RSS

ਭਾਰਤ ਦੇ ਅਰਬਪਤੀਆਂ ‘‘ਵਿਕਾਸ-ਉਛਾਲੇ ਦੇ ਮੰਤਰ’’ ਤੋਂ ਖ਼ਬਰਦਾਰ

29 Jan

-ਅਰੁੰਧਤੀ ਰਾਏ
ਇਹ ਮਹਿਲ ਹੈ ਜਾਂ ਘਰ? ਨਵੇਂ ਭਾਰਤ ਦਾ ਮੰਦਰ ਹੈ ਜਾਂ ਇਸ ਦੇ ਭੂਤਾਂ ਦਾ ਭੂਤਵਾੜਾ? ਜਦੋਂ ਤੋਂ ਅੰਟਿਲਾ ਮਹਿਲ ਮੁੰਬਈ ਦੀ ਅਲਟਾਮਾਊਂਟ ਸੜਕ ਉ¤ਪਰ ਤ੍ਰੇਲੀਆਂ ਲਿਆਉਣ ਵਾਲਾ ਰਹੱਸ ਅਤੇ ਖ਼ਾਮੋਸ਼ ਭੈਅ ਬਣਕੇ ਉ¤ਭਰਿਆ ਹੈ, ਉ¤ਥੇ ਪਹਿਲਾਂ ਵਾਲੀ ਗੱਲ ਨਹੀਂ ਰਹੀ। ਜਿਹੜਾ ਦੋਸਤ ਮੈਨੂੰ ਉ¤ਥੇ ਲੈਕੇ ਗਿਆ ਸੀ, ਕਹਿਣ ਲੱਗਾ, ‘‘ਇਹ ਹੈ, ਆਪਣੇ ਨਵੇਂ ਹਾਕਮ ਨੂੰ ਸਿਜਦਾ ਕਰ।’’ ਅੰਟਿਲਾ ਦਾ ਮਾਲਕ ਭਾਰਤ ਦਾ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਹੈ। ਮੈਂ ਇਸ ਹੁਣ ਤੱਕ ਦੇ ਸਭ ਤੋਂ ਮਹਿੰਗੇ ਰੈਣ-ਬਸੇਰੇ ਬਾਰੇ ਪੜ੍ਹਿਆ ਹੋਇਆ ਸੀ, ਜਿਸ ਦੀਆਂ 27 ਮੰਜ਼ਿਲਾਂ, ਤਿੰਨ ਹੈਲੀਪੈਡ, ਨੌ ਲਿਫਟਾਂ, ਝੂਲੇਦਾਰ ਬਾਗ਼, ਨਾਚਖ਼ਾਨੇ, ਮੌਸਮ ਅਨੁਕੂਲ ਕਮਰੇ, ਕਸਰਤਖ਼ਾਨੇ, ਛੇ ਮੰਜ਼ਲੀ ਪਾਰਕਿੰਗ ਅਤੇ 600 ਨੌਕਰ-ਚਾਕਰ ਹਨ। ਲਟਕਵਾਂ ਘਾਹ ਦਾ ਮੈਦਾਨ ਹੈ ਜੋ ਫੌਲਾਦ ਦੇ ਵਿਸ਼ਾਲ ਢਾਂਚਿਆਂ ’ਚ ਜੜੀ ਘਾਹ ਦੀ ਕੰਧ ਜਹੀ ਸੀ-ਮੈਂ ਇਸਨੂੰ ਦੇਖਣ ਲਈ ਕਿਸੇ ਪੱਖੋਂ ਵੀ ਤਿਆਰ ਨਹੀਂ ਸੀ। ਵਿਚੋਂ-ਵਿਚੋਂ ਘਾਹ ਸੁੱਕਿਆ ਹੋਇਆ ਸੀ, ਸੁਹਣੇ ਮੁਰੱਬੇਦਾਰ ਖ਼ਾਨਿਆਂ ਵਿਚੋਂ ਘਾਹ ਦੇ ਕੁਝ ਹਿੱਸੇ ਝੜੇ ਹੋਏ ਸਨ। ਸਪਸ਼ਟ ਸੀ, ‘‘ਬੂੰਦ-ਬੂੰਦ ਸਿਧਾਂਤ’’ ਖ਼ਰਾ ਨਹੀਂ ਸੀ ਉ¤ਤਰਿਆ।
ਪਰ ‘‘ਵਿਕਾਸ-ਉਛਾਲਾ’’ ਪੂਰਾ ਉ¤ਤਰਿਆ ਹੈ। ਇਹੀ ਵਜ੍ਹਾ ਹੈ ਕਿ ਇਕ ਅਰਬ 20 ਕਰੋੜ ਆਬਾਦੀ ਵਾਲੇ ਭਾਰਤ ਦੇਸ਼ ਵਿਚ, ਸੌ ਸਭ ਤੋਂ ਅਮੀਰ ਵਿਅਕਤੀ ਕੁਲ ਘਰੇਲੂ ਉਪਜ ਦੇ ਚੌਥੇ ਹਿੱਸੇ ਦੇ ਮਾਲਕ ਹਨ।
ਸੜਕ ’ਤੇ (ਅਤੇ ਨਿਊਯਾਰਕ ਟਾਈਮਜ਼ ਵਿਚ) ਖ਼ਬਰ ਹੈ, ਜਾਂ ਘੱਟੋਘੱਟ ਸੀ, ਕਿ ਅੰਬਾਨੀ ਅੰਟਿਲਾ ’ਚ ਸੀ ਰਹਿੰਦੇ। ਸ਼ਾਇਦ ਉਹ ਹੁਣ ਉ¤ਥੇ ਹਨ, ਪਰ ਲੋਕਾਂ ’ਚ ਹਾਲੇ ਵੀ ਭੂਤਾਂ ਅਤੇ ਮਾੜੇ ਕਰਮਾਂ, ਵਾਸਤੂ ਅਤੇ ਫੇਂਗ ਸ਼ੂਈ ਬਾਰੇ ਘੁਸਰ-ਮੁਸਰ ਚੱਲ ਰਹੀ ਹੈ। ਮੈਂ ਸੋਚਦੀ ਹਾਂ ਇਹ ਮਾਰਕਸ ਦੀ ਗ਼ਲਤੀ ਹੈ। ਉਸਨੇ ਕਿਹਾ ਸੀ, ਸਰਮਾਏਦਾਰੀ ਨੇ ‘‘ਪੈਦਾਵਾਰ ਅਤੇ ਵਟਾਂਦਰੇ ਦੇ ਬਹੁਤ ਵਿਸ਼ਾਲ ਸਾਧਨ ਇਕੱਠੇ ਕਰ ਲਏ ਹਨ, ਉਸ ਜਾਦੂਗਰ ਵਾਂਗ ਜੋ ਉਨ੍ਹਾਂ ਤਾਕਤਾਂ ਨੂੰ ਕਾਬੂ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ ਜੋ ਉਸਨੇ ਮੰਤਰ ਮਾਰਕੇ ਪਤਾਲ ’ਚੋਂ ਬੁਲਾਈਆਂ ਹੁੰਦੀਆਂ ਹਨ।’’
ਭਾਰਤ ਵਿਚ, ਸਾਡੇ ਵਿਚੋਂ ਤੀਹ ਕਰੋੜ ਉਹ ਹਨ, ਜੋ ‘‘ਸੁਧਾਰਾਂ’’ ਤੋਂ ਬਾਅਦ ਦਾ ਨਵਾਂ ਮੱਧ ਵਰਗ ਹੈ-ਨਵੀਂ ਮੰਡੀ। ਇਹ ਉਨ੍ਹਾਂ ਢਾਈ ਲੱਖ ਕਰਜ਼ੇ ਦੇ ਵਿੰਨੇ ਕਿਸਾਨਾਂ ਦੇ ਭੂਤਾਂ ਦੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਖ਼ੁਦਕੁਸ਼ੀਆਂ ਕਰ ਲਈਆਂ ਹਨ; ਅਤੇ ਨਾਲ ਹੀ 80 ਕਰੋੜ ਉਹ ਲੋਕ ਹਨ ਜੋ ਕੰਗਾਲ ਹੋ ਗਏ ਅਤੇ ਵਾਂਝੇ ਬਣਾ ਦਿੱਤੇ ਗਏ। ਅਤੇ ਜੋ 20 ਰੁਪਏ ਰੋਜ਼ ਨਾਲ ਗੁਜ਼ਾਰਾ ਕਰਦੇ ਹਨ।
ਸ਼੍ਰੀ ਅੰਬਾਨੀ ਨਿੱਜੀ ਤੌਰ ’ਤੇ 20 ਅਰਬ ਡਾਲਰ ਤੋਂ ਵੱਧ ਦੌਲਤ ਦਾ ਮਾਲਕ ਹੈ। ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ ਆਈ ਐ¤ਲ) ਦੇ ਬਹੁਗਿਣਤੀ ਹਿੱਸੇ ਦਾ ਮਾਲਕ ਉਹੀ ਹੈ। ਜਿਸ ਕੰਪਨੀ ਦੀ ਮੰਡੀ ਸਰਮਾਇਆਕਾਰੀ 2.41 ਖਰਬ ਰੁਪਏ (47 ਅਰਬ ਡਾਲਰ) ਹੈ ਅਤੇ ਜਿਸ ਕੋਲ ਵੱਡੀ ਗਿਣਤੀ ’ਚ ਆਲਮੀ ਵਪਾਰਕ ਹਿੱਤ ਹਨ। ਇਨਫੋਟੈ¤ਲ ’ਚ ਆਰ ਆਈ ਐ¤ਲ ਦੇ 95 ਫ਼ੀ ਸਦੀ ਹਿੱਤ ਹਨ, ਜਿਸਨੇ ਕੁਝ ਹਫ਼ਤੇ ਪਹਿਲਾਂ ਇਕ ਉਸ ਮੀਡੀਆ ਸਮੂਹ ’ਚ ਵੱਡਾ ਹਿੱਸਾ ਖ਼ਰੀਦਿਆ ਜੋ ਖ਼ਬਰਾਂ ਦੇ ਟੀ ਵੀ ਚੈਨਲ ਅਤੇ ਮਨੋਰੰਜਨ ਚੈਨਲ ਚਲਾਉਂਦਾ ਹੈ। ਸਿਰਫ਼ ਇਨਫੋਟੈ¤ਲ ਕੋਲ ਹੀ ਨੈਸ਼ਨਲ 4-ਜੀ ਬਰਾਂਡ ਬੈਂਡ ਲਾਇਸੰਸ ਹੈ। ਇਸ ਕੋਲ ਆਪਣੀ ਕ੍ਰਿਕਟ ਟੀਮ ਵੀ ਹੈ।
ਆਰ ਆਈ ਐ¤ਲ ਉਨ੍ਹਾਂ ਮੁੱਠੀ ਭਰ ਕਾਰਪੋਰੇਸ਼ਨਾਂ, ਕੁਝ ਦੇ ਮਾਲਕ ਘਰਾਣੇ ਹਨ ਤੇ ਕੁਝ ਦੇ ਨਹੀਂ, ਵਿਚੋਂ ਇਕ ਹੈ ਜੋ ਭਾਰਤ ਨੂੰ ਕੰਟਰੋਲ ਕਰ ਰਹੇ ਹਨ। ਕੁਝ ਹੋਰ ਹਨ ਟਾਟਾ, ਜਿੰਦਲ, ਵੇਦਾਂਤ, ਮਿੱਤਲ, ਇਨਫੋਸਿਸ, ਐਸਾਰ ਅਤੇ ਮੁਕੇਸ਼ ਦੇ ਭਾਈ ਅਨਿਲ ਦੀ ਦੂਜੀ ਰਿਲਾਇੰਸ (1417)। ਇਨ੍ਹਾਂ ਦੀ ਵਿਕਾਸ ਦੌੜ ਯੂਰਪ, ਕੇਂਦਰੀ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਤੱਕ ਫੈਲੀ ਹੋਈ ਹੈ। ਮਿਸਾਲ ਵਜੋਂ, ਟਾਟੇ 80 ਦੇਸ਼ਾਂ ਵਿਚ 100 ਤੋਂ ਵੱਧ ਕੰਪਨੀਆਂ ਚਲਾਉਂਦੇ ਹਨ। ਇਹ ਭਾਰਤ ਦੀਆਂ ਸਭ ਤੋਂ ਵੱਡੀਆਂ ਨਿੱਜੀ ਊਰਜਾ ਕੰਪਨੀਆਂ ਵਿਚੋਂ ਇਕ ਹਨ।
ਕਿਉਂਕਿ ‘‘ਵਿਕਾਸ-ਫੁਟਾਰੇ ਦੇ ਮੰਤਰ’’ ਦੇ ਨੇਮ ਇਕ ਹੀ ਲਾਈਨ ਨਾਲ ਸਬੰਧਤ ਕਈ ਕੰਪਨੀਆਂ ਦੀ ਮਾਲਕੀ ਦੀ ਮਨਾਹੀ ਨਹੀਂ ਕਰਦੇ, ਤੁਹਾਡੇ ਕੋਲ ਜਿੰਨੀ ਵੱਧ ਹੋਵੇਗੀ, ਤੁਸੀਂ ਓਨੀ ਹੀ ਵੱਧ ਦੇ ਮਾਲਕ ਬਣ ਸਕਦੇ ਹੋ। ਇਸੇ ਦੌਰਾਨ, ਇਕ ਤੋਂ ਬਾਅਦ ਦੂਜੇ ਘੁਟਾਲੇ ਨੇ ਦਰਦਨਾਕ ਵਿਸਥਾਰ ’ਚ ਪੋਲ ਖੋਹਲਿਆ ਹੈ ਕਿ ਕਿਵੇਂ ਇਨ੍ਹਾਂ ਨੇ ਸਿਆਸਤਦਾਨਾਂ, ਜੱਜਾਂ, ਅਫ਼ਸਰਸ਼ਾਹਾਂ ਅਤੇ ਮੀਡੀਆ ਨੂੰ ਖ਼ਰੀਦ ਲਿਆ ਹੈ, ਕਿਵੇਂ ਇਨ੍ਹਾਂ ਨੇ ਜਮਹੂਰੀਅਤ ਖੋਖਲੀ ਕਰ ਦਿੱਤੀ ਹੈ ਜੋ ਸਿਰਫ਼ ਰਸਮੀ ਬਣਕੇ ਰਹਿ ਗਈ ਹੈ।
ਖਰਬਾਂ ਡਾਲਰ ਕੀਮਤ ਦੇ ਬਾਕਸਾਈਟ, ਕੱਚੇ ਲੋਹੇ, ਤੇਲ ਅਤੇ ਕੁਦਰਤੀ ਗੈਸ ਦੇ ਵਿਸ਼ਾਲ ਭੰਡਾਰ ਕੌਡੀਆਂ ਦੇ ਭਾਅ ਕਾਰਪੋਰੇਸ਼ਨਾਂ ਨੂੰ ਵੇਚ ਦਿੱਤੇ ਗਏ, ਖੁੱਲ੍ਹੀ ਮੰਡੀ ਦੇ ਕੁਢਰ ਤਰਕ ਦੀ ਵੀ ਪ੍ਰਵਾਹ ਨਹੀਂ ਕੀਤੀ ਗਈ। ਭ੍ਰਿਸ਼ਟ ਸਿਆਸਤਦਾਨਾਂ ਅਤੇ ਕਾਰਪੋਰੇਸ਼ਨਾਂ ਦੀ ਜੁੰਡਲੀ ਨੇ ਆਪੋ ਵਿਚ ਮਿਲੀ-ਭੁਗਤ ਰਾਹੀਂ ਭੰਡਾਰਾਂ ਦੀ ਮਾਤਰਾ ਅਤੇ ਜਨਤਕ ਅਸਾਸਿਆਂ ਦੇ ਅਸਲ ਮੰਡੀ ਮੁੱਲ ਬਾਰੇ ਅੰਦਾਜ਼ੇ ਘਟਾਕੇ ਪੇਸ਼ ਕੀਤੇ, ਜਿਸਦੇ ਸਿੱਟੇ ਵਜੋਂ ਅਰਬਾਂ ਡਾਲਰ ਜਨਤਕ ਧਨ ਹਥਿਆ ਲਿਆ ਗਿਆ।
ਇਸ ਤੋਂ ਅੱਗੇ ਜ਼ਮੀਨ ਹੜੱਪਣ ਦਾ ਮਾਮਲਾ ਹੈ-ਆਦਿਵਾਸੀ ਭਾਈਚਾਰਿਆਂ, ਦਹਿ ਲੱਖਾਂ ਲੋਕਾਂ ਦਾ ਜਬਰੀ ਉਜਾੜਾ ਜਿਨ੍ਹਾਂ ਦੀਆਂ ਜ਼ਮੀਨਾਂ ਖੋਹਕੇ ਨਿੱਜੀ ਕਾਰੋਬਾਰੀਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। (ਨਿੱਜੀ ਜਾਇਦਾਦ ਦੀ ਸੁਰੱਖਿਆ ਦੀ ਧਾਰਨਾ ਗ਼ਰੀਬ ਦੀ ਜਾਇਦਾਦ ਉ¤ਪਰ ਸ਼ਾਇਦ ਹੀ ਕਦੇ ਲਾਗੂ ਹੁੰਦੀ ਹੈ)।
ਜਨਤਕ ਬਗ਼ਾਵਤਾਂ ਉ¤ਠ ਖੜ੍ਹੀਆਂ ਹਨ, ਇਨ੍ਹਾਂ ਵਿਚੋਂ ਕਈ ਹਥਿਆਰਬੰਦ ਹਨ। ਸਰਕਾਰ ਨੇ ਇਨ੍ਹਾਂ ਨੂੰ ਦਬਾਉਣ ਲਈ ਫ਼ੌਜ ਲਾਉਣ ਦਾ ਸਪਸ਼ਟ ਸੰਕੇਤ ਦੇ ਦਿੱਤਾ ਹੈ।
ਸਹਿਮਤ ਨਾ ਹੋਣ ਵਾਲਿਆਂ ਨਾਲ ਨਜਿੱਠਣ ਦੀ ਕਾਰਪੋਰੇਸ਼ਨਾਂ ਦੀ ਆਪਣੀ ਗੁੱਝੀ ਰਣਨੀਤੀ ਹੈ। ਆਪਣੇ ਮੁਨਾਫ਼ਿਆਂ ਦੀ ਨਿਗੂਣੀ ਜਹੀ ਫ਼ੀ ਸਦੀ ਖ਼ਰਚਕੇ ਉਹ ਹਸਪਤਾਲ, ਵਿਦਿਅਕ ਸੰਸਥਾਵਾਂ ਅਤੇ ਟਰੱਸਟ ਚਲਾਉਂਦੇ ਹਨ, ਜੋ ਮੋੜਵੇਂ ਰੂਪ ’ਚ ਐ¤ਨ ਜੀ ਓ, ਸਿੱਖਿਆ ਸ਼ਾਸਤਰੀਆਂ, ਪੱਤਰਕਾਰਾਂ, ਕਲਾਕਾਰਾਂ, ਫਿਲਮਸਾਜ਼ਾਂ, ਸਾਹਿਤਕ ਸਮਾਗਮਾਂ  ਅਤੇ ਰੋਸ ਲਹਿਰਾਂ ਤੱਕ ਨੂੰ ਫੰਡ ਦਿੰਦੇ ਹਨ। ਇਹ ਜਨਤਕ ਰਾਇ ਬਣਾਉਣ ਵਾਲਿਆਂ ਨੂੰ ਭਰਮਾਕੇ ਆਪਣੇ ਪ੍ਰਭਾਵ ਹੇਠ ਕਰਨ ਦਾ ਢੰਗ ਹੈ। ਇਹ ਸੁਭਾਵਿਕ ਹਾਲਤ ’ਚ ਘੁਸਪੈਠ ਕਰਨ, ਸਧਾਰਨਤਾ ਨੂੰ ਗ਼ੁਲਾਮ ਬਣਾਉਣ ਦਾ ਢੰਗ ਹੈ ਤਾਂ ਜੋ ਇਨ੍ਹਾਂ ਨੂੰ ਚੁਣੌਤੀ ਦੇਣਾ ਉਸੇ ਤਰ੍ਹਾਂ ਬੇਤੁਕਾ (ਜਾਂ ਅਜੀਬ) ਜਾਪੇ ਜਿਵੇਂ ‘‘ਹਕੀਕਤ’’ ਨੂੰ ਚੁਣੌਤੀ ਦੇਣਾ। ਇੱਥੋਂ ਹੀ, ‘‘ਕੋਈ ਬਦਲ ਨਹੀਂ ਹੈ’’ ਦਾ ਤੱਟਫੱਟ, ਅਸਾਨ ਕਦਮ ਸ਼ੁਰੂ ਹੋ ਜਾਂਦਾ ਹੈ।
ਟਾਟੇ ਭਾਰਤ ਵਿਚ ਦੋ ਸਭ ਤੋਂ ਵੱਡੇ ਦਾਨੀ ਟਰੱਸਟ ਚਲਾ ਰਹੇ ਹਨ। (ਇਨ੍ਹਾਂ ਨੇ ‘ਲੋੜਵੰਦ’ ਸੰਸਥਾ ਹਾਰਵਰਡ ਬਿਜਨੈ¤ਸ ਸਕੂਲ ਨੂੰ 50 ਕਰੋੜ ਰੁਪਏ ਦਾਨ ਕੀਤੇ)। ਜਿੰਦਲ, ਜਿਸ ਦੇ ਖਾਣ ਖੋਦਣ, ਧਾਤਾਂ ਅਤੇ ਊਰਜਾ ਖੇਤਰਾਂ ’ਚ ਵੱਡੇ ਹਿੱਤ ਹਨ, ਜਿੰਦਲ ਗਲੋਬਲ ਲਾਅ ਸਕੂਲ ਚਲਾਉਂਦੇ ਹਨ ਅਤੇ ਛੇਤੀ ਹੀ ਜਿੰਦਲ ਸਕੂਲ ਆਫ ਗਵਰਨਮੈਂਟ ਐਂਡ ਪਬਲਿਕ ਪਾਲਿਸੀ ਖੋਹਲਣ ਜਾ ਰਹੇ ਹਨ। ਸਾਫਟਵੇਅਰ ਖੇਤਰ ਦੀ ਦਿਓਕੱਦ ਕੰਪਨੀ ਇਨਫੋਸਿਸ ਵਲੋਂ ਦਿੱਤੇ ਜਾਂਦੇ ਫੰਡਾਂ ਨਾਲ ਨਿਊ ਇੰਡੀਅਨ ਫਾਊਂਡੇਸ਼ਨ ਸਮਾਜ ਵਿਗਿਆਨੀਆਂ ਨੂੰ ਇਨਾਮ ਅਤੇ ਫੈਲੋਸ਼ਿੱਪਾਂ ਦਿੰਦੀ ਹੈ।
ਸਰਕਾਰ, ਵਿਰੋਧੀ-ਧਿਰ, ਅਦਾਲਤਾਂ, ਸੰਚਾਰ ਮਾਧਿਅਮਾਂ ਅਤੇ ਉਦਾਰ ਖ਼ਿਆਲਾਂ ਵਾਲਿਆਂ ਨੂੰ ਕਾਬੂ ਕਰਨ ਦਾ ਕੰਮ ਨਬੇੜਕੇ, ਹੁਣ ਵਧ ਰਹੀ ਬੇਚੈਨੀ, ‘‘ਲੋਕ ਤਾਕਤ’’ ਦੇ ਖ਼ਤਰੇ, ਨਾਲ ਨਜਿੱਠਣ ਦਾ ਕੰਮ ਬਾਕੀ ਹੈ। ਇਸਨੂੰ ਕਾਬੂ ਕਿਵੇਂ ਕੀਤਾ ਜਾਵੇ? ਰੋਸ ਮੁਜ਼ਾਹਰੇ ਕਰਨ ਵਾਲਿਆਂ ਨੂੰ ਪਾਲਤੂ ਕਿਵੇਂ ਬਣਾਇਆ ਜਾਵੇ? ਲੋਕ ਰੋਹ ਨੂੰ ਖਾਰਜ ਕਰਕੇ ਅੰਨ੍ਹੀ ਗਲੀ ਵੱਲ ਕਿਵੇਂ ਮੋੜਿਆ ਜਾਵੇ?
ਭਾਰਤ ਵਿਚ ਅੰਨਾ ਹਜ਼ਾਰੇ ਦੀ ਅਗਵਾਈ ਵਾਲੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਇਸਦੀ ਉਮਦਾ ਮਿਸਾਲ ਹੈ। ਜ਼ਿਆਦਾਤਰ ਮੱਧਵਰਗੀ ਲੋਕਾਂ ਦੀ ਇਹ ਲਹਿਰ ਬੜਬੋਲੀ ਕੌਮਵਾਦੀ ਲਹਿਰ ਹੈ। ਕਾਰਪੋਰੇਟ ਸਰਪ੍ਰਸਤੀ ਹੇਠ ਦਿਨ-ਰਾਤ ਚੱਲਣ ਵਾਲੀ ਮੀਡੀਆ ਮੁਹਿੰਮ ਨੇ ਇਸਨੂੰ ‘‘ਅਵਾਮ ਦੀ ਆਵਾਜ਼’’ ਬਣਾਕੇ ਪੇਸ਼ ਕੀਤਾ। ਇਸ ਵਲੋਂ ਅਜਿਹੇ ਕਾਨੂੰਨ ਦੀ ਮੰਗ ਕੀਤੀ ਗਈ ਜੋ ਜਮਹੂਰੀਅਤ ਦੀ ਰਹਿੰਦ-ਖੂੰਹਦ ਦਾ ਵੀ ਭੋਗ ਪਾਉਂਦਾ ਸੀ।
‘ਵਾਲ ਸਟਰੀਟ ਉ¤ਪਰ ਕਬਜ਼ਾ ਕਰੋ’ ਲਹਿਰ ਦੇ ਉਲਟ, ਇਸਨੇ ਨਿੱਜੀਕਰਨ, ਕਾਰਪੋਰੇਟਾਂ ਦੀਆਂ ਅਜਾਰੇਦਾਰੀਆਂ ਜਾਂ ਆਰਥਕ ‘‘ਸੁਧਾਰਾਂ’’ ਵਿਰੁੱਧ ਇਕ ਲਫਜ਼ ਵੀ ਨਹੀਂ ਬੋਲਿਆ। ਇਸਦੇ ਪ੍ਰਮੁੱਖ ਮੀਡੀਆ ਸਰਪ੍ਰਸਤ ਕਾਰਪੋਰੇਟਾਂ ਵਲੋਂ ਕੀਤੇ ਬੇਥਾਹ ਘਪਲਿਆਂ ਤੋਂ ਧਿਆਨ ਹਟਾਉਣ ’ਚ ਕਾਮਯਾਬ ਹੋ ਗਏ ਅਤੇ ਇਨ੍ਹਾਂ ਨੇ ਸਿਆਸਤਦਾਤਾਂ ਦੇ ਜਨਤਾ ਦੀਆਂ ਨਜ਼ਰਾਂ ’ਚ ਡਿਗ ਜਾਣ ਦਾ ਲਾਹਾ ਲੈਕੇ ਸਰਕਾਰ ਦੀਆਂ ਇਖ਼ਤਿਆਰੀ ਤਾਕਤਾਂ ਵਾਪਸ ਲੈਣ, ਹੋਰ ਵਧੇਰੇ ਸੁਧਾਰ ਅਤੇ ਹੋਰ ਵਧੇਰੇ ਨਿੱਜੀਕਰਨ ਕਰਨ ਦਾ ਹੋਕਾ ਦਿੱਤਾ।
ਦੋ ਦਹਾਕੇ ਤੋਂ ਲਾਗੂ ਇਨ੍ਹਾਂ ‘‘ਸੁਧਾਰਾਂ’’ ਅਤੇ ਇਨ੍ਹਾਂ ਦੇ ਸਪਸ਼ਟ ਰੋਜ਼ਗਾਰ-ਵਿਹੂਣੇ ਆਰਥਕ ਵਾਧੇ ਤੋਂ ਬਾਅਦ ਭਾਰਤ ਵਿਚ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ। ਇਸਦੇ ਅੱਠ ਸੂਬਿਆਂ ਦੇ ਲੋਕ ਅਫ਼ਰੀਕੀ ਮਹਾਂਦੀਪ ਦੇ 26 ਦੇਸ਼ਾਂ ਨਾਲੋਂ ਵੀ ਵੱਧ ਗਿਣਤੀ ’ਚ ਗ਼ਰੀਬ ਹਨ। ਅਤੇ ਹੁਣ ਕੌਮਾਂਤਰੀ ਮਾਲੀ ਸੰਕਟ ਖ਼ਤਮ ਹੋਣ ਜਾ ਰਿਹਾ ਹੈ। ਆਰਥਕ ਵਾਧਾ ਦਰ 6.9 ਫ਼ੀ ਸਦੀ ’ਤੇ ਜਾ ਡਿਗੀ ਹੈ। ਬਦੇਸ਼ੀ ਪੂੰਜੀ-ਨਿਵੇਸ਼ ਵਾਪਸ ਲਿਆ ਜਾ ਰਿਹਾ ਹੈ।
ਇਸਤੋਂ ਸਾਬਤ ਹੁੰਦਾ ਹੈ ਕਿ ਸਰਮਾਏਦਾਰੀ ਦਾ ਕਬਰ-ਪੁੱਟ ਮਾਰਕਸ ਦਾ ਇਨਕਲਾਬੀ ਪ੍ਰੋਲੇਤਾਰੀਆ ਨਹੀਂ ਸਗੋਂ ਸਰਮਾਏਦਾਰੀ ਦੇ ਆਪਣੇ ਭਰਮ ਦੇ ਸ਼ਿਕਾਰ ਮੁੱਖੀ ਹਨ ਜਿਨ੍ਹਾਂ ਨੇ ਵਿਚਾਰਧਾਰਾ ਨੂੰ ਅਕੀਦਾ ਬਣਾ ਲਿਆ ਹੈ। ਲਗਦਾ ਹੈ ਕਿ ਉਨ੍ਹਾਂ ਨੂੰ ਇਸ ਹਕੀਕਤ ਨੂੰ ਸਮਝਣ ਜਾਂ ਪੌਣਪਾਣੀ ’ਚ ਤਬਦੀਲੀ ਦੇ ਵਿਗਿਆਨ ਨੂੰ ਆਤਮਸਾਤ ਕਰਨ ’ਚ ਮੁਸ਼ਕਲ ਆ ਰਹੀ ਹੈ ਜੋ ਸਾਫ਼-ਸਾਫ਼ ਸੁਨੇਹਾ ਦੇ ਰਿਹਾ ਹੈ ਕਿ ਸਰਮਾਏਦਾਰੀ (ਇਸਦੀ ਚੀਨੀ ਵੰਨਗੀ ਸਮੇਤ) ਧਰਤੀ ਨੂੰ ਤਬਾਹ ਕਰ ਰਹੀ ਹੈ।
‘‘ਬੂੰਦ-ਬੂੰਦ ਸਿਧਾਂਤ’’ ਫੇਲ੍ਹ ਹੋ ਗਿਆ। ਹੁਣ ‘‘ਵਿਕਾਸ-ਉਛਾਲਾ’’ ਵੀ ਮੁਸੀਬਤ ’ਚ ਘਿਰਿਆ ਹੋਇਆ ਹੈ। ਜਿਉਂ ਹੀ ਮੁੰਬਈ ਦੇ ਕਾਲੇ ਅੰਬਰ ’ਚ ਪਹਿਲੇ ਤਾਰੇ ਚਮਕਣ ਲੱਗਦੇ ਹਨ, ਕੜ-ਕੜ ਕਰਦੇ ਵਾਕੀ-ਟਾਕੀ ਚੁੱਕੀ ਲਿਨਨ ਦੀਆਂ ਚੁਸਤ ਕਮੀਜ਼ਾਂ ਪਹਿਨੀਂ ਸੁਰੱਖਿਆ ਅਮਲਾ ਅੰਟਿਲਾ ਮਹਿਲ ਦੇ ਗੇਟਾਂ ਉ¤ਪਰ ਪ੍ਰਗਟ ਹੋ ਜਾਂਦਾ ਹੈ ਜਿੱਥੋਂ ਅੱਗੇ ਜਾਣ ਦੀ ਮਨਾਹੀ ਹੈ। ਰੌਸ਼ਨੀਆਂ ਜਗਮਗਾ ਉ¤ਠਦੀਆਂ ਹਨ। ਸ਼ਾਇਦ ਭੂਤਾਂ ਦੇ ਬਾਹਰ ਨਿਕਲਣ ਅਤੇ ਨੱਚਣ ਦਾ ਵਕਤ ਹੋ ਗਿਆ ਹੈ।

ਅਨੁਵਾਦ : ਬੂਟਾ ਸਿੰਘ
ਫ਼ੋਨ : +9194634-74342

Advertisements
 
Leave a comment

Posted by on January 29, 2012 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

 
%d bloggers like this: