RSS

ਲੋਕ ਕਲਾਕਾਰ ਜੀਤਨ ਮਾਰੰਡੀ ਨੂੰ ਸਜ਼ਾ-ਏ-ਮੌਤ ਦੀ ਸਾਜ਼ਿਸ਼

10 Nov
 
—ਬੂਟਾ ਸਿੰਘ

ਜਦੋਂ ਪਿੱਛੇ ਜਹੇ ਛੱਤੀਸਗੜ੍ਹ ਦੇ ਅਧਿਕਾਰ ਕਾਰਕੁਨ ਡਾ. ਬਿਨਾਇਕ ਸੇਨ ਨੂੰ ਰਾਏਪੁਰ ਦੀ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤਾਂ ਦੁਨੀਆ ਦੇ ਕੋਨੇ-ਕੋਨੇ ਤੋਂ ਇਸ ਦਾ ਵਿਰੋਧ ਹੋਇਆ ਸੀ। ਬਾਅਦ ‘ਚ ਸਰਵਉੱਚ ਅਦਾਲਤ ਵਲੋਂ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ। ਹੁਣ 23 ਜੂਨ 2011 ਨੂੰ ਝਾਰਖੰਡ ਦੇ ਗਿਰਡੀਹ ਜ਼ਿਲ੍ਹੇ ਦੀ ਸੈਸ਼ਨ ਅਦਾਲਤ ਨੇ  ਝਾਰਖੰਡ ਦੇ ਲੋਕ ਕਲਾਕਾਰ ਜੀਤਨ ਮਾਰੰਡੀ ਸਮੇਤ ਚਾਰ ਵਿਅਕਤੀਆਂ ਮਨੋਜ ਰਜਵਾਰ, ਛਤਰਪਤੀ ਮੰਡਲ ਅਤੇ ਅਨਿਲ ਰਾਮ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਹੈ।
ਇਹ ਸਜ਼ਾ 26 ਅਕਤੂਬਰ 2007 ਨੂੰ ਗਿਰਡੀਹ ਜ਼ਿਲ੍ਹੇ ਦੇ ਚਿਲਖਾਰੀ ਪਿੰਡ ‘ਚ ਹੋਏ ਕਤਲ ਕਾਂਡ ਦੇ ਸਿਲਸਿਲੇ ‘ਚ ਸੁਣਾਈ ਗਈ ਹੈ ਜਿਸ ਵਿਚ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਾਰੰਡੀ ਦੇ ਪੁੱਤਰ ਅਨੂਪ ਮਾਰੰਡੀ ਸਮੇਤ 19 ਵਿਅਕਤੀ ਮਾਰੇ ਗਏ ਸਨ। ਕਿਹਾ ਜਾਂਦਾ ਹੈ ਕਿ ਇਹ ਕਤਲ ਕਾਂਡ ਮਾਓਵਾਦੀਆਂ ਨੇ ਕੀਤਾ ਸੀ। ਇਸ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣਾ ਹੋਰ ਗੱਲ ਹੈ ਪਰ ਜੇ ਇਸ ਜੁਰਮ ਹੇਠ ਨਿਰਦੋਸ਼ ਲੋਕਾਂ ਨੂੰ ਸਜ਼ਾ ਭੁਗਤਣੀ ਪਵੇ ਤਾਂ ਇਹ ਸਿਰੇ ਦੀ ਘਟੀਆ ਤੇ ਨਿੰਦਣਯੋਗ ਕਾਰਵਾਈ ਹੈ।
ਇਸ ਕਾਂਡ ਤੋਂ ਬਾਅਦ 28 ਅਕਤੂਬਰ 2007 ਨੂੰ ਬਾਬੂਲਾਲ ਮਾਰੰਡੀ ਦੇ ਭਰਾ ਨੁਨੂਲਾਲ ਮਾਰੰਡੀ ਦੇ ਅੰਗ ਰੱਖਿਅਕ ਪੂਰਨ ਕਿਸਕੂ ਨੇ ਦੇਵਰੀ ਥਾਣੇ ਵਿਚ ਰਪਟ ਦਰਜ ਕਰਾਕੇ ਕਿਸੇ ਜੀਤਨ ਮਾਰੰਡੀ ਸਮੇਤ ਦਸ ਵਿਅਕਤੀਆਂ ਨੂੰ ਇਸ ਕਾਂਡ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਵਿਚ ਕਿਸੇ ਦੋਸ਼ੀ ਦੇ ਪਿੰਡ ਜਾਂ ਬਾਪ ਦਾ ਨਾਂ ਨਹੀਂ ਦੱਸਿਆ ਗਿਆ ਸੀ। ਇਸ ਤੋਂ ਬਾਅਦ ਰਾਂਚੀ ਤੋਂ ਛਪਦੇ ”ਪ੍ਰਭਾਤ ਖ਼ਬਰ” ਦੇ 29 ਅਕਤੂਬਰ ਅੰਕ ‘ਚ ”ਹਮਲਾਵਰ ਨਕਸਲੀਆਂ ਦੀ ਸ਼ਨਾਖ਼ਤ ਹੋ ਗਈ” ਸਿਰਲੇਖ ਹੇਠ ਖ਼ਬਰ ਛਪੀ ਸੀ ਕਿ ਉਹ ਜੀਤਨ ਮਾਰੰਡੀ ਹੀ ਕਤਲ ਕਾਂਡ ਨੂੰ ਅੰਜ਼ਾਮ ਦੇਣ ਵਾਲੇ ਦਸਤੇ ਦੀ ਅਗਵਾਈ ਕਰ ਰਿਹਾ ਸੀ ਜੋ ਪਿਛਲੇ ਦਿਨੀਂ ਸਿਆਸੀ ਕੈਦੀਆਂ ਦੀ ਰਿਹਾਈ ਲਈ ਲਈ ਰਾਂਚੀ ‘ਚ ਆਯੋਜਤ ਕੀਤੀ ਰੈਲੀ ‘ਚ ਸ਼ਾਮਲ ਸੀ। ਨਾਲ ਹੀ ਉਸਦੀ ਤਸਵੀਰ ਵੀ ਛਾਪੀ ਗਈ ਸੀ। ਫਿਰ ਦੂਸਰੇ ਹੀ ਦਿਨ 30 ਅਕਤੂਬਰ ਦੇ ਅੰਕ ‘ਚ ਉਸ ਖ਼ਬਰ ਦੀ ਭੁੱਲ ਦੀ ਸੋਧ ਛਾਪੀ ਗਈ ਕਿ ”ਹਮਲਾਵਰ ਨਕਸਲੀਆਂ ਦੀ ਸ਼ਨਾਖ਼ਤ ਹੋ ਗਈ” ਸਿਰਲੇਖ ਵਾਲੀ ਜਿਸ ਖ਼ਬਰ ਵਿਚ ਜੋ ਜੀਤਨ ਮਾਰੰਡੀ ਦੀ ਤਸਵੀਰ ਛਪੀ ਸੀ ਉਹ ਚਿਲਖਾਰੀ ਕਾਂਡ ਦੀ ਐੱਫ ਆਈ ਆਰ ‘ਚ ਦਰਜ ਜੀਤਨ ਮਾਰੰਡੀ ਨਹੀਂ ਹੈ। ਇਹ ਤਸਵੀਰ ਉਸ ਜੀਤਨ ਮਾਰੰਡੀ ਦੀ ਹੈ ਜਿਸ ਨੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਰਾਂਚੀ ‘ਚ ਆਯੋਜਤ ਰੈਲੀ ‘ਚ ਤਕਰੀਰ ਕੀਤੀ ਸੀ ਅਤੇ ਉਹ ਅਕਸਰ ਹੀ ਅਜਿਹੇ ਪ੍ਰ੍ਰੋਗਰਾਮਾਂ ‘ਚ ਸ਼ਾਮਲ ਹੁੰਦਾ ਹੈ। ਅਖ਼ਬਾਰ ਨੇ ਇਸ ਭੁੱਲ ‘ਤੇ ਅਫਸੋਸ ਜ਼ਾਹਰ ਕੀਤਾ।
ਪ੍ਰਭਾਤ ਖ਼ਬਰ ਨੇ ਆਪਣੀ ਭੁੱਲ ਸੁਧਾਰਨ ਦੇ ਨਾਲ-ਨਾਲ ਇਹ ਵੀ ਸਪਸ਼ਟ ਕਰ ਦਿੱਤਾ ਕਿ ਜੀਤਨ ਮਾਰੰਡੀ ਨਾਂ ਦੇ ਦੋ ਵਿਅਕਤੀ ਹਨ। ਇਸ ਨਾਲ ਪੁਲਿਸ ਮਹਿਕਮੇ ‘ਚ ਖਲਬਲੀ ਮੱਚ ਗਈ। ਪੁਲਿਸ ਵਲੋਂ ਦੋਸ਼ੀਆਂ ਦੀ ਸ਼ਨਾਖ਼ਤ ਕਰ ਲਏ ਜਾਣ ਦੇ ਦਾਅਵੇ ‘ਤੇ ਸਵਾਲੀਆ ਚਿੰਨ ਲਗ ਗਿਆ। ਹੋਰ ਅਖ਼ਬਾਰਾਂ ‘ਚ ਵੀ ਇਹ ਕੁਝ ਛਪ ਗਿਆ। ਫੇਰ ਮਾਮਲਾ ਦੱਬ ਗਿਆ।
ਅਚਾਨਕ ਪੰਜ ਮਹੀਨੇ ਬਾਅਦ 5 ਅਪ੍ਰੈਲ 2008 ਨੂੰ ਰਾਂਚੀ ਦੇ ਰਾਤੂ ਰੋਡ ਤੋਂ ਸਾਦੇ ਕੱਪੜਿਆਂ ‘ਚ ਪੁਲਿਸ ਨੇ ਉਸ ਜੀਤਨ ਮਾਰੰਡੀ ਨੂੰ ਫੜ ਲਿਆ ਜਿਸਨੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਪ੍ਰੋਗਰਾਮ ‘ਚ ਤਕਰੀਰ ਕੀਤੀ ਸੀ। ਭੜਕਾਊ ਤਕਰੀਰ ਕਰਨ ਅਤੇ ਸੜਕ ‘ਤੇ ਜਾਮ ਲਾਉਣ ਦੇ ਦੋਸ਼ ਤਹਿਤ 1 ਅਕਤੂਬਰ 2009 ਦੇ ਇਕ ਪੁਰਾਣੇ ਮਾਮਲੇ ‘ਚ ਉਸਦੀ ਗ੍ਰਿਫ਼ਤਾਰੀ ਦਿਖਾਈ ਗਈ। ਉਸਨੂੰ ਰਾਂਚੀ ਹਟਵਾਰ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਕਿ ਇਸ ਮਾਮਲੇ ‘ਚ ਉਸ ਦੀ ਜ਼ਮਾਨਤ ਹੋ ਜਾਂਦੀ, 12 ਅਪ੍ਰੈਲ ਨੂੰ ਗਿਰਡੀਹ ਪੁਲਿਸ ਨੇ ਉਸਦਾ ਚਿਲਖਾਰੀ ਕਾਂਡ 137/07 ‘ਚ ਰਿਮਾਂਡ ਲੈ ਲਿਆ। ਪ੍ਰਭਾਤ ਖ਼ਬਰ ਦੀ ਭੁੱਲ ਦੀ ਸੋਧ ਨੂੰ ਟਿੱਚ ਜਾਣਦੇ ਹੋਏ ਕਲਾਕਾਰ ਜੀਤਨ ਮਾਰੰਡੀ ਨੂੰ ਇਸ ਕਾਂਡ ਦਾ ਮੁਜਰਮ ਬਣਾ ਦਿੱਤਾ ਗਿਆ।
ਜੀਤਨ ਮਾਰੰਡੀ ਦੀ ਪਤਨੀ ਅਪਰਨਾ ਮਾਰੰਡੀ ਸਮੇਤ ਝਾਰਖੰਡ ਦੇ ਵੱਖ-ਵੱਖ ਹਿੱਸਿਆਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਜੀਤਨ ਮਾਰੰਡੀ ਨੂੰ ਸਾਜ਼ਿਸ਼ ਤਹਿਤ ਇਸ ਮਾਮਲੇ ‘ਚ ਫਸਾਇਆ ਗਿਆ ਹੈ ਅਤੇ ਉਹ ਨਿਰਦੋਸ਼ ਹੈ। ਇਹ ਦਾਅਵੇ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਹੁਤ ਪਹਿਲਾਂ ਤੋਂ ਕੀਤੇ ਜਾ ਰਹੇ ਹਨ। ਉਸਦੀ ਗ੍ਰਿਫ਼ਤਾਰੀ ਦੇ ਸਮੇਂ ਤੋਂ ਹੀ ਇਹ ਆਵਾਜ਼ ਉੱਠਦੀ ਰਹੀ ਹੈ ਕਿ ਉਸ ਨੂੰ ਇਕ ਅਧਾਰ ‘ਤੇ ਇਸ ਮਾਮਲੇ ‘ਚ ਫਸਾਇਆ ਗਿਆ ਕਿਉਂਕਿ ਉਸ ਦਾ ਨਾਂ ਜੀਤਨ ਨਾਂ ਦੇ ਇਕ ਨਕਸਲੀ ਨਾਲ ਮਿਲਦਾ ਜੁਲਦਾ ਹੈ। ਝਾਰਖੰਡ ਵਿਕਾਸ ਮੋਰਚਾ ਦੇ ਕੇਂਦਰੀ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ. ਸਵਾ ਅਹਿਮਦ ਨੇ ਚਿਲਖਾਰੀ ਕਾਂਡ ਦੀ ਸੀ ਆਈ ਡੀ ਜਾਂਚ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ”ਪੁਲਿਸ ਨੇ ਕਿਸੇ ਹੋਰ ਜੀਤਨ ਮਾਰੰਡੀ ਦੇ ਬਦਲੇ ਸੱਭਿਆਚਾਰਕ ਕਾਮੇ ਜੀਤਨ ਮਾਰੰਡੀ ਨੂੰ ਜੇਲ੍ਹ ‘ਚ ਡੱਕ ਦਿੱਤਾ। ਆਪਣੀ ਚਮੜੀ ਬਚਾਉਣ ਲਈ ਨਿਰਦੋਸ਼ ਜੀਤਨ ਮਾਰੰਡੀ ਨੂੰ ਅੱਧੀ ਦਰਜਨ ਤੋਂ ਵੱਧ ਨਕਸਲੀ ਵਾਰਦਾਤਾਂ ‘ਚ ਮੁਜਰਮ ਬਣਾ ਦਿੱਤਾ ਗਿਆ।” ਇਹ ਸਾਰੇ ਦਾਅਵੇ ਮਹਿਜ਼ ਖੋਖਲੇ ਨਹੀਂ ਹਨ। ਨਾਟਕੀ ਢੰਗ ਨਾਲ ਕੀਤੀ ਗਈ ਉਸ ਦੀ ਗ੍ਰਿਫ਼ਤਾਰੀ ਤੋਂ ਲੈਕੇ ਪੁਲਿਸ ਡਾਇਰੀ, ਮਾਮਲੇ ਦੀ ਸੁਣਵਾਈ, ਗਵਾਹੀਆਂ ਆਦਿ ਪੂਰੇ ਸਿਲਸਿਲੇ ਵੱਲ ਗ਼ੌਰ ਕੀਤਾ ਜਾਵੇ ਤਾਂ ਬਹੁਤ ਕੁਝ ਸਪਸ਼ਟ ਹੋ ਜਾਂਦਾ ਹੈ।
ਦੇਵਰੀ ਕਾਂਡ ਨੰਬਰ 167/07 ਦੇ ਰੋਜ਼ਨਾਮਚੇ ਦੇ ਪੈਰਾ 37 ‘ਚ ਲਿਖਿਆ ਗਿਆ ਹੈ ਕਿ, ”ਇਸ ਕਾਂਡ ‘ਚ ਦੇਵਰੀ ਥਾਣਾ ਦੇ ਪੱਤਰ ਨੰਬਰ 205/08 ਮਿਤੀ 21.2.08 ਰਾਹੀਂ ਇਕ ਰਿਪੋਰਟ ਥਾਣਾ ਮੁਖੀ ਨਿਮਿਆਘਾਟ ਜ਼ਿਲ੍ਹਾ ਗਿਰਡੀਹ ਲਈ ਤਿਆਰ ਕੀਤੀ ਗਈ, ਜਿਸ ਰਾਹੀਂ ਕਾਂਡ ਦੇ ਮੁਜਰਮ ਜੀਤਨ ਮਾਰੰਡੀ ਉਰਫ਼ ਸ਼ਿਆਮ ਲਾਲ ਕਿਸਕੂ ਵਲਦ ਕਾਟੀ ਕਿਸਕੂ ਪਿੰਡ ਥੋਸਾਫੁਲੀ, ਟੋਲਾ ਜੋਗਨੀ ਆਟਾ, ਥਾਣਾ ਨਿਮਿਆਘਾਟ ਜ਼ਿਲ੍ਹਾ ਗਿਰਡੀਹ ਦੇ ਵਿਰੁੱਧ ਕੁਰਕੀ ਕਰਨ ਲਈ ਕਿਹਾ ਗਿਆ ਅਤੇ ਨਾਲ ਹੀ ਵਾਰੰਟ ਤੇ ਕੁਰਕੀ ਨਾਲ ਲਗਾ ਦਿੱਤੀ ਗਈ।” ਹੁਣ ਸਪਸ਼ਟ ਹੈ ਪੁਲਿਸ ਨੂੰ ਜਿਸ ਜੀਤਨ ਮਾਰੰਡੀ ਦੀ ਤਲਾਸ਼ ਸੀ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਸ ਜੀਤਨ ਮਾਰੰਡੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੇ ਬਾਪ ਦਾ ਨਾਂ ਬੁਧਨ ਮਾਰੰਡੀ ਹੈ ਅਤੇ ਪਿੰਡ ਕਰੰਦੋ (ਚਿਲਗਾ) ਥਾਣਾ ਪੀਰਟਾਂਡ ਜ਼ਿਲ੍ਹਾ ਗਿਰਡੀਹ ਹੈ।
ਉਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਇਕ ਨਵੀਂ ਕਹਾਣੀ ਤਿਆਰ ਕੀਤੀ ਜਾਂਦੀ ਹੈ। 25.2.08 ਨੂੰ ਤਿੰਨ ਨਵੇਂ ਗਵਾਹ ਮੋਤੀ ਰਾਮ, ਪਤੀ ਰਾਏ ਅਤੇ ਸੁਖਦੇਵ ਮਾਰੰਡੀ ਭੁਗਤਾਏ ਜਾਂਦੇ ਹਨ । ਇਹ ਪੁਲਿਸ ਸਾਹਮਣੇ ਦਿੱਤੇ ਗਏ ਬਿਆਨਾਂ ‘ਚ ਦੋ ਜੀਤਨ ਮਾਰੰਡੀ ਦੇ ਨਾਂ ਲੈਂਦੇ ਹਨ, ਇਕ ਜੀਤਨ ਮਾਰੰਡੀ ਨਿਮਿਆਘਾਟ ਦਾ ਅਤੇ ਦੂਜਾ ਪੀਰਟਾਂਡ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜੋ ਝਾਰਖੰਡ ਏ-ਵਨ (ਸੱਭਿਆਚਾਰਕ ਜਥੇਬੰਦੀ) ਚਲਾਉਂਦਾ ਹੈ। ਇਸ ਤਰ੍ਹਾਂ ਉਸ ਜੀਤਨ ਮਾਰੰਡੀ ਦਾ ਨਾਂ ਉਸ ਕਾਂਡ ਵਿਚ ਘੜੀਸ ਲਿਆਂਦਾ ਗਿਆ ਜਿਸ ਬਾਰੇ ਪ੍ਰਭਾਤ ਖ਼ਬਰ ਨੇ ਪਹਿਲਾਂ ਹੀ ਗ਼ਲਤੀ ਮੰਨ ਲਈ ਸੀ। ਹਾਲਾਂਕਿ ਪਹਿਲੇ ਗਵਾਹਾਂ ਨੇ ਸਿਰਫ਼ ਇਕ ਹੀ ਜੀਤਨ ਮਾਰੰਡੀ ਦਾ ਨਾਂ ਲਿਆ ਸੀ। ਜਿਸ ਨਾਲ ਉਸ ਦੇ ਬਾਪ ਜਾਂ ਸਰਨਾਵੇਂ ਦਾ ਕੋਈ ਜ਼ਿਕਰ ਨਹੀਂ ਸੀ। ਇਸੇ ਅਨੁਸਾਰ ਮੈਜਿਸਟ੍ਰੇਟ ਮੂਹਰੇ ਬਿਆਨ ਨੰ. 164 ਵੀ ਦਰਜ ਕੀਤਾ ਜਾ ਚੁੱਕਾ ਹੈ।
ਇਸ ਤਰ੍ਹਾਂ ਨਵੇਂ ਸਿਰਿਓਂ ਪੀਰਟਾਂਡ ਦੇ ਜੀਤਨ ਮਾਰੰਡੀ ਨੂੰ ਮੁਜਰਮਾਂ ਦੀ ਸੂਚੀ ‘ਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਗਈ। ਇਸ ਤੋਂ ਬਾਅਦ 12 ਅਪ੍ਰੈਲ 08 ਨੂੰ ਗਿਰਡੀਹ ਪੁਲਿਸ ਨੇ ਉਨ੍ਹਾਂ ਨੂੰ ਫਟਾਫਟ ਹਿਰਾਸਤ ‘ਚ ਲੈਕੇ 30.06.08 ਨੂੰ ਯਾਨੀ ਤੀਹ ਦਿਨਾਂ ਦੇ ਅੰਦਰ ਦੋਸ਼ਪੱਤਰ ਦਾਖ਼ਲ ਕਰਕੇ ਜ਼ਮਾਨਤ ਦੀ ਗੁੰਜਾਇਸ਼ ਹੀ ਖ਼ਤਮ ਕਰ ਦਿੱਤੀ। ਉਹ ਸਾਰੇ ਮੁਕੱਦਮੇ ਉਸ ਉੱਪਰ ਪਾ ਦਿੱਤੇ ਗਏ ਜੋ ਉਸ ਜੀਤਨ ਮਾਰੰਡੀ ਉੱਪਰ ਲੱਗੇ ਹੋਏ ਸਨ ਜਿਸਦੀ ਪੁਲਿਸ ਨੂੰ ਪਹਿਲਾਂ ਤੋਂ ਭਾਲ ਸੀ। ਇਹ ਸਾਰੇ ਮੁਕੱਦਮੇ ਝੂਠੇ ਸਾਬਤ ਹੁੰਦੇ ਹਨ। ਕਿਉਂਕਿ ਇਹ ਮੁਕੱਦਮੇ ਕਿਸੇ ਹੋਰ ਜੀਤਨ ਮਾਰੰਡੀ ਉੱਪਰ ਦਰਜ ਕੀਤੇ ਗਏ ਸਨ। ਜਿਵੇਂ ਪੀਰਟਾਂਡ ਥਾਣਾ ਵਾਰਦਾਤ ਨੰਬਰ 42/08 ਦਾ ਮੁਕੱਦਮਾ ਉਸ ਉੱਪਰ ਪਾਇਆ ਗਿਆ ਜਦਕਿ ਇਸ ਕਾਂਡ ਵਕਤ ਉਹ ਪਹਿਲਾਂ ਹੀ ਇਕ ਹੋਰ ਮਾਮਲੇ ‘ਚ ਜੇਲ੍ਹ ਵਿਚ ਸੀ। ਦੂਸਰਾ ਮੁਕੱਦਮਾ ਤੀਸਰੀ ਥਾਣਾ ਵਾਰਦਾਤ ਨੰਬਰ 44/03 ਪਾਇਆ ਗਿਆ ਜਿਸ ਸਮੇਂ ਉਹ ਇਕ ਜਨਤਕ ਪ੍ਰੋਗਰਾਮ ‘ਚ ਹਿੱਸਾ ਲੈਂਦੇ ਹੋਏ ਗ੍ਰਿਫ਼ਤਾਰ ਹੋਣ ਉਪਰੰਤ ਆਦਰਸ਼ ਕੇਂਦਰੀ ਜੇਲ੍ਹ ਬੇਉਰ, ਪਟਨਾ ‘ਚ ਬੰਦ ਸੀ। ਇਸ ਸਾਰੇ ਕੁਝ ਦੇ ਬਾਵਜੂਦ ਸਾਰੇ ਮੁਕੱਦਮਿਆਂ ‘ਚ ਐੱਸ ਪੀ ਦੀ ਨਜ਼ਰਸਾਨੀ ਦਾ ਹਵਾਲਾ ਦੇ ਕੇ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਮੁਕੱਦਮੇ ‘ਚ ਫਸਾ ਦਿੱਤਾ ਗਿਆ।
ਮੁਕੱਦਮੇ ਦੌਰਾਨ ਗਵਾਹੀਆਂ ਦਾ ਅਮਲ ਹੋਰ ਵੀ ਸਾਜ਼ਿਸ਼ ਭਰਿਆ ਰਿਹਾ। ਜਿਨ੍ਹਾਂ ਤਿੰਨ ਗਵਾਹਾਂ ਰਾਹੀਂ ਦੋ ਵੱਖ-ਵੱਖ ਜੀਤਨ ਮਾਰੰਡੀ ਦੇ ਨਾਂ ਅਤੇ ਸਰਨਾਵੇਂ ਸਾਹਮਣੇ ਲਿਆਂਦੇ ਗਏ ਸਨ ਉਹ ਗਵਾਹ ਅਦਾਲਤ ‘ਚ ਆਕੇ ਇੱਥੋਂ ਤੱਕ ਮੁਕਰੇ ਕਿ ਕਿਸੇ ਦਾ ਨਾਂ ਨਹੀਂ ਲਿਆ। ਕਿਉਂਕਿ ਪੁਲਿਸ ਨੇ ਇਨ੍ਹਾਂ ਗਵਾਹਾਂ ਤੋਂ ਮੈਜਿਸਟ੍ਰੇਟ ਮੂਹਰੇ ਬਿਆਨ ਨਹੀਂ ਕਰਾਇਆ ਸੀ ਇਸ ਨਾਲ ਉਨ੍ਹਾਂ ਦੇ ਮੁੱਕਰ ਜਾਣ ਦਾ ਰਾਹ ਵੀ ਖੁੱਲ੍ਹਾ ਰੱਖਿਆ ਗਿਆ। ਇਹ ਪੂਰਾ ਅਮਲ ਪੁਲਿਸ ਦੀ ਗਿਣੀਮਿੱਥੀ ਚਾਲ ਕਹੀ ਜਾ ਸਕਦੀ ਹੈ। ਅਸਲ ਵਿਚ ਇਨ੍ਹਾਂ ਗਵਾਹਾਂ ਦੀ ਜ਼ਰੂਰਤ ਤਾਂ ਬਸ ਇੰਨੀ ਸੀ ਕਿ ਇਨ੍ਹਾਂ ਜ਼ਰੀਏ ਦੋ ਜੀਤਨ ਮਾਰੰਡੀ ਦੇ ਨਾਂ ਸਾਹਮਣੇ ਲਿਆਕੇ ਪੀਰਟਾਂਡ ਦੇ ਜੀਤਨ ਮਾਰੰਡੀ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਹੁਣ ਜਦੋਂ ਸਿਰਫ਼ ਇਕ ਜੀਤਨ ਮਾਰੰਡੀ ਯਾਨੀ ਪੀਰਟਾਂਡ ਵਾਲੇ ਜੀਤਨ ਮਾਰੰਡੀ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ ਤਾਂ ਅਦਾਲਤ ‘ਚ ਦੋ ਜੀਤਨ ਮਾਰੰਡੀ ਦੇ ਸ਼ਾਮਲ ਰਹਿਣ ਸਬੰਧੀ ਗਵਾਹੀਆਂ ਦਾ ਤੱਥ ਪੁਲਿਸ ਵਲੋਂ ਦਾਖ਼ਲ ਕੀਤੀ ਚਾਰਜਸ਼ੀਟ ਉੱਪਰ ਹੀ ਸਵਾਲ ਖੜ੍ਹੇ ਕਰ ਦਿੰਦਾ ਹੈ। ਮਹਿਜ਼ ਇਨ੍ਹਾਂ ਤੋਂ ਗਵਾਹੀ ਦੀ ਖ਼ਾਨਾਪੂਰਤੀ ਕਰਵਾਕੇ ਇਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।
ਹੁਣ ਬਾਕੀ ਦੇ ਉਹ ਦੋ ਗਵਾਹ ਅਹਿਮ ਹੋ ਗਏ ਜਿਨ੍ਹਾਂ ਨੂੰ ਬਿਆਨ ‘ਚ ਸਿਰਫ਼ ਇਕ ਜੀਤਨ ਮਾਰੰਡੀ ਦਾ ਨਾਂ ਰਟਾਇਆ ਗਿਆ ਸੀ। ਕਿਉਂਕਿ ਇਨ੍ਹਾਂ ਗਵਾਹਾਂ ਨੇ ਨਾ ਤਾਂ ਜੀਤਨ ਮਾਰੰਡੀ ਦੇ ਬਾਪ ਦਾ ਨਾਂ ਦੱਸਿਆ ਸੀ ਅਤੇ ਨਾ ਹੀ ਉਸਦਾ ਸਰਨਾਵਾਂ ਦੱਸਿਆ ਸੀ। ਇਸ ਕਚਘਰੜ ਬਿਆਨ ਨੂੰ ਮੁਕੰਮਲ ਸਾਬਤ ਕਰਨ ਲਈ ਜ਼ਰੂਰੀ ਸੀ ਇਨ੍ਹਾਂ ਗਵਾਹਾਂ ਤੋਂ ਜੀਤਨ ਮਾਰੰਡੀ ਦੀ ਸ਼ਨਾਖ਼ਤ ਕਰਾਈ ਜਾਵੇ। ਪੁਲਿਸ ਨੇ ਗਵਾਹਾਂ ਤੋਂ ਇਹੀ ਕੁਝ ਕਰਾਇਆ। ਪਰ ਇਹ ਸ਼ਨਾਖ਼ਤ ਸ਼ਨਾਖ਼ਤੀ ਪਰੇਡ ਜ਼ਰੀਏ ਨਹੀਂ ਕਰਾਈ ਗਈ ਜਿਵੇਂ ਕਿ ਆਮ ਤੌਰ ‘ਤੇ ਕੀਤਾ ਜਾਂਦਾ ਹੈ। ਬਲਕਿ ਸਰਕਾਰੀ ਗਵਾਹਾਂ ਕੋਲੋਂ ਅਦਾਲਤ ਦੇ ਕਟਹਿਰੇ ਵਿਚ ਖੜ੍ਹੇ ਜੀਤਨ ਦੀ ਪਛਾਣ ਕਰਾਈ।
ਇਸ ਸਬੰਧੀ ਜੀਤਨ ਮਾਰੰਡੀ ਵਲੋਂ ਅਦਾਲਤ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਤੌਰ ‘ਤੇ ਸੂਚਿਤ ਕੀਤਾ ਗਿਆ ਹੈ ਕਿ ਅਦਾਲਤ ‘ਚ ਪੇਸ਼ੀ ਤੋਂ ਪਹਿਲਾਂ ਹੀ ਗਵਾਹਾਂ ਨੂੰ ਉਨ੍ਹਾਂ ਦੀ ਸ਼ਨਾਖ਼ਤ ਕਰਵਾ ਦਿੱਤੀ ਗਈ ਸੀ ਜੋ ਬਹੁਤ ਹੀ ਅਨਿਆਂ ਭਰਿਆ ਰਵੱਈਆ ਹੈ। ਉਸ ਨੇ ਇਸ ਦਾ ਵੇਰਵਾ ਇੰਞ ਦਿੱਤਾ, ”ਜਦੋਂ 24 ਮਾਰਚ 09 ਨੂੰ ਦੇਵਰੀ ਥਾਣਾ ਕਾਂਡ ਨੰਬਰ 167/07 ਭਾਵ ਸੈਸ਼ਨ ਟਰਾਇਲ ਨੰਬਰ 170/08 ਵਿਚ ਪੇਸ਼ੀ ਲਈ ਸਾਰੇ ਨਜ਼ਰਬੰਦ ਅਦਾਲਤ ‘ਚ ਲਿਆਂਦੇ ਗਏ ਸਨ, ਸਾਰੇ ਕੈਦੀ ਸੈਸ਼ਨ ਹਵਾਲਾਤ ‘ਚ ਬੈਠੇ ਹੋਏ ਸਨ, ਇਸ ਦੌਰਾਨ ਗਿਰਡੀਹ ਟਾਊਨ ਥਾਣਾ ਦੇ ਮੁਖੀ ਆਏ ਅਤੇ ਉਨ੍ਹਾਂ ਨੇ ਮੈਨੂੰ ਸੱਦਕੇ ਨਾਂ ਵਗੈਰਾ ਪੁੱਛਿਆ। ਇਸ ਤੋਂ ਬਾਅਦ ਮੈਂ ਵੀ ਉਨ੍ਹਾਂ ਦੀ ਪਛਾਣ ਪੁੱਛੀ ਤਾਂ ਉਨ੍ਹਾਂ ਨੇ ਖ਼ੁਦ ਨੂੰ ਟਾਊਨ ਥਾਣਾ ਦਾ ਮੁਖੀ ਦੱਸਿਆ ਜਦਕਿ ਉਹ ਸਾਦੀ ਵਰਦੀ ‘ਚ  ਸਨ ਅਤੇ ਉਨ੍ਹਾਂ ਦੇ ਅਹੁਦੇ ਦੀ ਕੋਈ ਪਛਾਣ ਨਹੀਂ ਸੀ। ਕੁਝ ਦੇਰ ਬਾਅਦ ਬਾਕੀ ਬੰਦੀਆਂ ਨੂੰ ਛੱਡਕੇ ਸਿਰਫ਼ ਮੈਨੂੰ ਅਦਾਲਤ ‘ਚ ਪੇਸ਼ੀ ਲਈ  ਬਾਹਰ ਕੱਢਿਆ ਗਿਆ। ਇਸ ਸਬੰਧੀ ਮੈਂ ਜਦੋਂ ਸਿਪਾਹੀ ਤੋਂ ਪੁੱਛਿਆ ਤਾਂ ਉਸਨੇ ਕਿਹਾ ”ਸਵਾਲ ਨਾ ਕਰ ਤੁਰਿਆ ਚਲ”। ਜਿਉਂ ਹੀ ਮੈਨੂੰ ਸੈਸ਼ਨ ਹਵਾਲਾਤ ਤੋਂ ਬਾਹਰ ਲਿਆਂਦਾ ਗਿਆ ਉੱਥੇ ਬਾਹਰ ਖੜ੍ਹੇ ਲੋਕਾਂ ਵਿਚ ਟਾਊਨ ਥਾਣੇ ਦਾ ਮੁਖੀ ਵੀ ਸੀ। ਉਸਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਸਾਰੇ ਲੋਕਾਂ ਨੂੰ ਕਿਹਾ ”ਇਹੀ ਹੈ ਜੀਤਨ ਮਾਰੰਡੀ ਇਸ ਨੂੰ ਚੰਗੀ ਤਰ੍ਹਾਂ ਪਛਾਣ ਲਓ”। ਇਸ ਤੋਂ ਬਾਅਦ ਉੱਥੇ ਖੜ੍ਹੇ ਲੋਕ ਮੇਰੇ ਪਿੱਛੇ-ਪਿੱਛੇ ਮਾਨਯੋਗ ਜੱਜ ਮੁਹੰਮਦ ਕਾਸਿਮ ਅੰਸਾਰੀ ਦੀ ਅਦਾਲਤ ਤੱਕ ਆਏ। ਫਿਰ ਉੱਥੇ ਵੀ ਮੈਨੂੰ ਪੂਰੇ ਧਿਆਨ ਨਾਲ ਦਿਖਾਇਆ ਗਿਆ। ਕੋਰਟ ‘ਚ ਦਸਤਖ਼ਤ ਕੀਤੇ ਬਗ਼ੈਰ ਜਦੋਂ ਅਦਾਲਤੀ ਕਾਰਿੰਦੇ ਨੇ ਮੈਨੂੰ ਵਾਪਸ ਭੇਜਣਾ ਚਾਹਿਆ ਤਾਂ ਮੈਂ ਥੋੜ੍ਹੀ ਉੱਚੀ ਆਵਾਜ਼ ‘ਚ ਉਸ ਨੂੰ ਪੁੱਛਿਆ ਕਿ ਫਿਰ ਮੈਨੂੰ ਲਿਆਂਦਾ ਕਿਓਂ ਗਿਆ ਸੀ? ਇਸ ‘ਤੇ ਮਾਨਯੋਗ ਜੱਜ ਸਾਹਿਬਾਨ ਦੀ ਤਾੜਨਾ ਵੀ ਮੈਨੂੰ ਸੁਨਣੀ ਪਈ। ਇਸ ਤੋਂ ਬਾਅਦ ਮੈਂ ਆਪਣੀ ਗ਼ਲਤੀ ਮੰਨਦੇ ਹੋਏ ਮਾਫ਼ੀ ਮੰਗੀ। ਓਦੋਂ ਤੱਕ ਬਾਕੀ ਨਜ਼ਰਬੰਦ ਵੀ ਅਦਾਲਤ ‘ਚ ਲਿਆਂਦੇ ਗਏ। ਦਸਤਖ਼ਤ ਕਰਕੇ ਸਾਨੂੰ ਮੁੜ ਸੈਸ਼ਨ ਹਵਾਲਾਤ ‘ਚ ਲਿਆਂਦਾ ਗਿਆ। ਸੈਸ਼ਨ ਹਵਾਲਾਤ ਵਾਪਸ ਆਉਣ ਤੋਂ ਬਾਅਦ ਮੇਰੇ ਨਾਲਦਿਆਂ ਨੇ ਮੈਨੂੰ ਦੱਸਿਆ ਕਿ ਉੱਥੇ ਖੜ੍ਹੇ ਉਹ ਸਾਰੇ ਬੰਦੇ ਸੈਸ਼ਨ ਟਰਾਇਲ ਨੰਬਰ 170/08 ‘ਚ ਬਣਾਏ ਗਵਾਹ ਸਨ। ਕਿਉਂਕਿ ਇਨ੍ਹਾਂ ਵਿਚੋਂ ਕੁਝ ਬੰਦੇ ਨਜ਼ਰਬੰਦਾਂ ਦੇ ਗੁਆਂਢੀ ਹਨ। ਇਸ ਤੋਂ ਬਾਅਦ 1 ਅਪ੍ਰੈਲ 09 ਨੂੰ ਉਸੇ ਕਾਂਡ ਦੀ ਗਵਾਹੀ ਸੀ। ਗਵਾਹੀ ਦੇਣ ਲਈ ਮੋਤੀ ਸਾਵ ਅਤੇ ਸੁਬੋਧ ਸਾਵ ਨਾਂ ਦੇ ਗਵਾਹ ਆਏ ਅਤੇ ਅਦਾਲਤ ‘ਚ ਉਨ੍ਹਾਂ ਗਵਾਹਾਂ ਨੇ ਮੇਰੀ ਸ਼ਨਾਖ਼ਤ ਕੀਤੀ।”
ਜੀਤਨ ਮਾਰੰਡੀ ਵਲੋਂ ਦਿੱਤੇ ਗਏ ਵੇਰਵੇ ‘ਚ ਇਸ ਲਈ ਦਮ ਹੈ ਕਿ ਅਦਾਲਤ ‘ਚ ਉਸ ਦੀ ਸ਼ਨਾਖ਼ਤ ਕਰਨ ਵਾਲੇ ਸਾਰੇ ਗਵਾਹ ਵਾਰਦਾਤ ਵਾਲੀ ਥਾਂ ਤੋਂ ਜਾਂ ਜੀਤਨ ਦੇ ਪਿੰਡ ਤੋਂ ਕੋਹਾਂ ਦੂਰ ਤਿਸਰੀ ਅਤੇ ਗਾਵਾਨ ਪਿੰਡਾਂ ਦੇ ਹਨ। ਜੇ ਪਹਿਲਾਂ ਨਾ ਦੇਖਿਆ ਹੋਵੇ ਤਾਂ ਉਨ੍ਹਾਂ ਲਈ ਜੀਤਨ ਦੀ ਸ਼ਨਾਖ਼ਤ ਕਰ ਸਕਣਾ ਅਸੰਭਵ ਸੀ। ਜਿਰਹਾ ਵਿਚ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਜੀਤਨ ਮਾਰੰਡੀ ਨੂੰ ਕਿਵੇਂ ਸਿਆਣਦੇ ਹਨ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜੀਤਨ ਅਕਸਰ ਉਨ੍ਹਾਂ ਦੇ ਪਿੰਡ ਵਿਚ ਦਸਤੇ ਨਾਲ ਆਉਂਦਾ ਰਹਿੰਦਾ ਸੀ। ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਸੱਚ ਸੀ ਤਾਂ ਉਨ੍ਹਾਂ ਨੇ ਇਸ ਸਬੰਧੀ ਪਹਿਲਾਂ ਕਦੇ ਪੁਲਿਸ ਨੂੰ ਸੂਚਨਾ ਕਿਓਂ ਨਾ ਦਿੱਤੀ? ਇਨ੍ਹਾਂ ਗਵਾਹਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਾਰੇ ਬੰਦੇ ਝਾਰਖੰਡ ਵਿਕਾਸ ਮੋਰਚਾ ਦੇ ਕਾਰਕੁਨ ਹਨ ਜਿਸ ਜਥੇਬੰਦੀ ਦੇ ਆਗੂ ਖ਼ੁਦ ਬਾਬੂਲਾਲ ਮਾਰੰਡੀ ਹਨ। ਇੰਨਾ ਹੀ ਨਹੀਂ, ਇਨ੍ਹਾਂ ਵਿਚੋਂ ਕੁਝ ਉੱਪਰ ਕਈ ਜੁਰਮ ਦਰਜ ਹਨ ਅਤੇ ਕੁਝ ਕਈ ਮੁਕੱਦਮਿਆਂ ‘ਚ ਗਵਾਹ ਬਣਕੇ ਭੁਗਤਦੇ ਰਹੇ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਪੁਲਿਸ ਨੇ ਚੁਣ-ਚੁਣਕੇ ਅਜਿਹੇ ਲੋਕਾਂ ਨੂੰ ਹੀ ਕਿਓਂ ਗਵਾਹ ਬਣਾਇਆ? ਕੀ ਚਿਲਖਾਰੀ ਪਿੰਡ ‘ਚੋਂ ਜਾਂ ਦੇਵਰੀ ਥਾਣਾ ਖੇਤਰ ਵਿਚ ਇਕ ਵੀ ਐਸਾ ਵਿਅਕਤੀ ਨਹੀਂ ਜੋ ਕਾਂਡ ਦਾ ਚਸ਼ਮਦੀਦ ਗਵਾਹ ਹੋਵੇ? ਇੱਥੋਂ ਤੱਕ ਕਿ ਜਿਨ੍ਹਾਂ ਜ਼ਖ਼ਮੀਆਂ ਨੇ ਅਦਾਲਤ ‘ਚ ਬਿਆਨ ਦਿੱਤੇ, ਕਿਸੇ ਨੇ ਕਿਸੇ ਦੋਸ਼ੀ ਦਾ ਨਾਂ ਨਹੀਂ ਲਿਆ। ਐੱਫ ਆਈ ਆਰ ਦਰਜ ਕਰਾਉਣ ਵਾਲੇ ਪੂਰਨ ਕਿਸਕੂ ਨੇ ਵੀ ਕਿਸੇ ਦੋਸ਼ੀ ਦਾ ਸ਼ਨਾਖ਼ਤ ਨਹੀਂ ਕੀਤੀ। ਅਦਾਲਤ ਨੇ ਉਨ੍ਹਾਂ ਗਵਾਹਾਂ ਦੀਆਂ ਗਵਾਹੀਆਂ ਨੂੰ ਬਿਨਾ ਕਿਸੇ ਉਜ਼ਰ ਮੰਨ ਲਿਆ ਜਿਨ੍ਹਾਂ ਉੱਪਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ।
ਇਹ ਨੁਕਤਾ ਧਿਆਨ ਦੇਣ ਵਾਲਾ ਹੈ ਕਿ ਗ੍ਰਿਫ਼ਤਾਰੀ ਤੋਂ ਬਾਅਦ ਜੀਤਨ ਮਾਰੰਡੀ ਪੁਲਿਸ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਝੂਠ ਮੁਕੱਦਮੇ ‘ਚ ਫਸਾਏ ਜਾਣ ਬਾਰੇ ਵੱਖ-ਵੱਖ ਢੰਗਾਂ ਰਾਹੀਂ ਆਪਣਾ ਪੱਖ ਪੇਸ਼ ਕਰਦਾ ਰਿਹਾ ਹੈ। ਜੇਲ੍ਹ ਤੋਂ ਵੀ ਉਸਨੇ ਗਿਰਡੀਹ ਸੈਸ਼ਨ ਕੋਰਟ ਦੇ ਮੁੱਖ ਜੱਜ, ਜ਼ਿਲ੍ਹਾ ਮੈਜਿਸਟ੍ਰੇਟ, ਐੱਸ ਪੀ , ਜੇਲ੍ਹ ਆਈ ਜੀ, ਮੁੱਖ ਜੱਜ ਉੱਚ ਅਦਾਲਤ ਰਾਂਚੀ, ਅਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨਵੀਂ ਦਿੱਲੀ ਨੂੰ ਦਰਖ਼ਾਸਤਾਂ ਭੇਜਕੇ ਨਿਆਂ ਦੀ ਮੰਗ ਕਰਦਾ ਰਿਹਾ ਹੈ। ਪਰ ਉਸਦੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਕਿਸੇ ਪੱਧਰ ‘ਤੇ ਮਾਮਲੇ ਦੀ ਜਾਂਚ ਕਰਨ ਦੀ ਪਹਿਲਕਦਮੀ ਕੀਤੀ ਗਈ।
ਅਹਿਮ ਸਵਾਲ ਹੈ ਕਿ ਜੀਤਨ ਮਾਰੰਡੀ ਨੂੰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੇ ਨਿਸ਼ਾਨਾ ਕਿਓਂ ਬਣਾਇਆ? ਹੁਣ ਤੱਕ ਲੋਕ ਉਸਨੂੰ ਲੋਕ ਕਲਾਕਾਰ ਦੇ ਰੂਪ ‘ਚ ਹੀ ਜਾਣਦੇ ਹਨ। ਲੋਕਾਂ ਨੇ ਉਸ ਨੂੰ ਡਫਲੀ ਦੀ ਤਾਲ ‘ਤੇ ਨੱਚਦੇ ਗਾਉਂਦੇ ਦੇਖਿਆ ਹੈ। ਬੱਚੇ-ਬੱਚੀਆਂ ਦੇ ਹਜੂਮ ਨਾਲ ਪਿੰਡ ਤੋਂ ਸ਼ਹਿਰ ਤੱਕ ਕਲਾ ਦਾ ਛੱਟਾ ਦੇਣ ਵਾਲਾ ਇਹ ਕਲਾਕਾਰ, ਲੋਕਾਂ ਦੇ ਮਨ ਮੋਹ ਲੈਂਦਾ ਹੈ। ਉਸ ਦੇ ਖੋਰਠਾ, ਸੰਥਾਲੀ-ਨਾਗਪੁਰੀ ਗੀਤਾਂ ਦੀਆਂ ਕੈਸਟਾਂ ਟੋਲਿਆਂ-ਮੁਹੱਲਿਆਂ ‘ਚ ਅਕਸਰ ਵੱਜਦੀਆਂ ਸੁਣੀਆਂ ਜਾ ਸਕਦੀਆਂ ਹਨ। ਇਸ ਬੰਦੇ ਨੂੰ ਕਿਓਂ ਬੰਦੂਕਧਾਰੀ ਮਾਓਵਾਦੀ ਐਲਾਨ ਕੀਤਾ ਗਿਆ?
ਦਰਅਸਲ ਉਸ ਦੀਆਂ ਪੇਸ਼ਕਾਰੀਆਂ ਅਤੇ ਉਸ ਦੇ ਯੁੱਗ ਪਲਟਾਊ ਖ਼ਿਆਲ ਹੀ ਕੁਲ ਮੁਸੀਬਤਾਂ ਦੀ ਜੜ੍ਹ ਹਨ। ਉਸ ਦੇ ਲੇਖਾਂ ਅਤੇ ਗੀਤਾਂ ‘ਚ ਝਾਰਖੰਡ ਦੀ ਭੁੱਖਮਰੀ, ਬਦਹਾਲੀ, ਲੁੱਟ ਅਤੇ ਉਜਾੜੇ ਦਾ ਦਰਦ ਹੈ ਤੇ ਉਸਦੇ ਗੀਤ ਤੇ ਪੇਸ਼ਕਾਰੀਆਂ ਇਸ ਸਭ ਕਾਸੇ ਦੇ ਜ਼ਿੰਮੇਵਾਰ ਸੱਤਾ ਅਤੇ ਪ੍ਰਬੰਧ ‘ਤੇ ਸਿੱਧਾ ਹਮਲਾ ਕਰਦੇ ਹਨ। ਉਸਦੇ ਗੀਤ ਲੋਕ ਟਾਕਰੇ ਦੀ ਸੱਦ ਸਾਬਤ ਹੁੰਦੇ ਹਨ। ਇਹੀ ਉਸ ਦੀ ਹਰਮਨਪਿਆਰਤਾ ਦਾ ਰਾਜ਼ ਹੈ ਅਤੇ ਇਹੀ ਸਰਕਾਰ ਦੇ ਗੁੱਸੇ ਦੀ ਵਜਾ੍ਹ ਹੈ। ਕਦੀ ਉਸਨੂੰ ਮਜ਼ਦੂਰ ਅੰਦੋਲਨ ਦੀ ਰਾਹਨੁਮਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ, ਕਦੇ ਸਰਕਾਰ ਵਿਰੋਧੀ ਜਲੂਸ ਸਮੇਂ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਅਤੇ ਕਦੀ ਭੜਕਾਊ ਤਕਰੀਰਾਂ ਕਰਨ ਦਾ ਦੋਸ਼ ਲਾਇਆ ਗਿਆ। ਫਿਰ ਵੀ ਉਸ ਦੀ ਲੋਕਾਂ ਨੂੰ ਚੇਤਨ ਕਰਨ ਦੀ ਮੁਹਿੰਮ ਜਾਰੀ ਰਹੀ। ਉਜਾੜੇ ਦਾ ਮੁੱਦਾ ਹੋਵੇ ਜਾਂ ਕਾਰਪੋਰੇਟ ਘਰਾਣਿਆਂ ਦੁਆਰਾ ਲੁੱਟ ਦਾ ਵਿਰੋਧ ਹੋਵੇ, ਜੀਤਨ ਮਾਰੰਡੀ ਆਪਣੀ ਸੰਗੀਤ ਮੰਡਲੀ ਨਾਲ ਹਰ ਥਾਂ ਹਾਜ਼ਰ ਮਿਲਦੇ ਸਨ। ਸਿਆਸੀ ਕੈਦੀਆਂ ਦੀ ਰਿਹਾਈ ਲਈ ਜੱਦੋਜਹਿਦ ‘ਚ ਜੀਤਨ ਮਾਰੰਡੀ ਸ਼ਾਮਲ ਸਨ। ਝਾਰਖੰਡੀ ਜਨਤਾ ਦੇ ਅੰਦੋਲਨ ਦਾ ਪ੍ਰਤੀਕ ਬਣ ਚੁੱਕੇ ਜੀਤਨ ਮਾਰੰਡੀ ਨੂੰ ਸਹਿਣ ਕਰਨਾ ਹੁਣ ਸ਼ਾਇਦ ਸੱਤਾ ਲਈ ਮੁਸ਼ਕਲ ਹੋ ਗਿਆ ਸੀ। ਵਿਰੋਧੀ ਆਵਾਜ਼ ਨੂੰ ਖ਼ਾਮੋਸ਼ ਕਰ ਦੇਣਾ ਜ਼ਰੂਰੀ ਹੋ ਗਿਆ ਸੀ। ਦੇਸੀ-ਬਦੇਸੀ ਕੰਪਨੀਆਂ ਵਲੋਂ ਜਲ-ਜੰਗਲ-ਜ਼ਮੀਨ ਅਤੇ ਖਣਿਜ ਦੌਲਤ ਦੀ ਲੁੱਟ ਦੇ ਖ਼ਿਲਾਫ਼ ਉਸਦੀ ਆਵਾਜ਼ ਟਾਕਰੇ ਦਾ ਹਥਿਆਰ ਸਾਬਤ ਹੋ ਰਹੀ ਸੀ ਇਸ ਕਾਰਨ ਇਹ ਹੋਰ ਵੀ ਜ਼ਰੂਰੀ ਹੋ ਗਿਆ ਸੀ। ਹਰ ਜਬਰ ਨਾਲ ਉਸ ਦੀ ਆਵਾਜ਼ ਨੂੰ ਹੋਰ ਵੀ ਤਾਕਤਵਰ ਬਣਦੀ ਜਾ ਰਹੀ ਸੀ। ਇਹੀ ਜੀਤਨ ਮਾਰੰਡੀ ਦੇ ਖ਼ਿਲਾਫ਼ ਸਾਜ਼ਿਸ਼ ਦਾ ਸੱਚ ਹੈ, ਇਹੀ ਮੌਜੂਦਾ ਝਾਰਖੰਡ ਦਾ ਸੱਚ ਹੈ।

Advertisements
 
Leave a comment

Posted by on November 10, 2011 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

 
%d bloggers like this: