RSS

ਲੋਕਾਂ ਦੇ ਵਿਰੁਧ ਜੰਗ ਬੰਦ ਕਰਨ ਲਈ ਆਵਾਜ਼ ਉਠਾਓ

18 Nov

ਲੋਕਾਂ ਦੇ ਵਿਰੁਧ ਜੰਗ ਬੰਦ ਕਰਨ ਅਤੇ

ਉਨ੍ਹਾਂ ਵਲੋਂ ਉਸਾਰੇ ਬਦਲਵੇਂ ਵਿਕਾਸ ਨੂੰ ਤਬਾਹ ਕਰਨਾ ਬੰਦ ਕਰਨ ਲਈ ਆਵਾਜ਼ ਉਠਾਓ

ਚਿੰਤਕਾਂ, ਬੁੱਧੀਜੀਵੀਆਂ, ਕਲਾਕਾਰਾਂ, ਅਤੇ ਲੇਖਕਾਂ ਨੂੰ  ਅਪੀਲ

ਪਿਆਰੇ ਦੋਸਤੋ!

ਭਾਰਤੀ ਰਾਜ ਨੇ ਭਾਰਤ ਦੇ ਕੇਂਦਰੀ ਖੇਤਰ ਅੰਦਰ ਲੋਕਾਂ ’ਤੇ ਝਪਟਣ ਲਈ ਬੇਮਿਸਾਲ ਪੱਧਰ ’ਤੇ ਸੁਰੱਖਿਆ ਤਾਕਤਾਂ ਜਮ੍ਹਾਂ ਕਰ ਲਈਆਂ ਹਨ। ਇਹ ਭਾਰਤੀ ਰਾਜ ਵਲੋਂ ਇਸ ਦੇਸ਼ ਵਿਚ ਰਹਿ ਰਹੇ ਲੋਕਾਂ ਖਿਲਾਫ਼ ਵਿੱਢੀਆਂ ਜੰਗਾਂ ਵਿਚੋਂ ਸਭ ਤੋਂ ਤਾਜ਼ਾ ਜੰਗ ਹੈ। ਸਰਕਾਰ ਕਹਿੰਦੀ ਹੈ ਕਿ ਇਸ ਨੂੰ ਇਨ੍ਹਾਂ ਇਲਾਕਿਆਂ ਖਿਲਾਫ਼ ਮੁਹਿੰਮ ਇਸ ਕਰਕੇ ਚਲਾਉਣੀ ਪਈ ਹੈ ਕਿਉਂਕਿ ਇੱਥੇ ਮਾਓਵਾਦੀਆਂ ਦਾ ਸਿੱਕਾ ਚੱਲਦਾ ਹੈ ਅਤੇ ਇਨ੍ਹਾਂ ਇਲਾਕਿਆਂ ’ਚ ਕੇਂਦਰੀ ਜਾਂ ਸੂਬਾ ਸਰਕਾਰਾਂ ਦੀ ਅਥਾਰਟੀ ਨਹੀਂ ਚੱਲਦੀ।

ਅਸਲ ਵਿਚ ਇਨ੍ਹਾਂ ਜੰਗਲਾਂ ਦੇ ਵਸਨੀਕ ਹਜ਼ਾਰਾਂ ਵਰ੍ਹਿਆਂ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਨੇ ਜੰਗਲਾਂ ਦੀ ਰਾਖੀ ਕੀਤੀ ਹੈ ਅਤੇ ਉਨ੍ਹਾਂ ਦੀ ਆਪਣੀ ਜ਼ਿੰਦਗੀ ਜੰਗਲਾਂ ਦੇ ਸਹਾਰੇ ਹੈ ਅਤੇ ਉਨ੍ਹਾਂ ਦੀ ਹੋਂਦ ਦਾ ਇਕੋ ਇਕ ਵਸੀਲਾ ਇਹੀ ਜੰਗਲ ਹਨ। ਇਹ ਕਬਾਇਲੀ ਲੋਕ ਸਾਡੀ ਧਰਤੀ ਦੇ ਸਭ ਤੋਂ ਗਰੀਬ ਤੇ ਲਤਾੜੇ ਲੋਕ ਹਨ। ਆਦਿਵਾਸੀਆਂ ਵਜੋਂ ਜਾਣੇ ਜਾਂਦੇ ਇਹ ਲੋਕ ਸਾਡੇ ਵਤਨ ਦੇ ਸਭ ਤੋਂ ਆਦਿਕਾਲੀਨ ਵਸਨੀਕ ਹਨ, ਜੋ ਹਾਲੇ ਵੀ ਪੁਰਾਤਨ ਯੁੱਗ ’ਚ ਵਿਚਰ ਰਹੇ ਹਨ। ਹਜ਼ਾਰਾਂ ਵਰ੍ਹਿਆਂ ਤੋਂ ਉਨ੍ਹਾਂ ਦੀ ਜ਼ਿੰਦਗੀ ਪੁਰਾਣੀ ਤਰਜ਼ ਦੀ ਹੀ ਚਲੀ ਆ ਰਹੀ ਹੈ। ਇਨ੍ਹਾਂ ਤਮਾਮ ਸਮਿਆਂ ’ਚ ਕੋਈ ਉਨ੍ਹਾਂ ਨੂੰ ਅਧੀਨ ਨਹੀਂ ਬਣਾ ਸਕਿਆ। ਬਰਤਾਨਵੀ ਸਲਤਨਤ ਨੇ 1910 ’ਚ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਦੀਆਂ ਧਾੜਵੀ ਫ਼ੌਜਾਂ ਨੂੰ ਮੂੰਹ ਦੀ ਖਾਣੀ ਪਈ ਤੇ ਉਹ ਪਿੱਛੇ ਹਟਣ ਲਈ ਮਜਬੂਰ ਹੋ ਗਈਆਂ ਸਨ। ਬਰਤਾਨਵੀ ਤਾਕਤਾਂ ਵਿਰੁਧ ਕਬਾਇਲੀ ਲੋਕਾਂ ਦੇ ਟਾਕਰੇ ਦੀ ਅਗਵਾਈ ਮਹਾਨ ਯੋਧੇ ਗੁੰਡਾਧਰ ਨੇ ਕੀਤੀ ਸੀ। ਇਹ ਭੂਮਕਾਲ ਬਗ਼ਾਵਤ ਵਜੋਂ ਪ੍ਰਸਿੱਧ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਉਨੀਵੀਂ ਸਦੀ ਵਿਚ ਬਿਰਸਾ ਮੁੰਡਾ ਦੀ ਅਗਵਾਈ ਹੇਠ ਅੰਗਰੇਜ਼ੀ ਰਾਜ ਵਿਰੁਧ ਲੜਾਈ ਲੜੀ ਸੀ ਜੋ ਮੁੰਡਾ ਬਗ਼ਾਵਤ ਵਜੋਂ ਪ੍ਰਸਿੱਧ ਹੋਈ ਸੀ।

ਓਦੋਂ ਤੋਂ ਲੈ ਕੇ, ਕਿਸੇ ਰਾਜ ਨੇ ਉਨ੍ਹਾਂ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਅਧੀਨ ਕਰਨ ਦੀ ਹਿੰਮਤ ਨਹੀਂ ਕੀਤੀ, ਚਾਹੇ ਬਰਤਾਨਵੀ ਹਾਕਮ ਸਨ, ਜਾਂ ਅੰਗਰੇਜ਼ਾਂ ਦੇ ਰਾਜ ਤੋਂ ਬਾਅਦ ਦਿੱਲੀ ਤਖ਼ਤ ’ਤੇ ਬਿਰਾਜਮਾਨ ਹੋਣ ਵਾਲੇ ਦੇਸੀ ਹਾਕਮ। ਉਹ ਹਮੇਸ਼ਾ ਤੋਂ ਆਜ਼ਾਦ ਸੁਭਾਅ ਦੇ ਲੋਕ ਰਹੇ ਹਨ, ਜਿਨ੍ਹਾਂ ਦਾ ਆਪਣਾ ਸਭਿਆਚਾਰ, ਰਸਮਾਂ-ਰਿਵਾਜ਼ ਅਤੇ ਨਿਆਰਾ ਜਿਊਣ ਢੰਗ ਹੈ। ਕੇਂਦਰ ਤੇ ਸੂਬਾ ਸਰਕਾਰਾਂ ਉਨ੍ਹਾਂ ਦੇ ਜੰਗਲਾਂ ਅਤੇ ਖਣਿਜ ਤੇ ਧਾਤਾਂ ਦੇ ਵਸੀਲਿਆਂ ਦੀ ਬੇਲਗਾਮ ਲੁੱਟ ਮਚਾਉਾਂਦੀਆਂ ਾ ਰਹੀਆਂ ਹਨ। ਜਦੋਂਕਿ ਇੱਥੇ ਪੀਣ ਵਾਲਾ ਪਾਣੀ, ਸਿੱਖਿਆ, ਇਲਾਜ਼ ਸਹੂਲਤਾਂ ਵਰਗੀਆਂ ਬੁਨਿਆਦੀ ਜ਼ਰੂਰਤਾਂ ਮੁਹੱਈਆ ਕਰਾਉਣ ਲਈ ਇਨ੍ਹਾਂ ਵਲੋਂ ਕਦੇ ਕੁਝ ਕੀਤਾ ਹੀ ਨਹੀਂ ਗਿਆ। ਉਨ੍ਹਾਂ ਦੇ ਵਸੀਲਿਆਂ ਦੀ ਅਥਾਹ ਲੁੱਟ ਕੀਤੀ ਜਾਂਦੀ ਹੈ, ਜੋ ਹਰ ਸਾਲ ਅਰਬਾਂ ਰੁਪਏ ਨੂੰ ਜਾ ਪਹੁੰਚਦੀ ਹੈ। ਸਨਅਤਕਾਰ, ਅਫਸਰਸ਼ਾਹ, ਸਿਆਸਤਦਾਨ, ਠੇਕੇਦਾਰ ਅਤੇ ਪੁਲਿਸ ਸਾਰਾ ਧਨ ਡਕਾਰ ਜਾਂਦੇ ਹਨ। ਇਹ ਸਾਰਾ ਕੁਝ ਓਦੋਂ ਤੱਕ ਅਰਾਮ ਨਾਲ ਚੱਲਦਾ ਰਿਹਾ, ਜਦੋਂ ਤੱਕ ਕਬਾਇਲੀਆਂ ਨੇ ਲੁੱਟਖਸੁੱਟ ਅਤੇ ਅਣਮਨੁੱਖੀ ਦਾਬੇ ਬਾਰੇ ਜਾਗਰੂਕ ਹੋ ਕੇ ਟਾਕਰੇ ਦਾ ਰਾਹ ਅਖਤਿਆਰ ਨਹੀਂ ਕਰ ਲਿਆ। ਉਨ੍ਹਾਂ ਦੀਆਂ ਰਵਾਇਤਾਂ ਇਸ ਟਾਕਰੇ ਦੀ ਖਾਸੀਅਤ ਬਣ ਚੁੱਕੀਆਂ ਹਨ ਤੇ ਇਹ ਆਜ਼ਾਦ ਲੋਕਾਂ ਵਜੋਂ ਉਨ੍ਹਾਂ ਦੇ ਸੁਭਾਅ ਦੇ ਅਨੁਸਾਰ ਹੈ। ਉਨ੍ਹਾਂ ਦਾ ਸੰਘਰਸ਼ ਇਸ ਹਮਲਾਵਰ ਦਸਤੂਰ ਦਾ ਫਸਤਾ ਵੱਢਣ ਲਈ ਹੈ ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਨਰਕ ਵਰਗੀ ਬਣਾ ਰੱਖੀ ਹੈ। ਇਸੇ ਕਰਕੇ ਉਹ ਇਨਕਲਾਬੀ ਮਾਰਕਸਵਾਦ ਦੀ ਵਿਚਾਰਧਾਰਾ ਨਾਲ ਜੁੜ ਗਏ ਜੋ ਲੁੱਟ, ਸ਼ੋਸ਼ਣ ਅਤੇ ਦਾਬੇ ਤੋਂ ਮੁਕਤ ਸੰਸਾਰ ਦੀ ਜ਼ਾਮਨ ਹੈ। ਇਸੇ ਕਰਕੇ ਉਨ੍ਹਾਂ ਨੂੰ ਲੱਗਿਆ ਕਿ ਇਨਕਲਾਬੀ ਮਾਓਵਾਦੀ ਬਾਗ਼ੀਆਂ ਨਾਲ ਉਨ੍ਹਾਂ ਦਾ ਕਾਜ਼ ਸਾਂਝਾ ਹੈ, ਜੋ ਹਰ ਤਰ੍ਹਾਂ ਦੀ ਲੁੱਟ-ਖਸੁੱਟ ਅਤੇ ਅੱਤਿਆਚਾਰ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਹਰ ਤਰ੍ਹਾਂ ਦੇ ਵਿਤਕਰੇ ਤੋਂ ਮੁਕਤ, ਸਮਾਨਤਾਵਾਦੀ, ਮਨੁੱਖਤਾਵਾਦੀ ਸਮਾਜ ਉਸਾਰਨਾ ਚਾਹੁੰਦੇ ਹਨ।

ਬਿਨਾਸ਼ੱਕ, ਹੁਣ ਇਹ ਜੱਗ ਜ਼ਾਹਰ ਹੈ ਕਿ ਉਹ ਐਸੀਆਂ ਜ਼ਮੀਨਾਂ ’ਤੇ ਰਹਿ ਰਹੇ ਹਨ ਜੋ ਸਿਰੇ ਦੇ ਅਮੀਰ ਖਣਿਜਾਂ, ਧਾਤਾਂ ਅਤੇ ਲੋਹਾ, ਕੋਲਾ, ਬਾਕਸਾਈਟ, ਮੈਂਗਨੀਜ਼, ਸੋਨਾ, ਹੀਰੇ, ਯੂਰੇਨੀਅਮ ਆਦਿ ਜਹੇ ਹੋਰ ਕੁਦਰਤੀ ਵਸੀਲਿਆਂ ਨਾਲ ਵਰੋਸਾਈਆਂ ਹੋਈਆਂ ਹਨ। ਭਾਰਤੀ ਰਾਜ ਨੇ ਕਦੇ ਵੀ ਇਹ ਨਹੀਂ ਮੰਨਿਆ ਕਿ ਕਬਾਇਲੀਆਂ ਦਾ ਆਪਣੀ ਜ਼ਮੀਨ ਅਤੇ ਜੰਗਲਾਂ ਉੱਪਰ ਹੱਕ ਹੈ, ਅਤੇ ਇਸ ਨੇ ਹਮੇਸ਼ਾ ਵੱਖ-ਵੱਖ ਢੰਗਾਂ ਰਾਹੀਂ ਇਨ੍ਹਾਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਹੈ। ਰਾਜ ਹੁਣ ਇਸ ਲੁੱਟ-ਖਸੁੱਟ ਨੂੰ ਹੋਰ ਤਿੱਖੀ ਕਰਨੀ ਚਾਹੁੰਦਾ ਹੈ, ਅਤੇ ਇਸ ਨੇ ਹੁਣ ਇਨ੍ਹਾਂ ਜ਼ਮੀਨਾਂ ਉੱਪਰ ਨਵੇਂ ਪ੍ਰਾਜੈਕਟ ਲਾਉਣ ਲਈ ਬਦੇਸ਼ੀ ਸਾਮਰਾਜੀ ਕੰਪਨੀਆਂ ਅਤੇ ਭਾਰਤ ਦੇ ਵੱਡੇ ਸਨਅਤੀ ਘਰਾਣਿਆਂ ਅਤੇ ਇਨ੍ਹਾਂ ਦੇ ਸਾਂਝੇ ਕਾਰੋਬਾਰਾਂ ਨੂੰ  ਸੱਦਾ ਦਿੱਤਾ ਹੋਇਆ ਹੈ। ਇਸ ਮੰਤਵ ਵਾਸਤੇ ਭਾਰਤ ਸਰਕਾਰ ਨੇ ਬਦੇਸ਼ੀ ਅਤੇ ਭਾਰਤੀ ਸਨਅਤੀ ਘਰਾਣਿਆਂ ਨਾਲ ਲੱਖਾਂ ਕਰੋੜ ਰੁਪਏ ਦੇ ਸਹਿਮਤੀ ਪੱਤਰਾਂ ’ਤੇ ਦਸਤਖਤ ਕੀਤੇ ਹੋਏ ਹਨ। ਇਨ੍ਹਾਂ ਸਹਿਮਤੀ-ਪੱਤਰਾਂ ਦੇ ਸਾਰਤੱਤ ਨੂੰ ਇਨ੍ਹਾਂ ਨੇ ਗੁਪਤ ਤੇ ਭੇਦ ਬਣਾਕੇ ਰੱਖਿਆ ਹੈ ਅਤੇ ਲੋਕਾਂ ਨੂੰ ਇਸ ਦੇ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ! ਭਾਰਤੀ ਰਾਜ ਦੇ ਤਾਜ਼ਾ ਹਮਲੇ ਦਾ ਉਦੇਸ਼ ਇਨ੍ਹਾਂ ਇਲਾਕਿਆਂ ਨੂੰ ਇਨ੍ਹਾਂ ਲੋਕਾਂ ਕੋਲੋਂ ਖੋਹਕੇ ਸਰਮਾਏਦਾਰ ਕੰਪਨੀਆਂ ਦੇ ਹਵਾਲੇ ਕਰਨਾ ਹੈ। ਇਹ ਸਾਰਾ ਕੁਝ ਵਿਕਾਸ ਦੇ ਨਾਂਅ ਹੇਠ ਕੀਤਾ ਜਾ ਰਿਹਾ ਹੈ। ਅਸਲ ਵਿਚ ਇਹ ਵਿਕਾਸ ਕਿਵੇਂ ਵੀ ਕਬਾਇਲੀਆਂ ਅਤੇ ਇਨ੍ਹਾਂ ਇਲਾਕਿਆਂ ਦੇ ਆਲੇ-ਦੁਆਲੇ ਵਸਦੇ ਲੋਕਾਂ ਦੇ ਜੀਵਨ ਦੇ ਪਦਾਰਥਕ ਹਾਲਾਤਾਂ ਦਾ ਵਿਕਾਸ ਨਹੀਂ ਹੈ। ਬੈਲਾਡਿਲਾ, ਬਾਲਕੋ, ਬੋਕਾਰੋ, ਭਿਲਾਈ, ਜਾਦੂਗੁਡਾ ਅਤੇ ਅਨੇਕਾਂ ਹੋਰ ਪਹਿਲੇ ਪ੍ਰਾਜੈਕਟਾਂ ਤੋਂ ਇਹ ਪਹਿਲਾਂ ਹੀ ਬਥੇਰਾ ਸਾਬਤ ਹੋ ਚੁੱਕਾ ਹੈ।

ਪਿੱਛੇ ਜਹੇ ਅਸੀਂ ਦੇਖਿਆ ਹੈ ਕਿ ਨੰਦੀਗ੍ਰਾਮ, ਸਿਗੂੰਰ, ਕਾਸ਼ੀਪੁਰ, ਕਾਲਿੰਗਾ ਨਗਰ, ਲਾਲਗੜ੍ਹ, ਪੁਲਾਵਰਮ, ਟੇਹਰੀ ਅਤੇ ਨਰਮਦਾ ਪ੍ਰਾਜੈਕਟ ਦੇ ਇਲਾਕਿਆਂ ਅੰਦਰ ਲੋਕ ਕਾਰ-ਫੈਕਟਰੀਆਂ, ਡੈਮ, ਵੱਡੀਆਂ-ਵੱਡੀਆਂ ਖਾਣਾਂ, ਵਿਸ਼ੇਸ਼ ਆਰਥਕ ਖੇਤਰ ਅਤੇ ਹੋਰ ਪ੍ਰਾਜੈਕਟ ਲਾਉਣ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਪ੍ਰਾਜੈਕਟਾਂ ਦਾ ਇਨ੍ਹਾਂ ਇਲਾਕਿਆਂ ਦੇ ਜਾਂ ਦੇਸ਼ ਦੇ ਹੋਰ ਥਾਵਾਂ ਦੀ ਆਮ ਮਿਹਨਤਕਸ਼ ਅਤੇ ਗਰੀਬ ਜਨਤਾ ਦੇ ਵਿਕਾਸ ਅਤੇ ਭਲਾਈ ਨਾਲ ਕੋਈ ਲਾਗਾ-ਦੇਗਾ ਨਹੀਂ ਹੈ। ਇਨ੍ਹਾਂ ਦਾ ਉਦੇਸ਼ ਪਹਿਲਾਂ ਹੀ ਬੇਹੱਦ ਅਮੀਰ ਮੁੱਠੀਭਰ ਲੋਕਾਂ ਨੂੰ ਹੋਰ ਅਮੀਰ ਬਣਾਉਣਾ ਹੈ, ਜੋ ਦੂਜਿਆਂ ਦੀ ਕੀਮਤ ’ਤੇ ਪਲਦੇ ਹਨ, ਜਾਂ ਫਿਰ ਬਦੇਸ਼ੀ ਸਾਮਰਾਜੀ ਸਰਮਾਏਦਾਰਾਂ ਦੀਆਂ ਤਿਜੌਰੀਆਂ ਭਰਨਾ ਹੈ ਜਿਨ੍ਹਾਂ ਦਾ ਇਕੋ-ਇਕ ਧਰਮ ਲੁੱਟਮਾਰ ਤੇ ਸ਼ੋਸ਼ਣ ਕਰਨਾ ਹੈ। ਇਨ੍ਹਾਂ ਥਾਵਾਂ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਉੱਪਰ ਆਪਣੇ ਹੱਕਾਂ ਦੀ ਖਾਤਰ ਰਾਜ ਦੇ ਵਿਰੁਧ ਅਤੇ ਉਨ੍ਹਾਂ ਪੂੰਜੀਵਾਦੀ ਗਿਰਝਾਂ ਵਿਰੁਧ ਸੰਘਰਸ਼ ਕੀਤਾ ਅਤੇ ਲੜਾਈ ਦਿੱਤੀ ਹੈ ਜਿਨ੍ਹਾਂ ਦੇ ਇਸ਼ਾਰਿਆਂ ’ਤੇ ਸਰਕਾਰ ਕੰਮ ਕਰਦੀ ਹੈ।

ਸਰਕਾਰ ਨੇ ਲੋਕਾਂ ਦੇ ਟਾਕਰੇ ਨੂੰ ਤਬਾਹ ਕਰਨ ਲਈ ਲੱਖਾਂ ਦੀ ਗਿਣਤੀ ’ਚ ਹਥਿਆਰਬੰਦ ਤਾਕਤਾਂ ਤਾਇਨਾਤ ਕੀਤੀਆਂ ਹੋਈਆਂ ਹਨ, ਖ਼ਾਸ ਕਰਕੇ ਉਨ੍ਹਾਂ ਥਾਵਾਂ ਉੱਤੇ ਜਿੱਥੇ ਇਹ ਮਜ਼ਬੂਤ ਤੇ ਬਹੁਤ ਜ਼ਿਆਦਾ ਹੈ ਅਤੇ ਜਿੱਥੇ ਇਹ ਟਾਕਰਾ ਵਸੀਲਿਆਂ ਨਾਲ ਭਰਪੂਰ ਜ਼ਮੀਨਾਂ ਉੱਪਰ ਸਰਮਾਏਦਾਰਾਂ ਦੇ ਕਬਜ਼ੇ ਕਰਨ ’ਚ ਅੜਿੱਕਾ ਬਣ ਰਿਹਾ ਹੈ। ਜਦੋਂ ਸਰਕਾਰ ਇਹ ਕਹਿੰਦੀ ਹੈ ਕਿ ਇਹ ਮਾਓਵਾਦੀਆਂ ਦੇ ਕੰਟਰੋਲ ਹੇਠਲੇ ਇਲਾਕੇ ਵਾਪਸ ਲੈਣਾ ਚਾਹੁੰਦੀ ਹੈ ਤਾਂ, ਅਸਲ ਵਿਚ, ਇਹ ਲੋਕ ਟਾਕਰੇ ਨੂੰ ਤਬਾਹ ਕਰਨਾ ਚਾਹੁੰਦੀ ਹੈ ਅਤੇ ਜ਼ਮੀਨਾਂ ਖੋਹਕੇ ਇਹ ਖਾਣਸਾਜ਼ੀ ਦੀਆਂ ਦਿਓਕੱਦ ਕੰਪਨੀਆਂ, ਸਨਅਤਕਾਰਾਂ ਅਤੇ ਸੁਪਰ ਧਨਾਢ ਕਾਰੋਬਾਰਾਂ ਦੇ ਸਪੁਰਦ ਕਰਨਾ ਚਾਹੁੰਦੀ ਹੈ। ਸਰਕਾਰ ਚਾਹੇ ਇਨ੍ਹਾਂ ਨੂੰ ਦਹਿਸ਼ਤਗਰਦ ਕਹਿੰਦੀ ਰਹੇ ਜਾਂ ਕੁਝ ਹੋਰ, ਮਾਓਵਾਦ ਬੇਇਨਸਾਫ਼ੀ ਵਿਰੁਧ ਲੋਕਾਂ ਦੀ ਬਗ਼ਾਵਤ ਤੋਂ ਬਿਨਾ ਕੁਝ ਨਹੀਂ ਹੈ। ਇਨ੍ਹਾਂ ਖੇਤਰਾਂ ਦੇ ਦਹਿ ਲੱਖਾਂ ਲੋਕ ਮਾਓਵਾਦੀਆਂ ਦੇ ਕਾਜ਼ ਨਾਲ ਇਕਮਿੱਕ ਹਨ ਅਤੇ ਜਦੋਂ ਦਹਿ ਲੱਖਾਂ ਲੋਕ ਇਕ ਹੱਕੀ ਕਾਜ਼ ਲਈ ਲਹਿਰ ਬਣ ਜਾਂਦੇ ਹਨ ਤਾਂ ਉਨ੍ਹਾਂ ਨੂੰ  ਦਹਿਸ਼ਤਗਰਦ ਕਿਵੇਂ ਕਿਹਾ ਜਾ ਸਕਦਾ ਹੈ।

ਰਾਜ ਖੁਦ ਮੰਨਦਾ ਹੈ ਕਿ ਦੇਸ਼ ਦੇ ਕੁਲ 600 ਜ਼ਿਲ੍ਹਿਆਂ ਵਿਚੋਂ 223 ਜ਼ਿਲ੍ਹਿਆਂ ਅੰਦਰ ਮਾਓਵਾਦੀ ਸਰਗਰਮ ਹਨ। ਇਸ ਦਾ ਅਰਥ ਹੈ ਕਿ 223 ਜ਼ਿਲ੍ਹਿਆਂ ਦੇ ਲੋਕ ਇਸ ਵਿਚਾਰਧਾਰਾ ਨੂੰ  ਪਰਨਾਏ ਹੋਏ ਹਨ ਅਤੇ ਲੁੱਟਖਸੁੱਟ ਦਾ ਖਾਤਮਾ ਕਰਨਾ ਚਾਹੁੰਦੇ ਹਨ। ਕਿ ਦਹਿ ਲੱਖਾਂ ਲੋਕਾਂ ਨੇ ਹਥਿਆਰ ਉਠਾਏ ਹੋਏ ਹਨ ਜਾਂ ਇਸ ਟਾਕਰੇ ਦੀ ਹਮਾਇਤ ਕਰਦੇ ਹਨ। ਕਿ ਇਹ ਲੋਕ ਲਹਿਰ ਬਣ ਚੁੱਕੇ ਹਨ। ਅਤੇ ਬਾਕੀ ਜ਼ਿਲ੍ਹਿਆਂ ਦੇ ਲੋਕ? ਕੀ ਇਨ੍ਹਾਂ ਬਾਕੀ ਜ਼ਿਲ੍ਹਿਆਂ ਦੀ ਮਜ਼ਦੂਰ, ਕਿਸਾਨ, ਵਿਦਿਆਰਥੀ, ਮੁਲਾਜ਼ਮ, ਛੋਟੇ ਦੁਕਾਨਦਾਰ ਅਤੇ ਮਿਹਨਤਕਸ਼ ਜਨਤਾ ਦੇ ਹਿੱਤ ਇਸ ਪ੍ਰਬੰਧ ’ਚ ਸੁਰੱਖਿਅਤ ਹਨ, ਅਤੇ ਕੀ ਉਹ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਲੀ ਤਬਦੀਲੀ ਲਈ ਨਹੀਂ ਤਾਂਘ ਰਹੇ, ਤੇ ਕੀ ਉਨ੍ਹਾਂ ਦਾ ਵੀ ਇਹੀ ਸੁਪਨਾ ਨਹੀਂ ਹੈ? ਜੇ 223 ਜ਼ਿਲ੍ਹੇ ਬੇਇਨਸਾਫੀ ਦੇ ਖਿਲਾਫ਼ ਉੱਠ ਖਲੋਤੇ ਹਨ ਅਤੇ ਬਾਕੀਆਂ ਦੀਆਂ ਰੀਝਾਂ ਵੀ ਇਸੇ ਤਰ੍ਹਾਂ ਦੀਆਂ ਹਨ ਤਾਂ ਰਾਜ ਨੂੰ ਇਸ ਨੂੰ ਦਹਿਸ਼ਤਗਰਦੀ ਕਹਿਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ।

ਭਾਰਤੀ ਰਾਜ ਸਿਰਫ਼ ਮਾਓਵਾਦੀਆਂ ਨੂੰ ਹੀ ਨਹੀਂ, ਸਗੋਂ ਇਸ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਰੀਝਾਂ ਨੂੰ ਨੇਸਤੋ-ਨਾਬੂਦ ਕਰ ਦੇਣਾ ਚਾਹੁੰਦਾ ਹੈ। ਇਨ੍ਹਾਂ ਨੂੰ ਭੰਡਣ ਤੇ ਖਤਮ ਕਰਨ ਦੇ ਲਈ, ਇਸ ਨੇ ਸਾਰੇ ਪ੍ਰਚਾਰ ਮਾਧਿਅਮ ਅਤੇ ਹਰ ਤਰ੍ਹਾਂ ਦੀ ਪ੍ਰਚਾਰ ਮਸ਼ੀਨਰੀ ਝੋਕੀ ਹੋਈ ਹੈ। ਉਹ ਦੱਬੇ-ਕੁਚਲੇ ਲੋਕਾਂ ਦੇ ਟਾਕਰੇ ਨੂੰ, ਅਤੇ ਤਬਦੀਲੀ ਲਈ ਉਨ੍ਹਾਂ ਦੀ ਲਹਿਰ ਨੂੰ ਮਲੀਆਮੇਟ ਕਰ ਦੇਣਾ ਚਾਹੁੰਦਾ ਹੈ। ਸਾਡੇ ਹਿੰਦੁਸਤਾਨ ਕਹਾਉਾਂਦੀ ੲਸ ਪੀੜਤ ਧਰਤੀ ਉੱਤੇ ਇਹ ਲਹਿਰ ਇਕੋ ਇਕ ਐਸੀ ਚੀਜ਼ ਹੈ ਜੋ ਉਨ੍ਹਾਂ ਲਈ ਸੱਚੀ ਖੁਸ਼ੀ ਲਿਆ ਸਕਦੀ ਹੈ। ਇਹ ਧਰਤੀ ਜੋ ਭੁੱਖਮਰੀ ਦੇ ਸ਼ਿਕਾਰ ਲੋਕਾਂ, ਲੁੱਟੇ ਪੁੱਟਿਆਂ, ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕਿਸਾਨਾਂ, ਹਨੇਰੇ ਭਵਿੱਖ ਦਾ ਸਾਹਮਣਾ ਕਰ ਰਹੀ ਜਵਾਨੀ, ਫੈਕਟਰੀਆਂ ’ਚੋਂ ਕੱਢੇ ਜਾ ਰਹੇ ਮਜ਼ਦੂਰਾਂ ਦੀ ਧਰਤੀ ਹੈ। ਜੋ ਜਥੇਬੰਦ ਖੇਤਰ ਦੇ ਉਨ੍ਹਾਂ ਮੁਲਾਜ਼ਮਾਂ ਦੀ ਧਰਤੀ ਹੈ ਜਿਨ੍ਹਾਂ ਦਾ ਰੁਜ਼ਗਾਰ ਨੌਕਰੀਆਂ ਠੇਕੇ ਉੱਤੇ ਦੇ ਦਿੱਤੇ ਜਾਣ ਕਾਰਨ ਖੁਸ ਰਿਹਾ ਹੈ। ਜੋ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਦੀ ਧਰਤੀ ਹੈ ਜਿਨ੍ਹਾਂ ਨੂੰ ਸਵੈ-ਇੱਛਾ ਸੇਵਾ ਮੁਕਤੀ ਜਾਂ ਸੁਨਹਿਰੀ ਵਿਦਾਇਗੀ ਦੇ ਨਾਂਅ ਹੇਠ ਕੁਝ ਬੁਰਕੀਆਂ ਸੁੱਟਕੇ ਕੁੱਟ ਦਬੱਲਿਆ ਜਾ ਰਿਹਾ ਹੈ। ਜੋ ਉਨ੍ਹਾਂ ਛੋਟੇ ਦੁਕਾਨਦਾਰਾਂ ਅਤੇ ਵਪਾਰੀਆਂ ਦੀ ਧਰਤੀ ਹੈ, ਜਿਨ੍ਹਾਂ ਦੇ ਕਾਰੋਬਾਰਾਂ ਨੂੰ ਵੱਡੇ ਮਾਲ ਅਤੇ ਵਿਸ਼ੇਸ਼ ਆਰਥਕ ਖੇਤਰ ਹੜੱਪ ਰਹੇ ਹਨ। ਇਹ ਧਰਤੀ ਇਨਸਾਫ ਲਈ ਪੁਕਾਰ ਰਹੀ ਹੈ।

ਜੇ ਪ੍ਰਧਾਨ ਮੰਤਰੀ ਮਾਓਵਾਦੀਆਂ ਉੱਪਰ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡੇ ਖ਼ਤਰੇ ਦਾ ਠੱਪਾ ਲਾਉਾਂਦਾ , ਤਾਂ ਹੁਕਮਰਾਨਾਂ ਨੂੰ ਉਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਜੋ ਉਨ੍ਹਾਂ ਨੇ ਆਜ਼ਾਦੀ ਦੇ ਲੰਘੇ 62 ਸਾਲਾਂ ’ਚ ਲੋਕਾਂ ਨੂੰ ਦਿੱਤਾ ਹੈ? ਛੇ ਦਹਾਕਿਆਂ ਤੋਂ ਉਹ ਇਸ ਸਮਾਜ ਦੇ ਹੁਕਮਰਾਨ ਤੇ ਕਰਤਾਧਰਤਾ ਚਲੇ ਆ ਰਹੇ ਹਨ ਤੇ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਮੌਜੂਦਾ ਹਾਲਤ ਉਨ੍ਹਾਂ ਦੀ ਪੈਦਾ ਕੀਤੀ ਹੋਈ ਹੈ ਨਾ ਕਿ ਮਾਓਵਾਦੀਆਂ ਦੀ। ਉਨ੍ਹਾਂ ਦੀਆਂ ਨੀਤੀਆਂ ਠੁੱਸ ਹੋਈਆਂ ਹਨ ਤਾਂ ਇਸ ਦਾ ਦੋਸ਼ ਟਾਕਰੇ ਦੇ ਰਾਹ ਪਏ ਲੋਕਾਂ ਅਤੇ ਮਾਓਵਾਦੀਆਂ ਨੂੰ ਨਹੀਂ ਦਿੱਤਾ ਜਾ ਸਕਦਾ। ਮਾਓਵਾਦੀ ਤਾਂ ਪਿੱਛੇ ਜਹੇ ਤੋਂ ਹੀ ਸਾਹਮਣੇ ਆਏ ਹਨ, ਪਰ ਉਨ੍ਹਾਂ ਵਾਅਦਿਆਂ ਬਾਰੇ ਰਾਜ ਦੀ ਕੀ ਕਾਰਗੁਜ਼ਾਰੀ ਰਹੀ ਹੈ ਜੋ ਆਜ਼ਾਦੀ ਦੇ ਸਮੇਂ ਲੋਕਾਂ ਨਾਲ ਕੀਤੇ ਗਏ ਸਨ? ਹੋਣੀ ਨਾਲ ਮਿਲਣੀ ਦਾ ਵਾਅਦਾ ਕਿੱਥੇ ਗਿਆ? 14-15 ਅਗਸਤ 1947 ਦੀ ਅੱਧੀ ਰਾਤ ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਜਵਾਹਰ ਲਾਲ ਨਹਿਰੂ ਵਲੋਂ ਕੀਤਾ ਵਾਅਦਾ? ਵਾਅਦਾ ਪੂਰਾ ਨਾ ਕਰਨ ਦਾ ਦੋਸ਼ ਨਾ ਲੋਕਾਂ ਨੂੰ ਦਿੱਤਾ ਜਾ ਸਕਦਾ, ਤੇ ਨਾ ਮਾਓਵਾਦੀਆਂ ਨੂੰ।

ਇਸ ਲਈ ਹੁਣ, ਓਪਰੇਸ਼ਨ ਗਰੀਨ ਹੰਟ ਨਿਰਾ ਇਸੇ ਕਰਕੇ ਨਹੀਂ ਚਲਾਇਆ ਜਾ ਰਿਹਾ ਕਿ ਸਰਕਾਰ, ਪੂਰੀ-ਸੂਰੀ ਜੰਗ ਵਿਚ, ਦਹਿਸ਼ਤਗਰਦੀ ਨਾਲ ਲੜਨ ਦੇ ਨਾਂਅ ਹੇਠ, ਮਾਓਵਾਦੀਆਂ ਦਾ ਸਫਾਇਆ ਕਰਨਾ ਚਾਹੁੰਦੀ ਹੈ। ਇਹ ਅਸਲ ਵਿਚ ਲੋਕਾਂ ਦੀਆਂ ਸੱਧਰਾਂ ਨੂੰ, ਉਨ੍ਹਾਂ ਦੇ ਸੰਘਰਸ਼ਾਂ, ਉਨ੍ਹਾਂ ਦੇ ਟਾਕਰੇ ਨੂੰ, ਬਿਹਤਰ ਜ਼ਿੰਦਗੀ ਲਈ ਜੂਝਣ ਦੇ ਉਨ੍ਹਾਂ ਦੇ ਦ੍ਰਿੜ ਸੰਕਲਪ ਨੂੰ ਕਤਲ ਕਰਨਾ ਚਾਹੁੰਦੀ ਹੈ। ਅਤੇ ਜੇ ਕਬਾਇਲੀ ਧਰਤੀ ਨੇ ਐਸੇ ਹਮਲੇ ਮੂਹਰੇ ਈਨ ਨਹੀਂ ਮੰਨੀ ਤਾਂ ਇਸ ਦੀ ਦਾਦ ਦੇਣੀ ਬਣਦੀ ਹੈ। ਰਾਜ ਆਪਣੇ ਹੀ ਲੋਕਾਂ ਦੇ ਖਿਲਾਫ਼ ਹਵਾਈ ਸੈਨਾ ਦੀ ਤਾਕਤ ਵਰਤੋਂ ’ਚ ਲਿਆਉਣ ਦੀ ਧਾਰੀ ਬੈਠਾ ਹੈ। ਇਹ ਲੋਕਾਂ ਉੱਪਰ ਸੱਠ ਸਾਲਾਂ ਤੋਂ ਥੋਪੇ ਭੈੜੇ ਰਾਜ ਤੇ ਲੋਕ ਵਿਰੋਧੀ ਨੀਤੀਆਂ ਦਾ ਸਿੱਟਾ ਹੈ। ਲੋਕਾਂ ਨੇ ਕਦੇ ਵੀ ਉਨ੍ਹਾਂ ਨੂੰ ਇਹ ਨੀਤੀਆਂ ਅਮਲ ’ਚ ਲਿਆਉਣ ਦਾ ਫਤਵਾ ਨਹੀਂ ਦਿੱਤਾ। ਇਨ੍ਹਾਂ ਸਾਰੇ ਸਮਿਆਂ ’ਚ ਉਹ ਪਟੀਸ਼ਨਾਂ, ਰੋਸ ਮੁਜ਼ਾਹਰਿਆਂ, ਹੜਤਾਲਾਂ, ਧਰਨਿਆਂ, ਸੰਘਰਸ਼ਾਂ, ਟਾਕਰੇ ਅਤੇ ਨਾਲ ਹੀ ਭੁੱਖ ਹੜਤਾਲਾਂ ਅਤੇ ਵਰਕ ਟੂ ਰੂਲ ਅੰਦੋਲਨਾਂ ਰਾਹੀਂ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਦੇ ਰਹੇ ਹਨ। ਅਤੇ ਰੱਬ ਹੀ ਜਾਣਦਾ ਹੈ ਕਿ ਇਸ ਅਖੌਤੀ ਜਮਹੂਰੀ ਲੋਕ ਰਾਜ ਨੇ ਵਿਖਾਵਾ ਕਰਨ ਵਾਲਿਆਂ ਉੱਪਰ ਕਿੰਨੀ ਵਾਰ ਗੋਲੀਆਂ ਦੀ ਵਾਛੜ ਕੀਤੀ ਹੋਵੇਗੀ। ਕਿੰਨੀ ਵਾਰ ਇਨ੍ਹਾਂ ਨੇ ਲੋਕਾਂ ਨੂੰ ਮਾਰਿਆ? ਕਿੰਨੇ ਦਹਿ ਲੱਖਾਂ ਉੱਪਰ ਲਾਠੀਚਾਰਜ ਕੀਤੇ ਅਤੇ ਕਿੰਨਿਆਂ ਨੂੰ ਜੇਲ੍ਹਾਂ ’ਚ ਡੱਕਿਆ? ਹਿਰਾਸਤਾਂ ਅਤੇ ਜਨਤਕ ਪੱਧਰ ’ਤੇ ਪੁਲਿਸ ਮੁਕਾਬਲਿਆਂ ’ਚ ਮਾਰੇ ਜਾਣ ਵਾਲੇ ਹਜ਼ਾਰਾਂ ਲੋਕਾਂ ਦੀ ਤਾਂ ਗੱਲ ਹੀ ਛੱਡੋ। ਇਨ੍ਹਾਂ ਦਾ ਜਬਰ ਕਦੇ ਬੰਦ ਨਹੀਂ ਹੋਇਆ। ਲੋਕਾਂ ਦੇ ਸ਼ਿਕਵੇ-ਸ਼ਿਕਾਇਤਾਂ ਦੀ ਸੁਣਵਾਈ ਕਰਨ ਦੀ ਬਜਾਏ, ਇਨ੍ਹਾਂ ਸਾਰੇ ਦਹਾਕਿਆਂ ’ਚ, ਮਹਾਤਮਾ ਗਾਂਧੀ ਦੀ ਅਹਿੰਸਾ ਦੀ ਸਹੁੰ ਖਾਣ ਵਾਲਾ ਇਹ ਰਾਜ ਅਨੰਤ ਹਿੰਸਾ ਵਰਤਾਉਾਂਦਾ ਰਹਾ ਹੈ। ਇਕ ਮਾਫੀਆ ਗਰੋਹ ਦੀ ਤਰ੍ਹਾਂ। ਫਿਰ ਵੀ, ਟਾਕਰਾ ਜਾਰੀ ਰਿਹਾ ਅਤੇ ਬਗ਼ਾਵਤਾਂ ਵਧਦੀਆਂ ਗਈਆਂ।

ਅਤੇ ਹੁਣ ਇਸਨੇ ਆਪਣੇ ਹੀ ਦੇਸ਼ ਦੇ ਅੰਦਰ, ਆਪਣੇ ਹੀ ਵਤਨ ਵਾਸੀਆਂ ਦੇ ਖਿਲਾਫ਼ ਸਰਹੱਦਾਂ ਵਾਹ ਦਿੱਤੀਆਂ ਹਨ।

ਭਾਰਤ ਦੇ ਕੇਂਦਰੀ ਭਾਗ ਦੇ ਗਰੀਬ ਲੋਕਾਂ ਉੱਪਰ ਤਾਜ਼ਾ ਹਮਲਾ ਉਸੇ ਸਰਕਾਰੀ ਹਿੰਸਾ ਦੀ ਵੱਧ ਵਿਆਪਕ ਅਤੇ ਵੱਧ ਘਾਤਕ ਰੂਪ-ਬਦਲੀ ਤੋਂ ਬਿਨਾ ਹੋਰ ਕੁਝ ਨਹੀਂ ਜੋ 1947 ਤੋਂ ਜਾਰੀ ਹੈ। ਇਸ ਦਾ ਉਦੇਸ਼ ਇੱਥੋਂ ਦੇ ਲੋਕਾਂ ਦੇ ਵਿਰੋਧ ਦਾ, ਸਭ ਤੋਂ ਗਰੀਬ ਲੋਕਾਂ ਦੀ, ਕਬਾਇਲੀ ਕਿਸਾਨਾਂ ਦੀ, ਅਤੇ ਖਾਣਾਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਲੜਾਈ ਦਾ ਲੱਕ ਤੋੜਨਾ ਹੈ। ਇਸ ਦਾ ਉਦੇਸ਼ ਦੇਸ਼ ਦੇ ਬਾਕੀ ਥਾਵਾਂ ਦੇ ਲੋਕਾਂ ਨੂੰ ਸੁਣਾਉਣੀ ਕਰਨਾ ਹੈ ਕਿ ਆਪਣੇ ਹੱਕਾਂ ਲਈ ਉੱਠ ਖੜ੍ਹੇ ਹੋਣ, ਰਾਜ ਦੀਆਂ ਉਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਦੀ ਹਿੰਮਤ ਨਾ ਕਰਿਓ ਚਾਹੇ ਇਹ ਲੋਕਾਂ ਅਤੇ ਦੇਸ਼ ਦੇ ਹਿੱਤ ਦੇ ਖਿਲਾਫ਼ ਹੀ ਜਾਂਦੀਆਂ ਹੋਣ।

ਸਿਰਫ਼ ਟਾਕਰੇ ਦੇ ਇਸ ਕੇਂਦਰ ਨੂੰ ਖਤਮ ਕਰਨ ਲਈ ਹੀ ਨਹੀਂ, ਸਗੋਂ ਉਨ੍ਹਾਂ ਨਵੀਂਆਂ ਚੀਜ਼ਾਂ ਨੂੰ ਤਬਾਹ ਕਰਨ ਲਈ ਵੀ ਇਸ ਖੇਤਰ ਨੂੰ ਘੇਰਿਆ ਜਾ ਰਿਹਾ ਹੈ ਜੋ ਲੋਕਾਂ ਨੇ ਆਪਣੇ ਸੰਘਰਸ਼ਾਂ ਰਾਹੀਂ ਸਿਰਜੀਆਂ ਹਨ ਅਤੇ ਜਿਨ੍ਹਾਂ ਦੀ ਸਿਰਜਣਾ ਲਈ ਉਨ੍ਹਾਂ ਨੇ ਖ਼ੂਨ-ਪਸੀਨਾ ਵਹਾਇਆ ਹੈ। ਸਰਕਾਰ ਨੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਈ ਹੋਈ ਹੈ ਜੋ ਪਿੱਛੇ ਹਟਣ ਤੋਂ ਇਨਕਾਰੀ ਹਨ, ਜੋ ਇਸ ਦੀ ਡੰਡੌਤ ਕਰਨ ਤੋਂ ਇਨਕਾਰੀ ਹਨ ਅਤੇ ਜੋ ਵਿਕਾਸ ਅਤੇ ਤਰੱਕੀ ਦੇ ਅਮੁੱਕ ਖੋਖਲੇ ਵਾਅਦਿਆਂ ਦੇ ਝਾਂਸੇ ’ਚ ਆਉਣ ਲਈ ਤਿਆਰ ਨਹੀਂ ਹਨ। ਉਨ੍ਹਾਂ ਨੂੰ ਪਤਾ ਹੈ ਕਿ ਇਹ ਵਿਕਾਸ ਉਨ੍ਹਾਂ ਦੀ ਖਾਤਰ ਨਹੀਂ ਕੀਤਾ ਜਾ ਰਿਹਾ। ਕਿਉਂਕਿ ਕਲਿਆਣਕਾਰੀ ਰਾਜ ਦੇ ਆਦਰਸ਼ ਨੂੰ ਤਿਲਾਂਜਲੀ ਦੇਣ ਵਾਲੀ ਸਰਕਾਰ ਅਸਲ ਵਿਚ ਉਹ ਚੀਜ਼ ਕਰ ਹੀ ਨਹੀਂ ਸਕਦੀ ਜਿਸ ਨੂੰ ਇਸ ਨੇ ਸਾਮਰਾਜੀ ਸਰਮਾਏ, ਸੰਸਾਰ ਬੈਂਕ ਅਤੇ ਸੰਸਾਰ ਵਪਾਰ ਸੰਸਥਾ ਦੇ ਆਦੇਸ਼ਾਂ ਤਹਿਤ ਛੱਡਿਆ ਹੋਇਆ ਹੈ।

ਹਮਲੇ ਦੀ ਮਾਰ ਹੇਠ ਆਏ ਲੋਕਾਂ ਨੇ ਕਿਸਮਤ ਨਾਲ ਦਸਤਪੰਜਾ ਲੜਾਉਣ ਵਾਸਤੇ, ਆਪਣਾ ਭਵਿੱਖ ਆਪਣੇ ਹੱਥ ਲੈਂਦਿਆਂ, ਵੱਖ-ਵੱਖ ਪੱਧਰਾਂ ’ਤੇ ਆਪਣੀਆਂ ਸਥਾਨਕ ਸਰਕਾਰਾਂ ਦੀ ਉਸਾਰੀ ਕੀਤੀ ਹੈ।

ਆਓ ਉਸ ’ਤੇ ਸੰਖੇਪ ਝਾਤ ਮਾਰੀਏ, ਜੋ ਦੰਡਕਾਰਣੀਆਂ ਦੇ ਪਿੰਡਾਂ ਅੰਦਰ ਲੋਕਾਂ ਨੇ ਆਪਣੀਆਂ ਵਿਕਾਸ ਕਮੇਟੀਆਂ ਰਾਹੀਂ ਉਸਾਰਿਆ ਹੈ, ਅਤੇ ਜਿਸ ਨੂੰ ਸਰਕਾਰ ਤਬਾਹ ਕਰਨਾ ਚਾਹੁੰਦੀ ਹੈ। ਇਸ ਤੋਂ ਅਸੀਂ ਦੇਖ ਸਕਾਂਗੇ ਕਿ ਮਾਓਵਾਦੀਆਂ ਦਾ ਸਾਡੇ ਦੇਸ਼ ਦੇ ਵਿਕਾਸ ਅਤੇ ਤਰੱਕੀ ਦਾ ਸੁਪਨਾ ਕਿਸ ਤਰ੍ਹਾਂ ਦਾ ਹੈˆਜਿਸ ਵਿਕਾਸ ਦੀ ਉਸਾਰੀ ਦੇਸੀ ਤਰੀਕੇ ਨਾਲ ਅਤੇ ਸਵੈ ਨਿਰਭਰ ਰਹਿਕੇ ਕੀਤੀ ਜਾ ਰਹੀ ਹੈ, ਜਿਹੜਾ ਵਿਕਾਸ ਲੋਕ ਹਿੱਤ ’ਚ ਹੈ ਅਤੇ ਜਿਸ ਦੀ ਉਸਾਰੀ ਲੋਕਾਂ ਦੀ ਜਮਹੂਰੀ ਹਿੱਸੇਦਾਰੀ ਦੇ ਅਮਲ ਰਾਹੀਂ ਕੀਤੀ ਜਾ ਰਹੀ ਹੈ, ਜੋ ਇਸ ਧਰਤੀ ਤੇ ਇਸਦੇ ਵਸੀਲਿਆਂ ਪ੍ਰਤੀ ਫਿਕਰਮੰਦ ਹੈ। ਅਜਿਹਾ ਵਿਕਾਸ ਸਾਮਰਾਜੀ ਸਰਮਾਏ ਦੀ ਜਕੜ ਤੇ ਇਸ ਦੇ ਫੁਰਮਾਨਾਂ ਤੋਂ ਸਾਡੀ ਖਲਾਸੀ ਕਰਾਏਗਾ। ਇਸ ਨੂੰ  ਸੱਚੀ ਦੇਸ਼ਭਗਤ ਤਾਕਤ ਹੀ ਅਮਲ ’ਚ ਲਿਆ ਸਕਦੀ ਹੈ।

-ਸਭ ਤੋਂ ਵੱਡਾ ਸੁਧਾਰ ਜ਼ਮੀਨ ਦੇ ਬਾਰੇ ਕੀਤਾ ਗਿਆ ਹੈ। ਉਨ੍ਹਾਂ ਨੇ ਹਰੇਕ ਕਿਸਾਨ ਪਰਿਵਾਰ ਨੂੰ ਜ਼ਮੀਨ ਦੇਣ ਲਈ ਲੱਖਾਂ ਏਕੜ ਜ਼ਮੀਨ ਦੀ ਵੰਡ ਕੀਤੀ ਹੈ। ਕਿਸੇ ਨੂੰ ਵੀ ਵਾਹੀ ਤੋਂ ਵਾਧੂ ਜ਼ਮੀਨ ਰੱਖਣ ਦੀ ਇਜਾਜ਼ਤ ਨਹੀਂ ਹੈ। ਇੰਜ ਖੇਤੀਬਾੜੀ ’ਚ ਮਜ਼ਦੂਰਾਂ ਤੋਂ ਪੈਸੇ ਦੇ ਕੇ ਕੰਮ ਕਰਾਉਣ ਦੇ ਗ਼ੈਰ-ਜ਼ਰੂੁਰੀ ਸਿਲਸਿਲੇ ਦਾ ਖਾਤਮਾ ਕਰ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਲੋਕਾਂ ਉੱਤੇ ਦਾਬਾ ਪਾ ਕੇ ਵਗਾਰ ਕਰਾਉਣ ਅਤੇ ਉਨ੍ਹਾਂ ਦੀ ਛਿੱਲ ਲਾਹੁਣ ਵਾਲੇ ਪਟੇਲਾਂ (ਪਿੰਡ ’ਚ ਸਰਕਾਰ ਦੇ ਨਾਮਜ਼ਦ ਅਧਿਕਾਰੀ) ਨੂੰ ਵੀ ਓਨੀ ਜ਼ਮੀਨ ਰੱਖਣ ਦੀ ਇਜਾਜ਼ਤ ਹੈ ਜਿਸ ਨੂੰ ਉਹ ਆਪਣੇ ਟੱਬਰ ਦੀ ਮਿਹਨਤ ਨਾਲ ਵਾਹ-ਬੀਜ ਸਕਦੇ ਹੋਣ। ਕੋਈ ਗ਼ੈਰ ਕਬਾਇਲੀ ਇੱਥੇ ਜ਼ਮੀਨ ਦਾ ਮਾਲਕ ਨਹੀਂ ਬਣ ਸਕਦਾ।

– ਔਰਤਾਂ ਨੂੰ ਜ਼ਮੀਨ ਦੀ ਮਾਲਕੀ ਦਾ ਬਰਾਬਰ ਹੱਕ ਦਿੱਤਾ ਗਿਆ ਹੈ।

– ਉਨ੍ਹਾਂ ਨੇ ਕਬਾਇਲੀਆਂ ਨੂੰ ਇਕ ਜਾਂ ਦੋ ਸਾਲਾਂ ਬਾਅਦ ਥਾਂ ਬਦਲਕੇ ਖੇਤੀ ਕਰਨ ਦੇ ਪੁਰਾਤਨ ਢੰਗ ’ਚੋਂ ਕੱਢਕੇ ਵਿਉਂਤਬਧ ਸਥਾਈ ਖੇਤੀ ਕਰਨ ਲਾਇਆ ਹੈ। ਕਬਾਇਲੀਆਂ ਨੂੰ ਬਿਜਾਈ, ਗੋਡੀ ਅਤੇ ਫਸਲ ਦੀ ਕਟਾਈ ਕਰਨੀ ਸਿਖਾਈ ਹੈ। ਉਹ ਆਪਣੀਆਂ ਨਿੱਜੀ ਜ਼ਮੀਨਾਂ ਅਤੇ ਨਾਲ ਹੀ ਸਮੂਹ ਭਾਈਚਾਰੇ ਦੀ ਵਰਤੋਂ ਦੀ ਲਈ ਸਹਿਕਾਰੀ ਖੇਤਾਂ ’ਚ ਖੇਤੀ ਕਰਦੇ ਹਨ। ਖੇਤੀ ਦਾ ਵਿਕਾਸ ਬਿਨਾ ਰਸਾਇਣਕ ਖਾਦਾਂ ਅਤੇ ਨਦੀਨ/ਕੀਟਨਾਸ਼ਕਾਂ ਤੋਂ ਕੀਤਾ ਜਾ ਰਿਹਾ ਹੈ।

– ਉਨ੍ਹਾਂ ਨੇ ਗਾਜ਼ਰ, ਮੂਲੀ, ਬੈਂਗਣ, ਭਿੰਡੀ, ਕਰੇਲਾ, ਟਮਾਟਰ ਆਦਿ ਤਰ੍ਹਾਂ-ਤਰ੍ਹਾਂ ਦੀਆਂ ਸਬਜ਼ੀਆਂ ਬੀਜਣੀਆਂ ਸ਼ੁਰੂ ਕਰਵਾਈਆਂ ਹਨ, ਦੂਰ-ਦਰਾਜ ਇਲਾਕਿਆਂ ਦੇ ਕਬਾਇਲੀਆਂ ਨੂੰ  ਨਾ ਕਦੇ ਇਨ੍ਹਾਂ ਦੇ ਦਰਸ਼ਣ ਨਸੀਬ ਹੋਏ ਸਨ ਤੇ ਨਾ ਇਨ੍ਹਾਂ ਦਾ ਕਦੇ ਸਵਾਦ ਚੱਖਿਆ ਸੀ।

– ਉਨ੍ਹਾਂ ਨੇ ਕੇਲੇ, ਨਿੰਬੂ ਜਾਤੀ ਦੇ ਫ਼ਲਾਂ, ਅੰਬ, ਅਮਰੂਦ ਆਦਿ ਦੇ ਬਗੀਚੇ ਲਾਏ ਹਨ।

– ਉਨ੍ਹਾਂ ਨੇ ਮੱਛੀ ਪਾਲਣ ਅਤੇ ਸਿਜਾਈ ਵਾਸਤੇ ਬੰਨ੍ਹ, ਛੱਪੜ ਅਤੇ ਪਾਣੀ ਦੇ ਵਸੀਲਿਆਂ ਦੀ ਉਸਾਰੀ ਕੀਤੀ ਹੈ। ਇਸ ਸਭ ਕੁਝ ਸਮੂਹਕ ਮਿਹਨਤ ਰਾਹੀਂ ਕੀਤਾ ਗਿਆ ਗਿਆ ਹੈ ਅਤੇ ਇਨ੍ਹਾਂ ਦੀ ਉਪਜ ਹਰ ਪਰਿਵਾਰ ਨੂੰ ਮੁਫ਼ਤ ਵੰਡੀ ਜਾਂਦੀ ਹੈ।

– ਉਨ੍ਹਾਂ ਨੇ ਪੀਣ ਯੋਗ ਪਾਣੀ ਲਈ ਖੂਹ ਲਾਏ ਹਨ।

ਜਦੋਂਕਿ ਸਨਅਤੀ ਪ੍ਰਾਜੈਕਟਾਂ ਨੇ ਪਾਣੀ ਦੇ ਧਰਤੀ ਹੇਠਲੇ ਵਸੀਲੇ ਤਬਾਹ ਕਰ ਦਿੱਤੇ ਹਨ, ਨਦੀਆਂ ਇਸ ਕਦਰ ਪ੍ਰਦੂਸ਼ਿਤ ਹੋ ਗਈਆਂ ਹਨ ਕਿ ਮੱਛੀਆਂ ਅਤੇ ਕੁਲ ਜਲ-ਜੀਵਨ ਅਤੇ ਨਾਲ ਹੀ ਇਸ ਦੇ ਆਲੇ-ਦੁਆਲੇ ਦੀ ਬਨਸਪਤੀ ਤੱਕ ਖਤਮ ਹੋ ਗਈ ਹੈ। ਪਾਣੀ ਦੇ ਇਨ੍ਹਾਂ ਵਸੀਲਿਆਂ ਦੇ ਆਲੇ ਦੁਆਲੇ ਦੇ ਫ਼ਲਦਾਰ ਦਰਖ਼ਤਾਂ ਨੂੰ ਫੁੱਲ ਪੈਣੇ ਬੰਦ ਹੋ ਗਏ ਹਨ।

– ਉਨ੍ਹਾਂ ਨੇ ਕਈ ਪਿੰਡਾਂ ਵਿਚ ਚੌਲ ਮਿੱਲਾਂ ਲਾਈਆਂ ਹਨ। ਇਨ੍ਹਾਂ ਮਿੱਲਾਂ ਨੇ ਝੋਨੇ ਦੀ ਛੜਾਈ ਕਰਕੇ ਚੌਲ ਕੱਢਣ ਦੇ ਰੋਜ਼ਾਨਾ ਯੱਬ ਤੋਂ ਔਰਤਾਂ ਦੀ ਖਲਾਸੀ ਕਰਵਾ ਦਿੱਤੀ ਹੈ। ਇਨ੍ਹਾਂ ’ਚੋਂ ਕਈ ਮਿੱਲਾਂ ਸਰਕਾਰ ਵਲੋਂ ਚਲਾਏ ਗਏ ਸਲਵਾ ਜੁਡਮ ਹਮਲੇ ’ਚ ਤਬਾਹ ਕਰ ਦਿੱਤੀਆਂ ਜਿਹੜੀ ਸਰਕਾਰ ਇਨ੍ਹਾਂ ਇਲਾਕਿਆਂ ਦੇ ਵਿਕਾਸ ਦੀਆਂ ਐਨੀਆਂ ਟਾਹਰਾਂ ਮਾਰਦੀ ਹੈ।

– ਉਨ੍ਹਾਂ ਨੇ ਸਿਹਤ ਸੰਭਾਲ ਦੀ ਐਸੀ ਵਿਵਸਥਾ ਉਸਾਰੀ ਹੈ ਜੋ ਹਰ ਪਿੰਡ ਦੇ ਹਰ ਕਬਾਇਲੀ ਕਿਸਾਨ ਦੀ ਪਹੁੰਚ ’ਚ ਹੈ। ਹਰੇਕ ਪਿੰਡ ’ਚ ਦਵਾਈਆਂ ਦੀ ਇਕਾਈ ਹੈ ਜਿਸ ਨੂੰ ਬੀਮਾਰੀਆਂ ਦੀ ਪਛਾਣ ਕਰਨ ਅਤੇ ਪੇਂਡੂਆਂ ਨੂੰ ਦਵਾਈਆਂ ਵੰਡਣ ਦੀ ਸਿਖਲਾਈ ਦਿੱਤੀ ਗਈ ਹੈ। ਲੁੱਟ ਅਤੇ ਦਾਬੇ ਵਿਰੁਧ ਲੜਾਈ ਤੋਂ ਅਗਲੀ ਤਰਜ਼ੀਹ ਕਬਾਇਲੀਆਂ ਦੀ ਸਿਹਤ ਨੂੰ ਦਿੱਤੀ ਜਾਂਦੀ ਹੈ।

– ਔਰਤਾਂ ਇਨ੍ਹਾਂ ਵਿਕਾਸ ਕੰਮਾਂ ’ਚ ਬਰਾਬਰ ਹਿੱਸਾ ਲੈਂਦੀਆਂ ਹਨ। ਪਿਤਾਪੁਰਖੀ ਸੱਤਾ ਦੇ ਮੁੱਦੇ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਉਹ ਆਪਣੇ ਹੱਕਾਂ ਤੇ ਜ਼ਮੀਨਾਂ ਦੀ ਰਾਖੀ ਲਈ ਬਰਾਬਰ ਅੱਗੇ ਆਉਾਂਦੀਆਂ ਨ।

– ਉਹ ਸਕੂਲ ਚਲਾਉਾਂਦੇ ਨ।

ਜਦੋਂਕਿ ਸਰਕਾਰ ਵਲੋਂ ਬਣਾਏ ਸਕੂਲ ਪੂਰੀ ਤਰ੍ਹਾਂ ਠੱਪ ਪਏ ਹਨ ਅਤੇ ਇਨ੍ਹਾਂ ਦੀ ਅਕਸਰ ਹੀ ਵਰਤੋਂ ਪੁਲਿਸ ਤੇ ਨੀਮ-ਫ਼ੌਜੀ ਤਾਕਤਾਂ ਪਿੰਡਾਂ ’ਤੇ ਛਾਪੇ ਮਾਰਨ ਸਮੇਂ ਕਰਦੀਆਂ ਹਨ। ਇਹ ਕਾਰਣ ਹੈ ਜਿਸ ਕਰਕੇ ਲੋਕ ਇਨ੍ਹਾਂ ਪੱਕੀਆਂ ਇਮਾਰਤਾਂ ਨੂੰ ਢਾਹ ਦਿੰਦੇ ਹਨ ਜੋ ਜਬਰ ਦਾ ਪ੍ਰਤੀਕ ਬਣ ਚੁੱਕੀਆਂ ਹਨ।

– ਉਨ੍ਹਾਂ ਨੇ ਗੌਂਡੀ ਭਾਸ਼ਾ ’ਚ ਕਿਤਾਬਾਂ ਅਤੇ ਰਸਾਲੇ ਪ੍ਰਕਾਸ਼ਤ ਕੀਤੇ ਹਨ। ਸਿੱਟੇ ਵਜੋਂ, ਇਹ ਪਹਿਲੀ ਵਾਰ ਹੈ ਕਿ ਲਿਖਤੀ ਦੁਨੀਆਂ ਅੰਦਰ ਇਸ ਭਾਸ਼ਾ ਨੂੰ ਸਥਾਨ ਹਾਸਲ ਹੋਇਆ ਹੈ। ਲਹਿਰ ਵੱਲੋਂ ਕੱਢੇ ਜਾਂਦੇ ਰਸਾਲਿਆਂ ਅੰਦਰ ਗੌਂਡ ਲੋਕਾਂ ਦੇ ਲਿਖੇ ਗੀਤ, ਲੇਖ ਅਤੇ ਕਥਾਵਾਂ ਛਾਪੀਆਂ ਜਾਂਦੀਆਂ ਹਨ। ਇਹ ਇਸ ਪੁਰਾਤਨ ਭਾਸ਼ਾ ਨੂੰ ਵਿਕਸਤ ਕਰਨ ਦੇ ਮੁੱਢਲੇ ਯਤਨ ਹਨ ਜਿਸ ਦੀ ਉਵੇਂ ਹੀ ਅਣਦੇਖੀ ਕੀਤੀ ਜਾਂਦੀ ਰਹੀ ਜਿਵੇਂ ਇਨ੍ਹਾਂ ਲੋਕਾਂ ਦੀ। ਗੌਂਡੀ ਦੀ ਕੋਈ ਲਿੱਪੀ ਮੌਜੂਦ ਨਾ ਹੋਣ ਕਰਕੇ, ਉਹ ਦੇਵਨਾਗਰੀ ਲਿੱਪੀ ਦੀ ਵਰਤੋਂ ਕਰਦੇ ਹਨ।

– ਕਬਾਇਲੀਆਂ ਦੇ ਹਿੱਤਾਂ ਨੂੰ ਮੱਦੇਨਜ਼ਰ ਰੱਖਦਿਆਂ ਮਾਓਵਾਦੀ ਲਹਿਰ ਨੇ ਤੇਂਦੂ ਪੱਤੇ ਦੀਆਂ ਲਾਹੇਵੰਦ ਕੀਮਤਾਂ ਅਤੇ ਬਾਂਸ ਕਟਾਈ ਦੀਆਂ ਉਜ਼ਰਤਾਂ ਤੈਅ ਕੀਤੀਆਂ ਹੋਈਆਂ ਹਨ।

– ਲਹਿਰ ਦੇ ਇਲਾਕਿਆਂ ਅੰਦਰ ਵਪਾਰ ਦਾ ਕਾਰੋਬਾਰ ਨਿਰਵਿਘਨ ਹੁੰਦਾ ਹੈ। ਹਾਟ ਬਜ਼ਾਰਾਂ ’ਚ ਵਪਾਰੀ ਹੁਣ ਕਬਾਇਲੀਆਂ ਨਾਲ ਧੋਖਾ ਨਹੀਂ ਕਰ ਸਕਦੇ। ਲਹਿਰ ਜੰਗਲੀ ਉਪਜਾਂ ਅਤੇ ਝੋਨੇ ਦੇ ਲਾਹੇਵੰਦ ਭਾਅ ਐਲਾਨਦੀ ਹੈ ਜਿਸ ਨਾਲ ਵਪਾਰੀ ਸਹਿਮਤ ਹੁੰਦੇ ਹਨ। ਗੁਰੀਲਿਆਂ ਦੀ ਮੌਜੂਦਗੀ ਨਾਲ ਵਪਾਰਕ ਲੈਣ-ਦੇਣ ਈਮਾਨਦਾਰੀ ਨਾਲ ਹੁੰਦਾ ਹੈ। ਦੂਜੇ ਪਾਸੇ, ਵਪਾਰੀ ਖੁਸ਼ ਹਨ ਕਿ ਉਨ੍ਹਾਂ ਨੂੰ ਲਹਿਰ ਦੇ ਕੰਟਰੋਲ ਵਾਲੇ ਇਲਾਕਿਆਂ ਅੰਦਰ ਚੋਰੀ ਤੇ ਲੁੱਟਖੋਹ ਦਾ ਕੋਈ ਖ਼ਤਰਾ ਨਹੀਂ ਹੈ ਅਤੇ ਉਹ ਆਜ਼ਾਦ ਹੋ ਕੇ ਵਿਚਰ ਸਕਦੇ ਹਨ।

– ਉਨ੍ਹਾਂ ਦਾ ਆਪਣਾ ਨਿਆਂ ਪ੍ਰਬੰਧ ਹੈ। ਲੋਕਾਂ ਦੇ ਆਪਸੀ ਅਤੇ ਇਵੇਂ ਹੀ ਧੱਕੜਾਂ ਨਾਲ ਝਗੜਿਆਂ ਦਾ ਨਬੇੜਾ ਕਰਨ ਲਈ ਲੋਕ ਕਚਹਿਰੀਆਂ ਲਾਈਆਂ ਜਾਂਦੀਆਂ ਹਨ।

– ਹੁਣ ਇੱਥੇ ਚੋਰੀ, ਰਾਹਜ਼ਨੀ, ਹੇਰਾਫੇਰੀ, ਜਾਇਦਾਦ ਅਤੇ ਨਿੱਜੀ ਲਾਭਾਂ ਦੀ ਖਾਤਰ ਕਤਲ ਨਹੀਂ ਹੁੰਦੇ।

– ਜੰਗਲਾਤ ਅਧਿਕਾਰੀਆਂ, ਠੇਕੇਦਾਰਾਂ ਅਤੇ ਪੁਲਿਸ ਵੱਲੋਂ ਜਿਣਸੀ ਛੇੜਛਾੜ ਅਤੇ ਬਲਾਤਕਾਰ ਬੀਤੇ ਦੀ ਗੱਲ ਬਣ ਚੁੱਕੇ ਹਨ। ਜੰਗਲ ਵਿਚ ਔਰਤਾਂ ਹੁਣ ਦਿਨ-ਰਾਤ ਆਜ਼ਾਦੀ ਨਾਲ ਘੁੰਮਦੀਆਂ ਹਨ।

– ਪਿੰਡ ਪੱਧਰ ਤੋਂ ਲੈ ਕੇ ਜਮਹੂਰੀ ਕਾਰਵਿਹਾਰ ਅਮਲ ’ਚ ਲਿਆਂਦਾ ਗਿਆ ਹੈ। ਵਿਕਾਸ ਕਮੇਟੀਆਂ ਵਰਗੀਆਂ ਵੱਖ-ਵੱਖ ਕਮੇਟੀਆਂ ਦੇ ਉੱਪਰ ਗ੍ਰਾਮ ਰਾਜ ਕਮੇਟੀਆਂ ਕੰਮ ਕਰਦੀਆਂ ਹਨ ਜੋ ਖੇਤੀਬਾੜੀ, ਮੱਛੀ ਪਾਲਣ, ਸਿੱਖਿਆ, ਪੇਂਡੂ ਵਿਕਾਸ, ਦਵਾ-ਦਾਰੂ ਇਕਾਈ ਆਦਿ ਦਾ ਕੰਮਕਾਰ ਦੇਖਦੀਆਂ ਹਨ।

– ਲਗਭਗ ਹਰੇਕ ਪਿੰਡ ਵਿਚ ਲੋਕ ਮਿਲੀਸ਼ੀਆ ਦੀਆਂ ਇਕਾਈਆਂ ਹਨ ਜੋ ਪਿੰਡ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਾਂਦੀਆਂ ਨ।

– ਤਕਰੀਬਨ ਹਰੇਕ ਪਿੰਡ ਵਿਚ ਔਰਤਾਂ ਅਤੇ ਬੱਚਿਆਂ ਦੀਆਂ ਆਪੋ ਆਪਣੀਆਂ ਜਥੇਬੰਦੀਆਂ ਹਨ। ਕਬਾਇਲੀ ਕਿਸਾਨਾਂ ਦੀਆਂ ਜਥੇਬੰਦੀਆਂ ਵੱਖਰੀਆਂ ਹਨ ਜਿਨ੍ਹਾਂ ਦੀ ਇਕਾਈ ਹਰੇਕ ਪਿੰਡ ਵਿਚ ਹੈ।

– ਇਨ੍ਹਾਂ ਜੰਗਲਾਂ ਅੰਦਰ ਸੱਭਿਆਚਾਰਕ ਜਥੇਬੰਦੀਆਂ ਦਾ ਵਧਾਰਾ-ਪਸਾਰਾ ਹੋਇਆ ਹੈ ਕਿਉਂਕਿ ਕਬਾਇਲੀਆਂ ਦਾ ਸਭਿਆਚਾਰਕ ਸਰਗਰਮੀਆਂ ਨਾਲ ਬਹੁਤ ਲਗਾਓ ਹੈ। ਇਹ ਜਥੇਬੰਦੀਆਂ ਸਥਾਨਕ, ਕੌਮੀ ਅਤੇ ਕੌਮਾਂਤਰੀ ਹਰ ਤਰ੍ਹਾਂ ਦੇ ਮੁੱਦਿਆਂ ਉੱਪਰ ਗੀਤਾਂ, ਨਾਚ, ਨਾਟਕਾਂ ਅਤੇ ਹੋਰ ਕਲਾ ਰੂਪਾਂ ਰਾਹੀਂ ਪ੍ਰਚਾਰ ਮੁਹਿੰਮਾਂ ਚਲਾਉਾਂਦੀਆਂ ਨ।

– ਇਨ੍ਹਾਂ ਇਲਾਕਿਆਂ ਅੰਦਰ ਲਹਿਰ ਭੁੱਖਮਰੀ ਨਾਲ ਮੌਤਾਂ ਨੂੰ ਰੋਕਣ ’ਚ ਸਫ਼ਲ ਹੋਈ ਹੈ।

ਸਲਵਾ ਜੁਡਮˆਸਰਕਾਰੀ ਹਿੰਸਾ ਦਾ ਨਿੱਜੀਕਰਨ

ਸਲਵਾ ਜੁਡਮ ਸਰਕਾਰ ਦੀ ਚਲਾਈ ਦਹਿਸ਼ਤਪਾਊ ਮੁਹਿੰਮ ਸੀ, ਜਿਸ ’ਚ ਕਬਾਇਲੀ ਨੌਜਵਾਨਾਂ ਨੂੰ 1500 ਰੁਪਏ ਮਹੀਨਾ ਉੱਤੇ ਐੱਸ ਪੀ.ਓ. ਭਰਤੀ ਕੀਤਾ ਗਿਆ। ਇਨ੍ਹਾਂ ਐੱਸ.ਪੀ.ਓ. ਨੂੰ ਹਥਿਆਰ ਦੇ ਕੇ ਲਹਿਰ ਦੇ ਪ੍ਰਭਾਵ ਵਾਲੇ ਇਲਾਕਿਆਂ ਦੇ ਪਿੰਡਾਂ ’ਤੇ ਹਮਲੇ ਕਰਵਾਏ ਗਏ। ਇਨ੍ਹਾਂ ਨੇ ਨੀਮ-ਫ਼ੌਜੀ ਤਾਕਤਾਂ ਦੀ ਮਦਦ ਨਾਲ ਪੂਰੇ ਦੇ ਪੂਰੇ ਪਿੰਡ ਸਾੜ ਦਿੱਤੇ, ਕਤਲੋਗਾਰਤ ਮਚਾਈ, ਬਲਾਤਕਾਰ ਕੀਤੇ ਅਤੇ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਨਾਗਾ ਬਟਾਲੀਅਨਾਂ ਇਸ ਮੁਹਿੰਮ ਦੀ ਹਿਫਾਜ਼ਤ ਲਈ ਤਾਇਨਾਤ ਸਨ।

ਸਲਵਾ ਜੁਡਮ ਨੇ ਹਾਟ (ਹਫ਼ਤਾਵਾਰ ਸਥਾਨਕ ਮੰਡੀਆਂ) ਬਜ਼ਾਰ ਬੰਦ ਕਰਵਾਕੇ ਇਨ੍ਹਾਂ ਇਲਾਕਿਆਂ ਦਾ ਵਪਾਰਕ ਕਾਰੋਬਾਰ ਤਬਾਹ ਕੀਤਾ ਅਤੇ ਕਬਾਇਲੀਆਂ ਦੀ ਆਰਥਕਤਾ ਨੂੰ ਨਸ਼ਟ ਕਰਕੇ ਉਨ੍ਹਾਂ ਨੂੰ ਝੁਕਾਉਣ ਦੀ ਕੋਸ਼ਿਸ਼ ਕੀਤੀ। ਇਹ ਮੁਹਿੰਮ, 2005 ਤੋਂ ਲੈ ਕੇ 2007 ਤੱਕ ਜਾਰੀ ਰਹੀ। ਇਨ੍ਹਾਂ ਨੇ ਖੜ੍ਹੀਆਂ ਫਸਲਾਂ ਤਬਾਹ ਕਰ ਦਿੱਤੀਆਂ, ਕਬਾਇਲੀਆਂ ਵਲੋਂ ਹਾਟ ਬਜ਼ਾਰਾਂ ’ਚ ਜ਼ਰੂਰੀ ਵਸਤਾਂ ਹਾਸਲ ਕਰਨ ਲਈ ਵਟਾਂਦਰੇ ’ਚ ਵੇਚਣ ਲਈ ਰੱਖੇ ਅਨਾਜ ਅਤੇ ਜੰਗਲੀ ਉਪਜਾਂ ਸਾੜ ਦਿੱਤੀਆਂ ਜਾਂ ਇਨ੍ਹਾਂ ’ਚ ਜ਼ਹਿਰ ਮਿਲਾ ਦਿੱਤੀ ਗਈ। ਇਹ ਸਾਰਾ ਕੁਝ ਵੀ ਕਬਾਇਲੀਆਂ ਨੂੰ ਝੁਕਾ ਨਹੀਂ ਸਕਿਆ। ਗੋਡੇ ਟੇਕਣ ਦੀ ਬਜਾਏ, ਉਹ ਬਾਂਸ ਦੇ ਬੀਜ ਖਾ ਕੇ ਗੁਜ਼ਾਰਾ ਕਰਦੇ ਰਹੇ।

ਸਲਵਾ ਜੁਡਮ ਦੀ ਖ਼ੂਨੀ ਮੁਹਿੰਮ ਨੇ ਸੈਂਕੜੇ ਕਬਾਇਲੀਆਂ ਨੂੰ ਮਾਰ ਦਿੱਤਾ, ਸੈਂਕੜੇ ਪਿੰਡਾਂ ਦਾ ਨਾਮ-ਨਿਸ਼ਾਨ ਮਿਟਾ ਦਿੱਤਾ, ਸੈਂਕੜੇ ਔਰਤਾਂ ਨਾਲ ਬਲਾਤਕਾਰ ਕੀਤੇ। ਅਤੇ 50,000 ਦੇ ਕਰੀਬ ਕਬਾਇਲੀਆਂ ਨੂੰ ਰਾਹਤ ਕੈਂਪ ਨਾਂਅ ਦੇ ਬੰਦ ਵਾੜਿਆਂ ’ਚ ਰਹਿਣ ਲਈ ਮਜਬੂਰ ਕਰ ਦਿੱਤਾ ਗਿਆ, ਪਰ ਓੜਕ ਕਬਾਇਲੀ ਇੱਥੋਂ ਬਚਕੇ ਨਿੱਕਲ ਗਏ। ਇਸ ਮੁਹਿੰਮ ਕਾਰਨ 30,000 ਦੇ ਕਰੀਬ ਕਬਾਇਲੀ ਪਿੰਡ ਛੱਡਕੇ ਦੂਜੇ ਸੂਬਿਆਂ ਨੂੰ ਭੱਜ ਗਏ। ਲੱਖਾਂ ਲੋਕ ਘਰ-ਬਾਰ ਛੱਡਕੇ ਜੰਗਲਾਂ ਦੇ ਅੰਦਰ ਭਟਕਣ ਲਈ ਮਜਬੂਰ ਕਰ ਦਿੱਤੇ ਗਏ। ਅਸਲ ਵਿਚ ਸਰਕਾਰ ਨੇ ਉਨ੍ਹਾਂ ਦੀ ਸਮੁੱਚੀ ਆਰਥਕਤਾ ਅਤੇ ਗੁਜ਼ਾਰੇ ਦੇ ਸਾਧਨਾਂ ਨੂੰ ਤਬਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਇੱਥੋਂ ਤੱਕ ਕਿ ਜੰਗਲਾਂ ਵਿਚਲੇ ਪਾਣੀ ਦੇ ਖੁੱਲ੍ਹੇ ਸਾਧਨਾਂ ’ਚ ਜ਼ਹਿਰ ਮਿਲਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

ਪਰ ਟਾਕਰਾ ਜਾਰੀ ਰਿਹਾ। ਇਸ ਨੂੰ ਖਤਮ ਨਹੀਂ ਕੀਤਾ ਜਾ ਸਕਿਆ।

ਅਤੇ ਹੁਣ

ਲੋਕਾਂ ਦੀਆਂ ਗੋਡਣੀਆਂ ਲਵਾ ਦੇਣ ’ਚ ਅਸਫ਼ਲ ਰਹੀ ਸਰਕਾਰ ਨੇ ਹੁਣ ਓਪਰੇਸ਼ਨ ਗਰੀਨ ਹੰਟ ਵਿੱਢ ਦਿੱਤਾ ਹੈ, ਇਹ ਫ਼ੌਜੀ ਧਾਵਾ ਹੈ ਜਿਸ ’ਚ ਇਕ ਲੱਖ ਦੇ ਕਰੀਬ ਨਫਰੀ ਲਾਈ ਗਈ ਹੈ। ਪ੍ਰਧਾਨ ਮੰਤਰੀ ਵਲੋਂ ਦਿਵਾਈਆਂ ਜਾ ਰਹੀਆਂ ਯਕੀਨ ਦਹਾਨੀਆਂ ਦੇ ਉਲਟ ਵੱਖ-ਵੱਖ ਬਹਾਨੇ ਬਣਾਕੇ, ਹਵਾਈ ਫ਼ੌਜ ਇਨ੍ਹਾਂ ਇਲਾਕਿਆਂ ਉੱਤੇ ਝਪਟਣ ਲਈ ਪਰ ਤੋਲ ਰਹੀ ਹੈ।

ਸਾਨੂੰ  ਦੱਸਿਆ ਗਿਆ ਹੈ ਕਿ ਮਾਓਵਾਦੀ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹਨ। ਇਹ ਮਾਓਵਾਦੀ ਕੌਣ ਹਨ? ਇਹ ਖੁਦ ਲੋਕ ਹਨ ਜਿਨ੍ਹਾਂ ਨੇ ਵੱਖ-ਵੱਖ ਸਰਕਾਰਾਂ ਵਿਰਧ ਜੱਦੋਜਹਿਦ ਕਰਨ ਲਈ ਟਾਕਰੇ ਦਾ ਰਾਹ ਅਪਣਾਇਆ ਹੋਇਆ ਹੈ, ਭਾਰਤ ਦੀ ਇਕ ਤੋਂ ਬਾਅਦ ਦੂਜੀ ਹਰੇਕ ਸਰਕਾਰ ਨੇ ਕਦੇ ਉਨ੍ਹਾਂ ਨੂੰ ਸਨਮਾਨਜਨਕ ਜਾਂ ਚੈਨ ਦੀ ਜ਼ਿੰਦਗੀ ਨਹੀਂ ਜਿਊਣ ਦਿੱਤੀ। ਰਾਜ ਆਪਣੇ ਹੀ ਲੋਕਾਂ ਦੇ ਜੱਦੀ ਇਲਾਕਿਆਂ ਦੀਆਂ ਜ਼ਮੀਨਾਂ ਖਾਲੀ ਕਰਨ ਦੀਆਂ ਧਮਕੀਆਂ ਦੇ ਕੇ ਉਨ੍ਹਾਂ ਉੱਪਰ ਹਮਲਾ ਕਰ ਰਿਹਾ ਹੈ ਜਿਨ੍ਹਾਂ ਜ਼ਮੀਨਾਂ ਉੱਪਰ ਉਹ ਸਦੀਆਂ ਤੋਂ ਵਸੇ ਹੋਏ ਹਨ। ਆਪਾਂ ਸਾਰੇ ਜੁੜਵੇਂ ਨੁਕਸਾਨ ਲਫਜ਼ ਅਰਥਾਤ ਜੰਗ ਅੰਦਰ ਆਮ ਵਸੋਂ ਦੇ ਮਾਰੇ ਜਾਣ ਤੋਂ ਭਲੀਭਾਂਤ ਜਾਣੂ ਹਾਂ। ਸਲਵਾ ਜੁਡਮ ਦੌਰਾਨ ਲੋਕਾਂ ਨੂੰ ਅਣ ਐਲਾਨੀ ਜੰਗ ’ਚ ਕਤਲ ਕੀਤਾ ਗਿਆ ਸੀ, ਹੁਣ ਹਾਕਮ ਹੋਰ ਵਿਆਪਕ ਪੱਧਰ ’ਤੇ ਕਤਲੇਆਮ ਕਰਨਾ ਚਾਹੁੰਦੇ ਹਨ। ਉਹ ਲੋਕਾਂ ਨੂੰ ਕਤਲ ਕਰਕੇ ਲੋਕ ਟਾਕਰੇ ਦਾ ਲੱਕ ਤੋੜਨਾ ਚਾਹੁੰਦੇ ਹਨ। ਅਜਿਹਾ ਕਰਕੇ ਉਹ ਕਬਾਇਲੀਆਂ ਦੀਆਂ ਵਸੀਲਿਆਂ ਨਾਲ ਭਰਪੂਰ ਜ਼ਮੀਨਾਂ ਲਾਲਚੀ ਬਦੇਸ਼ੀ ਸਰਮਾਏਦਾਰ ਮਾਲਕਾਂ ਨੂੰ ਭੇਟ ਕਰਨਾ ਚਾਹੁੰਦੇ ਹਨ। ਇਹ ਉਸ ਮੁਤਬਾਦਲ ਵਿਕਾਸ ਨੂੰ ਤਬਾਹ ਕਰ ਦੇਣਾ ਚਾਹੁੰਦੇ ਹਨ ਜੋ ਲੋਕਾਂ ਨੇ ਬੇਥਾਹ ਘਾਲਣਾ ਅਤੇ ਲਗਾਤਾਰ ਜੱਦੋਜਹਿਦ ਰਾਹੀਂ ਸਿਰਜਿਆ ਹੈ।

ਆਓ ਸੋਚ ਵਿਚਾਰ ਕਰੀਏ। ਆਓ ਜਾਗਰੂਕ ਹੋਈਏ। ਆਓ ਹੋਕਾ ਦੇਈਏ। ਆਓ ਹਰ ਥਾਂ ਲੋਕਾਂ ਨੂੰ ਜਾਗਰੂਕ ਕਰੀਏ। ਆਓ ਬੇਇਨਸਾਫੀ ਖਿਲਾਫ਼ ਆਵਾਜ਼ ਬੁਲੰਦ ਕਰੀਏ। ਆਓ ਸਰਕਾਰ ਨੂੰ ਉਸ ਜੰਗ ਨੂੰ  ਬੰਦ ਕਰਨ ਲਈ ਕਹੀਏ ਜਿਸ ਨੇ ਲੋਕਾਂ ਦੇ ਦੁੱਖ ਸੁਣਨ, ਉਨ੍ਹਾਂ ਦੀਆਂ ਰੀਝਾਂ ਦੀ ਕਦਰ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ’ਤੇ ਗ਼ੌਰ ਕਰਨ ਦੀ ਬਜਾਏ ਆਪਣੇ ਹੀ ਲੋਕਾਂ ਵਿਰੁਧ ਇਹ ਜੰਗ ਵਿੱਢੀ ਦਿੱਤੀ ਹੈ।

ਸਰਕਾਰ ਵਲੋਂ ਆਪਣੇ ਹੀ ਲੋਕਾਂ ਵਿਰੁਧ ਐਲਾਨੀ ਇਹ ਜੰਗ ਨਹੱਕੀ ਹੈ ਅਤੇ ਲਾਜ਼ਮੀ ਬੰਦ ਕੀਤੀ ਜਾਣੀ ਚਾਹੀਦੀ ਹੈ।

ਸੰਪਰਕ:

Satnam: grmtsing@gmail.com

Buta Singh: atoozed@gmail.com

Advertisements
 
2 Comments

Posted by on November 18, 2009 in war on people

 

Tags: , ,

2 responses to “ਲੋਕਾਂ ਦੇ ਵਿਰੁਧ ਜੰਗ ਬੰਦ ਕਰਨ ਲਈ ਆਵਾਜ਼ ਉਠਾਓ

 1. navi

  November 26, 2009 at 5:30 am

  baut achi koshish hai,har bande nu ta kise v sakeem de piche luki hoi rajneti samaj hi nai aundi is lai eh baut hi wadia koshish hai sab nu jagrit karan lai

   
 2. kirat

  November 26, 2009 at 6:09 am

  baut wadia hai g.wadaian

   

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

 
%d bloggers like this: