RSS

ਆਦਿਵਾਸੀਆਂ ‘ਤੇ ਹੋ ਰਹੇ ਜ਼ੁਲਮਾਂ ਤੋਂ ਭਾਰਤ ਵਾਸੀਆਂ ਨੂੰ ਜਾਣੂ ਕਰਵਾਉਣਾ ਮੇਰਾ ਮੁੱਖ ਉਦੇਸ਼ ਹੈ— ਹਿਮਾਂਸ਼ੂ ਕੁਮਾਰ

05 Feb


By Shivinder Singh On September 28th, 2010

ਹਿਮਾਂਸ਼ੂ ਕੁਮਾਰ ਭਾਰਤ ਦੇ ਉੱਘੇ ਸਮਾਜ ਸੇਵੀ ਤੇ ਗਾਂਧੀਵਾਧੀ ਚਿੰਤਕ ਹਨ। ਪਿਛਲੇ 17-18 ਸਾਲਾਂ ਤੋਂ ਪਰਿਵਾਰ ਸਮੇਤ ਦਾਂਤੇਵਾੜਾ ਦੇ ਜੰਗਲਾਂ ‘ਚ ਰਹਿ ਕੇ ਆਦਿਵਾਸੀਆਂ ਦੇ ਜੀਵਨ ਪੱਧਰ ਨੂੰ ਸੁਧਾਰਨ ਲਈ ਕੰਮ ਕਰ ਰਹੇ ਹਨ। ‘ਅਪਰੇਸ਼ਨ ਗਰੀਨ ਹੰਟ’ ਤਹਿਤ ਪੁਲਿਸ ਤੇ ਫ਼ੌਜ ਵਲੋਂ ਮਾਉਵਾਦੀਆਂ ਦੇ ਨਾਂ ਹੇਠ ਗਰੀਬ ਆਦਿਵਾਸੀਆਂ ‘ਤੇ ਤਸ਼ੱਦਦ ਵਿਰੁੱਧ ਆਪ ਨੇ ਪੁਰਜ਼ੋਰ ਆਵਾਜ਼ ਉਠਾਈ ਹੈ। ਜਿਸ ਤੋਂ ਖਫ਼ਾ ਹੋ ਕੇ ਹਕੂਮਤ ਨੇ ਉਨ੍ਹਾਂ ਦਾ ਆਸ਼ਰਮ ਢੁਹਾ ਦਿੱਤਾ ਗਿਆ ਤੇ ਝੂਠੇ ਕੇਸਾਂ ‘ਚ ਫਸਾਉਣ ਦੀ ਕੋਸ਼ਿਸ਼ ਕੀਤੀ। ਜਨਵਰੀ 2010 ਤੋਂ ਉਹ ‘ਆਪਰੇਸ਼ਨ ਗ੍ਰੀਨ ਹੰਟ’ ਵਿਰੁੱਧ ਭਾਰਤ ਪੱਧਰੀ ਯਾਤਰਾ ‘ਤੇ ਨਿਕਲੇ ਹੋਏ ਹਨ। ਇਸੇ ਹੀ ਲੜੀ ਤਹਿਤ ਪਿਛਲੇ ਦਿਨਾਂ ‘ਚ ਸ਼੍ਰੀ ਹਿਮਾਂਸ਼ੂ ਪੰਜਾਬ ਆਏ। ਜਿੱਥੇ ਸ਼ਿਵ ਇੰਦਰ ਸਿੰਘ ਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ —

ਸਵਾਲ— ਦਾਂਤੇਵਾੜਾ ਕੀ ਸੋਚ ਕੇ ਗਏ? ਉੇੱਥੇ ਜਾ ਕੇ ਕਿਸ ਤਰਾਂ ਦਾ ਮਹਿਸੂਸ ਕੀਤਾ?
ਜਵਾਬ— ਮਹਾਤਮਾ ਗਾਂਧੀ ਜੀ ਦਾ ਵਿਚਾਰ ਸੀ ਕਿ ਅਸਲ ਭਾਰਤ ਪਿੰਡਾਂ ਵਿੱਚ ਵਸਦਾ ਹੈ ਅਤੇ ਉੱਥੋਂ ਦੀਆਂ ਹਾਲਤਾਂ ਨੂੰ ਸੁਧਾਰਨ ਲਈ ਨੌਜਵਾਨਾਂ ਨੂੰ ਪਿੰਡਾਂ ਵੱਲ ਜਾਣਾ ਚਾਹੀਦਾ ਹੈ। ਮੇਰਾ ਪਰਿਵਾਰਕ ਪਿਛੋਕੜ ਗਾਂਧੀਵਾਦੀ ਹੈ। ਮੇਰੇ ਪਿਤਾ ਜੀ ਨੇ ਗਾਂਧੀ ਜੀ ਨਾਲ ਆਜ਼ਾਦੀ ਦੀ ਲੜਾਈ ‘ਚ ਹਿੱਸਾ ਲਿਆ ਸੀ। ਸੋ ਗਾਂਧੀ ਜੀ ਦੇ ਵਚਨਾਂ ਨੂੰ ਪੁਗਾਉਂਦਿਆਂ ਹੋਇਆਂ 1992 ‘ਚ ਮੈਂ ਵਿਆਹ ਤੋਂ ਇੱਕ ਮਹੀਨਾ ਬਾਅਦ ਪਤਨੀ ਨਾਲ ਦਾਂਤੇਵਾੜਾ ਚਲਾ ਗਿਆ। ਉੱਥੇ ਅਸੀਂ ਬਗੈਰ ਕੰਧਾਂ ਵਾਲਾ ਝੌਂਪੜਾ ਬਣਾ ਕੇ ਰਹਿਣ ਲੱਗੇ ਫੇਰ ਪਿੰਡ ਦੇ ਲੋਕਾਂ ਨੇ ਮੈਨੂੰ ਆਸ਼ਰਮ ਬਣਾਉਣ ਲਈ ਥਾਂ ਦੇ ਦਿੱਤੀ। ਮੇਰੀਆਂ ਦੋਵੇਂ ਬੇਟੀਆਂ ਦਾ ਜਨਮ ਉੱਥੇ ਹੀ ਹੋਇਆ ਹੈ।
ਅਸੀਂ ਦੋਵੇਂ ਪਤੀ-ਪਤਨੀ ਨੇ ਜਾਂਦੇ ਸਾਰ ਹੀ ਆਦਿਵਾਸੀ ਲੋਕਾਂ ਦੀ ਸੇਵਾ-ਸੰਭਾਲ ਦਾ ਕੰਮ ਸ਼ੁਰੂ ਕਰ ਦਿੱਤਾ, ਜਿਵੇਂ ਪਤਨੀ ਦੇ ਮੇਕਅੱਪ ਬਾਕਸ (ਸ਼ਿੰਗਾਰ ਬਕਸੇ) ‘ਚ ਦਵਾਈਆਂ ਪਾ ਕੇ ਪਿੰਡ-ਪਿੰਡ ਜਾਣਾ, ਆਦਿਵਾਸੀਆਂ ਦੇ ਬੱਚਿਆਂ ਨੂੰ ਪੜ੍ਹਾਉਣਾ ਤੇ ਨਹਿਲਾਉਣਾ ਆਦਿ।
ਉੱਥੋਂ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਜਦੋਂ ਮੈਂ ਮੱਧ ਪ੍ਰਦੇਸ਼ ਘੁੰਮਣ ਲਈ 5-6 ਦਿਨਾਂ ਵਾਸਤੇ ਪਤਨੀ ਨੂੰ ਇਕੱਲਾ ਛੱਡ ਕੇ ਚਲਾ ਜਾਂਦਾ ਤਾਂ ਉਸਨੂੰ ਕਦੇ ਡਰ ਨਹੀਂ ਲੱਗਿਆ। ਉੱਥੋਂ ਦੀਆਂ ਔਰਤਾਂ ਮੇਰੀਆਂ ਬੇਟੀਆਂ ਨੂੰ ਕੁੱਛੜ ਚੁੱਕਦੀਆਂ ਤੇ ਖਿਡਾਉਂਦੀਆਂ।

ਸਵਾਲ— ਸਮਾਜ ਸੇਵਾ ਦੇ ਕੰਮਾਂ ਲਈ ਤੁਹਾਨੂੰ ਫ਼ੰਡ ਜਾਂ ਸਹਾਇਤਾ ਰਾਸ਼ੀ ਕਿੱਥੋਂ ਮਿਲਦੀ ਸੀ?
ਜਵਾਬ— ਸਾਡੇ ‘ਵਣਵਾਸੀ ਚੇਤਨਾ ਆਸ਼ਰਮ’ਦੇ 250 ਦੇ ਕਰੀਬ ਕਾਰਕੁੰਨ ਸਨ, ਜੋ ਚੰਦੇ ਰਾਹੀਂ ਪੈਸੇ ਇਕੱਠੇ ਕਰਦੇ ਸਨ। ਭਾਰਤ ਸਰਕਾਰ ਦੀਆਂ ਆਦਿਵਾਸੀਆਂ ਲਈ ਬਣਾਈਆਂ ਸਕੀਮਾਂ ਵੀ ਅਸੀਂ ਲਾਗੂ ਕਰਵਾਈਆਂ। ਇਸ ਤੋਂ ਬਿਨਾਂ ‘ਯੂਨੀਸੈਫ਼’ ਨੇ ਵੀ ਸਾਡੀ ਭਰਪੂਰ ਮੱਦਦ ਕੀਤੀ।

ਸਵਾਲ— ਇਸ ਸਮੇਂ ਦਾਂਤੇਵਾੜਾ ‘ਚ ਕੀ ਸਥਿਤੀ ਹੈ?
ਜਵਾਬ— ਆਦਿਵਾਸੀ ਇਲਾਕੇ ਵਿੱਚ ਇੱਕ ਕਾਨੂੰਨ ਹੈ ‘ਪੇਸਾ’ ਜਿਸ ਤਹਿਤ ਜੇਕਰ ਸਰਕਾਰ ਨੇ ਜ਼ਮੀਨ ਲੈਣੀ ਹੈ ਤਾਂ ਉਸ ਨੂੰ ਗ੍ਰਾਮ ਸਭਾ ਤੋਂ ਇਜਾਜ਼ਤ ਲੈਣੀ ਪੈਂਦੀ ਹੈ, ਪਰ ਸਰਕਾਰ ਨੇ ਸ਼ਾਰਟਕੱਟ ਮਾਰਦੇ ਹੋਏ ਕਿਹਾ ਕਿ ਆਦਿਵਾਸੀ ਨਕਸਲੀਆਂ ਨਾਲ ਮਿਲ਼ੇ ਹੋਏ ਹਨ। ਸਾਲ 2005 ਵਿੱਚ ਸਰਕਾਰ ਨੇ ‘ਸਲਵਾ ਜ਼ੁਡਮ’ ਦੀ ਸ਼ੁਰੂਆਤ ਕੀਤੀ। ਜੋ ਕਿ ਗੁੰਡੇ ਬਦਮਾਸ਼ਾਂ ਤੇ ਪੁਲਿਸ ਦਾ ਟੋਲਾ ਹੈ। ਉਸਨੇ ਜ਼ਬਰਦਸਤੀ ਲੋਕਾਂ ਤੋਂ ਪਿੰਡ ਖਾਲੀ ਕਰਵਾਏ ਤੇ ਪੁਲਿਸ ਥਾਣਿਆਂ ਨੇੜਲੇ ਕੈਂਪਾਂ ‘ਚ ਲੋਕਾਂ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਲੋਕ ਇਨ੍ਹਾਂ ਕੈਂਪਾ ‘ਚੋਂ ਭੱਜਣ ਦੀ ਕੋਸ਼ਿਸ਼ ਕਰਦੇ ਤਾਂ ਇਹ ‘ਸਲਵਾ ਜੁਡਮ’ਵਾਲੇ ਲੋਕਾਂ ‘ਤੇ ਗੋਲੀ ਚਲਾਉਂਦੇ, ਉਨ੍ਹਾਂ ਨੂੰ ਫੜਕੇ ਜ਼ੇਲ੍ਹਾਂ ‘ਚ ਡੱਕਦੇ ਤੇ ਬਲਾਤਕਾਰ ਕਰਦੇ। ਸਰਕਾਰ ਨੇ 650 ਪਿੰਡ ਜਾਲ਼ ਦਿੱਤੇ। ਜੇਕਰ ਕੋਈ ਆਦਿਵਾਸੀ ਆਪਣੇ ਪਿੰਡ ‘ਚ ਆ ਕੇ ਮੁੜ ਵਸੇਵਾ ਤੇ ਖੇਤੀ ਕਰਦਾ ਤਾਂ ਸਰਕਾਰ ਉਸ ‘ਤੇ ਨਕਸਲੀਆ ਕਹਿ ਕੇ ਤਸ਼ੱਦਦ ਕਰਦੀ।
ਅਸੀਂ ਇੱਕ ਪਿੰਡ ਨੂੰ ਵਸਾਉਣ ਦਾ ਤਹੱਈਆ ਕੀਤਾ। ਮੈਂ ਕਿਹਾ ਕਿ ਅਸੀਂ ਇਹ ਪਿੰਡ ਨਹੀਂ ਛੱਡਾਂਗੇ। ਜੇ ਉਹ ਪਿੰਡ ਨੂੰ ਸਾੜ ਕੇ ਸੁਆਹ ਕਰਨਾ ਚਾਹੁੰਦੇ ਹਨ ਤਾਂ ਪਹਿਲਾਂ ਮੈਨੂੰ ਸਾੜ ਕੇ ਸੁਆਹ ਕਰਨ। ਅਸੀਂ ਉਸ ਪਿੰਡ ਦੁਆਲੇ ਮਨੁੱਖੀ ਢਾਲ਼ ਬਣਾਈ।
ਸੁਪਰੀਮ ਕੋਰਟ ਨੇ ਸਰਕਾਰ ਨੂੰ ਆਦਿਵਾਸੀਆਂ ਦੇ ਮੁੜ ਵਸੇਵੇਂ ਤੇ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਹੋਏ ਹਨ ਪਰ ਸਰਕਾਰ ਨੇ ਇੱਕ ਵੀ ਪਿੰਡ ਨਹੀਂ ਵਸਾਇਆ। ਸਰਕਾਰ ਦਾ ਆਦਿਵਾਸੀਆਂ ਤੇ ਹਮਲਾ ਕਰਨ ਦਾ ਇੱਕੋ -ਇੱਕ ਮਕਸਦ ਉਨ੍ਹਾਂ ਨੂੰ ਉਥੋਂ ਦਵੱਲ ਕੇ ਉਨ੍ਹਾਂ ਦੇ ਹਰੇ ਭਰੇ ਜੰਗਲਾਂ ‘ਤੇ ਕਬਜ਼ਾ ਕਰਨਾ ਤੇ ਉਦਯੋਗਪਤੀਆਂ ਨੂੰ ਦੇਣਾ ਹੈ। ਇਹ ਜਾਣਦੇ ਹੀ ਆਦਿਵਾਸੀਆਂ ਨੇ ਇਹ ਫ਼ੈਸਲਾ ਕੀਤਾ ਕਿ ਸਰਕਾਰ ਦੇ ਨੌਜਵਾਨ ‘ਸਲਵਾ ਜ਼ੁਡਮ’ ਤੋਂ ਪਿੰਡਾਂ ਦੀ ਰਾਖੀ ਕਰਨਗੇ। ਉਹ ਡਾਂਗਾਂ-ਸੋਟੇ ਤੇ ਖੇਤੀ ਦੇ ਸੰਦ ਹੱਥ ‘ਚ ਫ਼ੜ ਪਿੰਡਾਂ ‘ਚ ਪਹਿਰਾ ਦੇਣ ਲੱਗ ਪਏ ਤੇ ਭਾਰਤੀ ਹਕੂਮਤ ਇਨ੍ਹਾਂ ਨੂੰ ਨਕਸਲੀ ਦੱਸਣ ਲੱਗ ਪਏ ਤੇ ਭਾਰਤੀ ਹਕੂਮਤ ਇਨ੍ਹਾਂ ਨੂੰ ਨਕਸਲੀ ਦੱਸਣ ਲੱਗ ਪਈ।
ਸਰਕਾਰ ਤਾਂ ਪੁਲਿਸ ਦੇ ਗੁਨਾਹ ਮੰਨਣ ਤੋਂ ਵੀ ਇਨਕਾਰੀ ਹੈ। ਅਸੀਂ ਬਲਾਤਕਾਰ, ਅਗਵਾ, ਸਾੜਫੂਕ ਵਰਗੇ ਸੰਗੀਨ ਅਪਰਾਧਾਂ ਦੀਆਂ ਅਨੇਕਾਂ ਐੱਫ. ਆਈ. ਆਰ ਦਰਜ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਪੁਲਿਸ ਐੱਸ. ਪੀ. ਨੇ ਇਹ ਕਹਿ ਕੇ ਦਰਜ ਨਹੀਂ ਕੀਤੀਆਂ ਕਿ ਇਹ ਸਭ ਝੂਠੀਆਂ ਹਨ। ਕਾਨੂੰਨ ਮੁਤਾਬਕ ਕੋਈ ਪੁਲਿਸ ਅਫ਼ਸਰ ਇਹ ਤੈਅ ਨਹੀਂ ਕਰ ਸਕਦਾ ਕਿ ਸ਼ਿਕਾਇਤਾਂ ਝੂਠੀਆਂ ਹਨ ਜਾਂ ਸੱਚੀਆਂ , ਖਾਸ ਤੌਰ ‘ਤੇ ਉਦੋਂ ਜਦੋਂ ਇਹ ਪੁਲਿਸ ਦੇ ਹੀ ਖਿਲਾਫ਼ ਹੋਣ।
ਉੱਥੇ ਹਾਲਾਤ ਇਹ ਹਨ ਕਿ ਜੇਕਰ ਕੋਈ ਔਰਤ 5 ਕਿਲੋਮੀਟਰ ਦੀ ਦੂਰੀ ‘ਤੇ ਹਫ਼ਤਾਵਰ ਬਾਜ਼ਾਰ ਜਾਂਦੀ ਹੈ ਤਾਂ ਜਾਣਦੀ ਹੈ ਕਿ ‘ਸਲਵਾ ਜੁਡਮ’ ਵਾਲੇ ਘੇਰ ਲੈਣਗੇ। ਇਸ ਲਈ ਉਹ 85 ਕਿਲੋਮੀਟਰ ਦੂਰੀ ਵਾਲੇ ਬਾਜ਼ਾਰ ਜਾਂਦੀ ਹੈ, ਜਿੱਥੇ ਦੋ ਦਿਨ ਜਾਣ ਤੇ ਦੋ ਦਿਨ ਆਉਣ ਨੂੰ ਲੱਗਦੇ ਹਨ। ਆਖ਼ਿਰ ਇਹ ਹਾਲਾਤ ਵੀ ਤਾਂ ਸਰਕਾਰ ਨੇ ਹੀ ਪੈਦਾ ਕੀਤੇ ਹਨ?
ਸਰਕਾਰ ਅਕਸਰ ਕਹਿੰਦੀ ਹੈ ਕਿ ਨਕਸਲੀਏ ਖ਼ਤਰਨਾਕ ਹਨ। ਸਰਕਾਰ ਨੂੰ ਇਹ ਸਵਾਲ ਕਰਨਾ ਬਣਦਾ ਹੈ ਕਿ ਜੇਕਰ ਉਹ ਵਾਕਈ ਖ਼ਤਰਨਾਕ ਹਨ ਤਾਂ ਉਹ ਆਦਿਵਾਸੀਆਂ ‘ਚ ਹਰਮਨ-ਪਿਆਰੇ ਕਿਉਂ ਹਨ? ਮੈਂ ਨਕਸਲੀਆਂ ਨੂੰ ਪਿਛਲੇ 17-18 ਸਾਲਾਂ ਤੋਂ ਆਦਿਵਾਸੀਆਂ ‘ਚ ਕੰਮ ਕਰਦੇ ਵੇਖਿਆ ਹੈ। ਅੱਸੀਵਿਆਂ ‘ਚ ਮਾਓਵਾਦੀ ਉੱਥੇ ਆਏ। ਉਦੋਂ ਹੀ ਉਨ੍ਹਾਂ ਜ਼ਾਲਮ ਗਾਰਡ ਨੂੰ ਫ਼ੜ ਕੇ ਆਦਿਵਾਸੀਆਂ ਹਵਾਲੇ ਕੀਤਾ। ਪਹਿਲੀ ਵਾਰ ਆਦਿਵਾਸੀਆਂ ਨੂੰ ਮਹਿਸੂਸ ਹੋਇਆ, ਕਿ ਉਨ੍ਹਾਂ ਕੋਲ ਵੀ ਜੁਰਮਾਂ ਖ਼ਿਲਾਫ਼ ਲੜਨ ਦੀ ਤਾਕਤ ਹੈ। ਸਰਕਾਰ ਨੇ ਕਦੇ ਮਹੂਆ ਦਾ ਘੱਟੋ-ਘੱਟ ਮੁੱਲ ਤੈਅ ਨਹੀਂ ਕੀਤਾ ਪਰ ਮਾਓਵਾਦੀਆਂ ਨੇ ਕੀਤਾ ਹੈ।
ਜੇਕਰ ਸਰਕਾਰ ਸੱਚਮੁੱਚ ਅਮਨ ਚਾਹੁੰਦੀ ਹੈ ਤਾਂ ਇੱਕ ਹਫ਼ਤੇ ‘ਚ ਕਾਇਮ ਹੋ ਸਕਦਾ ਹੈ। ਸਰਕਾਰ ਉੱਥੇ ਦੀਆਂ ਸਿਹਤ ਸਿੱਖਿਆ ਸਹੂਲਤਾਂ ਨੂੰ ਬਹਾਲ ਕਰੇ। ਸਰਕਾਰੀ ਇਸ਼ਾਰੇ ‘ਤੇ ਹੋ ਰਹੇ ਜ਼ੁਲਮ ਬੰਦ ਹੋ ਜਾਣ ਪਰ ਸਰਕਾਰ ਇਹ ਸਭ ਕਰਨਾ ਨਹੀਂ ਚਾਹੁੰਦੀ ।
ਜਦੋਂ ਮੈਂ ਉੱਥੇ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਵਿਰੁੱਧ ਆਵਾਜ਼ ਉਠਾਈ ਤਾਂ ਸਰਕਾਰ ਨੇ ਮੈਨੂੰ ਵੀ ਝੂਠੇ ਕੇਸਾਂ ‘ਚ ਫਸਾਉਣਾ ਚਾਹਿਆ।

ਸਵਾਲ— ਹਿੰਸਾ ਨੂੰ ਤੁਸੀਂ ਕਿਵੇਂ ਪ੍ਰਭਾਸ਼ਿਤ ਕਰੋਗੇ? ਮਾਓਵਾਦੀਆਂ ਦੀ ਹਿੰਸਾ ਤੇ ਸਟੇਟ ਦੀ ਹਿੰਸਾ ‘ਚ ਕੀ ਫਰਕ ਹੈ?
ਜਵਾਬ— ਹਿੰਸਾ ਕੇਵਲ ਹਥਿਆਰਾਂ ਨਾਲ ਨਹੀਂ ਹੁੰਦੀ। ਇੱਕ ਹਿੰਸਾ ਸਾਡੇ ਆਰਥਿਕ ਤੇ ਰਾਜਨੀਤਕ ਢਾਂਚੇ ਦੀ ਹੁੰਦੀ ਹੈ। ਸਾਡਾ ਆਰਥਿਕ ਤੇ ਰਾਜਨੀਤਕ ਢਾਂਚਾ ਨਾ ਬਰਾਬਰੀ ‘ਤੇ ਉਸਰਿਆ ਹੋਇਆ ਹੈ ਜੋ ਕਿ ਹਿੰਸਾ ਨੂੰ ਜਨਮ ਦਿੰਦਾ ਹੈ। ਏਥੇ ਇੱਕ ਪਾਸੇ ਉਹ ਲੋਕ ਹਨ ਜਿਨ੍ਹਾਂ ਕੋਲ ਪੁਲਿਸ ਹੈ, ਸਰਕਾਰ ਹੈ। ਦੂਜੇ ਪਾਸੇ ਉਹ ਲੋਕ ਵੀ ਹਨ ਜਿਨ੍ਹਾਂ ਕੋਲ ਨਾ ਪੁਲਿਸ ਹੈ, ਨਾ ਸਰਕਾਰ ਹੈ। ਇਨ੍ਹਾਂ ਕੋਲ਼ ਖਾਣ ਵਾਸਤੇ ਵੀ ਕੁਝ ਨਹੀਂ ਹੈ। ਇਹ ਸਾਲਾਂ ਤੋਂ ਲੁੱਟੇ ਜਾ ਰਹੇ ਹਨ। ਸਾਡੇ ਸਮਾਜ ਦਾ ਇੱਕ ਢਾਂਚਾ ਹੈ, ਜੋ ਲੋਕ ਇਸ ਤੋਂ ਬਾਹਰ ਹਨ ਇਹ ਲੜਾਈ ਉਨ੍ਹਾਂ ਦੀ ਹੈ।
ਇਸੇ ਤਰ੍ਵਾਂ ਨਾਬਰਾਬਰਤਾ ਸਾਡੇ ਪ੍ਰਬੰਧ ਵਿੱਚ ਹੀ ਮੌਜੂਦ ਹੈ। ਜਿਸਦਾ ਸਾਧਨਾਂ ‘ਤੇ ਕਬਜ਼ਾ ਹੋ ਜਾਂਦਾ ਹੈ, ਉਹ ਸਾਡੀਆਂ ਕਦਰਾਂ ਕੀਮਤਾਂ ਦੇ ਪ੍ਰਬੰਧ ‘ਤੇ ਵੀ ਕਾਬਜ਼ ਹੋ ਜਾਂਦਾ ਹੈ ਅਤੇ ਸਾਡੇ ਰਾਜਨੀਤਕ ਪ੍ਰਬੰਧ ‘ਤੇ ਵੀ ਇਹਦਾ ਥੰਮ ਆਰਥਿਕ ਸਿਸਟਮ ਬਣਦਾ ਹੈ। ਇਹੀ ਢਾਂਚਾ ਗਰੀਬ ਨੂੰ ਹੋਰ ਗਰੀਬ ਤੇ ਅਮੀਰ ਨੂੰ ਹੋਰ ਅਮੀਰ ਬਣਾਉਂਦਾ ਹੈ। ਇੱਥੋਂ ਹੀ ਹਿੰਸਾ ਦਾ ਬੀਜ ਬੋਇਆ ਜਾਂਦਾ ਹੈ।
ਤੁਸੀਂ ਪੁੱਛਿਆ ਸੀ ਕਿ ਮਾਓਵਾਦੀਆਂ ਦੀ ਹਿੰਸਾ ਤੇ ਸਟੇਟ ਦੀ ਹਿੰਸਾ ‘ਚ ਕੀ ਫਰਕ ਹੈ। ਮੈਂ ਸਮਝਦਾ ਹਾਂ ਮਾਓਵਾਦੀਆਂ ਦੀ ਹਿੰਸਾ ਸਮਾਜਿਕ ਰਾਜਨੀਤਕ ਤੇ ਆਰਥਿਕ ਪ੍ਰਸਥਿਤੀਆਂ ‘ਚੋਂ ਨਿਕਲੀ ਹੈ ਪਰ ਸਟੇਟ ਦੀ ਹਿੰਸਾ ਤਾਕਤਵਰ ਕਾਰਪੋਰੇਟ ਘਰਾਣਿਆਂ ਦੇ ਲਾਲਚ ‘ਚੋਂ ਨਿਕਲੀ ਹੈ। ਸਰਕਾਰ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਾਖੀ ਆਪਣੇ ਦੇਸ਼ਵਾਸੀਆਂ ਨੂੰ ਮਾਰ ਕੇ ਕਰ ਰਹੀ ਹੈ।

ਸਵਾਲ— ਤੁਸੀਂ ਇੱਕ ਥਾਂ ਕਿਹਾ ਸੀ ਜੇ ਅੱਜ ਬਾਪੂ ਹੁੰਦੇ ਤਾਂ ਉਹ ਤੁਹਾਨੂੰ ਕੁੱਟਦੇ?
ਜਵਾਬ— ਮੈਂ ਇਹ ਗੱਲ ਉਸ ਪ੍ਰਸੰਗ ‘ਚ ਆਖੀ ਸੀ ਕਿ ਲੋਕ ਤਾਂ ਮੈਨੂੰ ਗਾਂਧੀਵਾਦੀ ਮੰਨਦੇ ਹਨ, ਪਰ ਮੈਂ ਕਈ ਗੱਲਾਂ ‘ਚ ਪੂਰਨ ਗਾਂਧੀਵਾਦੀਆਂ ਤੋਂ ਵੱਖਰਾ ਹਾਂ, ਜਿਵੇਂ ਮੈਂ ਧੋਤੀ ਨਹੀਂ ਕੁੜਤਾ-ਪਜ਼ਾਮਾ ਪਹਿਨਦਾ ਹਾਂ (ਹੱਸ ਕੇ)।

ਸਵਾਲ— ਜਦੋਂ ਹਿਮਾਂਸ਼ੂ ਕੁਮਾਰ ਵਰਗਾ ਗਾਂਧੀਵਾਦੀ ਚਿੰਤਕ ਮਾਓਵਾਦੀਆਂ ਨਾਲ ਤੁਰ ਪਿਆ ਹੈ, ਕੀ ਇਹ ਹੋਰਨਾਂ ਗਾਂਧੀਵਾਦੀਆਂ ਲਈ ਚੁਣੌਤੀ ਨਹੀਂ ਬਣ ਗਿਆ ਹੈ ਕਿ ਉਹ ਆਦਿਵਾਸੀਆਂ ਜਾਂ ਇਸ ਤਰ੍ਹਾਂ ਦੇ ਹੋਰ ਇਲਾਕਿਆਂ ‘ਚ ਆਪਣੀ ਲਹਿਰ ਕਿਵੇਂ ਚਲਾਉਣ ਅੱਜ ਦੇ ਸਮੇਂ ਵਿੱਚ?
ਜਵਾਬ— ਦੇਖੋ ਨਾ ਤਾਂ ਮੈਂ ਮਾਓਵਾਦੀਆਂ ਬਾਰੇ ਕੋਈ ਟਿਪਣੀ ਕਰਾਂਗਾ ਤੇ ਨਾਂ ਹੀ ਗਾਂਧੀਵਾਦੀਆਂ ਬਾਰੇ ਕੁੱਝ ਕਹਿਣਾ ਚਾਹੁੰਦਾ ਹਾਂ, ਮੈਂ ਤਾਂ ਆਪਣੀ ਗੱਲ ਕਰਾਂਗਾ। ਮੈਂ ਸੱਚ ਦੇ ਨਾਲ ਖੜ੍ਹਾ ਹਾਂ, ਮੈਂ ਲੁੱਟੇ ਜਾ ਰਹੇ ਲੋਕਾਂ ਨਾਲ ਹਾਂ। ਜਦੋਂ ਸਰਕਾਰ ਨੇ ਮੇਰਾ ਆਸ਼ਰਮ ਢਾਹ ਦਿੱਤਾ ਤਾਂ ਮੈਨੂੰ ਕਿਸੇ ਨੇ ਕਿਹਾ ਇਹ ਤਾਂ ਬਹੁਤ ਬੁਰਾ ਹੋਇਆ, ਪਰ ਮੈਂ ਕਿਹਾ ਨਹੀਂ ਇਹ ਬਹੁਤ ਚੰਗਾ ਹੋਇਆ, ਇਸ ਨਾਲ ਆਦਿਵਾਸੀਆਂ ਦਾ ਭਰੋਸਾ ਮੇਰੇ ਵਿੱਚ ਹੋਰ ਪੱਕਾ ਹੋਵੇਗਾ। ਉਹ ਹੁਣ ਇਹ ਜ਼ਰੂਰ ਸੋਚਣਗੇ ਕਿ ਇਹ ਵਿਅਕਤੀ ਸਾਡੀ ਖ਼ਾਤਰ ਘਰ ਤੁੜਵਾ ਸਕਦਾ ਹੈ ਤੇ ਇਹ ਹੁਣ ਸਾਡੇ ਬਰਾਬਰ ਹੀ ਆ ਖੜੋਤਾ ਹੈ।

ਸਵਾਲ— ਤੁਹਾਡੇ ਵਰਗੇ ਹੋਰ ਵੀ ਗਾਂਧੀਵਾਦੀ ਹੋਣਗੇ ਪਰ ਕਿਧਰੇ ਲੋਕਾਂ ‘ਚ ਕੰਮ ਕਰਦੇ ਦਿਖੇ ਨਹੀਂ?
ਜਵਾਬ— ਇਹ ਬੜੇ ਦੁੱਖ ਦੀ ਗੱਲ ਹੈ ਕਿ ਜੋ ਲੋਕ ਆਪਣੇ ਆਪ ਨੂੰ ਗਾਂਧੀਵਾਦੀ ਕਹਾਉਂਦੇ ਹਨ ਉਹ ਲੋਕਾਂ ਨਾਲੋਂ ਪੂਰੀ ਤਰਾਂ ਟੁੱਟ ਚੁੱਕੇ ਹਨ ਅਤੇ ਆਪਣੀਆਂ ਨਿੱਜੀ ਲੋੜਾਂ ਪਿੱਛੇ ਭੱਜ ਰਹੇ ਹਨ।
ਸਵਾਲ— ਕੀ ਭਵਿੱਖ ‘ਚ ਮਾਰਕਸਵਾਦੀ ਤੇ ਗਾਂਧੀਵਾਦੀ ਮਾਡਲ ਇੱਕਠੇ ਨਹੀਂ ਚੱਲ ਸਕਦੇ? ਜਿਵੇਂ ਤੁਹਾਡੀ ਸਾਇਕਲ ਯਾਤਰਾ ਦੇ ਪ੍ਰਸੰਗ ‘ਚ ਵੀ ਕੁਝ ਅਖ਼ਬਾਰਾਂ ਨੇ ਇਸ ਤਰ੍ਹਾਂ ਲਿਖਿਆ ਹੈ?
ਜਵਾਬ— ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਲੋਕਾਂ ਦੇ ਭਲੇ ਵਾਸਤੇ ਅਸੀਂ ਸਭ ਵੱਖ-ਵੱਖ ਵਿਚਾਰਧਾਰਾਵਾਂ ਨਾਲ ਜੁੜੇ ਲੋਕ ਇੱਕਠੇ ਰਲ਼ ਕੇ ਕੰਮ ਕਰੀਏ।

ਸਵਾਲ— ਬਿਨੋਬਾ ਭਾਵੇ ਦਾ ਗਰੀਬਾਂ ਵਿੱਚ ਜ਼ਮੀਨ ਵੰਡਣ ਵਾਲਾ ਰਾਹ ਤਾਂ ਸਟੇਟ ਨੂੰ ਸਹੀ ਜਾਪਦਾ ਹੈ, ਪਰ ਮਾਓਵਾਦੀਆਂ ਵਾਲਾ ਗ਼ਲਤ ਕਿਉਂ ਜਾਪਦਾ ਹੈ?
ਜਵਾਬ— ਸੰਤ ਬਿਨੋਬਾ ਵਾਲਾ ਰਾਹ ਵੀ ਸਰਕਾਰ ਨੂੰ ਕਦੋਂ ਸਹੀ ਜਾਪਦਾ ਹੈ। ਜੇ ਜਾਪਦਾ ਹੁੰਦਾ ਤਾਂ ਹੁਣ ਤੱਕ ਅਮਨ ਨਾ ਹੋ ਚੁੱਕਾ ਹੁੰਦਾ? ਹਾਂ ਇੱਕ ਵਿਸ਼ੇਸ਼ ਬੁੱਧੀਜੀਵੀ ਵਰਗ ਨੂੰ ਬਿਨੋਬਾ ਸੰਤ ਦਾ ਰਸਤਾ ਠੀਕ ਤੇ ਮਾਓਵਾਦੀਆਂ ਵਾਲਾ ਗ਼ਲਤ ਲੱਗ ਸਕਦਾ ਹੈ। ਜਦੋਂ ਸਟੇਟ ‘ਤੇ ਤਾਕਤਵਰ ਲੋਕ ਕਾਬਜ਼ ਹੋ ਜਾਂਦੇ ਹਨ ਤਾਂ ਉਹ ਲੋਕਾਂ ਪ੍ਰਤੀ ਉਤਰਦਾਈ ਨਹੀਂ ਰਹਿੰਦੇ। ਪੁਲਿਸ ਰਾਹੀਂ ਲੋਕਾਂ ਦੀ ਜ਼ਬਾਨ ਵੀ ਬੰਦ ਕਰਵਾਉਂਦੇ ਹਨ। ਸਾਡੇ ਮੁਲਕ ਵਿੱਚ ਵੀ ਤਾਂ ਇਹੀ ਹੋ ਰਿਹਾ ਹੈ।

ਸਵਾਲ— ਜੇਕਰ ਸਟੇਟ ਐਮ. ਓ.ਯੂ. (M O ”) ਨੂੰ ਵਾਪਸ ਲੈ ਲੈਂਦੀ ਹੈ ਤੇ ਜਲ, ਜੰਗਲ ਅਤੇ ਜ਼ਮੀਨ ਆਦਿਵਾਸੀਆਂ ਨੂੰ ਦੇ ਦਿੰਦੀ ਹੈ ਤਾਂ ਤੁਸੀਂ ਮਾਓਵਾਦੀ ਮੂਵਮੈਂਟ ਦਾ ਆਧਾਰ ਕੀ ਵੇਖਦੇ ਹੋ?
ਜਵਾਬ— ਮੈਨੂੰ ਤਾਂ ਇਹੀ ਲੱਗਦਾ ਹੈ ਕਿ ਇਸ ਨਾਲ ਸਮੱਸਿਆ ਹੱਲ ਹੋ ਜਾਵੇਗੀ। ਮੈਂ ਤਾਂ ਸਾਰੀ ਲੜਾਈ ਦੀ ਜੜ੍ਹਾਂ ਹੀ ਇਨ੍ਹਾਂ ਗੱਲਾਂ ਨੂੰ ਸਮਝਦਾ ਹਾਂ, ਜੇਕਰ ਸਟੇਟ ਇਸ ਤਰ੍ਹਾਂ ਕਰਦੀ ਹੈ ਤਾਂ ਕੋਈ ਆਦਿਵਾਸੀ ਹਥਿਆਰ ਕਿਉਂ ਚੁੱਕੇਗਾ?

ਸਵਾਲ— ਕੀ ਮਾਓਵਾਦੀ ੁਵਿਕਾਸ ਵਿਰੋਧੀ ਨਹੀਂ ਹਨ, ਕਿਉਂਕਿ ਕਿਸੇ ਵੀ ਦੇਸ਼ ਦੇ ਵਿਕਾਸ ਲਈ ਖਣਿਜ ਪਦਾਰਥਾਂ ਦੀ ਅਹਿਮ ਲੋੜ ਹੁੰਦੀ ਹੈ, ਫੇਰ ਸਰਕਾਰ ਇਨ੍ਹਾਂ ਨੂੰ ਵਰਤੇ ਕਿਉਂ ਨਾ?
ਜਵਾਬ— ਮੈਂ ਤੁਹਾਨੂੰ ਸਵਾਲ ਕਰਦਾ ਹਾਂ, ਆਖਿਰ ਵਿਕਾਸ ਕਿਸਦਾ? ਸਭ ਤੋਂ ਪਹਿਲਾਂ ਸਾਨੂੰ ਵਿਕਾਸ ਦੀ ਪਰਿਭਾਸ਼ਾ ਤੈਅ ਕਰਨੀ ਹੋਵੇਗੀ, ਆਖਿਰ ਤੁਸੀਂ ਵਿਕਾਸ ਕਹਿੰਦੇ ਕਿਸ ਨੂੰ ਹੋ? ਸਾਡੇ ਦੇਸ਼ ‘ਚੋਂ ਨਿਕਲਣ ਵਾਲਾ ਕੱਚਾ ਮਾਲ ਜਾਂ ਲੋਹਾ ਭਾਰਤ ਸਰਕਾਕ 400 ਰੁਪਏ ਮੀਟਰਿਕ ਟਨ ਤਾਂ ਜਾਪਾਨ ਨੂੰ ਦਿੰਦੀ ਹੈ, ਪਰ ਜੇ ਸਾਡੇ ਦੇਸ਼ ਦੇ ਕਿਸੇ ਭਾਰਤੀ ਉਦਯੋਗਪਤੀ ਨੇ ਖਰੀਦਣਾ ਹੋਵੇ ਤਾਂ ਮੁੱਲ ਹੋਵੇਗਾ 6 ਹਜ਼ਾਰ ਰੁਪਏ ਮੀਟਰਿਕ ਟਨ ਉੱਤੇ 20 ਫੀਸਦੀ ਰਾਇਲਟੀ ਸਰਕਾਰ ਨੂੰ ਮਿਲਦੀ ਹੈ। ਕੀ ਆਪਣੇ ਮੁਲਕ ‘ਚੋਂ ਬੇਸ਼ਕੀਮਤੀ ਖਣਿਜ ਪਦਾਰਥਾਂ ਨੂੰ ਲੁਟਾਵਾਉਣ ਨੂੰ ਤੁਸੀਂ ਵਿਕਾਸ ਕਹੋਗੇ? ਇੱਕ ਤਾਂ ਇਹ ਅਮੀਰ ਮੁਲਕ ਸਾਨੂੰ ਲੁੱਟਣ ਵਾਲੇ ਸਾਡਾ ਵਾਤਾਵਰਣ ਖ਼ਰਾਬ ਕਰੀ ਜਾਣ।
ਦੂਜਾ ਸਵਾਲ ਇਹ ਹੈ ਕਿ ਕੀ ਇਹ ਖਣਿਜ ਪਦਾਰਥ ਸਿਰਫ ਇਸੇ ਪੀੜ੍ਹੀ ਵਾਸਤੇ ਹਨ। ਅਸੀਂ ਆਉਣ ਵਾਲੀਆਂ ਨਸਲਾਂ ਲਈ ਇਹ ਖਜ਼ਾਨਾ ਸੰਭਾਲ ਕੇ ਨਹੀਂ ਰੱਖਣਾ? ਗਰੀਬਾਂ ਨੂੰ ਹਾਸ਼ੀਏ ‘ਤੇ ਧੱਕ ਕੇ ਅਮੀਰਾਂ ਨੂੰ ਮਾਲਾ-ਮਾਲ ਕਰਨ ਨੂੰ ਅਸੀਂ ਵਿਕਾਸ ਕਿਵੇਂ ਕਹਿ ਸਕਦੇ ਹਾਂ?

ਸਵਾਲ— ਮਾਰਕਸਵਾਦ ਜੇ ਕਿਸੇ ਵੀ ਮੁਲਕ ‘ਚ ਕਾਮਯਾਬ ਰਿਹਾ ਤਾਂ ਉਹ ਸਮਾਜਵਾਦੀ ਰੂਪ ‘ਚ ਹੀ ਰਿਹਾ ਵੈਨਜ਼ੁਏਲਾ ਵਰਗੇ ਦੇਸ਼ ਇਸਦੀ ਮਿਸਾਲ ਹਨ, ਪਰ ਮਾਓਵਾਦੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ?
ਜਵਾਬ— ਹਥਿਆਰਬੰਧ ਤਰੀਕਿਆਂ ਦਾ ਤਾਂ ਮੈਂ ਵੀ ਵਿਰੋਧੀ ਹਾਂ। ਮੈਂ ਮੰਨਦਾ ਹਾਂ ਕਿ ਹਥਿਆਰਬੰਦ ਵਿਅਕਤੀ ਨਾਲੋਂ ਨਿਹੱਥਾ ਵਿਅਕਤੀ ਕਿਤੇ, ਕਿਤੇ ਵੱਧ ਖ਼ਤਰਨਾਕ ਹੁੰਦਾ ਹੈ। ਜੇਕਰ ਮੈਂ ਹਥਿਆਰ ਚੁੱਕਦਾ ਤਾਂ ਸਟੇਟ ਮੈਨੂੰ ਕਦੋਂ ਦਾ ਮਾਓਵਾਦੀ ਆਖ ਕੇ ਮਾਰ ਦਿੰਦੀ, ਪਰ ਮੈਂ ਆਪਣੀ ਲੜਾਈ ਲੋਕਤੰਤਰਿਕ ਤਰੀਕੇ ਨਾਲ ਲੜ ਰਿਹਾ ਹਾਂ।
ਸਵਾਲ— ਭਾਰਤ ਪੱਧਰ ‘ਤੇ ਤੁਹਾਡੀ ਇਸ ‘ਗ੍ਰੀਨ ਹੰਟ’ ਵਿਰੋਧੀ ਮੁਹਿੰਮ ਨੂੰ ਬਹੁਤ ਵੱਡਾ ਸਮਰਥਨ ਨਹੀਂ ਮਿਲ ਰਿਹਾ, ਅਜਿਹਾ ਕਿਉਂ?
ਜਵਾਬ— ਤੁਹਾਡਾ ਸਵਾਲ ਅੱਧਾ ਸਹੀ ਹੈ। ਇਹ ਠੀਕ ਹੈ ਕਿ ਇਸ ‘ਗ੍ਰੀਨ ਹੰਟ’ ਵਿਰੋਧੀ ਮੁਹਿੰਮ ਨੂੰ ਉਤਨਾ ਹੁੰਗਾਰਾ ਨਹੀਂ ਮਿਲ ਰਿਹਾ, ਜਿੰਨਾ ਮਿਲਣਾ ਚਾਹੀਦਾ ਹੈ। ਇਸਦਾ ਕਾਰਨ ਵੀ ਸਾਫ ਹੈ, ਜੋ ਲੋਕ ਸਾਧਨ ਸੰਪਨ ਹਨ ਉਹ ਗਰੀਬ ਆਦਿਵਾਸੀਆਂ ਲਈ ਰਿਸਕ ਕਿਉਂ ਲੈਣਗੇ। ਲੇਕਿਨ ਇਹ ਗੱਲ ਵੀ ਸੱਚ ਹੈ ਕਿ ਬਹੁਤ ਸਾਰੇ ਬੁੱਧੀਜੀਵੀ ਸਾਡੇ ਹੱਕ ‘ਚ ਨਿੱਤਰੇ ਹਨ, ਜਿਨ੍ਹਾਂ ਸਰਕਾਰੀ ਜ਼ਬਰ ਵਿਰੁੱਧ ਖੁੱਲ• ਕੇ ਬੋਲਿਆ ਹੈ।

ਸਵਾਲ— ਜਦੋਂ ਸਾਡਾ ਭਾਰਤੀ ਮੀਡੀਆ ਬਹੁਤ ਸਾਰੇ ਕੁਰੱਪਸ਼ਨ ਦੇ ਕੇਸ ਫੜ ਸਕਦਾ ਹੈ, ਹੋਰ ਬਹੁਤ ਸਾਰੀਆਂ ਗੱਲਾਂ ਤੋਂ ਪਰਦੇ ਚੁੱਕ ਸਕਦਾ ਹੈ ਫੇਰ ਇਸ ਮੁੱਦੇ ‘ਤੇ ਚੁੱਪ ਕਿਉਂ ਹੈ? ਕੀ ਤੁਹਾਨੂੰ ਮੀਡੀਆ ਕਾਰਪੋਰੇਟ ਦਾ ਹਿੱਸਾ ਨਹੀਂ ਲੱਗਦਾ?
ਜਵਾਬ— ਤੁਹਾਡੀ ਗੱਲ ਬਿਲਕੁਲ ਸਹੀ ਹੈ, ਮੀਡੀਆ ਕਾਰਪੋਰੇਟ ਜਗਤ ਦਾ ਹੀ ਹਿੱਸਾ ਹੈ। ਇਸ ‘ਤੇ ਸਾਧਨ ਸੰਪਨ ਲੋਕ ਕਾਬਜ਼ ਹਨ। ਮਾਓਵਾਦੀ ਇਲਾਕਿਆਂ ‘ਚ ਜਦੋਂ ਪੁਲਿਸ ਦੀ ਗੋਲੀ ਨਾਲ ਕੋਈ ਗਰੀਬ ਮਾਰਿਆ ਜਾਂਦਾ ਹੈ ਤਾਂ ਉਸ ਦੀ ਕਿੱਧਰੇ ਕੋਈ ਖ਼ਬਰ ਨਹੀਂ ਲੱਭਦੀ, ਪਰ ਜੇ ਕੋਈ ਪੁਲਿਸ ਵਾਲਾ ਮਾਓਵਾਦੀਆਂ ਅੱੜਿਕੇ ਆ ਜਾਵੇ, ਫਿਰ ਧੜਾਧੜ ਖ਼ਬਰਾਂ ਛੱਪਦੀਆਂ ਹਨ। ਅਖੇ ਮਾਓਵਾਦੀਆਂ ਨੇ ਆਹ ਕਰਤਾ, ਮਾਓਵਾਦੀਆਂ ਨੇ ਔਹ ਕਰਤਾ।
ਮੀਡੀਆ ਦੀ ਭੂਮਿਕਾ ਦੀ ਮੈਂ ਤੁਹਾਨੂੰ ਇੱਕ ਛੋੱਟੀ ਜਿਹੀ ਮਿਸਾਲ ਦਿੰਦਾ ਹਾਂ। ਪਿਛਲੇ ਸਾਲ ਸਤੰਬਰ ਵਿੱਚ ‘ਅਪਰੇਸ਼ਨ ਗ੍ਰੀਨ ਹੰਟ’ ਦੇ ਪਹਿਲੇ ਪੜਾਅ ਦੌਰਾਨ ਪੁਲਿਸ ਦਸਤਆਿਂ ਨੇ ਇੱਕ ਪੂਰੇ ਪਰਿਵਾਰ ਨੂੰ ਨਿਸ਼ਾਨਾ ੂਬਣਾਇਆ। ਪਹਿਲਾਂ ਉਨ੍ਹਾਂ ਪਿਓ ਨੂੰ ਛੁਰਿਆਂ ਨਾਲ ਵਿੰਨਿ•ਆ, ਫੇਰ ਮਾਂ ਨੂੰ ਤੇ ਵੱਡੀ ਕੁੜੀ ਦੇ ਦੋ ਸਾਲ ਦੇ ਬੱਚੇ ਦੇ ਦੰਦ ਤੋੜ ਦਿੱਤੇ ਤੇ ਉਸਦੀ ਜੀਭ ਦਾ ਇੱਕ ਹਿੱਸਾ ਵੱਡ ਦਿੱਤਾ। ਮੈਂ ਚਾਹੁੰਦਾ ਸਾਂ ਕਿ ਪ੍ਰੈਸ ਨੂੰ ਉਨ੍ਹਾਂ ਦੀ ਦਾਸਤਾਨ ਸੁਣਾਵਾਂ। ਮੈਂ ਉਨ੍ਹਾਂ ਨੂੰ ਰਾਏਪੁਰ ਲੈ ਕੇ ਗਿਆ। ਰਾਏਪੁਰ ਪ੍ਰੈਸ ਨੇ ਮੈਥੋਂ ਉਨ੍ਹਾਂ ਦੇ ਨਕਸਲੀ ਨਾ ਹੋਣ ਦਾ ਸਬੂਤ ਮੰਗਿਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇੰਨ•ਾਂ ਨੂੰ ਤਾਂ ਪੁਲਿਸ ਵੀ ਨਕਸਲੀ ਨਹੀਂ ਮੰਨਦੀ। ਇਸਦੇ ਬਾਵਜੂਦ ਵੀ ਉਨ੍ਹਾਂ ਸਾਡੀ ਇੱਕ ਨਾ ਸੁਣੀ।

ਸਵਾਲ— ਅੰਦਰੂਨੀ ਮਾਓਵਾਦੀ ਮੂਵਮੈਂਟ ਨੂੰ ਬਾਹਰੀ ਤੇ ਬਾਹਰੀ ਨੂੰ ਅੰਦਰੂਨੀ ਮੂਵਮੈਂਟ ਨਾਲ ਜੋੜਨ ਦਾ ਪਰੋਸੈੱਸ ਕਿਤੇ ਦਿਖਾਈ ਨਹੀਂ ਦਿੰਦਾ?
ਜਵਾਬ— ਮੈਂ ਮਾਓਵਾਦੀ ਲਹਿਰ ਦਾ ਅੰਗ ਨਹੀਂ ਹਾਂ। ਇਸ ਲਈ ਮੈਂ ਇਸ ਬਾਰੇ ਕੁੱਝ ਨਹੀਂ ਕਹਾਂਗਾ।

ਸਵਾਲ— ਅਮਰੀਕਾ ਨੇ ਜਦੋਂ ਵੀ ਕਿਸੇ ਦੇਸ਼ ਤੇ ਹਮਲਾ ਕੀਤਾ ਤਾਂ ਇਹ ਹਾਲ ਦੁਹਾਈ ਪਾ ਕੇ ਕੀਤਾ ਕਿ ਇਸ ਦੇਸ਼ ‘ਚ ਤਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ, ਪਰ ਭਾਰਤ ਦੇ ਆਦਿਵਾਸੀ ਇਲਾਕਿਆਂ ਬਾਰੇ ਅਮਰੀਕਾ ਦੀ ਚੁੱਪੀ ਕੀ ਦਰਸਾਉਂਦੀ ਹੈ?
ਜਵਾਬ— ਇਹਦਾ ਜਵਾਬ ਸਭ ਜਾਣਦੇ ਹੀ ਹਨ ਕਿ ਭਾਰਤ ਦੀ ਸਰਕਾਰ ਅਮਰੀਕਾ ਦੀ ਗੋਲੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਮਰੀਕਾ ਦੀਆਂ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਦੀ ਰੱਖਿਆ ਕਰਦੇ ਹਨ ਤੇ ਉਨ੍ਹਾਂ ਦੇ ਨੌਕਰ ਰਹਿ ਚੁੱਕੇ ਹਨ। ਫੇਰ ਅਮਰੀਕਾ ਆਪਣੇ ਹੀ ਝੋਲੀ- ਚੁੱਕਾਂ ਖ਼ਿਲਾਫ਼ ਕਿਵੇਂ ਬੋਲੇਗਾ?

ਸਵਾਲ— ਸੀ.ਪੀ.ਆਈ. ਤੇ ਸੀ.ਪੀ.ਐੱਮ. ਦਾ ‘ਅਪ੍ਰੇਸ਼ਨ ਗ੍ਰੀਨ ਹੰਟ’ ਦੇ ਮੁੱਦੇ ‘ਤੇ ਕੀ ਸਟੈਂਡ ਹੈ?
ਜਵਾਬ— ਦੇਖੋ ਦੋਵਾਂ ਦਾ ਸਟੈਂਡ ਹੁਣ ਤੱਕ ਇਹ ਹੈ ਕਿ ਸੀ.ਪੀ.ਆਈ. ਨੇ ‘ਅਪ੍ਰੇਸ਼ਨ ਗ੍ਰੀਨ ਹੰਟ’ ਦਾ ਵਿਰੋਧ ਕੀਤਾ ਹੈ ਅਤੇ ਸੀ.ਪੀ.ਐਮ. ਇਸ ਅਪ੍ਰੇਸ਼ਨ ਦੀ ਭਾਗੀਦਾਰ ਬਣੀ ਖ਼ੜੀ ਹੈ।

ਸਵਾਲ— ਭਾਰਤੀ ਸੰਵਿਧਾਨ ਬਾਰੇ ਤੁਹਾਡਾ ਕੀ ਨਜ਼ਰੀਆ ਹੈ?
ਜਵਾਬ— ਮੈਂ ਭਾਰਤੀ ਸੰਵਿਧਾਨ ਦੀ ਦਿਲੋਂ ਇੱਜ਼ਤ ਕਰਦਾ ਹਾਂ। ਇਹ ਦੁਨੀਆ ਦੇ ਬੇਹਤਰੀਨ ਸੰਵਿਧਾਨਾਂ ‘ਚੋਂ ਇੱਕ ਹੈ। ਇਹ ਤਾਂ ਸਮਾਜਵਾਦੀ ਸਰੂਪ ਹੈ। ਇਹ ਹਰ ਵਰਗ ਦੇ ਲੋਕਾਂ ਤੇ ਹਰ ਵਿਚਾਰਧਾਰਾ ਦਾ ਸਤਿਕਾਰ ਕਰਦਾ ਹੈ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਇਹ ਗੁੰਡੇ ਕਿਸਮ ਲੋਕਾਂ ਦੇ ਵੱਸ ਪੈ ਗਿਆ ਹੈ। ਉਹ ਦੇਸ਼ ਦੇ ਲੀਡਰ ਬਣ ਬੈਠੇ ਹਨ। ਸੰਵਿਧਾਨ ਦੀਆਂ ਸਭ ਤੋਂ ਵੱਧ ਧੱਜੀਆਂ ਵੀ ਇਨ੍ਹਾਂ ਲੋਕਾਂ ਨੇ ਉਡਾਈਆਂ ਹਨ।

ਸਵਾਲ— ਮਾਓਵਾਦੀ ਭਾਰਤ ਨੂੰ ਅਰਧ-ਜਗੀਰੂ ਸਟੇਟ ਮੰਨਦੇ ਹਨ ਤੇ ਤੁਸੀਂ………?
ਜਵਾਬ— ਮੈਂ ਮੰਨਦਾ ਹਾਂ ਕਿ ਭਾਰਤ ਵਿੱਚ ਸਰਮਾਏਦਾਰੀ ਆਪਣੀ ਚੜ•ਤ ਤੇ ਹੈ,ਇਹ ਵਿਕਰਾਲ ਰੂਪ ‘ਚ ਉੱਭਰ ਕੇ ਸਾਹਮਣੇ ਆ ਰਹੀ ਹੈ।

ਸਵਾਲ— ਇਸ ਸਮੇਂ ਭਾਰਤ ‘ਚ ਪੂੰਜੀਵਾਦੀ ਪ੍ਰਣਾਲੀ ਨਾਲ ਵਿਕਾਸ ਹੋ ਰਿਹਾ ਹੈ, ਜਿਸ ਨੂੰ ਹੁਣ ਤੁਸੀਂ ਵੀ ਮੰਨ ਚੁੱਕੇ ਹੋ। ਜੇਕਰ ਨੇੜਲੇ ਭਵਿੱਖ ਵਿੱਚ ਇਨ੍ਹਾਂ ਮਾਓਵਾਦੀਆਂ ਕੋਲ ਇੰਨੀ ਤਾਕਤ ਆ ਵੀ ਜਾਂਦੀ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜੰਗਲਾਂ ‘ਚੋਂ ਉੱਠ ਕੇ ਭਾਰਤ ਦੀ ਆਵਾਮ ਦੀ ਸਹੀ ਅਗਵਾਈ ਕਰ ਸਕਣਗੇ?
ਜਵਾਬ— ਸਵਾਲ ਇਹ ਨਹੀਂ ਹੁੰਦਾ ਕਿ ਲੋਕਾਂ ਦੀ ਅਗਵਾਈ ਕਰਨ ਵਾਲਾ ਜੰਗਲਾਂ ‘ਚੋਂ ਉੱਠ ਕੇ ਆਉਂਦਾ ਹੈ ਜਾਂ ਤੁਹਾਡੇ ‘ਸੱਭਿਅਕ ਸਮਾਜ’ ਵਿੱਚੋਂ, ਸਵਾਲ ਤਾਂ ਇਹ ਹੈ ਕਿ ਕੀ ਉਸ ਕੋਲ ਕੀ ਸੋਚ ਜਾਂ ਸਿਧਾਂਤ ਹਨ, ਜਿਸ ਤਹਿਤ ਉਹ ਆਵਾਮ ਦੀ ਅਗਵਾਈ ਕਰਨਗੇ। ਜੇਕਰ ਵਿਚਾਰਧਾਰਾ ‘ਚ ਸਪੱਸ਼ਟਤਾ ਨਹੀਂ ਤਾਂ ਉਹ ਸਹੀ ਰੂਪ ‘ਚ ਦੇਸ਼ ਦੀ ਆਵਾਮ ਦੀ ਅਗਵਾਈ ਨਹੀਂ ਕਰ ਸਕਦੇ। ਫੇਰ ਚਾਹੇ ਉਹ ਮਾਓਵਾਦੀਏ ਹੋਣ ਜਾਂ ਕੋਈ ਹੋਰ।

ਸਵਾਲ— ਤੁਸੀਂ ਇੱਕ ਥਾਂ ਆਪਣੀ ਤਕਰੀਰ ਵਿੱਚ ਕਿਹਾ ਸੀ ਕਿ ਸੰਤ ਬਿਨੋਵਾ ਨੇ ਭਾਰਤੀ ਸਰਕਾਰ ਨੂੰ ਕਿਹਾ ਸੀ ਕਿ ਨਕਸਲੀਆਂ ਨੂੰ ਕੇਰਲ ਦਾ ਕੁੱਝ ਇਲਾਕਾ ਦੇ ਦਿੱਤਾ ਜਾਵੇ, ਜਿੱਥੇ ਉਹ ਆਪਣੀ ਮਰਜ਼ੀ ਅਨੁਸਾਰ ਰਾਜ ਚਲਾ ਸਕਣ ਤਾਂ ਕਿ ਜਨਤਾ ‘ਚ ਉਨ੍ਹਾਂ ਦੇ ਕੰਮ ਦੀ ਪਰਖ ਹੋ ਸਕੇ। ਬਿਨੋਵਾ ਨੇ ਇਹ ਗੱਲ ਕਿਸ ਥਾਂ ਲਿਖੀ ਹੈ?
ਜਵਾਬ— ਕੁਝ ਸਾਲ ਪਹਿਲਾਂ ਮੇਰੇ ਇੱਕ ਯੂਰਪੀਅਨ ਮਿੱਤਰ ਨੇ ਸੰਤ ਬਿਨੋਵਾ ਦੀ ਤਕਰੀਰ ਮੈਨੂੰ ਮੇਲ ਕੀਤੀ ਸੀ। ਸ਼ਾਇਦ ਇਹ ‘ਭੂਦਾਨ ਗੰਗਾ’ ਵਿੱਚੋਂ ਸੀ।

ਸਵਾਲ— ਦਾਂਤੇਵਾੜਾ ‘ਚ ਮਾਓਵਾਦੀਆਂ ਦੀ ‘ਜਨਤੰਨਾ ਸਰਕਾਰ’ ਵੱਲੋਂ ਚਲਾਇਆ ਜਾਂਦਾ ਲੋਕਤੰਤਰ ਤੇ ਭਾਰਤੀ ਲੋਕਤੰਤਰ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਜਵਾਬ— ਦਾਂਤੇਵਾੜਾ ਦੇ ਲੋਕਤੰਤਰ ਬਾਰੇ ਵਿਦਵਾਨਾਂ ਵੱਲੋਂ ਕਾਫ਼ੀ ਕੁਝ ਲਿਖਿਆ ਜਾ ਚੁੱਕਾ ਹੈ, ਤੁਹਾਡੀ ਪੰਜਾਬੀ ਭਾਸ਼ਾ ਵੀ ਛਪ ਚੁੱਕਾ ਹੈ। ਮੈਂ ਤਾਂ ਇਹੀ ਕਹਾਂਗਾ ਕਿ ਦਾਂਤੇਵਾੜਾ ਦਾ ਲੋਕਤੰਤਰ ਪੂਰੇ ਭਾਰਤਵਰਸ਼ ਲਈ ਇੱਕ ਮਿਸਾਲ ਹੈ।

ਸਵਾਲ— ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਗ਼ਰੀਬੀ ਤੇ ਬੇਇਨਸਾਫ਼ੀ ਤਾਂ ਭਾਰਤ ਦੇ ਹੋਰਨਾਂ ਇਲਾਕਿਆਂ’ਚ ਵੀ ਹੈ, ਉੱਥੇ ਤਾਂ ਕੋਈ ਹਿੰਸਾ ‘ਤੇ ਉਤਾਰੂ ਨਹੀਂ ਹੁੰਦਾ?
ਜਵਾਬ— ਗ਼ਰੀਬਾਂ ਦੀਆਂ ਵੀ ਤਿੰਨ ਕਿਸਮਾਂ ਹੁੰਦੀਆਂ ਹਨ— ਪਹਿਲੀ ਕਿਸਮ ਉਨ੍ਹਾਂ ਗ਼ਰੀਬਾਂ ਦੀ ਹੈ ਜੋ ਅਮੀਰਾਂ ਆਸਰੇ ਜਿਊਂਦੇ ਹਨ , ਜਿਵੇਂ- ਗੁਬਾਰੇ ਵੇਚਣ ਵਾਲਾ, ਘਰੇਲੂ ਨੌਕਰ ਜਾਂ ਮਜ਼ਦੂਰ। ਦੂਜੀ ਕਿਸਮ ਉਨ੍ਹਾਂ ਗ਼ਰੀਬਾਂ ਦੀ ਹੈ ਜੋ ਆਪਣੀ ਗ਼ਰੀਬੀ ਨੂੰ ਧੁਰੋਂ ਲਿਖੀ ਮੰਨਦੇ ਹਨ, ਮਤਲਬ ਜਿਨ੍ਹਾਂ ਕਿਸਮਤ ਨਾਲ ਸਮਝੌਤਾ ਕਰ ਲਿਆ ਹੈ। ਤੀਜੀ ਕਿਸਮ ਇਨ੍ਹਾਂ ਆਦਿਵਾਸੀਆਂ ਦੀ ਹੈ, ਜੋ ਆਪਣੇ ਜੰਗਲਾਂ ‘ਚ ਖ਼ੁਸ਼ੀ ਭਰਿਆ ਜੀਵਨ ਬਤੀਤ ਕਰਦੇ ਸਨ ਪਰ ‘ਸੱਭਿਅਕ ਸਮਾਜ’ ਦੀ ਅਮੀਰ ਬਣਨ ਦੀ ਲਾਲਸਾ ਨੇ ਉਨ੍ਹਾਂ ਦਾ ਜੰਗਲ਼ ਖੋਹ ਲਿਆ। ਹੁਣ ਜਦੋਂ ਇਨ੍ਹਾਂ ਗ਼ਰੀਬਾਂ ਨੇ ਹਥਿਆਰ ਚੁੱਕ ਲਏ ਹਨ ਤਾਂ ਇਹ ‘ਸੱਭਿਅਕ ਸਮਾਜ’ ਵਾਲੇ ਅਮੀਰ ਚਿਦੰਬਰਮ ਮੂਹਰੇ ਹਾੜੇ ਕੱਢ ਰਹੇ ਹਨ। ਜਦੋਂ ਗ਼ਰੀਬਾਂ ਦੀਆਂ ਪਹਿਲੀਆਂ ਦੋ ਕਿਸਮਾਂ ਤੀਜੀ ਕਿਸਮ ਨਾਲ ਮਿਲ ਗਈਆਂ ਤਾਂ ਉਸ ਦਿਨ ਤੂਫ਼ਾਨ ਆ ਜਾਵੇਗਾ। ‘ਸੱਭਿਅਕ ਸਮਾਜ’ ਦੀ ਹਰ ਚੀਜ਼ ਤਬਾਹ ਕੀਤੀ ਜਾਵੇਗੀ। ਇਸੇ ਗੱਲ ਤੋਂ ਇਹ ਅਮੀਰ ਲੋਕ ਡਰਦੇ ਹਨ।

ਸਵਾਲ— ਆਦਿਵਾਸੀਆਂ ਦਾ ਸੱਭਿਆਚਾਰ ਤੇ ਸਾਹਿਤ ਕਿਸ ਤਰ੍ਹਾਂ ਦਾ ਹੈ?
ਜਵਾਬ— ਆਦਿਵਾਸੀ ਪੁਰਾਣੇ ਜੰਗਲੀ ਲੋਕਾਂ ਵਾਂਗ ਕੁਦਰਤ ਨਾਲ ਇੱਕ-ਮਿਕ ਹੋ ਕੇ ਰਹਿੰਦੇ ਹਨ। ਉੱਥੇ ਕੁਦਰਤੀ ਇਨਸਾਫ਼ ਚਲਦਾ ਹੈ, ਜਿਵੇਂ ਸਾਡੀਆਂ ਪੁਰਾਤਨ ਕਥਾਵਾਂ ‘ਚ ਦਰਜ ਹੈ ਕਿ ਅਸੁਰਾਂ ਦੇ ਵੱਡੇ-ਵੱਡੇ ਸਿੰਗ ਹੁੰਦੇ ਸਨ। ਆਦਿਵਾਸੀ ਅੱਜ ਵੀ ਸਿਰ ‘ਚੇ ਸਿੰਗ ਰੱਖ ਕੇ ਨੱਚਦੇ ਹਨ। ਉਨ੍ਹਾਂ ਦੇ ਅਪਣੇ ਲੋਕ-ਗੀਤ ਤੇ ਬੋਲੀਆਂ ਹਨ, ਪਰ ਲਿਖਤੀ ਸਾਹਿਤ ਨਹੀਂ ਹੈ।

ਸਵਾਲ— ਇਹ ਜੋ ਤੁਸੀਂ ਸਾਇਕਲ ਯਾਤਰਾ ਕਰ ਰਹੇ ਹੋ, ਇਸ ਦਾ ਕੀ ਉਦੇਸ਼ ਹੈ? ਕਿਤੇ ਇਹ ਸਿਰਫ਼ ਦਾਰਸ਼ਨਿਕ ਰੁਮਾਂਸ ਤਾਂ ਨਹੀਂ?
ਜਵਾਬ— ਜੇਕਰ ਤੁਸੀਂ ਇਸ ਨੂੰ ਦਾਰਸ਼ਨਿਕ ਰੁਮਾਂਸ ਸਮਝਦੇ ਹੋ ਤਾਂ ਮੈਂ ਕਹਾਂਗਾ ਕਿ ਹਾਂ ਇਹ ਦਾਰਸ਼ਨਿਕ ਰੁਮਾਂਸ ਹੀ ਹੈ। ਜੇ ਇਹ ਦਾਰਸ਼ਨਿਕ ਰੁਮਾਂਸ ਨਾ ਹੁੰਦਾ ਤਾਂ ਮੈਂ ਇਸ ਤਰ੍ਹਾਂ ਘਰ-ਬਾਰ ਛੱਡ ਕੇ ਦਾਂਤੇਵਾੜਾ ਨਾ ਜਾਂਦਾ ਤੇ ਆਸ਼ਰਮ ਢਹਿਣ ਤੇ ਇਸ ਤਰ੍ਹਾਂ ਸਾਇਕਲ ਤੇ ਥਾਂ-ਥਾਂ ਜਾ ਕੇ ਪ੍ਰੋਗਰਾਮ ਨਾ ਕਰਦਾ। ਤੁਸੀਂ ਮੇਰੀ ਯਾਤਰਾ ਦਾ ਉਦੇਸ਼ ਪੁੱਛ ਰਹੇ ਹੋ, ਮੇਰੀ ਯਾਤਰਾ ਦਾ ਮਕਸਦ ਭਾਰਤ ਵਾਸੀਆਂ ਨੂੰ ਆਦਿਵਾਸੀਆਂ ‘ਤੇ ਹੋ ਰਹੇ ਜ਼ੁਲਮਾਂ ਤੋਂ ਜਾਣੂ ਕਰਵਾਉਣਾ ਹੈ ਤਾਂ ਕਿ ਉਹ ਵੀ ਉਨ੍ਹਾਂ ਗਰੀਬਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ। ਮੈਨੂੰ ਲੱਗਦਾ ਹੈ ਕਿ ਮੈਂ ਕਾਫ਼ੀ ਹੱਦ ਤੱਕ ਇਸ ਮਕਸਦ ਵਿੱਚ ਕਾਮਯਾਬ ਹੋ ਰਿਹਾ ਹਾਂ।

ਸਵਾਲ— ਕੁੱਝ ਲੋਕਾਂ ਦਾ ਕਹਿਣਾ ਹੈ ਕਿ ਹਿਮਾਂਸ਼ੂ ਜੀ ਆਪਣੀ ਤਕਰੀਰ ਤੇ ਚਿਹਰੇ ਦੇ ਹਾਵਾਂ-ਭਾਵਾਂ ਤੋਂ ਬੁਲਾਰੇ ਘੱਟ ਤੇ ਕਲਾਕਾਰ ਜ਼ਿਆਦਾ ਲੱਗਦੇ ਹਨ?
ਜਵਾਬ— (ਹੱਸ ਕੇ) ਇਸ ਤਰ੍ਹਾਂ ਸੋਚਣ ਵਾਲੇ ਲੋਕਾਂ ਦਾ ਸ਼ੁਕਰੀਆ।

ਸਵਾਲ— ਪੰਜਾਬ ਵਿੱਚ ਆ ਕੇ ਕਿਸ ਤਰ੍ਵਾਂ ਦਾ ਮਹਿਸੂਸ ਕੀਤਾ? ਪੰਜਾਬੀਆਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ?
ਜਵਾਬ— ਚੰਗਾ ਲੱਗਾ, ਪੰਜਾਬ ਦੇ ਲੋਕ ਮਿਲਣਸਾਰ ਹਨ। ਆਏ ਮਹਿਮਾਨ ਦੀ ਖ਼ੂਬ ਆਓ ਭਗਤ ਕਰਦੇ ਹਨ। ਮੇਰਾ ਤਾਂ ਪੰਜਾਬੀਆਂ ਨਾਲ ਗਹਿਰਾ ਰਿਸ਼ਤਾ ਵੀ ਹੈ, ਕਿਉਂਕਿ ਮੇਰੀ ਪਤਨੀ ਵੀ ਪੰਜਾਬਣ ਹੈ (ਹੱਸ ਕੇ) ਉਹਦੀ ਜ਼ਾਤ ਭਲਾ ਹੈ। ਪੰਜਾਬੀਆਂ ਨੇ ਹਰ ਥਾਂ ਮੇਰਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਮੈਂ ਤਾਂ ਪੰਜਾਬੀਆਂ ਨੂੰ ਇਹੀ ਕਹਾਂਗਾ ਕਿ ਗਰੀਬ ਆਦਿਵਾਸੀਆਂ ਦੇ ਹੱਕ ‘ਚ ਆਵਾਜ਼ ਉਠਾਓ, ਕਿਉਂਕਿ ਪੂੰਜੀਪਤੀਆਂ ਦੀ ਹਵਸ ਏਨੀ ਭੈੜੀ ਹੈ ਕਿ ਪੰਜਾਬ ਵੀ ਦਾਂਤੇਵਾੜਾ ਬਣ ਸਕਦਾ ਹੈ। ਜੇ ਅਸੀਂ ਆਪਣੇ ਭਰਾਵਾਂ ‘ਤੇ ਹੁੰਦੇ ਅੱਤਿਆਚਾਰਾਂ ਨੂੰ ਚੁੱਪ ਕਰਕੇ ਵੇਖਦੇ ਰਹੇ ਤਾਂ ਕੱਲ• ਨੂੰ ਸਾਡੇ ਹੱਕ ‘ਚ ਨਾਹਰਾ ਮਾਰਨ ਵਾਲਾ ਕੋਈ ਨਹੀਂ ਬਚੇਗਾ।

Advertisements
 
Leave a comment

Posted by on February 5, 2011 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

 
%d bloggers like this: