RSS

ਨੈਓਮੀ ਕਲੇਨ ਦੀ ਸੰਸਾਰ ਪ੍ਰਸਿੱਧ ਰਚਨਾ ‘‘ਸਦਮਾ ਸਿਧਾਂਤ, ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ’’

15 May

{ਇਹ ਕਿਤਾਬ ਬਾਬਾ ਬੂਝਾ ਸਿੰਘ ਪ੍ਰਕਾਸ਼ਨ, ਬੰਗਾ ਵਲੋਂ ਛਾਪੀ ਗਈ ਹੈ ਅਤੇ ਇਸ ਦਾ ਪੰਜਾਬੀ ਅਨੁਵਾਦ ਬੂਟਾ ਸਿੰਘ ਨੇ ਕੀਤਾ ਹੈ। ਕਿਤਾਬ ਹਾਸਲ ਕਰਨ ਲਈ ਫੋਨ ਨੰਬਰ 94634-74342 ’ਤੇ ਸੰਪਰਕ ਕੀਤਾ ਜਾ ਸਕਦਾ ਹੈ}


ਨੈਓਮੀ ਕਲੇਨ ਦੀ ਸ਼ਾਨਦਾਰ ਰਚਨਾ ‘‘ਸਦਮਾ ਸਿਧਾਂਤ’’ ਬੀਤੇ ਦਹਾਕੇ ’ਚ ਛਪੀਆਂ ਦੁਨੀਆਂ ਦੀਆਂ ਸਭ ਤੋਂ ਅਹਿਮ ਕਿਤਾਬਾਂ ਵਿਚੋਂ ਇਕ ਹੈ। ਇਹ ਦੁਨੀਆਂ ਦੀਆਂ 30 ਜ਼ਬਾਨਾਂ ’ਚ ਅਨੁਵਾਦ ਹੋ ਚੁੱਕੀ ਹੈ। ਇਸ ਵਿਚ ਕਲੇਨ ਆਲਮੀ ਆਰਥਿਕਤਾ ’ਤੇ ਕਾਬਜ਼ ਕਾਰਪੋਰੇਟ ਤਾਕਤਾਂ ਨੂੰ ਬੇਨਕਾਬ ਕਰਦੀ ਹੈ ਜੋ ਕੁਲ ਦੁਨੀਆਂ ਦੀ ਦੌਲਤ, ਕਿਰਤ ਸ਼ਕਤੀ ਅਤੇ ਕੁਦਰਤੀ ਵਸੀਲਿਆਂ ਨੂੰ ਆਪਣੀ ਸੁਪਰ ਮੁਨਾਫ਼ੇ ਬਟੋਰਨ ਦੀ ਲਾਲਸਾ ਦਾ ਸਾਧਨ ਬਣਾਉਣ ਦੀ ਹੋੜ ’ਚ ਗਲਤਾਨ ਹਨ। ਕਾਰਪੋਰੇਟਸ਼ਾਹੀ ਕੌਮੀ ਹਿੱਤਾਂ ਦੀਆਂ ਰੋਕਾਂ ਨਾਲ ਬੰਦ ਅਰਥਚਾਰਿਆਂ ’ਚ ਸੰਨ੍ਹ ਲਾ ਕੇ ਇਨ੍ਹਾਂ ਤੱਕ ਆਪਣੀ ਬੇਲਗਾਮ ਮੰਡੀ ਦਾ ਵਿਸਤਾਰ ਕਰਨ ਲਈ ਹਰ ਹਰਬਾ ਵਰਤ ਰਹੀ ਹੈ। ਸਮਾਜਾਂ ’ਤੇ ਪੈਣ ਵਾਲੀ ਬਿਪਤਾ ਨੂੰ ਇਹ ਵਰਦਾਨ ਸਮਝਦੀ ਹੈ। ਬਿਪਤਾ ਚਾਹੇ ਕੁਦਰਤੀ ਆਫ਼ਤਾਂ ਨਾਲ ਆਈ ਹੋਵੇ ਚਾਹੇ ਆਰਥਕ ਸੰਕਟ ਨਾਲ। ਆਪਣੇ ਸਵਾਰਥ ਲਈ ਇਹ ਅਸਲੀ ਸੰਕਟਾਂ ਦਾ ਲਾਹਾ ਵੀ ਲੈਂਦੀ ਹੈ ਅਤੇ ਨਕਲੀ ਸੰਕਟ ਖ਼ੁਦ ਵੀ ਪੈਦਾ ਕਰਦੀ ਹੈ। ਇਸ ਯੁੱਧਨੀਤੀ ਨੂੰ ‘‘ਸਦਮਾ ਸਿਧਾਂਤ’’ ਅਤੇ ‘‘ਤਬਾਹੀਪਸੰਦ ਸਰਮਾਏਦਾਰੀ’’ ਵਜੋਂ ਪ੍ਰੀਭਾਸ਼ਤ ਕਰਦਿਆਂ ਕਲੇਨ ਕਹਿੰਦੀ ਹੈ ਕਿ ਜਦੋਂ ਜੰਗਾਂ, ਦਹਿਸ਼ਤਵਾਦੀ ਹਮਲਿਆਂ, ਰਾਜ-ਪਲਟਿਆਂ ਅਤੇ ਕੁਦਰਤੀ ਆਫ਼ਤਾਂ ਨਾਲ ਦੇਸ਼ ਹਿੱਲ ਜਾਂਦੇ ਹਨ ਤਾਂ ਬਹੁ-ਕੌਮੀ ਕਾਰਪੋਰੇਸ਼ਨਾਂ ਅਤੇ ਸਿਆਸਤਦਾਨ ਇਨ੍ਹਾਂ ਦੇਸ਼ਾਂ ਨੂੰ ਸਦਮੇ ਦਿੰਦੇ ਹਨ ਅਤੇ ਪਹਿਲੇ ਸਦਮੇ ਨਾਲ ਪੈਦਾ ਹੋਏ ਖੌਫ਼ ਅਤੇ ਮਾਨਸਿਕ ਖਲਬਲੀ ਦਾ ਲਾਹਾ ਲੈ ਕੇ ਆਰਥਕ ਸਦਮਾ ਇਲਾਜ ਥੋਪ ਦਿੰਦੇ ਹਨ। ਅਤੇ ਜਦੋਂ ਲੋਕ ਇਸ ਸਦਮਾ ਸਿਆਸਤ ਦਾ ਵਿਰੋਧ ਕਰਨ ਦਾ ਜੇਰਾ ਕਰਦੇ ਹਨ ਤਾਂ ਪੁਲਿਸ, ਫ਼ੌਜ ਅਤੇ ਜੇਲ੍ਹਾਂ ਦੇ ਤਫ਼ਤੀਸ਼ੀ ਅਧਿਕਾਰੀ ਇਨ੍ਹਾਂ ਨੂੰ ਤੀਜਾ ਸਦਮਾ ਦਿੰਦੇ ਹਨ।
‘‘ਤਬਾਹੀਪਸੰਦ ਸਰਮਾਏਦਾਰੀ’’ ਦੇ ਸਿਧਾਂਤ ਅਤੇ ਅਮਲ ਦੀ ਪ੍ਰਮਾਣਿਕ ਤਸਵੀਰ ਪੇਸ਼ ਕਰਨ ਲਈ ਨੈਓਮੀ ਕਲੇਨ ਸਦਮੇ ਦੇ ਸਾਧਨ ਵਜੋਂ ਤਸੀਹਿਆਂ ਬਾਰੇ ਖੋਜ ਤੋਂ ਸ਼ੁਰੂਆਤ ਕਰਦੀ ਹੈ ਅਤੇ ਫੇਰ ਇੰਡੋਨੇਸ਼ੀਆ, ਚਿੱਲੀ, ਅਰਜਨਟਾਈਨਾ, ਬੋਲੀਵੀਆ, ਉਰੂਗੂਏ, ਪੋਲੈਂਡ, ਰੂਸ, ਦੱਖਣੀ ਅਫ਼ਰੀਕਾ, ਸ੍ਰੀ ਲੰਕਾ, ਥਾਈਲੈਂਡ, ਦੱਖਣੀ ਕੋਰੀਆ, ਇਰਾਕ ਅਤੇ ਹੋਰ ਦੇਸ਼ਾਂ ਵਿਚ ਸਦਮਾ ਸਿਧਾਂਤ ਨੂੰ ਲਾਗੂ ਕੀਤੇ ਜਾਣ ਦਾ ਵਿਸਥਾਰਤ ਅਤੇ ਤੱਥਪੂਰਨ ਵੇਰਵਾ ਦਿੰਦੀ ਹੋਈ ਨਿਚੋੜ ਕੱਢਦੀ ਹੈ। ਹਰ ਥਾਂ ਇਕੋ ਦਰਦ ਕਹਾਣੀ ਹੈˆਸੰਕਟਾਂ ਦਾ ਲਾਹਾ ਲੈ ਕੇ ਸਦਮਾ ਇਲਾਜ ਦੇ ਨੁਸਖ਼ੇ ਥੋਪ ਦਿੱਤੇ ਗਏ।
ਸ਼ਿਕਾਗੋ ਦੇ ਅਰਥਸ਼ਾਸਤਰ ਸਕੂਲ ਦੇ ਸਿਧਾਂਤਕਾਰਾਂ ਦੀ ਸੋਚ ਹੈ ਕਿ ਜਦੋਂ ਸਮਾਜਾਂ ਦੇ ਹਾਲਾਤ ਆਮ ਹੁੰਦੇ ਹਨ ਓਦੋਂ ਉਨ੍ਹਾਂ ਦੇ ਆਰਥਕ ਨੁਸਖ਼ਿਆਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਸੋ ਅਸਲੀ ਜਾਂ ਨਕਲੀ ਸੰਕਟਾਂ ਦਾ ਸਮਾਂ ਹੀ ਖੁੱਲ੍ਹੀ ਮੰਡੀ ਪੱਖੀ ਸੁਧਾਰ ਕਰਨ ਦਾ ਸਹੀ ਸਮਾਂ ਹੁੰਦਾ ਹੈ। ਸੰਕਟ ਸਮੇਂ ਕਰਜਿਆਂ ਜਾਂ ਸਹਾਇਤਾ ਨਾਲ ਸ਼ਰਤਾਂ ਲਾ ਕੇ ਜਦੋਂ ਕਾਰਪੋਰੇਟ ਪੱਖੀ ਪੈਕੇਜ ਦੇਸ਼ ਦੇ ਮੁਖੀਆਂ ਮੂਹਰੇ ਰੱਖ ਦਿੱਤੇ ਜਾਂਦੇ ਹਨ ਤਾਂ ਉਹ ਇਸ ਨੂੰ ਰੱਦ ਕਰਨ ਦੀ ਹਾਲਤ ’ਚ ਨਹੀਂ ਹੁੰਦੇ।
ਇਹ ਕਿਤਾਬ ਸੰਸਾਰ ਸਰਮਾਏਦਾਰੀ ਵਲੋਂ ਪ੍ਰਚਾਰੀ ਇਸ ਮਿੱਥ ਨੂੰ ਤੋੜਦੀ ਹੈ ਕਿ ਖੁੱਲ੍ਹੀ ਮੰਡੀ ਨੇ ਜਮਹੂਰੀ ਤਰੀਕੇ ਨਾਲ ਦੁਨੀਆਂ ’ਤੇ ਜਿੱਤ ਹਾਸਲ ਕੀਤੀ ਹੈ। ਸੋਵੀਅਤ ਯੂਨੀਅਨ ਦੇ ਢਹਿਢੇਰੀ ਹੋਣ ਸਮੇਂ ਇਹ ਮਿੱਥ ਜ਼ੋਰ-ਸ਼ੋਰ ਨਾਲ ਫੈਲਾਈ ਗਈ ਕਿ ਸਮਾਜਵਾਦੀ ਬਦਲ ਟਿਕਾਊ ਅਤੇ ਭਰੋਸੇਯੋਗ ਨਹੀਂ ਹਨ। ਕਿ ‘‘ਖੁੱਲ੍ਹੀ ਮੰਡੀ’’ ਦੇ ਸਾਰੇ ਬਦਲ ਇਤਿਹਾਸ ’ਚ ਦਫ਼ਨ ਹੋ ਗਏ ਹਨ, ਕਿਉਂਕਿ ਸਰਮਾਏਦਾਰੀ ਹਮੇਸ਼ਾ ਲਈ ਅਜਿੱਤ ਹੈ। ਨੈਓਮੀ ਕਲੇਨ ਇਹ ਸਾਬਤ ਕਰਨ ਲਈ ਠੋਸ ਮਿਸਾਲਾਂ ਦਿੰਦੀ ਹੈ ਕਿ ਮਾਮਲਾ ਇਸ ਤੋਂ ਉਲਟ ਹੈˆਆਲਮੀ ਸਰਮਾਏਦਾਰੀ ਦੀ ਜਿੱਤ ਆਰਜ਼ੀ ਹੈ ਅਤੇ ਇਹ ਜਮਹੂਰੀ ਤਰੀਕੇ ਨਾਲ ਨਹੀਂ ਸਗੋਂ ਕੁਦਰਤੀ ਆਫ਼ਤਾਂ, ਦਹਿਸ਼ਤਪਸੰਦ ਹਮਲਿਆਂ, ਜੰਗਾਂ, ਤਸੀਹਿਆਂ ਦੀਆਂ ਮੁਹਿੰਮਾਂ ਅਤੇ ਆਰਥਕ ਆਫ਼ਤਾਂ/ਤਬਾਹੀਆਂ ਨਾਲ ਉਪਜੇ ਸੰਕਟ ਦੇ ਸਮਿਆਂ ਦਾ ਲਾਹਾ ਲੈ ਕੇ ਗ਼ੈਰਜਮਹੂਰੀ ਅਤੇ ਸਾਜ਼ਿਸ਼ੀ ਢੰਗਾਂ ਨਾਲ ਸੰਭਵ ਬਣਾਈ ਗਈ ਹੈ।
ਜਿੱਥੇ ਕਿਤੇ ਵੀ ਸਰਮਾਏਦਾਰੀ ਦੇ ਬਦਲ ਉੱਭਰੇ, ਇਹ ਤਾਕਤ ਨਾਲ ਕੁਚਲ ਦਿੱਤੇ ਗਏ। ਰਾਜ ਪਲਟੇ, ਦੇਸ਼ਾਂ ਦੇ ਮੁਖੀਆਂ ਦੇ ਕਤਲ ਅਤੇ ਜੰਗਾਂ ਕੋਈ ਅਚਾਨਕ ਘਟਨਾਵਾਂ ਨਹੀਂ, ਅਸਲ ਵਿਚ ਖੁੱਲ੍ਹੀ ਮੰਡੀ ਦੇ ਮੂਲਵਾਦੀਆਂ ਦਾ ਸੁਚੇਤ ਜਹਾਦ ਹੈ, ਜਿਨ੍ਹਾਂ ਦਾ ਅਕੀਦਾ ਹੈ ਕਿ ‘‘ਮੰਡੀ ਹੀ ਸਭ ਕਾਸੇ ਦਾ ਹੱਲ ਹੈ।’’ ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਅਤੇ ਸੰਸਾਰ ਵਪਾਰ ਸੰਸਥਾ ਕੁਲ ਦੁਨੀਆਂ ਨੂੰ ਸਾਲਮ ਮੋਕਲੀ ਮੰਡੀ ਬਣਾਉਣ ਲਈ ਕਾਰਪੋਰੇਟਸ਼ਾਹੀ ਦਾ ਸੰਦ ਬਣੇ ਹੋਏ ਹਨ। ਇਹ ਸਰਕਾਰਾਂ ਦੀ ਬਾਂਹ ਮਰੋੜ ਕੇ ਉਨ੍ਹਾਂ ਨੂੰ ਆਪਣੇ ਦੇਸ਼ਾਂ ਦੇ ਹਿੱਤਾਂ ਅਤੇ ਵਾਤਾਵਰਣਾਂ ਦੀ ਬਲੀ ਦੇਣ ਅਤੇ ਕੀਨਜ਼ਵਾਦੀ ਅਤੇ ਸਮਾਜਵਾਦੀ ਮਾਡਲਾਂ ਨੂੰ ਤਿਲਾਂਜਲੀ ਦੇਣ ਲਈ ਮਜਬੂਰ ਕਰਦੇ ਹਨ। ਆਈ ਐੱਮ ਐੱਫ ਦੇ ਇਕ ਸੀਨੀਅਰ ਅਰਥਸ਼ਾਸਤਰੀ ਡੈਵੀਸਨ ਬੁਧੂ ਨੇ ਆਪਣੇ ਅਸਤੀਫ਼ੇ ਰਾਹੀਂ ਇਨ੍ਹਾਂ ਸੰਸਥਾਵਾਂ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਦਿਆਂ ਕਿਹਾ ਸੀ, ‘‘ਕਈ ਵਾਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਪੂਰੀ ਦੁਨੀਆਂ ’ਚ ਐਸਾ ਸਾਬਣ ਨਹੀਂ ਹੋਵੇਗਾ ਜੋ ਮੈਨੂੰ ਉਸ ਤੋਂ ਪਾਕਿ ਕਰ ਸਕੇ ਜੋ ਮੈਂ ਤੁਹਾਡੇ ਨਾਂ ’ਤੇ ਕਰਦਾ ਰਿਹਾ ਹਾਂ।’’
ਨੈਓਮੀ ਕਲੇਨ ਸਰਮਾਏਦਾਰੀ ਦੀ ਖ਼ਾਸ ਵੰਨਗੀ ‘‘ਤਬਾਹੀਪਸੰਦ ਸਰਮਾਏਦਾਰੀ’’ ਨੂੰ ਹੀ ਬੁਰਾਈ ਦੀ ਜੜ੍ਹ ਮੰਨਦੀ ਹੈ ਨਾ ਕਿ ਆਮ ਰੂਪ ’ਚ ਸਰਮਾਏਦਾਰੀ ਪ੍ਰਬੰਧ ਨੂੰ। ਸ਼ਾਇਦ ਉਹ ਕੀਨਜ਼ਵਾਦੀ ਆਰਥਕ ਮਾਡਲ ਨੂੰ ਠੀਕ ਸਮਝਦੀ ਹੈ। ਭਾਵੇਂ ਉਹ ਕਿਸੇ ਖ਼ਾਸ ਆਰਥਕ ਅਤੇ ਰਾਜਸੀ ਮਾਡਲ ਦੀ ਸਿੱਧੀ ਵਜਾਹਤ ਨਹੀਂ ਕਰਦੀ (ਇਹ ਸ਼ਾਇਦ ਇਸ ਕਿਤਾਬ ਦਾ ਉਦੇਸ਼ ਵੀ ਨਹੀਂ ਹੈ) ਪਰ ਉਹ ਉਸ ਚੁਣੌਤੀ ਦੀ ਹਮੈਤ ਕਰਦੀ ਹੈ ਜੋ ਲਾਤੀਨੀ ਅਮਰੀਕਾ ਵਲੋਂ ਕਾਰਪੋਰੇਟਸ਼ਾਹੀ ਨੂੰ ਦਿੱਤੀ ਜਾ ਰਹੀ ਹੈ। ਉਹ ਲੋਕਪੱਖੀ ਸਮਾਜ ਉਸਾਰਨ ਲਈ ਯਤਨਸ਼ੀਲ ਤਾਕਤਾਂ ਸਬੰਧੀ ਇਕ ਅਹਿਮ ਇਤਿਹਾਸਕ ਸਬਕ ਸਿੱਖਣ ’ਤੇ ਵੀ ਜ਼ੋਰ ਦਿੰਦੀ ਹੈ ਕਿ ਕਿਸੇ ਰਾਜਸੀ ਲਹਿਰ ਦੇ ਸਿਆਸੀ ਏਜੰਡੇ ਦੀ ਜਿੱਤ ਹੀ ਕਾਫ਼ੀ ਨਹੀਂ ਹੈ। ਜੇ ਕੋਈ ਲਹਿਰ ਸਪਸ਼ਟ ਆਰਥਕ ਪ੍ਰੋਗਰਾਮ ਦੇ ਅਧਾਰ ’ਤੇ ਨਵਉਦਾਰਵਾਦ ਵਿਰੁੱਧ ਦੋ-ਟੁੱਕ ਲੜਾਈ ਨਹੀਂ ਦਿੰਦੀ ਤਾਂ ਉਸ ਵਲੋਂ ਦੇਰ-ਸਵੇਰ ਸਦਮਾ ਇਲਾਜ ਦੇ ਨੁਸਖ਼ਿਆਂ ਦਾ ਸੰਦ ਬਣਕੇ ਆਪਣੇ ਪ੍ਰੋਗਰਾਮ ਦੇ ਉਲਟ ਭੁਗਤ ਜਾਣਾ ਅਟੱਲ ਹੈ। ਲੇਖਿਕਾ ਨੇ ਦੱਖਣੀ ਅਫ਼ਰੀਕਾ ਦੀ ਨੈਲਸਨ ਮੰਡੇਲਾ ਸਰਕਾਰ ਅਤੇ ਪੋਲੈਂਡ ਦੀ ਸਾਲੀਡੈਰਿਟੀ ਸਰਕਾਰ ਦੀਆਂ ਠੋਸ ਮਿਸਾਲਾਂ ਦਿੱਤੀਆਂ ਹਨ ਜੋ ਇਸ ਤਰਕਸੰਗਤ ਨਿਘਾਰ ਦੀ ਪੁਸ਼ਟੀ ਕਰਦੀਆਂ ਹਨ।
ਨੈਓਮੀ ਕਲੇਨ ਦਾ ਉਦੇਸ਼ ਸਦਮਾ ਸਿਧਾਂਤ ਦੇ ਉਦੇਸ਼ਾਂ, ਮਨਸੂਬਿਆਂ, ਸਾਜ਼ਿਸ਼ਾਂ ਅਤੇ ਕਾਰਵਾਈਆਂ ਦੇ ਸਿਲਸਿਲੇ ਨੂੰ ਭਰਵੇਂ ਰੂਪ ’ਚ ਬੇਨਕਾਬ ਕਰਨਾ ਹੈ। ਇਸ ਪੱਖੋਂ ਉਸ ਨੇ ਸ਼ਾਨਦਾਰ ਅਤੇ ਵਿਆਪਕ ਜਾਣਕਾਰੀ ਵਾਲੀ ਬੇਜੋੜ ਕਿਤਾਬ ਰਚਕੇ ਦੁਨੀਆਂ ਨੂੰ ਝੰਜੋੜਿਆ ਹੈ। ਜਿਹੜੀਆਂ ਤਾਕਤਾਂ ਨਵਉਦਾਰਵਾਦ ਦੇ ਜਹਾਦ ਵਿਰੁੱਧ ਸੰਜੀਦਾ ਲੜਾਈ ਲੜ ਰਹੀਆਂ ਹਨ ਉਨ੍ਹਾਂ ਲਈ ਇਹ ਲਾਜ਼ਮੀ ਪੜ੍ਹੀ ਜਾਣ ਵਾਲੀ ਡੂੰਘੀ ਖੋਜ ਨਾਲ ਭਰਪੂਰ ਕਿਤਾਬ ਹੈ। ਇਸ ਲਈ, ਹਰ ਲੋਕ ਹਿਤੈਸ਼ੀ ਵਿਅਕਤੀ ਅਤੇ ਕਾਰਕੁੰਨ ਨੂੰ ਇਹ ਕਿਤਾਬ ਲਾਜ਼ਮੀ ਪੜ੍ਹਨੀ ਚਾਹੀਦੀ ਹੈ।

Advertisements
 
Leave a comment

Posted by on May 15, 2011 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

 
%d bloggers like this: