਿਸ ਵਿਚੋਂ ਭਾਰਤ ਦਾ ਸੰਵਿਧਾਨ ਬਣਿਆ ਜੋ ‘ਸਮਾਜੀ ਜਮਹੂਰੀਅਤ ਦਾ ਸਭ ਤੋਂ ਦਲੇਰ ਬਿਆਨ’ ਹੈ। ਇਹ ਕਿਤਾਬ ਰਾਜ ਕਰਦਾ ਜਮਾਤ ਦੇ ਨਾਲ-ਨਾਲ ਭਾਰਤੀ ਵਿਦਵਾਨਾਂ ਦੀ ਵੀ ਤਿੱਖੀ ਆਲੋਚਨਾ ਕਰਦੀ ਹੈ। ਲੇਖਕ ਦਾ ਮੰਨਣਾ ਹੈ ਕਿ ਪ੍ਰਤਾਪ ਭਾਨੂ ਮਹਿਤਾ, ਅੰਮ੍ਰਿਤਯ ਸੇਨ, ਮੇਘਨਾਦ ਦੇਸਾਈ, ਸੁਨੀਲ ਲਿਖਨਾਨੀ, ਰਾਮ ਚੰਦਰ ਗੁਹਾ ਵਰਗੇ ਚੋਟੀ ਦੇ ਭਾਰਤੀ ਵਿਦਵਾਨਾਂ ਦੇ ਅਧਿਐਨ ਇਤਿਹਾਸ ਨੂੰ ਸਮਝਣ ਲਈ ਜ਼ਰੂਰੀ ਗੰਭੀਰ ਰਚਨਾਵਾਂ ਹੁੰਦੇ ਹੋਏ ਵੀ ਨਹਿਰੂ ਤੋਂ ਲੈ ਕੇ ਮਨਮੋਹਣ ਸਿੰਘ ਦੇ ਭਾਰਤੀ ਰਾਜ ਬਾਰੇ ਸ਼ਬਦ-ਆਡੰਬਰ ਦੀ ਸੁਰ ‘ਚ ਸੁਰ ਮਿਲਾਉਂਦੇ ਹਨ।
ਉਨ੍ਹਾਂ ਤੋਂ ਉਲਟ, ਐਂਡਰਸਨ ਜ਼ੋਰ ਦਿੰਦਾ ਹੈ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਸ ਖਿੱਤੇ ਦੇ ਇਤਿਹਾਸ ਵਿਚ ਜੋ ਤਿੰਨ ਵੱਡੀਆਂ ਸਲਤਨਤਾਂ – ਮੌਰੀਆ, ਗੁਪਤ ਅਤੇ ਮੁਗਲ – ਉੱਭਰੀਆਂ ਇਨ੍ਹਾਂ ਵਿਚੋਂ ਕੋਈ ਵੀ ਉਸ ਸਮੁੱਚੇ ਭੂਗੋਲਿਕ-ਰਾਜਸੀ ਖਿੱਤੇ ਨੂੰ ਆਪਣੇ ਕਲਾਵੇ ਵਿਚ ਨਹੀਂ ਸੀ ਲੈਂਦੀ ਜਿਸ ਨੂੰ ਅੰਗਰੇਜ਼ਾਂ ਨੇ ‘ਤਲਵਾਰ ਦੇ ਜ਼ੋਰ’ ਆਪਣੀ ਬਸਤੀ – ਇਕ ਸੰਯੁਕਤ ਰਾਜਨੀਤਕ – ਇਕਾਈ ਬਣਾਇਆ। ਜਿਸ ‘ਭਾਰਤ ਦੇ ਵਿਚਾਰ’ ਦੇ ਦਾਅਵੇ ਨਹਿਰੂ ਦੀ ‘ਭਾਰਤ ਦੀ ਖੋਜ’ ਵਿਚ ਕੀਤੇ ਗਏ ਉਹ ਤੱਤ ਪੱਖੋਂ ਇਕ ਯੂਰਪੀ ਵਿਚਾਰ ਸੀ ਨਾ ਕਿ ਭਾਰਤੀ। ਅੰਗਰੇਜ਼ਾਂ ਦੀ ਆਮਦ ਤੋਂ ਪਿੱਛੋਂ ਹੀ ‘ਭਾਰਤ’ ਇਕ ਪ੍ਰਸ਼ਾਸਕੀ ਤੇ ਵਿਚਾਰਧਾਰਾਤਮਕ ਹਕੀਕਤ ਬਣਿਆ ਸੀ।
ਕਿਤਾਬ ਦਾ ਵਿਸ਼ਾਵਸਤੂ ਭਾਰਤ ਵਿਚ ਖ਼ਾਸ ਤਰ੍ਹਾਂ ਦੇ ਭਾਰੂ ਵਿਚਾਰਾਂ, ਅਤੇ ਇਨ੍ਹਾਂ ਨੂੰ ਜਨਮ ਦੇਣ ਵਾਲੇ ਹਾਲਾਤ ਅਤੇ ਘਟਨਾਵਾਂ ਦੇ ਜਮ੍ਹਾ-ਜੋੜ ਦਾ ਵਿਸ਼ਲੇਸ਼ਣ ਹੈ। ਲੇਖਕ ਇਨ੍ਹਾਂ ਨੁਕਤਿਆਂ ਰਾਹੀਂ ਭਾਰਤੀ ਵਿਚਾਰਧਾਰਾ ਦੇ ਨਕਸ਼ ਉਭਾਰਦਾ : ਪਹਿਲਾ, ਆਜ਼ਾਦੀ ਸੰਘਰਸ਼ ਦੀ ਕੇਂਦਰੀ ਸ਼ਖਸੀਅਤ ਵਜੋਂ ਮਹਾਤਮਾ ਗਾਂਧੀ ਦੇ ਵਿਸ਼ਵਾਸ ਅਤੇ ਸਰਗਰਮੀਆਂ। ਦੂਜਾ, 1945 ਤੋਂ ਪਿੱਛੋਂ ‘ਹਿੰਦੋਸਤਾਨ’ ਦੀ ਵੰਡ ਦੇ ਮਹਾਂਨਾਸ਼ ਦਰਮਿਆਨ ਅੰਗਰੇਜ਼ੀ ਰਾਜ ਵਲੋਂ ਕਾਂਗਰਸ ਦੇ ਹੱਥ ਸੱਤਾ ਦਾ ਤਬਾਦਲਾ। ਤੀਜਾ, ਆਖ਼ਰੀ ਨਹਿਰੂ ਦੀ ਅਗਵਾਈ ਹੇਠ ਉੱਭਰਿਆ ਭਾਰਤ ਰਾਜ ਦਾ ਢਾਂਚਾ ਜੋ ਅੱਜ ਦੇ ਸਮਿਆਂ ਦੀ ਭਾਰਤੀ ਵਿਚਾਰਧਾਰਾ ਦਾ ਅਹਿਮ ਕੇਂਦਰ ਬਣਿਆ। ਲੇਖਕ ਅਨੁਸਾਰ ਇਸ ਕਿਤਾਬ ਵਿਚ ਮੁੱਖ ਤੌਰ ‘ਤੇ ਪੰਜ ਦਲੀਲਾਂ ਹਨ ਜੋ ਅਜੋਕੇ ਭਾਰਤ ਦੀ ਰਵਾਇਤੀ ਸਮਝਦਾਰੀ ਨਾਲ ਟਕਰਾਉਂਦੀਆਂ ਹਨ। ਪਹਿਲੀ, ਇਹ ਦਾਅਵਾ ਨਿਰੋਲ ਮਿੱਥ ਹੈ ਕਿ ਉੱਪ-ਮਹਾਂਦੀਪ ਦੀ ਏਕਤਾ ਦਾ ਵਿਚਾਰ ਛੇ ਹਜ਼ਾਰ ਵਰ੍ਹੇ ਪੁਰਾਣਾ ਹੈ। ਦੂਜੀ, ਗਾਂਧੀ ਵਲੋਂ ਕੌਮੀ ਲਹਿਰ ਵਿਚ ਧਰਮ ਦਾ ਪ੍ਰਵੇਸ਼ ਓੜਕ ਇਸ ਲਈ ਤਬਾਹੀ ਸਿੱਧ ਹੋਇਆ। ਤੀਜਾ, ਮੁਲਕ ਦੀ ਵੰਡ ਲਈ ਪ੍ਰਮੁੱਖ ਜ਼ਿੰਮੇਵਾਰ ਕਾਂਗਰਸ ਹੈ ਨਾ ਕਿ ਅੰਗਰੇਜ਼ੀ ਰਾਜ; ਅੰਗਰੇਜ਼ੀ ਰਾਜ ਤੇ ਮੁਸਲਿਮ ਲੀਗ ਇਸ ਲਈ ਦੋਮ ਜ਼ਿੰਮੇਵਾਰ ਹਨ। ਚੌਥੀ, ਭਾਰਤੀ ਰਾਜ ਲਈ ਨਹਿਰੂ ਦੀ ਵਿਰਾਸਤ ਉਸ ਤੋਂ ਕਿਤੇ ਵੱਧ ਸੰਦੇਹਪੂਰਣ ਹੈ ਜਿੰਨੇ ਉਸ ਦੇ ਪ੍ਰਸ਼ੰਸਕ ਮੰਨਦੇ ਹਨ। ਪੰਜਵੀਂ, ਭਾਰਤ ਦੀ ਸੰਸਦੀ ਜਮਹੂਰੀਅਤ ਜਾਤਪਾਤੀ ਨਾਬਰਾਬਰੀ ਨੂੰ ਖਾਰਜ ਨਹੀਂ ਕਰਦੀ ਸਗੋਂ ਇਹ ਇਸ ਨੂੰ ਸੰਭਵ ਬਣਾਉਂਦੀ ਹੈ।
ਲ2ੇਖਕ ਅਨੁਸਾਰ ਨਹਿਰੂ ਦਾ ਵਿਅਕਤੀਗਤ ਤੌਰ ‘ਤੇ ‘ਧਰਮ ਨਿਰਪੇਖ’ ਹੋਣਾ ਕੋਈ ਮਾਅਨੇ ਨਹੀਂ ਰੱਖਦਾ ਕਿਉਂਕਿ ਜਿਸ ਕਾਂਗਰਸ ਪਾਰਟੀ ਦੀ ਉਹ ਅਗਵਾਈ ਕਰਦਾ ਸੀ ਉਸ ਦਾ ਵਤੀਰਾ ਹਮੇਸ਼ਾ ਹਿੰਦੂ ਰਿਹਾ। ਨਹਿਰੂ ਪਾਰਟੀ ਦੀਆਂ ਭਾਵਨਾਵਾਂ ਨਾਲ ਸਮਝੌਤਾ ਕਰਦੇ ਚਲਦਾ ਰਿਹਾ। ਮਸਲਨ, ਉਹ ਪੂਨਾ ਸਮਝੌਤੇ ਸਮੇਂ ਗਾਂਧੀ ਵਲੋਂ ਡਾ. ਅੰਬੇਡਕਰ ਨੂੰ ਦਲਿਤਾਂ ਲਈ ਵੱਖਰੇ ਚੋਣ ਹਲਕਿਆਂ ਦੀ ਮੰਗ ਵਾਪਸ ਲੈਣ ਲਈ ਬਲੈਕਮੇਲ ਕੀਤੇ ਜਾਣ ਸਮੇਂ ਖ਼ਾਮੋਸ਼ ਰਿਹਾ। ਫਿਰ 1950ਵਿਆਂ ਦੇ ਸ਼ੁਰੂ ‘ਚ ਉਸ ਨੇ ਕਾਂਗਰਸ ਦੀ ਨਰਾਜ਼ਗੀ ਮੁੱਲ ਲੈਣ ਵਾਲੇ ਡਾ. ਅੰਬੇਡਕਰ ਨੂੰ ਪਾਸੇ ਕਰ ਦੇਣ ‘ਚ ਕੋਈ ਝਿਜਕ ਨਹੀਂ ਦਿਖਾਈ। ਨਹਿਰੂ ਨੂੰ ਸਹੀ ਰੂਪ ‘ਚ ਸਮਝਣ ਲਈ ਉਸ ਦੇ ਵਿਚਾਰਾਂ ਦੇ ਨਾਲ-ਨਾਲ ਉਸ ਦੇ ਅਮਲੀ ਵਿਹਾਰ ਨੂੰ ਵੀ ਧਿਆਨ ‘ਚ ਰੱਖਣਾ ਹੋਵੇਗਾ। ਇਸ ਸਬੰਧ ‘ਚ ਲੇਖਕ 1947 ‘ਚ ਸਾਂਝੇ ਬੰਗਾਲ ਦੇ ਸਵਾਲ ‘ਤੇ ਨਹਿਰੂ ਵਲੋਂ ਮੁਖਰਜੀ ਅਤੇ ਮਹਾਂ ਸਭਾ ਨਾਲ ਮਿਲਕੇ ਹਿੰਦੂ ਹੰਕਾਰਵਾਦ ਭੜਕਾਏ ਜਾਣ ਦੀ ਮਿਸਾਲ ਦਿੰਦਾ ਹੈ। ਲੇਖਕ ਦੀ ਸਮਝ ਹੈ ਕਿ ਨਹਿਰੂ ਦੇ ਉਲਟ ਸੁਭਾਸ ਚੰਦਰ ਬੋਸ ਨੇ ਕਾਂਗਰਸ ਪਾਰਟੀ ‘ਚ ਹੋਣ ਸਮੇਂ ਹਿੰਦੂ-ਮੁਸਲਿਮ ਏਕਤਾ ਉਸਾਰਨ ਦੀ ਦਿਸ਼ਾ ‘ਚ ਵਿਲੱਖਣ ਪਹਿਲਕਦਮੀਂ ਕੀਤੀ ਸੀ। ਜਦਕਿ ਗਾਂਧੀ ਨੇ ਕਾਂਗਰਸ ਨੂੰ ਲੱਖਾਂ ਰੁਪਏ ਫੰਡ ਦੇਣ ਵਾਲੇ ਮਾਰਵਾੜੀ ਕਾਰੋਬਾਰੀ ਜੀ ਐੱਮ ਬਿਰਲਾ ਦੀ ਸਲਾਹ ‘ਤੇ ਦੋ ਮੁੱਖ ਫਿਰਕਿਆਂ ਦੀ ਇਸ ਏਕਤਾ ਦੀ ਉਸਾਰੀ ‘ਚ ਅੜਿੱਕਾ ਡਾਹਿਆ ਸੀ।
ਲੇਖਕ ਅਨੁਸਾਰ ਪਬਲਿਕ ਸੈਕਟਰ ਦੀ ਉਸਾਰੀ ਦਾ ਵਰਤਾਰਾ ਉੱਤਰ-ਬਸਤੀਵਾਦੀ ਰਾਜਾਂ ਦੀ ਆਮ ਵਿਸ਼ੇਸ਼ਤਾ ਹੈ ਤੇ ਇਸ ਨੂੰ ਨਹਿਰੂ ਦੀ ਖ਼ਾਸ ਵਿਲੱਖਣ ਪ੍ਰਾਪਤੀ ਨਹੀਂ ਸਮਝਿਆ ਜਾ ਸਕਦਾ। ਨਹਿਰੂ ਦਾ ਪਬਲਿਕ ਸੈਕਟਰ ਨਿੱਜੀ ਸਰਮਾਏ ਜਾਂ ਵੱਡੇ ਸਰਮਾਏਦਾਰੀ ਲਈ ਕੋਈ ਚੁਣੌਤੀ ਨਹੀਂ ਸੀ, ਉਨ੍ਹਾਂ ਨੇ ਤਾਂ ਸਗੋਂ ਇਸ ਦਾ ਪੁਰਜ਼ੋਰ ਸਵਾਗਤ ਕੀਤਾ ਸੀ।
ਲੇਖਕ ਕਹਿੰਦਾ ਹੈ ਕਿ ਭਾਵੇਂ ਨਹਿਰੂ ਉਦਾਰ ਜਮਹੂਰੀਅਤ ਦਾ ਹਮਾਇਤੀ ਹੋਣ ਦਾ ਦਾਅਵਾ ਕਰਦਾ ਸੀ ਪਰ ਉਸ ਦੀ ਰਾਜਨੀਤਕ ਵਿਰਾਸਤ ਦੇ ਦੋ ਨਾਂਹਪੱਖੀ ਪਹਿਲੂ ਇਸ ਦਾਅਵੇ ਤੋਂ ਪੂਰੀ ਤਰ੍ਹਾਂ ਉਲਟ ਵਿਹਾਰ ਨੂੰ ਦਰਸਾਉਂਦੇ ਹਨ: ਨਹਿਰੂ ਹਕੂਮਤ ਵਲੋਂ ਕਸ਼ਮੀਰ ਉੱਪਰ ਕਬਜ਼ੇ ਬਾਰੇ ਈਮਾਨਦਾਰੀ ਨਾਲ ਸੰਵਾਦ ਦੀਆਂ ਸੰਭਾਵਨਾਵਾਂ ਖ਼ਤਮ ਕਰ ਦਿੱਤੇ ਜਾਣ ਨਾਲ ਮੁਲਕ ਦੀ ਬੌਧਿਕ ਜ਼ਿੰਦਗੀ ਹਮੇਸ਼ਾ ਲਈ ਡੰਗੀ ਗਈ। ਲੇਖਕ ਇਸ ਤੱਥ ਵੱਲ ਧਿਆਨ ਦਿਵਾਉਂਦਾ ਹੈ ਕਿ ਭਾਵੇਂ ਉਸ ਸਮੇਂ ਬਣੇ ਹਾਲਾਤ ‘ਚ ਕਸ਼ਮੀਰ ਦੇ ਰਾਜਾ ਹਰੀ ਸਿੰਘ ਸਾਹਮਣੇ ਭਾਰਤ ਨਾਲ ਇਲਹਾਕ ਦੇ ਇਕਰਾਰਨਾਮੇ ਉੱਪਰ ਦਸਖ਼ਤ ਕਰਨ ਤੋਂ ਬਿਨਾ ਹੋਰ ਕੋਈ ਬਦਲ ਨਹੀਂ ਸੀ ਪਰ ਨਹਿਰੂ ਵਜ਼ਾਰਤ ਵਲੋਂ ਉਸ ਦੇ ਦਸਖ਼ਤਾਂ ਦੀ ਉਡੀਕ ਕੀਤੇ ਬਗ਼ੈਰ ਹੀ ਫਟਾਫਟ ਉਸ ਦੇ ਨਾਂ ‘ਤੇ ਫਰਜ਼ੀ ਦਸਤਾਵੇਜ਼ ਕਸ਼ਮੀਰ ਦੇ ਭਾਰਤ ਨਾਲ ਇਲਹਾਕ ਦਾ ਸਬੂਤ ਬਣਾਕੇ ਪੇਸ਼ ਕਰ ਦਿੱਤਾ ਗਿਆ। ਇਹੀ ਉਹ ਫਰਜ਼ੀ ਦਸਤਾਵੇਜ਼ ਹੈ ਜਿਸ ਦੇ ਅਧਾਰ ‘ਤੇ ਭਾਰਤੀ ਰਾਜ ਕਸ਼ਮੀਰ ਉੱਪਰ ਆਪਣੇ ਕਬਜ਼ੇ ਨੂੰ ਛੇ ਦਹਾਕਿਆਂ ਤੋਂ ਜਾਇਜ਼ ਠਹਿਰਾਉਂਦਾ ਆ ਰਿਹਾ ਹੈ। ਜਦਕਿ ਕਸ਼ਮੀਰੀ ਅਵਾਮ ਨਾਲ ਵਾਅਦਾ ਕਰਕੇ ਵੀ ਕਦੇ ਰਾਏ-ਸ਼ੁਮਾਰੀ ਨਹੀਂ ਕਰਾਈ ਗਈ। ਦੂਜਾ, ਉਸ ਨੇ ਆਪਣੇ ਖ਼ਾਨਦਾਨ ਲਈ ਸੱਤਾਧਾਰੀ ਬਨਣ ਦਾ ਰਾਜਨੀਤਕ ਮਾਹੌਲ ਸਿਰਜਿਆ ਜੋ ਕਿਵੇਂ ਵੀ ਜਮਹੂਰੀਅਤ ਦੀ ਭਾਵਨਾ ਦੀ ਤਰਜ਼ਮਾਨੀ ਨਹੀਂ ਕਰਦਾ।
ਲੇਖਕ ਕਹਿੰਦਾ ਹੈ ਕਿ ਬੌਧਿਕ ਕਾਬਲੀਅਤ ਪੱਖੋਂ ਡਾ. ਅੰਬੇਡਕਰ ਨਹਿਰੂ ਅਤੇ ਕਾਂਗਰਸ ਦੇ ਸਾਰੇ ਆਗੂਆਂ ਤੋਂ ਬਹੁਤ ਅੱਗੇ ਸੀ। ਡਾ. ਅੰਬੇਡਕਰ ਦੀ ਸਮਾਜ ਨੂੰ ਸਮਝਣ ਦੀ ਰਚਨਾਤਮਕ ਸਮਰੱਥਾ ਦੇ ਉਲਟ ਨਹਿਰੂ ਰਸਮੀ ਵਿਦਵਾਨਤਾ ਦੀ ਘਾਟ, ਰੋਮਾਂਟਿਕ ਮਿੱਥਾਂ ਪ੍ਰਤੀ ਲਗਾਓ, ਸਮਾਜ ਵਿਗਿਆਨਕ ਨਜ਼ਰੀਏ ਦੀ ਘਾਟ ਅਤੇ ਖ਼ੁਦ ਨੂੰ ਧੋਖਾ ਦੇਣ ਦੀ ਸਮਰੱਥਾ ਦਾ ਮੁਜੱਸਮਾ ਸੀ।
ਕਿਤਾਬ ਦਾ ਤੀਜਾ ਹਿੱਸਾ ‘ਗਣਰਾਜ’ ਭਾਰਤੀ ਰਾਜ ਦੀ ਸਿਰਜਣ ਪ੍ਰਕਿਰਿਆ ਤੇ ਵਿਕਾਸ ਦੇ ਸਫ਼ਰ ਦੀ ਚਰਚਾ ਕਰਦਾ ਹੈ। ਐਂਡਰਸਨ ਲਿਖਦਾ ਹੈ ਕਿ ਭਾਰਤੀ ਗਣਰਾਜ ਦੀ ਤਾਮੀਰ ਜਿਸ ਹਾਲਾਤ ਉੱਪਰ ਹੋਈ ਹੈ ਉਸ ਨੂੰ ਸਮਝਣਾ ਜ਼ਰੂਰੀ ਹੈ। ਅੰਗਰੇਜ਼ ਰਾਜ ਨੂੰ ਉਲਟਾਏ ਬਗ਼ੈਰ ਸੱਤਾ ਕਾਂਗਰਸ ਨੂੰ ਸੌਂਪੀ ਗਈ। ਰਾਜ ਦੀ ਵਿਰਾਸਤ ਵਿਚ ਨਾ ਸਿਰਫ਼ ਬਸਤੀਵਾਦੀ ਤੰਤਰ ਤੇ ਫ਼ੌਜ ਨੂੰ ਬਰਕਰਾਰ ਰੱਖਿਆ ਗਿਆ ਸਗੋਂ ਪ੍ਰਸ਼ਾਸਨ ਤੇ ਦਮਨ ਦੇ ਤੰਤਰ ਦੇ ਨਾਲ ਨਾਲ ਕਾਂਗਰਸ ਨੇ ਨੁਮਾਇੰਦਗੀ ਦੀ ਬਸਤੀਵਾਦੀ ਵਿਰਾਸਤ ਨੂੰ ਵੀ ਅੱਗੇ ਵਧਾਇਆ। ਸੰਵਿਧਾਨ ਸਭਾ ਅੰਗਰੇਜ਼ਾਂ ਦੀ ਬਣਾਈ ਹੋਈ ਖ਼ਾਸ ਨੁਮਾਇੰਦਗੀ ਅਧਾਰਤ ਇਕਾਈ ਸੀ ਜਿਸ ਵਿਚ ਬਰਤਾਨੀਆ ਦੀ ਉਸ ਸਮੇਂ ਦੀ ‘ਪਰਜਾ’ ਦੇ ਸੱਤਾਂ ਵਿਚੋਂ ਸਿਰਫ਼ ਇਕ ਬੰਦੇ ਨੂੰ ਵੋਟ ਦਾ ਹੱਕ ਹਾਸਲ ਸੀ। ‘ਇਸ ਤਰ੍ਹਾਂ ਜਿਸ ਅਦਾਰੇ ਵਿਚੋਂ ਭਾਰਤੀ ਜਮਹੂਰੀਅਤ ਨੇ ਜਨਮ ਲਿਆ ਇਹ ਉਸ ਅਦਾਰੇ ਦਾ ਇਜ਼ਹਾਰ ਨਹੀਂ ਸੀ ਸਗੋਂ ਥੋਪੀਆਂ ਬਸਤੀਵਾਦੀ ਬੰਦਸ਼ਾਂ ਦਾ ਪ੍ਰਤੀਕ ਸੀ। (ਸਫ਼ਾ 106) ਭਾਰਤੀ ਸੰਵਿਧਾਨ ਦੀਆਂ 395 ਵਿਚੋਂ 250 ਧਾਰਾਵਾਂ ਸਿੱਧੀਆਂ 1935 ਦੇ (ਬਾਲਡਵਿਨ ਕੈਬਨਿਟ ਦੇ ਬਣਾਏ) ਭਾਰਤ ਸਰਕਾਰ ਐਕਟ ਵਿਚੋਂ ਅੱਖਰ-ਅੱਖਰ ਲਈਆਂ ਗਈਆਂ ਸਨ। ਵਿਦਵਾਨ ਸੁਨੀਲ ਖਿਲਨਾਨੀ ਅਨੁਸਾਰ ਸਮਾਜੀ ਸੰਰਚਨਾ ਦੇ ਮਾਮਲੇ ‘ਚ ਸੰਵਿਧਾਨ ਸਭਾ ਇਕ ਬਹੁਤ ਹੀ ਸੰਕੀਰਣ ਇਕਾਈ ਸੀ ਜਿਸ ਉੱਪਰ ਕਾਂਗਰਸ ਦੇ ਉੱਚ ਤੇ ਬ੍ਰਾਹਮਣਵਾਦੀ ਕੁਲੀਨ ਵਰਗ ਦਾ ਦਬਦਬਾ ਸੀ। ਇਸ ਵਲੋਂ ਬਣਾਇਆ ਸੰਵਿਧਾਨ ਆਮ ਜ਼ਿੰਦਗੀ ਨੂੰ ਸੰਗਠਿਤ ਕਰਨ ਵਾਲਾ ਨਹੀਂ ਸਗੋਂ ਕਿਸੇ ਕਲੱਬ ਹਾਊਸ ਦੇ ਨੇਮਾਂ ਦੀ ਤਰਜ਼ ‘ਤੇ ਬਣਾਇਆ ਗਿਆ ਸੀ। ਭਾਰਤੀ ਜਮਹੂਰੀਅਤ ਦੇ ਚੋਣ ਵਿਗਾੜਾਂ ਦੀ ਚਰਚਾ ਕਰਦਿਆਂ ਲੇਖਕ ਕਹਿੰਦਾ ਹੈ ਕਿ ਇੱਥੇ ਅਨੁਪਾਤ ਅਨੁਸਾਰ ਨੁਮਾਇੰਦਗੀ ਦੀ ਬਜਾਏ ‘ਜੋ ਜਿੱਤਿਆ ਉਹੀ ਸਿਕੰਦਰ’ ਦੀ ਨੁਮਾਇੰਦਗੀ ਹੈ।
‘ਵੰਨਸੁਵੰਨਤਾ ‘ਚ ਏਕਤਾ’ ਦੇ ਦਾਅਵੇ ਤਹਿਤ ਕੇਂਦਰੀ ਹਕੂਮਤ ਹੇਠ ਖੇਤਰੀ ਹਕੂਮਤਾਂ ਨੂੰ ਭਾਰਤੀ ਸੰਵਿਧਾਨ ਦੀ ‘ਨਿਵੇਕਲੀ ਪ੍ਰਾਪਤੀ’ ਅਤੇ ਭਾਰਤੀ ਰਾਜ ਵਲੋਂ ਇਸ ‘ਏਕਤਾ’ ਦੀ ਰਾਖੀ ਨੂੰ ਕ੍ਰਿਸ਼ਮਾ ਕਹਿਕੇ ਵਡਿਆਇਆ ਜਾਂਦਾ ਹੈ। ਇਹ ਸਮਝਦਾਰੀ ‘ਭਾਰਤੀ ਵਿਚਾਰਧਾਰਾ’ ਦਾ ਇਕ ਅਹਿਮ ਅੰਗ ਬਣੀ ਹੋਈ ਹੈ। ਲੇਖਕ ਕਹਿੰਦਾ ਹੈ ਕਿ ”ਨਿਸ਼ਚਿਤ ਤੌਰ ‘ਤੇ ਇਸ ਤਰ੍ਹਾਂ ਦੇ ਸ਼ਬਦ-ਆਡੰਬਰ ਦਾ ਕੋਈ ਅਧਾਰ ਨਹੀਂ ਹੈ।’ (ਸਫ਼ਾ 114) ‘ਅਖੰਡਤਾ’ ਦੀ ਰਾਖੀ ਦੇ ਕ੍ਰਿਸ਼ਮੇ ਨੂੰ ਨੰਗਾ ਕਰਨ ਲਈ ਲੇਖਕ ਭਾਰਤੀ ਰਾਜ ਵਲੋਂ ਕਸ਼ਮੀਰ ਅਤੇ ਉੱਤਰ-ਪੂਰਬ ਦੇ ਅਵਾਮ ਉੱਪਰ ਦਹਾਕਿਆਂ ਤੋਂ ਵਰਤਾਏ ਜਾ ਰਹੇ ਭਿਆਨਕ ਕਹਿਰ ਦੀਆਂ ਮਿਸਾਲਾਂ ਦਿੰਦਾ ਹੈ, ਜੋ ਭਾਰਤ ਤੋਂ ਸਵੈ-ਨਿਰਣੇ ਦਾ ਜਾਇਜ਼ ਹੱਕ ਮੰਗ ਰਹੇ ਹਨ। ਲੇਖਕ ਆਜ਼ਾਦੀ ਤੋਂ ਇਕ ਮਹੀਨਾ ਪਹਿਲਾਂ ਨਾਗਾ ਵਫ਼ਦ ਨੂੰ ਗਾਂਧੀ ਵਲੋਂ ਦਿੱਤੀ ਯਕੀਨ-ਦਹਾਨੀ ਦਾ ਜ਼ਿਕਰ ਕਰਦਾ ਹੈ, ਜਿਸ ਨੂੰ ਉਸ ਦੇ ਵਾਰਿਸਾਂ ਨੇ ਪੂਰੀ ਤਰ੍ਹਾਂ ਮਨੋ ਵਿਸਾਰ ਛੱਡਿਆ ਹੈ: ‘ਵਿਅਕਤੀਗਤ ਤੌਰ ‘ਤੇ ਤੁਸੀਂ ਸਾਰੇ ਮੇਰਾ ਜਾਂ ਭਾਰਤ ਦਾ ਹਿੱਸਾ ਹੋ। ਪਰ ਜੇ ਤੁਸੀਂ ਇਸ ਤੋਂ ਨਾਂਹ ਕਰਦੇ ਹੋ ਤਾਂ ਕੋਈ ਵੀ ਤੁਹਾਡੇ ਉੱਪਰ ਦਬਾਅ ਨਹੀਂ ਪਾ ਸਕਦਾ।’ (ਸਫ਼ਾ 121)
ਨਹਿਰੂ ਸਮੇਤ ਭਾਰਤੀ ਹਾਕਮਾਂ ਨੂੰ ਇਸ ਅਧਾਰ ‘ਤੇ ਬਹੁਤ ਵਡਿਆਇਆ ਜਾਂਦਾ ਹੈ ਕਿ ਉਹ ਤਾਨਾਸ਼ਾਹਾਂ ਵਾਲੇ ਗ਼ੈਰਪੱਛਮੀ ਜਗਤ ਅੰਦਰ ਚੁਣੇ ਹੋਏ ਜਮਹੂਰੀ ਹੁਕਮਰਾਨ ਹਨ, ਪਰ ਲੇਖਕ ਨਹਿਰੂ ਦਾ ਦੂਸਰਾ ਪਹਿਲੂ ਸਾਹਮਣੇ ਲਿਆਉਂਦਾ ਹੈ: ‘ਨਹਿਰੂ ਸਭ ਤੋਂ ਪਹਿਲਾਂ ਇਕ ਭਾਰਤੀ ਕੌਮਵਾਦੀ ਸੀ ਅਤੇ ਜਿੱਥੇ ਆਮ ਰਜ਼ਾ ਕੌਮ ਦੇ ਉਸ (ਨਹਿਰੂ) ਦੇ ਤਸੱਵੁਰ ਨਾਲ ਬੇਮੇਲ ਦਿਖਾਈ ਦਿੱਤੀ, ਉਸ ਨੇ ਬਿਨਾ ਕਿਸੇ ਪਛਤਾਵੇ ਦੇ ਉਸ ਨੂੰ ਕੁਚਲ ਦਿੱਤਾ। ਜਿਵੇਂ ਉਸ ਨੇ ਖ਼ੁਦ ਕਿਹਾ ਸੀ, ਇੱਥੇ ਸਰਕਾਰ ਦੀ ਪ੍ਰਣਾਲੀ ਵੋਟ ਨਹੀਂ ਸਗੋਂ ਸੰਗੀਨਾਂ ਸਨ।’ (ਸਫ਼ਾ 133) ਉਸ ਵਲੋਂ ਭਾਰਤ ਦੀ ਏਕਤਾ ਬਾਰੇ ਕਿਸੇ ਵੀ ਸ਼ਕਲ ‘ਚ ਸਵਾਲ ਉਠਾਉਣ ਨੂੰ ਜੁਰਮ ਐਲਾਨਕੇ ਤਿੰਨ ਸਾਲ ਦੀ ਸਜ਼ਾ ਦੀ ਕਾਨੂੰਨੀ ਪੇਸ਼ਬੰਦੀ ਕਰ ਦਿੱਤੀ। (ਇਹ ਪੇਸ਼ਬੰਦੀ ਨੂੰ ਉਸ ਨਾਲੋਂ ਕਿਤੇ ਵੱਧ ਜ਼ਾਲਮ ਬਣਾਏ ਜਾਣ ਨੂੰ ਦੇਖਦਿਆਂ ਨਹਿਰੂ ਆਪਣੇ ਵਾਰਿਸਾਂ ਅੱਗੇ ਬਹੁਤ ਬੌਣਾ ਦਿਖਾਈ ਦਿੰਦਾ ਹੈ।) ਉਸ ਨੇ ਬੰਗਾਲ ਰੈਗੂਲੇਸ਼ਨ ਐਕਟ 1818 ਦੀ ਇਹਤਿਹਾਤੀ ਨਜ਼ਰਬੰਦੀ ਦੇ ਜ਼ਾਲਮ ਕਾਨੂੰਨ ਨੂੰ ਤੁਰੰਤ ਅਪਣਾਉਂਦਿਆਂ ਤੇ ਲਾਗੂ ਕਰਦਿਆਂ ਕੋਈ ਝਿਜਕ ਨਹੀਂ ਦਿਖਾਈ।
ਲੇਖਕ ‘ਭਾਰਤੀ ਵਿਚਾਰਧਾਰਾ’ ਦੇ ਤੀਜੇ ਅਹਿਮ ਅੰਗ, ਧਰਮ ਨਿਰਪੇਖਤਾ, ਬਾਰੇ ਲਿਖਦਾ ਹੈ ਕਿ ਭਾਰਤ ਨੂੰ ਧਰਮ ਨਿਰਪੇਖ ਕਹਿਣ ਤੋਂ ਸੁਚੇਤ ਰੂਪ ‘ਚ ਗੁਰੇਜ਼ ਕੀਤਾ ਗਿਆ। ਡਾ. ਅੰਬੇਡਕਰ ਦੀ ਹਿੰਦੂ ਕੋਡ ਬਿੱਲ ਰਾਹੀਂ ਵਿਆਹ ਪ੍ਰਥਾ ‘ਚ ਨਾਬਰਾਬਰੀ ਨੂੰ ਦੂਰ ਕਰਨ ਦੀ ਤਜਵੀਜ਼ ਠੁਕਰਾ ਦਿੱਤੀ ਗਈ। ਛੂਆਛਾਤ ਉੱਪਰ ਪਾਬੰਦੀ ਲਾਈ ਗਈ, ਪਰ ਜਾਤਪਾਤ ਨੂੰ ਆਂਚ ਨਹੀਂ ਆਉਣ ਦਿੱਤੀ। ਇਸੇ ਲਈ ਡਾ. ਅੰਬੇਡਕਰ ਇਹ ਕਹਿਣ ਲਈ ਮਜਬੂਰ ਹੋਇਆ ਸੀ: ‘ਉਹੀ ਤਾਨਾਸ਼ਾਹੀ, ਉਹੀ ਪੁਰਾਣੇ ਦਾਬੇ ਦੀ ਹੋਂਦ ਅੱਜ ਵੀ ਬਰਕਰਾਰ ਹੈ, ਪਹਿਲਾਂ ਤੋਂ ਚਲਿਆ ਆ ਰਿਹਾ ਭੇਦਭਾਵ ਅੱਜ ਵੀ ਜਾਰੀ ਹੈ, ਅਤੇ ਅੱਜ ਸ਼ਾਇਦ ਵੱਧ ਭੈੜੇ ਰੂਪ ‘ਚ।’
ਕਿਤਾਬ ਦੇ ਆਖ਼ਰੀ ਹਿੱਸੇ ਭਾਰਤੀ ਵਿਚਾਰਧਾਰਾ ਦੀ ਬੁਨਿਆਦ ‘ਤਿੱਕੜੀ’- ਜਮਹੂਰੀਅਤ, ਧਰਮਨਿਰਪੇਖਤਾ ਅਤੇ ਏਕਤਾ – ਬਾਰੇ ਮੋਹਰੀ ਵਿਚਾਰਵਾਨਾਂ ਦੀ ਸਮਝਦਾਰੀ ਬਾਰੇ ਚਰਚਾ ਕਰਦਿਆਂ ਲੇਖਕ ਕਹਿੰਦਾ ਹੈ ਕਿ ਸਮਾਜੀ ਆਲੋਚਨਾ ਦਾ ਪੱਖ ਤਾਂ ਇਨ੍ਹਾਂ ਵਿਦਵਾਨਾਂ ਦੀਆਂ ਲਿਖਤਾਂ ‘ਚ ਅਹਿਮ ਦਿਖਾਈ ਦਿੰਦਾ ਹੈ, ਪਰ ਇਹੀ ਤੇਵਰ ਸਿਆਸੀ ਆਲੋਚਨਾ ‘ਚ ਨਜ਼ਰ ਨਹੀਂ ਆਉਂਦਾ। ਲੇਖਕ ਨੇ ਆਕਸਫੋਰਡ ਕੰਪੈਨੀਅਨ ਟੂ ਪਾਲਿਟਿਕਸ ਨਾਂ ਦੇ ਗ੍ਰੰਥ ਦੀ ਮਿਸਾਲ ਦਿੱਤੀ ਹੈ ਜੋ ਅੱਜ ਦੇ ਭਾਰਤ ਦੇ ਸੋਹਲੇ ਤਾਂ ਗਾਉਂਦਾ ਹੈ ਪਰ ਰਾਜ ਦੀਆਂ ਜਾਬਰ ਨੀਤੀਆਂ ਬਾਰੇ ਪੂਰੀ ਤਰ੍ਹਾਂ ਖ਼ਾਮੋਸ਼ ਹੈ।
ਕਿਤਾਬ ਦੀ ਵੱਡੀ ਕਮੀ ਇਹ ਹੈ ਕਿ ਇਸ ਵਿਚ ਭਾਰਤ ਦੀ ਖੱਬੀ ਧਿਰ ਦੀ ਭੂਮਿਕਾ ਨੂੰ ਪੜਚੋਲ ਹੇਠ ਨਹੀਂ ਲਿਆਂਦਾ ਗਿਆ। ਪਰ ਆਦਿਕਾ ‘ਚ ਲੇਖਕ ਇਹ ਜ਼ਰੂਰ ਕਹਿੰਦਾ ਹੈ ਕਿ ਇਕ ਤਾਕਤ ਵਜੋਂ ਖੱਬੀ ਧਿਰ ਦੀ ‘ਸਿਆਸੀ ਕਮਜ਼ੋਰੀ’ ਨੇ ਭਾਰਤੀ ਵਿਚਾਰਧਾਰਾ ਦੀ ਪਕੜ ਨੂੰ ਮਜ਼ਬੂਤ ਬਣਾਇਆ ਹੈ। ਨਾਲ ਹੀ ਆਦਿਕਾ ਦੇ ਅੰਤ ‘ਚ ਐਂਡਰਸਨ ਇਹ ਸਲਾਹ ਜ਼ਰੂਰ ਦਿੰਦਾ ਹੈ ਕਿ ਜੇ ਖੱਬੀ ਧਿਰ ਨੇ ਬੌਧਿਕ ਦ੍ਰਿਸ਼ ਉੱਪਰ ਮਜ਼ਬੂਤ ਜਗ੍ਹਾ ਬਣਾਉਣੀ ਹੈ ਤਾਂ ਇਸ ਨੂੰ ਆਪਣੇ ਦੌਰ ਨੂੰ ਸ਼ਰਧਾ ਨਾਲ ਦੇਖਣ ਦੀ ਬਜਾਏ ਅੰਬੇਡਕਰ ਤੇ ਪੇਰੀਅਰ ਵਾਂਗ ਵੱਧ ਪੜਚੋਲੀਆ ਨਜ਼ਰੀਏ ਨਾਲ ਦੇਖਣਾ ਪਵੇਗਾ।
2ਲੇਖਕ ਸੁਚੇਤ ਕਰਦਾ ਹੈ ਕਿ ਕੁਲਮਿਲਾਕੇ ਭਾਰਤੀ ਯੂਨੀਅਨ ਦੀਆਂ ਹਕੀਕਤਾਂ ਬਹੁਤ ਪੇਚੀਦਾ ਹਨ, ਇਨ੍ਹਾਂ ਵਿਚੋਂ ਕਈ ਤਾਂ ਬਹੁਤ ਹੀ ਮਨਹੂਸ ਹਨ। ‘ਇਕ ਵਾਰ ਜਦੋਂ ਬਸਤੀਵਾਦ ਵਿਰੋਧੀ ਸੰਘਰਸ਼ ਰਾਹੀਂ ਕਿਸੇ ਨਵੇਂ ਆਜ਼ਾਦ ਰਾਸ਼ਟਰ ਦੀ ਉਸਾਰੀ ਹੋ ਜਾਂਦੀ ਹੈ, ਤਾਂ ਉਸ ਦੀ ਜਾਗ੍ਰਿਤੀ ਲਈ ਜ਼ਰੂਰੀ ਪ੍ਰਵਚਨ ਉਸ ਲਈ ਨਸ਼ਾ ਵੀ ਹੋ ਨਿੱਬੜਦਾ ਹੈ। ਭਾਰਤ ਵਿਚ ਇਹ ਖ਼ਤਰਾ ਵੱਧ ਦਿਖਾਈ ਦੇ ਰਿਹਾ ਹੈ੩।੩੩….. ਅੱਜ ਲੋੜ ਇਸ ਗੱਲ ਦੀ ਹੈ ਕਿ ਰੋਮਾਂਟਿਕ ਬਣਾਏ ਅਤੀਤ ਦੇ ਮੋਹ ਅਤੇ ਵਰਤਮਾਨ ‘ਚ ਮੌਜੂਦ ਇਸ ਦੀ ਰਹਿੰਦ-ਖੂੰਹਦ ਤੋਂ ਅਸੀਂ ਮੁਕਤ ਹੋਈਏ।’ ‘ਜਿਨ੍ਹਾਂ ਰਾਜਨੀਤਕ ਬੁਰਾਈਆਂ ਦੀ ਦਿਆਨਤਦਾਰ ਦੇਸ਼ਭਗਤ ਅੱਜ ਨਿੰਦਾ ਕਰਦੇ ਹਨ, ਉਹ ਐਸੇ ਪ੍ਰਬੰਧ ਦੀ ਅਚਾਨਕ ਉੱਭਰੀ ਅੱਜ ਦੀ ਮਰਜ ਨਹੀਂ ਹਨ। ਇਹ ਪ੍ਰਬੰਧ ਕਦੇ ਵੀ ਤੰਦਰੁਸਤ ਨਹੀਂ ਰਿਹਾ।੩…. ਇਨ੍ਹਾਂ ਦੀਆਂ ਜੜ੍ਹਾਂ ਇਸ ਦੀ ਮੂਲ ਬਣਤਰ ‘ਚ ਹਨ।’
ਜ਼ਰੂਰੀ ਨਹੀਂ ਕਿ ਪਾਠਕ ਲੇਖਕ ਦੇ ਸਾਰੇ ਸਿੱਟਿਆਂ ਨਾਲ ਸਹਿਮਤ ਹੋਣ, ਪਰ ਭਾਰਤੀ ਰਾਜ ਵਲੋਂ ਆਪੇ ਦੀ ਤਾਰੀਫ਼ ਲਈ ਘੜੀਆਂ ਗਈਆਂ ਤਮਾਮ ਮਿੱਥਾਂ, ਜੋ ਸਹਿਜ ਬੋਧ ਦਾ ਹਿੱਸਾ ਬਣੀਆਂ ਹੋਈਆਂ ਹਨ, ਤੋਂ ਮੁਕਤ ਹੋਣ ਲਈ ਇਹ ਕਿਤਾਬ ਯਕੀਨਨ ਹੀ ਸ਼ੀਸ਼ਾ ਮੁਹੱਈਆ ਕਰਦੀ ਹੈ। ਭਾਰਤੀ ਅਵਾਮ ਦੀ ਬਿਹਤਰੀ ਦੀ ਸੋਚ ਰੱਖਣ ਵਾਲੇ ਹਰ ਬੰਦੇ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ।

-ਬੂਟਾ ਸਿੰਘ

 
Leave a comment

Posted by on January 26, 2013 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

 
%d bloggers like this: