RSS

ਜਨ ਲੋਕਪਾਲ ਬਿੱਲ ਬਹੁਤ ਹੀ ਪਿਛਾਖੜੀ ਹੈ: ਅਰੁੰਧਤੀ ਰਾਏ

ਅਨੁਵਾਦ : ਬੂਟਾ ਸਿੰਘ


ਸਾਗਰਿਕਾ ਘੋਸ਼: ਹੈਲੋ, ਸੀ ਐੱਨ ਐੱਨ-ਆਈ ਬੀ ਐੱਨ ਵਿਸ਼ੇਸ਼ ‘ਚ ਪਧਾਰਨ ਲਈ ਧੰਨਵਾਦ। ਅੰਨਾ ਹਜ਼ਾਰੇ ਦੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਨਾਲ ਕਈ ਤਰ੍ਹਾਂ ਦੀਆਂ ਆਵਾਜ਼ਾਂ ਉੱਠੀਆਂ ਹਨ। ਕਈਆਂ ਨੇ ਲਹਿਰ ਦੀ ਹਮਾਇਤ ਕੀਤੀ ਹੈ, ਕੁਝ ਇਸ ਬਾਰੇ ਸੰਦੇਹਵਾਦੀ ਹਨ ਅਤੇ ਉਨ੍ਹਾਂ ਨੇ ਇਸ ਬਾਰੇ ਸ਼ੱਕ ਜ਼ਾਹਿਰ ਕੀਤੇ ਹਨ। ਇਨ੍ਹਾਂ ਸੰਦੇਹਵਾਦੀ ਆਵਾਜ਼ਾਂ ਵਿਚੋਂ ਇਕ ਹੈ ਲੇਖਿਕਾ ਅਰੁੰਧਤੀ ਰਾਏ ਜੋ ਸਾਡੇ ਨਾਲ ਗੱਲਬਾਤ ‘ਚ ਸ਼ਾਮਲ ਹੈ। ਸਾਡੇ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਧੰਨਵਾਦ। ‘ਦੀ ਹਿੰਦੂ’ ਵਿਚ ਜੋ ‘ਮੈਂ ਅੰਨਾ ਹਜਾਰੇ ਨਹੀਂ ਹਾਂ’ ਸਿਰਲੇਖ ਵਾਲਾ ਲੇਖ 21 ਅਗਸਤ ਨੂੰ ਛਪਿਆ, ਉਸ ਵਿਚ ਤੁਸੀਂ ਅੰਨਾ ਹਜ਼ਾਰੇ ਲਹਿਰ ਬਾਰੇ ਕਈ ਸ਼ੱਕ ਪ੍ਰਗਟਾਏ ਹਨ। ਹੁਣ ਜਦੋਂ ਲਹਿਰ ਖ਼ਤਮ ਹੋ ਗਈ ਹੈ ਅਤੇ ਅਸੀਂ ਵਿਆਪਕ ਹਜੂਮ ਦੇਖ ਚੁੱਕੇ ਹਾਂ, ਕੀ ਤੁਹਾਨੂੰ ਹਾਲੇ ਵੀ ਸ਼ੱਕ ਹੈ? ਅਤੇ ਜੇ ਇੰਞ ਹੈ ਤਾਂ ਕਿਉਂ?
ਅਰੁੰਧਤੀ ਰਾਏ: ਠੀਕ ਹੈ, ਇਹ ਦਿਲਚਸਪ ਗੱਲ ਹੈ ਕਿ ਹਰ ਕੋਈ ਖੁਸ਼ ਨਜ਼ਰ ਆ ਰਿਹਾ ਹੈ ਅਤੇ ਹਰ ਕੋਈ ਵਿਸ਼ਾਲ ਜਿੱਤ ਦੇ ਦਾਅਵੇ ਕਰ ਰਿਹਾ ਹੈ। ਇਕ ਤਰ੍ਹਾਂ ਨਾਲ ਮੈਨੂੰ ਵੀ ਖੁਸ਼ੀ ਹੈ, ਮੈਂ ਤਾਂ ਕਹਾਂਗੀ ਮੈਨੂੰ ਰਾਹ ਮਹਿਸੂਸ ਹੋਈ ਹੈ, ਜ਼ਿਆਦਾਤਰ ਖੁਸ਼ੀ ਇਸ ਕਰਕੇ ਕਿ ਜਨ ਲੋਕਪਾਲ ਬਿੱਲ ਆਪਣੇ ਮੌਜੂਦਾ ਰੂਪ ‘ਚ ਸੰਸਦ ਵਿਚ ਪੇਸ਼ ਨਹੀਂ ਕੀਤਾ ਗਿਆ ਹੈ। ਹਾਂ, ਬਹੁਤ ਸਾਰੇ ਕਾਰਨਾਂ ਕਰਕੇ ਮੇਰੇ ਸ਼ੱਕ ਹਾਲੇ ਵੀ ਬਰਕਰਾਰ ਹਨ। ਇਨ੍ਹਾਂ ਵਿਚੋਂ ਪ੍ਰਮੁੱਖ ਇਹ ਬਿੱਲ ਖ਼ੁਦ ਹੈ, ਜੋ ਮੇਰੀ ਸੋਚ ਅਨੁਸਾਰ ਕਾਫ਼ੀ ਖ਼ਤਰਨਾਕ ਸ਼ੈਅ ਹੈ। ਇਸ ਲਈ, ਲੋਕਾਂ ਦੇ ਰੋਹ, ਪ੍ਰਬੰਧ ਵਿਰੁੱਧ ਲੋਕਾਂ ਦੇ ਇਕਦਮ ਸਹੀ ਅਤੇ ਜਾਇਜ਼ ਰੋਹ ਨੂੰ ਵਰਤਕੇ ਇਹ ਖ਼ਾਸ ਬਿੱਲ ਪੇਸ਼ ਕਰਾਉਣ ਜਾਂ ਇਸ ਬਿੱਲ ਨੂੰ ਪੇਸ਼ ਕਰਾਉਣ ਦਾ ਯਤਨ ਕਰਨ ਲਈ ਭ੍ਰਿਸ਼ਟਾਚਾਰ ਬਾਰੇ ਇਹ ਆਮ ਲਾਮਬੰਦੀ ਕੀਤੀ ਗਈ ਸੀ ਜੋ ਮੇਰੇ ਮੁਤਾਬਿਕ ਬਹੁਤ ਹੀ ਪਿਛਾਂਹਖਿੱਚੂ ਹੈ। ਪਰ ਮੇਰੇ ਸ਼ੱਕਾਂ ਦੇ ਹੋਰ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਦਾ ਸਬੰਧ ਇਤਿਹਾਸ, ਸਿਆਸਤ, ਸੱਭਿਆਚਾਰ, ਪ੍ਰਤੀਕਵਾਦ ਨਾਲ ਹੈ, ਇਨ੍ਹਾਂ ਸਭਨਾਂ ਕਰਕੇ ਮੈਂ ਬਹੁਤ ਪ੍ਰੇਸ਼ਾਨ ਸੀ। ਮੇਰੀ ਇਹ ਵੀ ਸੋਚ ਸੀ ਕਿ ਜੋ ਕੁਝ ਵੇਚਿਆ ਅਤੇ ਪ੍ਰਚਾਰਿਆ ਜਾ ਰਿਹਾ ਹੈ ਉਹ ਬਹੁਤ ਹੀ ਦੁਫੇੜਬਾਜ ਅਤੇ ਖ਼ਤਰਨਾਕ ਵੀ ਹੋ ਸਕਦਾ ਹੈ। ਇਸ ਕਰਕੇ ਮੈਂ ਪੂਰੀ ਖੁਸ਼ ਹਾਂ ਕਿ ਇਹ ਸਾਰਾ ਕੁਝ ਸੁੱਖੀਂ-ਸਾਂਦੀ ਨਿੱਬੜ ਗਿਆ।
ਸਾਗਰਿਕਾ ਘੋਸ਼: ਤੁਹਾਡੇ ਲੇਖ ਵੱਲ ਆਈਏ। ਤੁਸੀਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੌਦੀਆ ਨੇ ਫੋਰਡ ਫਾਊਂਡੇਸ਼ਨ ਤੋਂ ਚਾਰ ਲੱਖ ਡਾਲਰ ਲਏ ਹਨ। ਇਸ ਲਹਿਰ ਬਾਰੇ ਤੁਹਾਡੇ ਸ਼ੱਕ ਦੀ ਇਕ ਵਜਾ੍ਹ ਇਹ ਸੀ। ਤੁਸੀਂ ਇਸ ਨੁਕਤੇ ਨੂੰ ਤੱਥ ਵਜੋਂ ਕਿਉਂ ਭੁਗਤਾਇਆ ਕਿ ਅਰਵਿੰਦ ਕੇਜਰੀਵਾਲ ਫੋਰਡ ਫਾਊਂਡੇਸ਼ਨ ਤੋਂ ਫੰਡ ਲੈਂਦਾ ਹੈ।
ਅਰੁੰਧਤੀ ਰਾਏ: ਜ਼ਰਾ ਤੱਥ ਵੱਲ ਧਿਆਨ ਦਿਓ, ਇਕ ਸੰਖੇਪ ਲੇਖ ‘ਚ ਸਿਰਫ਼ ਇਸ ਤੱਥ ਵੱਲ ਇਸ਼ਾਰਾ ਹੀ ਕੀਤਾ ਜਾ ਸਕਦਾ ਸੀ ਕਿ ਇਸ ਲਹਿਰ ਨੂੰ ਐੱਨ ਜੀ ਓ ਚਲਾ ਰਹੀ ਸੀ। ਕਿਰਨ ਬੇਦੀ, ਅਰਵਿੰਦ ਕੇਜਰੀਵਾਲ, ਸਿਸੌਦੀਆ ਇਹ ਸਾਰੇ ਲੋਕ ਐੱਨ ਜੀ ਓ ਚਲਾਉਂਦੇ ਹਨ। ਕਮੇਟੀ ਦੇ ਤਿੰਨ ਮੈਂਬਰ ਮੈਗਸੇਸੇ ਇਨਾਮ ਜੇਤੂ ਹਨ ਜੋ ਫੋਰਡ ਫਾਊਂਡੇਸ਼ਨ ਅਤੇ ਰੌਕੀਫੈਲਰ ਫਾਊਂਡੇਸ਼ਨ ਵਲੋਂ ਦਿੱਤਾ ਜਾਂਦਾ ਹੈ। ਮੈਂ ਇਹ ਤੱਥ ਧਿਆਨ ‘ਚ ਲਿਆਉਣਾ ਚਾਹੁੰਦੀ ਸੀ ਕਿ ਸੰਸਾਰ ਬੈਂਕ ਅਤੇ ਬੈਂਕ ਆਫ ਫੋਰਡ ਤੋਂ ਫੰਡ ਲੈਣ ਵਾਲੀਆਂ ਇਨ੍ਹਾਂ ਐੱਨ ਜੀ ਓ ਦਾ ਮਾਜ਼ਰਾ ਕੀ ਹੈ, ਉਹ ਇਸ ਤਰ੍ਹਾਂ ਦੀ ਵਿਚੋਲਗੀ ‘ਚ ਹਿੱਸਾ ਕਿਓਂ ਲੈ ਰਹੀਆਂ ਹਨ ਕਿ ਸਰਕਾਰੀ ਨੀਤੀ ਕੀ ਹੋਣੀ ਚਾਹੀਦੀ ਹੈ? ਅਸਲ ਵਿਚ ਮੈਂ ਹੁਣੇ ਜਹੇ ਸੰਸਾਰ ਬੈਂਕ ਦੀ ਸਾਈਟ ਦੇਖੀ ਸੀ ਅਤੇ ਉੱਥੇ ਦੇਖਿਆ ਕਿ ਸੰਸਾਰ ਬੈਂਕ ਸਿਰਫ਼ ਅਫ਼ਰੀਕਾ ਵਰਗੇ ਥਾਵਾਂ ‘ਤੇ ਹੀ 600 ਭ੍ਰਿਸ਼ਟਾਚਾਰ ਵਿਰੋਧੀ ਪ੍ਰੋਗਰਾਮ ਚਲਾਉਂਦਾ ਹੈ। ਸੰਸਾਰ ਬੈਂਕ ਦੀ ਭ੍ਰਿਸ਼ਟਾਚਾਰ ਦੇ ਵਿਰੋਧ ‘ਚ ਦਿਲਚਸਪੀ ਕਿਓਂ ਹੈ? ਮੈਂ ਉਨ੍ਹਾਂ ਵਲੋਂ ਉਠਾਏ ਪੰਜ ਵੱਡੇ ਨੁਕਤਿਆਂ ਵੱਲ ਗ਼ੌਰ ਕੀਤਾ। ਇਹ ਕਮਾਲ ਦੇ ਨੁਕਤੇ ਹਨ ਜੇ ਤੁਸੀਂ ਮੈਨੂੰ ਪੜ੍ਹਨ ਦੀ ਇਜਾਜ਼ਤ ਦਿਓ:
1) ਸਿਆਸੀ ਜਵਾਬਦੇਹੀ ਵਧਾਉਣਾ
2) ਸਿਵਲ ਸਮਾਜ ਦੀ ਹਿੱਸੇਦਾਰੀ ਨੂੰ ਮਜ਼ਬੂਤ ਕਰਨਾ
3) ਮੁਕਾਬਲਾ ਕਰਨ ਦੇ ਸਮਰੱਥ ਨਿੱਜੀ ਖੇਤਰ ਉਸਾਰਨਾ
4) ਸੱਤਾ ਉੱਪਰ ਬੰਦਸ਼ਾਂ ਲਗਾਉਣਾ
5) ਜਨਤਕ ਖੇਤਰ ਦੇ ਪ੍ਰਬੰਧ ‘ਚ ਸੁਧਾਰ ਲਿਆਉਣਾ।
ਇਸ ਤਰ੍ਹਾਂ, ਮੈਨੂੰ ਸਪਸ਼ਟ ਹੋ ਗਿਆ ਕਿ ਸੰਸਾਰ ਬੈਂਕ, ਫੋਰਡ ਫਾਊਂਡੇਸ਼ਨ ਵਿਚਲੇ ਇਹ ਲੋਕ ਕੌਮਾਂਤਰੀ ਸਰਮਾਏ ਦੀ ਘੁਸਪੈਠ ਵਧਾਉਣ ‘ਚ ਕਿਉਂ ਜੁੱਟੇ ਹੋਏ ਹਨ ਅਤੇ ਇਹ ਸਪਸ਼ਟ ਹੋ ਜਾਂਦਾ ਹੈ ਕਿਉਂ ਉਸ ਵਕਤ ਜਦੋਂ ਅਸੀਂ ਵੀ ਭ੍ਰਿਸ਼ਟਾਚਾਰ ਬਾਰੇ ਫ਼ਿਕਰਮੰਦ ਹਾਂ, ਜਿਸ ਭ੍ਰਿਸ਼ਟਾਚਾਰ ਦਾ ਵੱਡਾ ਹਿੱਸਾ ਕਾਰਪੋਰੇਟ ਭ੍ਰਿਸ਼ਟਾਚਾਰ ਹੈ, ਕਿਵੇਂ ਐੱਨ ਜੀ ਓ ਅਤੇ ਕਾਰਪੋਰੇਸ਼ਨਾਂ ਸਰਕਾਰ ਦੇ ਰਵਾਇਤੀ ਕੰਮਕਾਰ ਕਬਜ਼ੇ ‘ਚ ਲੈ ਰਹੀਆਂ ਹਨ; ਪਰ ਇਹ ਸਭ ਚੀਜ਼ਾਂ ਛੱਡ ਦਿੱਤੀਆਂ ਗਈਆਂ, ਅਸਲ ਵਿਚ ਇਹ ਸੰਸਾਰ ਬੈਂਕ ਦੇ ਏਜੰਡੇ ਦੀ ਨਕਲ ਹੀ ਹੈ। ਹੋ ਸਕਦਾ ਹੈ ਉਨ੍ਹਾਂ ਦੀ ਮੁਰਾਦ ਇਹ ਨਾ ਹੋਵੇ, ਪਰ ਇਹੀ ਹੋ ਰਿਹਾ ਹੈ ਅਤੇ ਇਹ ਮੈਨੂੰ ਕਾਫ਼ੀ ਪ੍ਰੇਸ਼ਾਨ ਕਰਦਾ ਹੈ। ਇਹ ਪੱਕੀ ਗੱਲ ਹੈ ਕਿ ਅੰਨਾ ਹਜਾਰੇ ਨੂੰ ਛਾਂਟ ਕੇ ਇਕ ਤਰ੍ਹਾਂ ਨਾਲ ਜਨਤਾ ਦੇ ਮਸੀਹਾ ਵਜੋਂ ਪੇਸ਼ ਕੀਤਾ ਗਿਆ; ਪਰ ਲਹਿਰ ਨੂੰ ਉਹ ਨਹੀ ਸੀ ਚਲਾ ਰਿਹਾ, ਉਹ ਲਹਿਰ ਦੇ ਪਿੱਛੇ ਕੰਮ ਕਰ ਰਿਹਾ ਦਿਮਾਗ ਨਹੀਂ ਸੀ। ਮੈਂ ਸਮਝਦੀ ਹਾਂ ਇਹ ਬਹੁਤ ਅਹਿਮ ਚੀਜ਼ ਹੈ ਜਿਸ ਬਾਰੇ ਸਾਨੂੰ ਸੱਚਮੁਚ ਫ਼ਿਕਰਮੰਦ ਹੋਣ ਦੀ ਜ਼ਰੂਰਤ ਹੈ।
ਸਾਗਰਿਕਾ ਘੋਸ਼: ਸੋ ਤੁਸੀਂ ਇਸਨੂੰ ਲੋਕਾਂ ਦੀ ਖ਼ਰੀ ਲਹਿਰ ਨਹੀਂ ਸਮਝਦੇ। ਤੁਸੀਂ ਇਸ ਨੂੰ ਸੰਸਾਰ ਬੈਂਕ ਤੋਂ ਫੰਡ ਲੈਣ ਵਾਲੀਆਂ ਐੱਨ ਜੀ ਓ ਦੀ ਅਗਵਾਈ ਵਾਲੀ ਲਹਿਰ ਸਮਝਦੇ ਹੋ ਜਿਨ੍ਹਾਂ ਦਾ ਉਦੇਸ਼ ਭਾਰਤ ਨੂੰ ਕੌਮਾਂਤਰੀ ਸਰਮਾਏ ਲਈ ਵੱਧ ਖੁਸ਼ਗਵਾਰ ਬਣਾਉਣਾ ਹੈ?
ਅਰੁੰਧਤੀ ਰਾਏ: ਮੇਰਾ ਭਾਵ ਇਹ ਨਹੀਂ ਹੈ ਕਿ ਸੰਸਾਰ ਬੈਂਕ ਇਨ੍ਹਾਂ ਨੂੰ ਫੰਡ ਦਿੰਦਾ ਹਾਂ, ਫੋਰਡ ਫਾਊਂਡੇਸ਼ਨ ਇਕ ਵੱਖਰੀ ਚੀਜ਼ ਹੈ। ਪਰ ਜ਼ਰਾ ਗ਼ੌਰ ਕਰੋ ਮੈਨੂੰ ਐਨੀ ਪ੍ਰੇਸ਼ਾਨੀ ਨਹੀਂ ਸੀ ਹੋਣੀ ਜੇ ਮੈਂ ਦੇਖਦੀ ਕਿ ਇਹ ਲਹਿਰ 2-ਜੀ ਸਪੈਕਟ੍ਰਮ ਘੁਟਾਲੇ, ਬੇਲਾਰੀ ਖਾਣ ਘੁਟਾਲੇ, ਰਾਸ਼ਟਰ ਮੰਡਲ ਖੇਡ੍ਹ ਘੁਟਾਲੇ ਤੋਂ ਪੈਦਾ ਹੋਏ ਰੋਹ ਨੂੰ ਮੱਦੇਨਜ਼ਰ ਰੱਖਕੇ ਚਲਾਈ ਜਾਂਦੀ ਅਤੇ ਫੇਰ ਕਿਹਾ ਜਾਂਦਾ, ‘ਆਓ ਦੇਖੀਏ ਕੌਣ ਭ੍ਰਿਸ਼ਟ ਹੈ, ਇਸ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਹਨ’। ਪਰ ਨਹੀਂ, ਇਹ ਇਕ ਤਰ੍ਹਾਂ ਦੇ ਪੱਕੀ ਤਰ੍ਹਾਂ ਘੜੇ-ਘੜਾਏ ਚੌਖਟੇ ਦੇ ਮੇਚ ਦੀ ਲਹਿਰ ਹੈ ਅਤੇ ਇਹ ਮੈਨੂੰ ਪ੍ਰੇਸ਼ਾਨ ਕਰਦੀ ਹੈ। ਮੈਂ ਇਹ ਨਹੀਂ ਕਹਿੰਦੀ ਕਿ ਉਹ ਭ੍ਰਿਸ਼ਟ ਜਾਂ ਅਜਿਹਾ ਕੁਝ ਹਨ, ਮੈਨੂੰ ਤਾਂ ਬੱਸ ਇਹ ਪ੍ਰੇਸ਼ਾਨ ਕਰਨ ਵਾਲੀ ਚੀਜ਼ ਲਗਦੀ ਹੈ। ਇਹ ਨਰਮਦਾ ਅੰਦੋਲਨ ਵਰਗੀ ਚੀਜ਼ ਨਹੀਂ ਹੈ, ਇਹ ਹੇਠੋਂ ਉੱਭਰੀ ਲਹਿਰ ਵਰਗੀ ਚੀਜ਼ ਹੈ। ਇਹ ਜ਼ਿਆਦਾਤਰ ਐਸੀ ਹੀ ਹੈ, ਬਹੁਤ ਸਾਰੇ ਲੋਕ ਸੱਚੀਓਂ ਇਸ ‘ਚ ਸ਼ਾਮਲ ਹੋਏ, ਇਹ ਸਾਰੇ ਭਾਜਪਾ ਵਾਲੇ ਨਹੀਂ ਸਨ, ਇਹ ਸਾਰੇ ਮੱਧਵਰਗੀ ਲੋਕ ਨਹੀਂ ਸਨ, ਇਨ੍ਹਾਂ ਵਿਚ ਕਈ ਇਸ ਨੂੰ ਸੱਚ ਸਮਝਕੇ ਆਏ ਸਨ ਜੋ ਮੁਹਿੰਮਬਾਜ ਮੀਡੀਆ ਦਾ ਘੜਿਆ ਹੋਇਆ ਸੀ। ਪਰ ਇਹ ਬਿੱਲ ਕਿਸ ਲਈ ਸੀ? ਇਹ ਬਿੱਲ ਮੇਰੇ ਲਈ ਪ੍ਰੇਸ਼ਾਨੀ ਵਾਲਾ ਸੀ।
ਸਾਗਰਿਕਾ ਘੋਸ਼: ਛੇਤੀ ਹੀ ਆਪਾਂ ਬਿੱਲ ਵੱਲ ਆਵਾਂਗੇ ਪਰ ਇਸ ਤੋਂ ਪਹਿਲਾਂ ਮੈਂ ਤੁਹਾਡੇ ਲੇਖ ਵਿਚਲੇ ਇਕ ਹੋਰ ਰੱਟੇ ਵਾਲੇ ਬਿਆਨ ਵੱਲ ਧਿਆਨ ਦਿਵਾਉਣਾ ਚਾਹੁੰਦੀ ਹਾਂ ਜਿਸ ਨਾਲ ਤੁਹਾਡੇ ਪੁਰਾਣੇ ਸੰਗੀਆਂ ਮੇਧਾ ਪਟਕਰ ਅਤੇ ਪ੍ਰਸ਼ਾਂਤ ਭੂਸ਼ਣ ‘ਚ ਵੀ ਤਕੜਾ ਵਾਦ-ਵਿਵਾਦ ਖੜ੍ਹਾ ਹੋ ਗਿਆ। ਜਿਸ ਵਿਚ ਤੁਸੀਂ ਕਿਹਾ, ‘ਮਾਓਵਾਦੀਆਂ ਅਤੇ ਜਨ ਲੋਕਪਾਲ ਬਿੱਲ ਲਹਿਰ ਦੀ ਇਕ ਚੀਜ਼ ਸਾਂਝੀ ਹੈ, ਇਹ ਦੋਵੇਂ ਭਾਰਤੀ ਰਾਜ ਨੂੰ ਉਲਟਾਉਣਾ ਚਾਹੁੰਦੇ ਹਨ।’ ਤੁਸੀਂ ਕਿਉਂ ਮੰਨਦੇ ਹੋ ਕਿ ਜਨ ਲੋਕਪਾਲ ਬਿੱਲ ਦੀ ਲਹਿਰ ਭਾਰਤੀ ਰਾਜ ਨੂੰ ਉਲਟਾਉਣ ਪੱਖੋਂ ਮਾਓਵਾਦੀ ਲਹਿਰ ਨਾਲ ਮਿਲਦੀ-ਜੁਲਦੀ ਹੈ?
ਅਰੁੰਧਤੀ ਰਾਏ: ਠੀਕ ਹੈ, ਲਹਿਰ ਨੂੰ ਬਿੱਲ ਤੋਂ ਅੱਡ ਕਰ ਲਈਏ। ਜਿਵੇਂ ਮੈਂ ਕਿਹਾ ਕਿ ਮੈਨੂੰ ਤਾਂ ਇਹ ਵਿਸ਼ਵਾਸ ਵੀ ਨਹੀਂ ਹੈ ਕਿ ਮੀਡੀਆ ਦੇ ਅਤੇ ਜ਼ਮੀਨ ‘ਤੇ ਵਿਚਰਦੇ ਜ਼ਿਆਦਾਤਰ ਲੋਕਾਂ, ਜੋ ਲਹਿਰ ਦਾ ਹਿੱਸਾ ਸਨ, ਨੂੰ ਬਿੱਲ ਦੀਆਂ ਮੱਦਾਂ ਦੀ ਸਹੀ ਜਾਣਕਾਰੀ ਹੋਵੇਗੀ। ਪਰ ਜੇ ਤੁਸੀਂ ਬਿੱਲ ਦਾ ਗ਼ੌਰ ਨਾਲ ਅਧਿਐਨ ਕਰੋ, ਤੁਸੀਂ ਦੇਖੋਗੇ ਕਿ ਇਹ ਸਮਾਂਤਰ ਜੁੰਡੀਰਾਜ ਬਣਾਉਣ ਲਈ ਹੈ। ਤੁਸੀਂ ਦੇਖਦੇ ਹੋ ਕਿ ਜਨ ਲੋਕਪਾਲ ਬਿੱਲ, ਦਸ ਜਣੇ, ਬੈਂਚ ਅਤੇ ਚੇਅਰਮੈਨ, ਇਨ੍ਹਾਂ ਦੀ ਚੋਣ ਸਿਰੇ ਦੇ ਕੁਲੀਨ ਲੋਕ ਕਰਦੇ ਹਨ ਅਤੇ ਇਹ ਕੁਲੀਨ ਲੋਕ ਹਨ; ਮੇਰਾ ਭਾਵ ਹੈ ਜੇ ਤੁਸੀਂ ਇਸ ਦੇ ਇਕ ਪੜਾਅ ‘ਤੇ ਨਜ਼ਰ ਮਾਰੋ ਜੋ ਪੜਤਾਲ ਕਮੇਟੀ ਦੀ ਗੱਲ ਕਰਦਾ ਹੈ, ਕਮੇਟੀ ਜੋ ਉਨ੍ਹਾਂ ਲੋਕਾਂ ਦੇ ਨਾਵਾਂ ਦੀ ਨਿੱਕੀ ਸੂਚੀ ਬਨਣ ਜਾ ਰਹੀ ਹੈ ਜੋ ਜਨ ਲੋਕਪਾਲ ਬਿੱਲ ਲਈ ਚੁਣੇ ਜਾਣਗੇ, ਇਹ ਅਜਿਹੀ ਜਮਾਤ ਦੇ ਉੱਘੇ ਵਿਅਕਤੀਆਂ ‘ਚੋਂ ਚੁਣੇ ਜਾਣਗੇ ਜਿਨ੍ਹਾਂ ਨੂੰ ਉਹ ਢੁੱਕਵੇਂ ਸਮਝਦੇ ਹਨ। ਇਸ ਤਰ੍ਹਾਂ ਤੁਸੀਂ ਇਸ ਸਮੂਹ ਵਿਚੋਂ ਇਹ ਪੈਨਲ ਬਣਾਉਂਦੇ ਹੋ, ਅਤੇ ਇਸ ਤੋਂ ਅੱਗੇ ਤੁਹਾਡੇ ਕੋਲ ਇਕ ਅਫ਼ਸਰਸ਼ਾਹੀ ਹੈ ਜਿਸ ਕੋਲ ਪੁਲਿਸ ਦਾ ਕੰਮ ਕਰਨ ਦੀਆਂ ਤਾਕਤਾਂ ਹਨ, ਤੁਹਾਡੇ ਫ਼ੋਨ ਟੈਪ ਕਰਨ ਦੀ ਤਾਕਤ, ਮੁਕੱਦਮਾ ਚਲਾਉਣ ਦੀ ਤਾਕਤ, ਤਬਾਦਲਾ ਕਰਨ ਦੀ ਤਾਕਤ, ਫ਼ੈਸਲਾ ਸੁਣਾਉਣ ਦੀ ਤਾਕਤ, ਉਹ ਕੁਝ ਕਰਨ ਦੀ ਤਾਕਤ ਜੋ ਸੱਚੀਂਮੁੱਚੀਂ ਹੈ, ਅਤੇ ਪ੍ਰਧਾਨ ਮੰਤਰੀ ਤੋਂ ਲੈਕੇ ਹੇਠਾਂ ਤੱਕ, ਇਹ ਸੱਚੀਓਂ ਹੀ ਸਮਾਂਤਰ ਸੱਤਾ ਵਾਂਗ ਹੈ, ਜਿਸ ਦੀ ਕੋਈ ਜਵਾਬਦੇਹੀ ਨਹੀਂ ਹੈ, ਜਿਹੜੀ ਵੀ ਥੋੜ੍ਹੀ-ਬਾਹਲੀ ਜਵਾਬਦੇਹੀ ਇਕ ਨੁਮਾਇੰਦਾਮੁਖੀ ਸਰਕਾਰ ਦੀ ਹੋ ਸਕਦੀ ਹੈ, ਪਰ ਮੈਂ ਉਨ੍ਹਾਂ ਵਿਚੋਂ ਨਹੀਂ ਹਾਂ ਜੋ ਇਕ ਖ਼ਾਸ ਨਜ਼ਰੀਏ ਤੋਂ ਇਸ ਦੀ ਆਲੋਚਨਾ ਕਰ ਰਹੇ ਹਾਂ, ਅਰੁਣਾ ਰਾਏ ਵਰਗੇ, ਜਿਨ੍ਹਾਂ ਦਾ ਬਿੱਲ ਦਾ ਰੂਪ ਘੱਟ ਜਾਬਰ ਹੈ। ਸਮੁੱਚੇ ਤੌਰ ‘ਤੇ ਇਕ ਤਾਂ ਮੈਂ ਇਕ ਵੱਖਰੇ ਨਜ਼ਰੀਏ ਤੋਂ ਇਸ ਬਾਰੇ ਗੱਲ ਕਰ ਰਹੀ ਹਾਂ, ਇਸ ਤੱਥ ਨੂੰ ਲੈਕੇ ਕਿ ਸਾਨੂੰ ਇਹ ਪ੍ਰੀਭਾਸ਼ਤ ਕਰਨ ਦੀ ਲੋੜ ਹੈ ਕਿ ਭ੍ਰਿਸ਼ਟਾਚਾਰ ਤੋਂ ਸਾਡੀ ਮੁਰਾਦ ਕੀ ਹੈ, ਅਤੇ ਫੇਰ ਉਨ੍ਹਾਂ ਲਈ ਇਸ ਦਾ ਕੀ ਭਾਵ ਹੈ ਜੋ ਅਧਿਕਾਰਾਂ ਤੋਂ ਵਾਂਝੇ ਹਨ, ਇਕ ਦੀ ਬਜਾਏ ਉਨ੍ਹਾਂ ਉੱਪਰ ਦੋ ਜੁੰਡਲੀਆਂ ਕਾਠੀ ਪਾ ਲੈਣਗੀਆਂ।
ਸਾਗਰਿਕਾ ਘੋਸ਼: ਸੋ ਤੁਸੀਂ ਕੀ ਇਹ ਸਮਝਦੇ ਹੋ ਕਿ ਇਸ ਲਹਿਰ ਦੇ ਆਗੂ ਰੋਸ ‘ਚ ਸ਼ਾਮਲ ਉਸ ਹਜੂਮ ਨੂੰ ਕੁਰਾਹੇ ਪਾ ਰਹੇ ਸਨ ਕਿਉਂਕਿ ਉਹ ਉੱਥੇ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਜੋਂ ਨਹੀਂ ਸਨ, ਉਹ ਉੱਥੇ ਜਨ ਲੋਕਪਾਲ ਬਿੱਲ ਦੇ ਹੱਕ ‘ਚ ਮੁਹਿੰਮ ਚਲਾ ਰਹੇ ਸਨ ਅਤੇ ਤੁਹਾਡੇ ਖ਼ਿਆਲ ਅਨੁਸਾਰ, ਜੇ ਲੋਕ ਇਹ ਜਾਣਦੇ ਹੁੰਦੇ ਕਿ ਜਨ ਲੋਕਪਾਲ ਬਿੱਲ ਅਜਿਹਾ ਦਿਓਕੱਦ ਅਫ਼ਸਰਸ਼ਾਹੀ ਦਾ ਦੈਂਤ ਖੜ੍ਹਾ ਕਰਨ ਖ਼ਾਤਰ ਹੈ, ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ਨੇ ਲਹਿਰ ਦੇ ਹੱਕ ‘ਚ ਨਹੀਂ ਸੀ ਆਉਣਾ; ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਆਗੂ ਲੋਕਾਂ ਨੂੰ ਕੁਰਾਹੇ ਪਾ ਰਹੇ ਸਨ?
ਅਰੁੰਧਤੀ ਰਾਏ: ਮੈਂ ਇਹ ਨਹੀਂ ਕਹਿ ਸਕਦੀ ਕਿ ਉਹ ਲੋਕਾਂ ਨੂੰ ਜਾਣ-ਬੁੱਝਕੇ ਕੁਰਾਹੇ ਪਾ ਰਹੇ ਸਨ ਕਿਉਂਕਿ ਬਿਨਾਸ਼ੱਕ ਬਿੱਲ ਨੈੱਟ ਉੱਪਰ ਪਾਇਆ ਹੋਇਆ ਸੀ, ਜੇ ਕੋਈ ਪੜ੍ਹਨਾ ਚਾਹੇ ਤਾਂ ਇਸ ਨੂੰ ਪੜ੍ਹ ਸਕਦਾ ਸੀ। ਇਸ ਲਈ ਮੈਂ ਇੰਞ ਨਹੀਂ ਕਹਿੰਦੀ। ਪਰ ਮੈਂ ਸਮਝਦੀ ਹਾਂ ਕਿ ਭ੍ਰਿਸ਼ਟਾਚਾਰ ਬਾਰੇ ਰੋਹ ਐਨਾ ਵਿਆਪਕ ਅਤੇ ਆਮ ਹੋ ਗਿਆ ਸੀ ਕਿ ਕਿਸੇ ਦੀ ਸੁਤਾ ਇਸ ਪਾਸੇ ਨਹੀਂ ਸੀ ਕਿ ਇਸ ਖ਼ਾਸ ਬਿੱਲ ਅਤੇ ਜਿਸ ਰੋਹ ਕਾਰਨ ਲੋਕ ਇੱਥੇ ਆ ਰਹੇ ਸਨ ਇਨ੍ਹਾਂ ਦਰਮਿਆਨ ਇਕ ਤਰ੍ਹਾਂ ਦੀ ਬੇਮੇਲਤਾ ਸੀ। ਇਸ ਕਰਕੇ, ਤੁਹਾਡੇ ਸਾਹਮਣੇ ਐਸੀ ਹਾਲਤ ਹੈ ਜਿਸ ਵਿਚ ਮੁਕੱਦਮਾ ਚਲਾਉਣ, ਜਾਸੂਸੀ ਕਰਨ, ਪੁਲਿਸ ਦੇ ਕੰਮ ਕਰਨ ਦੀਆਂ ਤਾਕਤਾਂ ਵਾਲੀ ਇਹ ਤਾਕਤਵਰ ਜੁੰਡੀ ਹੈ। ਬਿੱਲ ਦੇ ਇਕ ਨਿੱਕੇ ਜਹੇ ਹਿੱਸੇ ‘ਚ ਬਜਟ ਦਾ ਜ਼ਿਕਰ ਹੈ, ਅਤੇ ਬਜਟ ਭਾਰਤ ਦੇ ਮਾਲੀਏ ਦਾ 0.25 ਫ਼ੀ ਸਦੀ ਹੈ, ਇਹ 2000 ਕਰੋੜ ਰੁਪਏ ਦੇ ਨੇੜੇ-ਤੇੜੇ ਬਣ ਜਾਂਦਾ ਹੈ। ਕੋਈ ਅੰਤ ਨਹੀਂ ਹੈ, ਕੋਈ ਨਹੀਂ ਦਸ ਰਿਹਾ ਕਿੰਨੇ ਮੁਲਾਜ਼ਮ ਰੱਖੇ ਜਾਣਗੇ, ਉਨ੍ਹਾਂ ਦੀ ਚੋਣ ਕਿਵੇਂ ਕੀਤੀ ਜਾਵੇਗੀ ਤਾਂ ਕਿ ਉਹ ਭ੍ਰਿਸ਼ਟ ਨਾ ਹੋਣ। ਤੁਸੀਂ ਜਾਣਦੇ ਹੋ ਇਹ ਤਾਂ ਬੱਸ ਖ਼ਾਕਾ ਹੈ, ਇਹ ਬਹੁਤ ਹੀ ਭਿਆਨਕ ਖ਼ਾਕਾ ਹੈ। ਇਹ ਸਾਖਿਆਤ ਕਾਨੂੰਨ ਵੀ ਨਹੀਂ ਹੈ। ਮੈਂ ਇੰਞ ਸੋਚਦੀ ਹਾਂ, ਇਕ ਤਰ੍ਹਾਂ ਨਾਲ ਬਿਹਤਰੀਨ ਚੀਜ਼ ਜੋ ਹੋ ਸਕਦੀ ਸੀ। ਹੋਇਆ ਇਹ ਹੈ ਕਿ ਤੁਹਾਡੇ ਕੋਲ ਬਿੱਲ ਹੈ ਅਤੇ ਤੁਹਾਡੇ ਕੋਲ ਬਿੱਲ ਦੇ ਹੋਰ ਰੂਪ ਹਨ ਅਤੇ ਤੁਹਾਡੇ ਕੋਲ ਇਨ੍ਹਾਂ ਉੱਤੇ ਨਜ਼ਰ ਮਾਰਨ ਦਾ ਵਕਤ ਹੈ; ਮੈਂ ਤਾਂ ਅਨਿਆਂ ਸਬੰਧੀ ਮੂਲ ਸਵਾਲਾਂ ਬਾਰੇ ਜਵਾਬ ਮੰਗ ਰਹੀ ਹਾਂ ਅਤੇ ਕਈ ਸਾਲਾਂ ਤੋਂ ਮੰਗਦੀ ਆ ਰਹੀ ਹਾਂ। ਇਸੇ ਕਾਰਨ ਮੈਂ ਕਹਿ ਰਹੀ ਹਾਂ ਆਓ ਗੱਲ ਕਰੀਏ ਕਿ ਭ੍ਰਿਸ਼ਟਾਚਾਰ ਤੋਂ ਕੀ ਭਾਵ ਹੈ।
ਸਾਗਰਿਕਾ ਘੋਸ਼: ਤੁਸੀਂ ਸਮਝਦੇ ਹੋ ਕਿ ਇਸ ਲਹਿਰ ਬਾਰੇ ਗ਼ਲਤ ਧਾਰਨਾ ਬਨਣ ਦਾ ਕਾਰਨ ਇਹ ਹੈ ਕਿ ਇਹ ਜਨ ਲੋਕਪਾਲ ਬਿੱਲ ਦੁਆਲੇ ਕੇਂਦਰਤ ਹੈ?
ਅਰੁੰਧਤੀ ਰਾਏ: ਜੀ ਹਾਂ, ਪਰ ਇੰਨਾ ਹੀ ਨਹੀਂ, ਮੈਂ ਮੁੱਖ ਤੌਰ ‘ਤੇ ਸੋਚਦੀ ਹਾਂ, ਜੋ ਮੈਂ ਪਹਿਲਾਂ ਕਹਿ ਰਹੀ ਸੀ, ਕੀ ਅਸੀਂ ਇਹ ਚਰਚਾ ਕਰ ਸਕਦੇ ਹਾਂ ਕਿ ਭ੍ਰਿਸ਼ਟਾਚਾਰ ਤੋਂ ਸਾਡਾ ਕੀ ਭਾਵ ਹੈ, ਕੀ ਇਹ ਨਿਰੀ ਵਿਤੀ ਬੇਨਿਯਮੀ ਦਾ ਮਾਮਲਾ ਹੈ ਜਾਂ ਇਹ ਇਕ ਬਹੁਤ ਹੀ ਗ਼ੈਰ-ਬਰਾਬਰ ਸਮਾਜ ਵਿਚ ਸਮਾਜਿਕ ਲੈਣ-ਦੇਣ ਦਾ ਵਰਤਾਰਾ ਹੈ। ਜੇ ਤੁਸੀਂ ਮੈਨੂੰ ਦੋ ਮਿੰਟ ਦੇ ਸਕੋ, ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੇਰਾ ਭਾਵ ਕੀ ਹੈ? ਮਿਸਾਲ ਵਜੋਂ, ਭ੍ਰਿਸ਼ਟਾਚਾਰ, ਕੁਝ ਲੋਕਾਂ, ਪਿੰਡਾਂ ਦੇ ਗ਼ਰੀਬ ਲੋਕਾਂ ਨੂੰ ਬਹੁਤ ਹੀ ਤਾਕਤਵਰ ਲੋਕਾਂ ਤੋਂ ਰਾਸ਼ਨ ਕਾਰਡ ਹਾਸਲ ਕਰਨ, ਨਰੇਗਾ ਦੇ ਬਕਾਏ ਲੈਣ ਲਈ ਵੱਢੀ ਦੇਣੀ ਪੈਂਦੀ ਹੈ। ਇਸ ਤੋਂ ਅੱਗੇ ਤੁਸੀਂ ਮੱਧ ਵਰਗੀ ਲੋਕ ਹੋ, ਤੁਹਾਡੇ ਨਾਲ ਸਬੰਧਤ ਈਮਾਨਦਾਰ ਕਾਰੋਬਾਰੀ ਹਨ ਜੋ ਬਹੁਤ ਸਾਰੇ ਕਾਰਨਾਂ ਕਰਕੇ ਈਮਾਨਦਾਰੀ ਨਾਲ ਕਾਰੋਬਾਰ ਨਹੀਂ ਚਲਾ ਸਕਦੇ। ਉਹ ਭਰੇ-ਪੀਤੇ ਹੋਏ ਹਨ। ਤੁਹਾਡੇ ਕੋਲ ਮੱਧ ਵਰਗ ਹੈ ਜੋ ਆਪਣੇ ਤੁੱਛ ਹਿੱਤਾਂ ਲਈ ਵੱਢੀ ਦਿੰਦਾ ਹੈ ਅਤੇ ਸਭ ਤੋਂ ਉੱਪਰ ਹਨ ਕਾਰਪੋਰੇਸ਼ਨਾਂ, ਦਹਿ ਲੱਖਾਂ ਲੋਕਾਂ ਦੀ ਲੁੱਟਮਾਰ ਕਰਨ ਵਾਲੇ ਸਿਆਸਤਦਾਨ ਅਤੇ ਖਾਣਾਂ ਵਗੈਰਾ। ਪਰ ਐਸੇ ਵੱਡੀ ਗਿਣਤੀ ਲੋਕ ਵੀ ਹਨ ਜੋ ਕਾਨੂੰਨੀ ਚੌਖਟੇ ਤੋਂ ਬਾਹਰ ਹਨ ਕਿਉਂਕਿ ਉਨ੍ਹਾਂ ਕੋਲ ਮਾਲਕੀ ਦੇ ਕਾਗਜ਼ਾਤ ਨਹੀਂ ਹਨ, ਉਹ ਝੁੱਗੀਆਂ-ਝੌਂਪੜੀਆਂ ‘ਚ ਰਹਿੰਦੇ ਹਨ, ਉਨ੍ਹਾਂ ਕੋਲ ਕਾਨੂੰਨੀ ਘਰ ਨਹੀਂ ਹਨ, ਉਹ ਰੇਹੜੀਆਂ ਲਾਕੇ ਆਪਣਾ ਸਮਾਨ ਵੇਚਦੇ ਹਨ, ਇਸ ਕਰਕੇ ਉਹ ਗ਼ੈਰਕਾਨੂੰਨੀ ਮੰਨੇ ਜਾਂਦੇ ਹਨ ਅਤੇ ਵੱਢੀ ਵਿਰੋਧੀ ਕਾਨੂੰਨ ਦੇ ਦਾਇਰੇ ‘ਚ ਆਉਂਦੇ ਹਨ, ਸੁਭਾਵਿਕ ਤੌਰ ‘ਤੇ ਵੱਢੀ ਵਿਰੋਧੀ ਕਾਨੂੰਨ ਇਕ ਪ੍ਰਵਾਨਤ ਕਾਨੂੰਨੀ ਵਾਜਬੀਅਤ ਨਾਲ ਨੱਥੀ ਹੈ। ਇਸ ਲਈ ਜਦੋਂ ਸਾਰੇ ਕਾਨੂੰਨ ਭਾਰਤੀ ਸਮਾਜ ‘ਚ ਮੌਜੂਦ ਨਾਬਰਾਬਰੀ ਨੂੰ ਕਾਇਮ ਰੱਖਣ ਲਈ ਬਣਾਏ ਜਾਂਦੇ ਹਨ ਤਾਂ ਤੁਸੀਂ ਕਾਨੂੰਨ ਦੇ ਰਾਜ ਦੀ ਗੱਲ ਕਰ ਸਕਦੇ ਹੋ। ਜੇ ਤੁਸੀਂ ਇਸ ‘ਤੇ ਸਵਾਲ ਨਹੀਂ ਉਠਾਉਂਦੇ, ਤਾਂ ਮੇਰੀ ਬਹਿਸ ‘ਚ ਕੋਈ ਦਿਲਚਸਪੀ ਨਹੀਂ ਹੈ।
ਸਾਗਰਿਕਾ ਘੋਸ਼: ਸੋ ਬੁਨਿਆਦੀ ਤੌਰ ‘ਤੇ ਇਸਦਾ ਸਬੰਧ ਗ਼ਰੀਬਾਂ ਵਿਚੋਂ ਸਭ ਤੋਂ ਗ਼ਰੀਬ ਨੂੰ ਸੇਵਾਵਾਂ ਦੇਣ, ਉਨ੍ਹਾਂ ਨੂੰ ਨਿਆਂ ਯਕੀਨੀ ਬਣਾਉਣ ਨਾਲ ਹੈ, ਇਸ ਤੋਂ ਬਗ਼ੈਰ ਸਮੁੱਚਾ ਅਫ਼ਸਰਸ਼ਾਹ ਢਾਂਚਾ ਫਜ਼ੂਲ ਹੈ?
ਅਰੁੰਧਤੀ ਰਾਏ: ਬਿਲਕੁਲ, ਪਰ ਜਿਵੇਂ ਮੈਂ ਪਹਿਲਾਂ ਆਪਣੇ ਲੇਖ ਵਿਚ ਕਿਹਾ ਸੀ, ਫਰਜ਼ ਕਰੋ ਤੁਸੀਂ ਸ਼ਹਿਰ ‘ਚ ਰੇਹੜੀ ਲਾਕੇ ਸਮੋਸੇ ਵੇਚਦੇ ਹੋ ਜਿੱਥੇ ਸਿਰਫ਼ ਮਾਲਜ਼ ਕਾਨੂੰਨੀ ਹਨ, ਤੁਹਾਨੂੰ ਸਥਾਨਕ ਪੁਲਸੀਆਂ ਨੂੰ ਵੱਢੀ ਦੇਣੀ ਪੈਂਦੀ ਹੈ, ਕੀ ਹੁਣ ਤੁਹਾਨੂੰ ਲੋਕਪਾਲ ਨੂੰ ਵੀ ਵੱਢੀ ਦੇਣੀ ਪਵੇਗੀ? ਤੁਸੀਂ ਜਾਣਦੇ ਹੋ ਭ੍ਰਿਸ਼ਟਾਚਾਰ ਇਕ ਬਹੁਤ ਹੀ ਗੁੰਝਲਦਾਰ ਮਾਮਲਾ ਹੈ।
ਸਾਗਰਿਕਾ ਘੋਸ਼: ਪਰ ਹੇਠਲੀ ਅਫ਼ਸਰਸ਼ਾਹੀ ਬਾਰੇ ਮੱਦਾਂ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ। ਹੇਠਲੀ ਅਫ਼ਸਰਸ਼ਾਹੀ ਨੂੰ ਲੋਕਪਾਲ ਦੇ ਦਾਇਰੇ ‘ਚ ਲਿਆਂਦਾ ਜਾਣਾ ਹੈ, ਇਨ੍ਹਾਂ ਲਈ ਸੂਬਾ ਪੱਧਰ ਦਾ ਲੋਕ ਆਯੁਕਤ ਬਣਾਇਆ ਜਾਵੇਗਾ। ਇਸ ਲਈ ਲੋਕਪਾਲ ਬਿੱਲ ਅੰਦਰ ਗ਼ਰੀਬਾਂ ਵਿਚੋਂ ਸਭ ਤੋਂ ਗ਼ਰੀਬ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਪੁਲਿਸ ਬਾਰੇ ਹੈ ਜੋ ਘੋਰ ਗ਼ਰੀਬਾਂ ਨਾਲ ਨਜਿੱਠਣ ਵਾਲੇ ਕਾਰਿੰਦੇ ਹਨ। ਇਸ ਤਰ੍ਹਾਂ ਕੀ ਤੁਹਾਨੂੰ ਆਸ ਨਹੀਂ ਹੈ ਕਿ ਘੱਟੋਘੱਟ ਇਸ ਬਿੱਲ ਕਾਰਨ ਇਸ ਨੂੰ ਕਾਇਦੇ-ਕਾਨੂੰਨਾਂ ਦੇ ਪਾਬੰਦ ਕੀਤਾ ਜਾ ਸਕਦਾ ਹੈ?
ਅਰੁੰਧਤੀ ਰਾਏ: ਮੈਂ ਸਮਝਦੀ ਹਾਂ ਬਿੱਲ ਦਾ ਇਹ ਹਿੱਸਾ ਦਿਲਚਸਪ ਹੋਵੇਗਾ; ਇਹ ਬਹੁਤ ਜਟਿਲ ਹੈ ਕਿਉਂਕਿ ਅੱਜ ਸਾਡੇ ਦੇਸ਼ ਨੂੰ ਜਿਨ੍ਹਾਂ ਮੁਸੀਬਤਾਂ ਨੇ ਘੇਰਿਆ ਹੋਇਆ ਹੈ ਉਹ ਸਿਰਫ਼ ਪੁਲਸੀ ਪ੍ਰਬੰਧ ਅਤੇ ਸ਼ਿਕਾਇਤ ਕੇਂਦਰ ਬਣਾਉਣ ਨਾਲ ਹੱਲ ਹੋਣ ਵਾਲੀਆਂ ਨਹੀਂ ਹਨ। ਅਸਲ ਵਿਚ, ਹੇਠਲੇ ਪੱਧਰ ਤੇ, ਮੇਰੀ ਸੋਚ ਹੈ ਕਿ ਸਾਨੂੰ ਕੁਝ ਅਜਿਹਾ ਲਿਆਉਣਾ ਹੋਵੇਗਾ ਜਿਸ ਨਾਲ ਲੋਕਾਂ ਨੂੰ ਯਕੀਨ ਦਿਵਾਇਆ ਜਾ ਸਕੇ ਕਿ ਇਕ ਹੋਰ ਅਫ਼ਸਰਸ਼ਾਹੀ ਨਹੀਂ ਬਣਾਈ ਜਾ ਰਹੀ ਜੋ ਇੰਨੀ ਹੀ ਭ੍ਰਿਸ਼ਟ ਹੋਵੇ। ਜਦੋਂ ਤੁਹਾਡਾ ਇਕ ਭਰਾ ਭਾਜਪਾ ਵਿਚ ਹੈ, ਇਕ ਕਾਂਗਰਸ ਵਿਚ ਹੈ, ਇਕ ਪੁਲਿਸ ਵਿਚ ਹੈ, ਇਕ ਲੋਕਪਾਲ ਵਿਚ ਹੈ, ਮੈਂ ਦੇਖਣਾ ਚਾਹਾਂਗੀ ਕਿ ਇਸ ਨਾਲ ਕਿਵੇਂ ਨਜਿੱਠਿਆ ਜਾਵੇਗਾ, ਇਸ ਬਾਬਤ ਇਹ ਕਾਨੂੰਨ ਬਹੁਤ ਸਤੱਹੀ ਹੈ।
ਸਾਗਰਿਕਾ ਘੋਸ਼: ਪਰ ਜ਼ਰਾ ਲਹਿਰ ਵੱਲ ਵਾਪਸ ਆਈਏ, ਕੀ ਤੁਸੀਂ ਇਹ ਨਹੀਂ ਸੋਚਦੇ ਕਿ ਸਿਆਸੀ ਜਮਾਤ ਭ੍ਰਿਸ਼ਟ ਅਤੇ ਵਿਕਾਊ ਬਣ ਚੁੱਕੀ ਹੈ ਅਤੇ ਕੀ ਇਸ ਤਰ੍ਹਾਂ ਦੀ ਲਹਿਰ ਜਾਗਣ ਦਾ ਹੋਕਾ ਦੇਣ ਦਾ ਕੰਮ ਨਹੀਂ ਕਰਦੀ?
ਅਰੁੰਧਤੀ ਰਾਏ: ਕੁਝ ਹੱਦ ਤੱਕ ਕਰਦੀ ਹੈ, ਪਰ ਮੈਂ ਸਮਝਦੀ ਹਾਂ ਸਿਆਸੀ ਜਮਾਤ ‘ਤੇ ਕੇਂਦਰਤ ਕੀਤਾ ਜਾ ਰਿਹਾ ਹੈ, ਕਾਰਪੋਰੇਸ਼ਨਾਂ, ਇਨ੍ਹਾਂ ਦੀ ਮਾਲਕੀ ਵਾਲੇ ਮੀਡੀਆ, ਐੱਨ ਜੀ ਓ ਜੋ ਸਿਹਤ ਸੇਵਾਵਾਂ ਵਰਗੇ ਸਰਕਾਰੀ ਕੰਮਾਂ ‘ਤੇ ਕਾਬਜ਼ ਹੋ ਰਹੀਆਂ ਹਨ, ਇਨ੍ਹਾਂ ਨੂੰ ਛੱਡਿਆ ਜਾ ਰਿਹਾ ਹੈ। ਤੁਸੀਂ ਜਾਣਦੇ ਹੀ ਹੋ ਜੋ ਕੰਮ ਸਰਕਾਰ ਕਰਦੀ ਸੀ ਉਹ ਹੁਣ ਕਾਰਪੋਰੇਟ ਕਰ ਰਹੇ ਹਨ। ਇਨ੍ਹਾਂ ਨੂੰ ਕਿਉਂ ਬਾਹਰ ਰੱਖਿਆ ਜਾ ਰਿਹਾ ਹੈ? ਇਸ ਕਰਕੇ ਮੇਰੀ ਸੋਚ ਹੈ ਕਿ ਵਧੇਰੇ ਭਰਵੀਂ ਸੋਚ ਨਾਲ ਹੀ ਮੇਰੀ ਤਸੱਲੀ ਹੋਵੇਗੀ। ਫੇਰ ਵੀ ਮੈਂ ਕਹਿ ਰਹੀ ਹਾਂ ਕਿ ਮੇਰੇ ਲਈ ਅਸਲ ਮੁੱਦਾ ਹੈ ਐਸੇ ਸਮਾਜ ਦਾ ਹੋਂਦ ‘ਚ ਆਉਣਾ ਜਿਸ ਵਿਚ 83 ਕਰੋੜ ਲੋਕ 20 ਰੁਪਏ ਤੋਂ ਘੱਟ ਨਾਲ ਗੁਜ਼ਾਰਾ ਕਰਦੇ ਹਨ ਅਤੇ ਇਥੇ ਅਫ਼ਰੀਕਾ ਦੇ ਸਾਰੇ ਗ਼ਰੀਬ ਦੇਸ਼ਾਂ ਦੇ ਲੋਕਾਂ ਨਾਲੋਂ ਵੀ ਵਧੇਰੇ ਗ਼ਰੀਬ ਲੋਕ ਹਨ।
ਸਾਗਰਿਕਾ ਘੋਸ਼: ਇਸ ਲਈ ਬੁਨਿਆਦੀ ਤੌਰ ‘ਤੇ ਤੁਹਾਡਾ ਕਹਿਣਾ ਹੈ ਕਿ ਕਾਨੂੰਨ ਨਾਲ ਭ੍ਰਿਸ਼ਟਾਚਾਰ ਅਤੇ ਅਨਿਆਂ ਨੂੰ ਨੱਥ ਨਹੀਂ ਪੈਣ ਲੱਗੀ। ਕਾਨੂੰਨਾਂ, ਕਾਨੂੰਨੀ ਢੰਗਾਂ ਨਾਲ ਇੰਞ ਨਹੀਂ ਹੋਣਾ, ਇਹ ਸਭ ਤੋਂ ਹੇਠਲੇ ਪੱਧਰਾਂ ‘ਤੇ ਤਾਕਤ ਦੇ ਵਧੇਰੇ ਵਿਕੇਂਦਰੀਕਰਨ, ਕਿਤੇ ਵਧੇਰੇ ਪਹੁੰਚ ਕਰਨ ਨਾਲ ਇਹ ਕਰਨਾ ਹੋਵੇਗਾ?
ਅਰੁੰਧਤੀ ਰਾਏ: ਮੇਰੀ ਸੋਚ ਹੈ ਕਿ ਪਹਿਲਾਂ ਢਾਂਚੇ ਬਾਰੇ ਸਵਾਲ ਉਠਾਉਣਾ ਹੋਵੇਗਾ। ਤੁਸੀਂ ਦੇਖ ਰਹੋ ਹੋ ਇੱਥੇ ਢਾਂਚਾਗਤ ਨਾਬਰਾਬਰੀ ਹੈ, ਅਤੇ ਇਸ ਬਾਰੇ ਸਵਾਲ ਨਹੀਂ ਉਠਾਇਆ ਜਾ ਰਿਹਾ, ਅਸਲ ਵਿਚ ਤੁਸੀਂ ਕਾਨੂੰਨ ਬਣਾਉਣ ਲਈ ਲੜ ਰਹੇ ਹੋ ਜੋ ਇਸ ਢਾਂਚਾਗਤ ਨਾਬਰਾਬਰੀ ਨੂੰ ਹੋਰ ਵੀ ਅਧਿਕਾਰਤ ਬਣਾਉਂਦਾ ਹੈ, ਸਾਡੇ ਲਈ ਇਹ ਸਮੱਸਿਆ ਹੈ। ਮੈਂ ਮਿਸਾਲ ਦਿੰਦੀ ਹਾਂ, ਮੈਂ ਛੱਤੀਸਗੜ੍ਹ-ਆਂਧਰਾ ਪ੍ਰਦੇਸ਼ ਹੱਦ ਉੱਪਰ ਗਈ ਸੀ ਜਿੱਥੇ ਓਪਰੇਸ਼ਨ ਗਰੀਨ ਹੰਟ ਦੇ ਪਨਾਹਗੀਰਾਂ ਨੂੰ ਰੱਖਿਆ ਗਿਆ ਹੈ। ਉਨ੍ਹਾਂ ਲਈ ਮੁੱਦਾ ਇਹ ਨਹੀਂ ਕਿ ਟਾਟਾ ਨੇ ਆਪਣੀ ਖਾਣ ਖੁਦਾਈ ਕਰਨ ਲਈ ਵੱਢੀ ਦਿੱਤੀ ਜਾਂ ਵੇਦਾਂਤ ਨੇ ਨਹੀਂ ਦਿੱਤੀ। ਉੱਥੇ ਵੱਡਾ ਮਸਲਾ ਹੈ ਜਿਸ ਤਰੀਕੇ ਨਾਲ ਭਾਰਤ ਦੀ ਖਣਿਜ, ਪਾਣੀ ਅਤੇ ਜੰਗਲਾਤ ਦੀ ਦੌਲਤ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਇਸ ਨੂੰ ਲੁੱਟਿਆ ਜਾ ਰਿਹਾ ਹੈ, ਜੇ ਇਹ ਭ੍ਰਿਸ਼ਟ ਨਾ ਵੀ ਹੋਵੇ ਤਾਂ ਵੀ ਇਹ ਸਮੱਸਿਆ ਹੈ। ਇਸੇ ਵਜਾ੍ਹ ਕਰਕੇ ਅਸੀਂ ਦਾਂਤੇਵਾੜਾ ਬਾਰੇ ਗੱਲ ਨਹੀਂ ਕਰਦੇ, ਅਜਿਹੇ ਕਈ ਥਾਂ ਹਨ ਮੇਰਾ ਮਤਲਬ ਪੌਸਕੋ, ਕਾਲਿੰਗਾਨਗਰ ‘ਚ ਕੀ ਹੋ ਰਿਹਾ ਹੈ। ਇਹ ਭ੍ਰਿਸ਼ਟਾਚਾਰ ਵਿਰੁੱਧ ਲੜਾਈਆਂ ਨਹੀਂ ਹਨ। ਕੁਝ ਬਹੁਤ ਹੀ ਗੰਭੀਰ ਵਾਪਰ ਰਿਹਾ ਹੈ। ਇਨ੍ਹਾਂ ਵਿਚੋਂ ਕੋਈ ਵੀ ਮੁੱਦਾ ਨਹੀਂ ਉਠਾਇਆ ਗਿਆ ਜਾਂ ਇਸ ਪਾਸੇ ਕੋਈ ਇਸ਼ਾਰਾ ਵੀ ਨਹੀਂ ਕੀਤਾ ਗਿਆ।
ਸਾਗਰਿਕਾ ਘੋਸ਼: ਬੁਨਿਆਦੀ ਤੌਰ ‘ਤੇ ਤੁਹਾਡਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਬੁਨਿਆਦੀ ਲੜਾਈ ਨਹੀਂ ਹੈ, ਨਿਆਂ ਲਈ ਲੜਾਈ ਨੂੰ ਭਾਰਤ ਵਿਚ ਮੁੱਖ ਲੜਾਈ ਬਣਾਉਣਾ ਹੋਵੇਗਾ। ਜ਼ਰਾ ਕਾਨੂੰਨ ਬਾਰੇ ਨੁਕਤੇ ਵੱਲ ਆਈਏ। ਕਈਆਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਬਣਾਏ ਜਾਣ ਤੋਂ ਪਹਿਲਾਂ ਦਾ ਸਲਾਹ-ਮਸ਼ਵਰੇ ਦਾ ਅਮਲ ਹੈ, ਕਿ ਦੁਨੀਆਂ ਭਰ ਵਿਚ ਹੁਣ ਸਿਵਲ ਸੁਸਾਇਟੀ ਗਰੁੱਪ, ਮੈਨੂੰ ਪਤੈ ਤੁਹਾਨੂੰ ਇਹ ਲਫ਼ਜ਼ ਪਸੰਦ ਨਹੀਂ ਹੈ, ਕਾਨੂੰਨ ਬਣਾਉਣ ਵਿਚ ਸਰਕਾਰ ਦਾ ਹੱਥ ਵਟਾ ਰਹੇ ਹਨ ਅਤੇ ਇਸ ਤਰ੍ਹਾਂ ਦੀ ਲਹਿਰ ਇਸ ਅਮਲ ਨੂੰ ਸੰਸਥਾਗਤ ਰੂਪ ਦਿੰਦੀ ਹੈ। ਇਹ ਸਿਵਲ ਸੋਸਾਇਟੀ ਗਰੁੱਪਾਂ ਨੂੰ ਕਾਨੂੰਨ ਬਣਾਏ ਜਾਣ ਦੇ ਅਮਲ ‘ਚ ਲਿਆਉਣ ਨੂੰ ਸੰਸਥਾਗਤ ਰੂਪ ਦਿੰਦੀ ਹੈ। ਕੀ ਇਸ ਲਹਿਰ ਤੋਂ ਤੁਹਾਨੂੰ ਕੋਈ ਆਸ ਨਹੀਂ ਬੱਝਦੀ?
ਅਰੁੰਧਤੀ ਰਾਏ: ਸਿਧਾਂਤਕ ਤੌਰ ‘ਤੇ, ਬੱਝਦੀ ਹੈ, ਪਰ ਜਦੋਂ ਇਸ ਤਰ੍ਹਾਂ ਦੀ ਲਹਿਰ ਜਿਸ ਤਰੀਕੇ ਨਾਲ ਉਸਾਰੀ ਗਈ ਹੈ, ਤੁਸੀਂ ਕਹਿ ਸਕਦੇ ਹੋ, ਜਿਸ ਤਰੀਕੇ ਨਾਲ ਇਹ ਖ਼ੁਦ ਨੂੰ ਲੋਕ ਜਾਂ ਸਿਵਲ ਸੋਸਾਇਟੀ ਕਹਿੰਦੀ ਹੈ ਅਤੇ ਕਹਿ ਰਹੀ ਹੈ ਕਿ ਇਹ ਸਮੁੱਚੇ ਸਿਵਲ ਸਮਾਜ ਦੀ ਨੁਮਾਇੰਦਗੀ ਕਰਦੀ ਹੈ। ਮੈਂ ਕਹਿਣਾ ਚਾਹਾਂਗੀ ਇੱਥੇ ਸਮੱਸਿਆ ਹੈ ਅਤੇ ਇਹ ਕਾਨੂੰਨ ‘ਤੇ ਮੁਨੱਸਰ ਹੈ। ਇਸ ਲਈ ਮੇਰੀ ਸੋਚ ਅਨੁਸਾਰ ਚੰਗੀ ਗੱਲ ਇਹ ਹੋਈ ਹੈ ਕਿ ਜਨ ਲੋਕਪਾਲ ਬਿੱਲ, ਜਿਸ ਦੀਆਂ ਕੁਝ ਮੱਦਾਂ ਸ਼ਾਇਦ ਅੰਤਮ ਕਾਨੂੰਨ ਬਣ ਜਾਣਗੀਆਂ, ਕਈ ਬਿੱਲਾਂ ਵਿਚੋਂ ਇਕ ਹੈ। ਇਸ ਲਈ ਇਹ ਚੰਗੀ ਗੱਲ ਹੈ। ਪਰ ਜੇ ਇਹ ਉਸੇ ਤਰ੍ਹਾਂ ਪਾਸ ਹੋ ਜਾਂਦਾ, ਫੇਰ ਮੈਂ ਨਹੀਂ ਸੀ ਕਹਿਣਾ ਕਿ ਇਹ ਚੰਗੀ ਗੱਲ ਹੈ।
ਸਾਗਰਿਕਾ ਘੋਸ਼: ਮੀਡੀਆ ਬਾਰੇ ਗੱਲ ਕਰੀਏ। ਤੁਸੀਂ ਮੀਡੀਆ ਦੀ ਬਹੁਤ ਆਲੋਚਨਾ ਕੀਤੀ ਹੈ ਅਤੇ ਜਿਸ ਤਰੀਕੇ ਨਾਲ ਮੀਡੀਆ ਖ਼ਾਸ ਕਰਕੇ ਦੂਰ-ਸੰਚਾਰ ਮੀਡੀਆ ਇਸ ਲਹਿਰ ਦੀਆਂ ਖ਼ਬਰਾਂ ਪ੍ਰਸਾਰਤ ਕਰਦਾ ਰਿਹਾ। ਕੀ ਤੁਹਾਡਾ ਇਹ ਵਿਸ਼ਵਾਸ ਹੈ ਕਿ ਜੇ ਮੀਡੀਆ ਇਸ ਲਹਿਰ ਨੂੰ ਇਸ ਤਰ੍ਹਾਂ ਸਮਾਂ ਨਾ ਦਿੰਦਾ ਤਾਂ ਇਹ ਲਹਿਰ ਨਾ ਚਲਦੀ? ਕੀ ਤੁਹਾਡਾ ਇਹ ਵਿਸ਼ਵਾਸ ਹੈ ਕਿ ਇਹ ਮੀਡੀਆ ਦੀ ਬਣਾਈ ਹੋਈ ਲਹਿਰ ਹੈ?
ਅਰੁੰਧਤੀ ਰਾਏ: ਮੈਂ ਇਹ ਨਹੀਂ ਕਹਿ ਰਹੀ ਕਿ ਇਹ ਪੂਰੀ ਤਰ੍ਹਾਂ ਮੀਡੀਆ ਦੀ ਬਣਾਈ ਹੋਈ ਹੈ। ਮੇਰੀ ਸਮਝ ਹੈ ਕਿ ਇਹ ਇਸ ਦੇ ਵੱਡੇ ਕਾਰਨਾਂ ਵਿਚੋਂ ਇਕ ਸੀ। ਭਾਜਪਾ ਅਤੇ ਆਰ ਐੱਸ ਐੱਸ ਵਲੋਂ ਵੀ ਲਾਮਬੰਦੀ ਕੀਤੀ ਗਈ, ਉਨ੍ਹਾਂ ਨੇ ਇਹ ਮੰਨਿਆ ਹੈ। ਮੈਂ ਨਹੀਂ ਜਾਣਦੀ ਪਹਿਲਾਂ ਕਦੇ ਮੀਡੀਆ ਨੇ ਇਸ ਤਰ੍ਹਾਂ ਮੁਹਿੰਮ ਚਲਾਈ ਹੋਵੇ ਜਦੋਂ ਬਾਕੀ ਹਰ ਤਰ੍ਹਾਂ ਦੀਆਂ ਖ਼ਬਰਾਂ ਪਾਸੇ ਕਰ ਦਿੱਤੀਆਂ ਗਈਆਂ ਹੋਣ ਅਤੇ ਦਸ ਦਿਨ ਤੁਹਾਨੂੰ ਸਿਰਫ਼ ਇਹੀ ਖ਼ਬਰ ਸੁਣਾਈ ਗਈ। ਇਕ ਅਰਬ ਲੋਕਾਂ ਦੇ ਇਸ ਦੇਸ਼ ‘ਚ, ਮੀਡੀਆ ਨੂੰ ਰਿਪੋਰਟ ਕਰਨ ਲਈ ਹੋਰ ਕੁਝ ਨਹੀਂ ਥਿਆਇਆ ਅਤੇ ਇਨ੍ਹਾਂ ਨੇ ਮੁਹਿੰਮ ਚਲਾਈ, ਹਰ ਕਿਸੇ ਨੇ ਨਹੀਂ, ਪਰ ਯਕੀਨੀ ਤੌਰ ‘ਤੇ ਖ਼ਾਸ ਵੱਡੇ ਚੈਨਲਾਂ ਨੇ ਮੁਹਿੰਮ ਚਲਾਈ ਅਤੇ ਕਿਹਾ ਕਿ ਉਹ ਮੁਹਿੰਮ ਚਲਾ ਰਹੇ ਸਨ। ਉਨ੍ਹਾਂ ਨੇ ਕਿਹਾ, ‘ਅਸੀਂ ਉਹ ਚੈਨਲ ਹਾਂ ਜਿਸ ਰਾਹੀਂ ਅੰਨਾ ਲੋਕਾਂ ਨੂੰ ਮੁਖ਼ਾਤਬ ਹੋ ਰਿਹਾ ਹੈ’ ਵਗੈਰਾ-ਵਗੈਰਾ। ਹੁਣ ਪਹਿਲੀ ਗੱਲ ਤਾਂ ਇਹ ਕਿ ਮੇਰੇ ਲਈ ਇਹ ਇਕ ਤਰ੍ਹਾਂ ਦਾ ਭ੍ਰਿਸ਼ਟਾਚਾਰ ਹੈ ਜਿੱਥੇ ਇਕ ਖ਼ਬਰਾਂ ਦੇ ਚੈਨਲ ਨੂੰ ਖ਼ਬਰਾਂ ਪ੍ਰਸਾਰਤ ਕਰਨ ਦਾ ਲਾਇਸੰਸ ਦਿੱਤਾ ਗਿਆ ਹੈ ਨਾ ਕਿ ਮੁਹਿੰਮ ਚਲਾਉਣ ਦਾ। ਪਰ ਜੇ ਤੁਸੀਂ ਮੁਹਿੰਮ ਵੀ ਚਲਾ ਰਹੇ ਹੋ ਅਤੇ ਹਰ ਕਿਸੇ ਵਲੋਂ ਇਹ ਰਿਪੋਰਟ ਕਰਨ ਦੀ ਇਕੋ ਇਕ ਵਜਾ੍ਹ ਸੀ ਟੀ ਆਰ ਪੀ ਰੇਟਿੰਗ, ਤਾਂ ਫੇਰ ਕਿਓਂ ਨਾ ਨੰਗੇਜ਼ਵਾਦ, ਜਨੂੰਨੀ ਕਾਮ ਨੁਮਾਇਸ਼ ਜਾਂ ਜਿਸ ਚੀਜ਼ ਤੋਂ ਵੀ ਵੱਧ ਟੀ ਆਰ ਪੀ ਮਿਲੇ ਉਸ ਨੂੰ ਸਵੀਕਾਰ ਕਰ ਲਿਆ ਜਾਵੇ। ਖ਼ਬਰਾਂ ਦੇ ਚੈਨਲ ਬਾਕੀ ਹੋਰ ਖ਼ਬਰਾਂ ਨੂੰ ਛੱਡਕੇ ਦਸ ਦਿਨ ਕਿਵੇਂ ਇਸ ‘ਤੇ ਹੀ ਕੇਂਦਰਤ ਕਰਦੇ ਰਹੇ? ਤੁਹਾਨੂੰ ਪਤਾ ਹੀ ਹੈ ਟੀ ਵੀ ਉੱਪਰ ਕਿੰਨੀ ਅਦਾਇਗੀ ਕਰਨੀ ਪੈਂਦੀ ਹੈ ਅਤੇ ਕਿੰਨਾ ਖ਼ਰਚ ਆਉਂਦਾ ਹੈ, ਇਸ ਦੀ ਕਿਸ ਤਰ੍ਹਾਂ ਦੀ ਅਦਾਇਗੀ ਕਰਨੀ ਪਵੇਗੀ? ਇਹ ਅਜਿਹਾ ਕਿਉਂ ਕਰ ਰਹੇ ਸਨ? ਇਹ ਕੁਦਰਤੀ ਸੀ ਜੇ ਮੀਡੀਆ ਸਮਾਜਿਕ ਨਿਆਂ ਬਾਰੇ ਮੁਹਿੰਮਾਂ ਚਲਾਉਂਦਾ, ਜੇ ਮੀਡੀਆ ਦਸ ਦਿਨ ਇਹ ਮੁਹਿੰਮ ਚਲਾਉਂਦਾ ਕਿ ਦੇਸ਼ ਦੇ ਇਕ ਲੱਖ ਤੋਂ ਵੱਧ ਕਿਸਾਨਾਂ ਨੇ ਖ਼ੁਦਕੁਸ਼ੀਆਂ ਕਿਓਂ ਕੀਤੀਆਂ; ਤਾਂ ਮੈਨੂੰ ਖੁਸ਼ੀ ਹੁੰਦੀ ਕਿਉਂਕਿ ਮੈਂ ਕਹਿੰਦੀ, ਇਹ ਮੀਡੀਆ ਦਾ ਕੰਮ ਹੈ। ਇਹ ਤਾਂ ਉਹ ਗੱਲ ਹੋਈ, ਅਖੇ ਸ਼ਿਕਾਰ ਨਾਲ ਵੀ ਅਤੇ ਸ਼ਿਕਾਰੀ ਨਾਲ ਵੀ।
ਸਾਗਰਿਕਾ ਘੋਸ਼: ਪਰ ਕੀ ਤੁਸੀਂ ਇਹ ਨਹੀਂ ਸੋਚਦੇ ਕਿ ਇਕ ਬੰਦੇ ਵਲੋਂ ਸਰਕਾਰ ਦੀ ਤਾਕਤ ਨੂੰ ਵੰਗਾਰਨਾ ਵੱਡੀ ਗੱਲ ਹੈ ਅਤੇ ਇਹ ਕਵਰੇਜ ਕੀਤੇ ਜਾਣ ਦਾ ਹੱਕਦਾਰ ਹੈ?
ਅਰੁੰਧਤੀ ਰਾਏ: ਨਹੀਂ, ਮੈਂ ਇੰਞ ਨਹੀਂ ਸੋਚਦੀ। ਜਿਹੜੇ ਕਾਰਨ ਮੈਂ ਗਿਣਾਏ ਹਨ ਉਨ੍ਹਾਂ ਕਰਕੇ, ਇਕ ਬੰਦਾ ਜਾਬਰ ਕਾਨੂੰਨ ਪਾਸ ਕਰਾਉਣ ਦਾ ਯਤਨ ਕਰ ਰਿਹਾ ਸੀ।
ਸਾਗਰਿਕਾ ਘੋਸ਼: ਹੁਣ ਆਰ ਐੱਸ ਐੱਸ ਦੀ ਭੂਮਿਕਾ ਵੱਲ ਆਈਏ ਜਿਸ ਵੱਲ ਤੁਸੀਂ ਵੀ ਇਸ਼ਾਰਾ ਕੀਤਾ ਹੈ। ਤੁਸੀਂ ਹਮਲਾਵਰ ਕੌਮਵਾਦ ਦਾ ਜਾਂ ਵੰਦੇ ਮਾਤਰਮ ਬੋਲੇ ਜਾਣ ਦਾ ਅਤੇ ਆਰ ਐੱਸ ਐੱਸ ਵਲੋਂ ਇਹ ਕਹਿਣ ਦਾ ਜ਼ਿਕਰ ਕੀਤਾ ਹੈ ਕਿ ਅਸੀਂ ਇਸ ਲਹਿਰ ‘ਚ ਸ਼ਾਮਲ ਹਾਂ, ਪਰ ਤੁਹਾਡੇ ਪੁਰਾਣੇ ਸੰਗੀ ਪ੍ਰਸ਼ਾਂਤ ਭੂਸ਼ਨ ਅਤੇ ਮੇਧਾ ਪਟਕਰ ਵੀ ਤਾਂ ਇਸ ਲਹਿਰ ‘ਚ ਸ਼ਾਮਲ ਹਨ। ਕੀ ਇਸ ਲਹਿਰ ਨੂੰ ਮੁਕੰਮਲ ਤੌਰ ‘ਤੇ ਆਰ ਐੱਸ ਐੱਸ ਹਿੰਦੂ ਸੱਜੇਪੱਖੀ ਲਹਿਰ ਦਾ ਨਾਂ ਦੇਣਾ ਸਹੀ ਹੈ?
ਅਰੁੰਧਤੀ ਰਾਏ: ਮੈਂ ਅਜਿਹਾ ਨਹੀਂ ਕੀਤਾ ਹਾਲਾਂਕਿ ਕੁਝ ਲੋਕਾਂ ਨੇ ਇੰਞ ਕੀਤਾ ਹੈ। ਪਰ ਮੈਂ ਸਮਝਦੀ ਹਾਂ ਪ੍ਰਤੀਕਵਾਦ ਅਤੇ ਇਸ ਲਹਿਰ ਬਾਰੇ ਗੱਲ ਕਰਨਾ ਦਿਲਚਸਪ ਮਾਮਲਾ ਹੈ। ਮਿਸਾਲ ਵਜੋਂ, ਵੰਦੇ ਮਾਤਰਮ ਦਾ ਇਤਿਹਾਸ ਕੀ ਹੈ? ਪਹਿਲਾਂ-ਪਹਿਲ ਵੰਦੇ ਮਾਤਰਮ 1882 ‘ਚ ਬੰਕਮ ਚੰਦਰ ਚੈਟਰਜੀ ਦੀ ਕਿਤਾਬ ‘ਚ ਸਾਹਮਣੇ ਆਇਆ ਸੀ; ਬੰਗਾਲ ਦੀ ਵੰਡ ਸਮੇਂ ਇਹ ਇਕ ਤਰ੍ਹਾਂ ਜੰਗੀ ਨਾਅਰੇ ਦਾ ਹਿੱਸਾ ਬਣ ਗਿਆ ਅਤੇ ਓਦੋਂ ਤੋਂ ਇਹ ਬਹੁਤ ਫੁੱਟਪਾਊ ਨਾਅਰਾ ਬਣਿਆ ਹੋਇਆ ਹੈ, ਇਸ ਦਾ ਲੰਮਾ ਫਿਰਕੂ ਇਤਿਹਾਸ ਹੈ; ਟੈਗੋਰ ਨੇ 1937 ‘ਚ ਹੀ ਕਹਿ ਦਿੱਤਾ ਸੀ ਕਿ ਇਹ ਬਹੁਤ ਹੀ ਅਢੁੱਕਵਾਂ ਕੌਮੀ ਤਰਾਨਾ ਹੈ। ਇਸ ਲਈ ਜਦੋਂ ਵੱਡੇ-ਵੱਡੇ ਹਜੂਮ ਇਹ ਨਾਅਰਾ ਲਾ ਰਹੇ ਸਨ ਤਾਂ ਇਸ ਦਾ ਕੀ ਅਰਥ ਹੈ? ਜਦੋਂ ਤੁਸੀਂ ਕੌਮੀ ਝੰਡਾ ਚੁੱਕਦੇ ਹੋ, ਜਦੋਂ ਤੁਸੀਂ ਬਸਤੀਵਾਦ ਦੇ ਖ਼ਿਲਾਫ਼ ਲੜਦੇ ਹੋ, ਇਹ ਇਕ ਚੀਜ਼ ਹੈ। ਜਦੋਂ ਤੁਸੀਂ ਆਜ਼ਾਦ ਕੌਮ ਮੰਨੇ ਜਾਂਦੇ ਹੋ ਇਹ ਕੌਮੀ ਝੰਡਾ ਹਮੇਸ਼ਾ ਵਖਰੇਵੇਂ ਦਾ ਕਾਰਨ ਬਣਦਾ ਹੈ ਨਾ ਕਿ ਸਾਂਝ ਦਾ। ਤੁਸੀਂ ਇਹ ਝੰਡਾ ਚੁੱਕ ਲਿਆ ਅਤੇ ਰਾਜ ਨੂੰ ਲਕਵਾ ਮਾਰ ਗਿਆ। ਜਿਹੜਾ ਰਾਜ ਹਨੇਰੇ ‘ਚ ਲੋਕਾਂ ਦਾ ਘਾਣ ਕਰਨ ਤੋਂ ਨਹੀਂ ਡਰਦਾ, ਉਸਨੂੰ ਅਚਾਨਕ ਲਕਵਾ ਮਾਰ ਗਿਆ। ਤੁਸੀਂ ਇਸ ਤੱਥ ਦੀ ਗੱਲ ਕਰਦੇ ਹੋ ਕਿ ਇਹ ਅਹਿੰਸਕ ਲਹਿਰ ਸੀ, ਹਾਂ ਕਿਉਂਕਿ ਪੁਲਿਸ ਕੋਲ ਹਥਿਆਰ ਨਹੀਂ ਸਨ। ਪੁਲਿਸ ਵਾਲੇ ਐਨਾ ਸਹਿਮੇ ਹੋਏ ਸਨ ਕਿ ਕੁਝ ਨਹੀਂ ਸੀ ਕਰ ਸਕਦੇ। ਪਹਿਲਾਂ ਭਾਰਤ ਮਾਤਾ ਦੀ ਤਸਵੀਰ ਲਾਈ ਹੋਈ ਸੀ ਅਤੇ ਫੇਰ ਇਸ ਦੀ ਥਾਂ ਗਾਂਧੀ ਦੀ ਤਸਵੀਰ ਲਾ ਦਿੱਤੀ ਗਈ। ਇੱਥੇ ਉਹ ਲੋਕ ਵੀ ਸਨ ਜੋ ਸ਼ਰੇਆਮ ਮਨੂਵਾਦੀ ਕ੍ਰਾਂਤੀਕਾਰੀ ਅੰਦੋਲਨ ਦਾ ਹਿੱਸਾ ਸਨ। ਇਸ ਲਈ ਇੱਥੇ ਬਹੁਤ ਹੀ ਖ਼ਤਰਨਾਕ ਮਿਲਗੋਭਾ ਬਣਿਆ ਰਿਹਾ, ਇੱਥੇ ਹੋਰ ਕਿਸਮ ਦਾ ਚਿੰਨਵਾਦ ਸੀ। ਜ਼ਰਾ ਕਲਪਨਾ ਕਰੋ ਕਿ ਵਰਤ ਤੋਂ ਬਾਅਦ ਗਾਂਧੀ ਨਿੱਜੀ ਹਸਪਤਾਲ ਜਾ ਰਿਹਾ ਹੈ। ਨਿੱਜੀ ਹਸਪਤਾਲ ਜੋ ਰਾਜ ਵਲੋਂ ਗ਼ਰੀਬ ਦੀ ਸਿਹਤ ਸੰਭਾਲ ਤੋਂ ਹੱਥ ਖਿੱਚ ਲੈਣ ਦਾ ਪ੍ਰਤੀਕ ਹੈ। ਇਕ ਨਿੱਜੀ ਹਸਪਤਾਲ ਜਿੱਥੇ ਡਾਕਟਰ ਸਾਹ ਲੈਣ ਦਾ ਹੀ ਲੱਖ ਰੁਪਿਆ ਵਸੂਲ ਲੈਂਦੇ ਹਨ। ਇਹ ਚਿੰਨ ਖ਼ਤਰਨਾਕ ਸਨ ਅਤੇ ਜੇ ਇਹ ਲਹਿਰ ਇਸ ਤਰ੍ਹਾਂ ਖ਼ਤਮ ਨਾ ਹੁੰਦੀ, ਇਹ ਸਿਰੇ ਦੀ ਖ਼ਤਰਨਾਕ ਬਣ ਜਾਣੀ ਸੀ। ਇੱਥੇ ਬਹੁਤ ਸਾਰੇ ਲੋਕ ਸਨ, ਮੈਂ ਨਹੀਂ ਕਹਿ ਰਹੀ ਉਹ ਸਿਰਫ਼ ਆਰ ਐੱਸ ਐੱਸ ਵਾਲੇ ਸਨ, ਮੈਂ ਨਹੀਂ ਕਹਿ ਰਹੀ ਉਹ ਸਿਰਫ਼ ਮੱਧਵਰਗੀ ਸਨ, ਮੈਂ ਨਹੀਂ ਕਹਿ ਰਹੀ ਕਿ ਉਹ ਸਿਰਫ਼ ਸ਼ਹਿਰੀ ਸਨ। ਪਰ ਹਾਂ, ਉਹ ਉਨ੍ਹਾਂ ਜ਼ਿਆਦਾਤਰ ਲੋਕਾਂ ਨਾਲੋਂ ਵੱਧ ਸਰਦੇ–ਪੁੱਜਦੇ ਸਨ ਜੋ ਸੜਕਾਂ ਉੱਤੇ ਸੰਘਰਸ਼ ਕਰ ਰਹੇ ਹਨ ਅਤੇ ਲੰਮੇ ਸਮੇਂ ਤੋਂ ਇਸ ਦੇਸ਼ ‘ਚ ਗੋਲੀਆਂ ਦਾ ਸਾਹਮਣਾ ਕਰ ਰਹੇ ਹਨ। ਅਸਲ ਵਿਚ, ਇਕ ਅਜੀਬ ਤਰੀਕੇ ਨਾਲ, ਭ੍ਰਿਸ਼ਟਾਚਾਰ ਦੇ ਸ਼ਿਕਾਰ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ, ਆਧੁਨਿਕ ਵਿਕਾਸ ਦੇ ਫ਼ਲ ਹਾਸਲ ਕਰਨ ਵਾਲੇ, ਇਹ ਸਭ ਇੱਥੇ ਇਕੱਠੇ ਸਨ। ਇੱਥੇ ਵਿਰੋਧਤਾਈਆਂ ਸਨ ਜਿਨ੍ਹਾਂ ਨੂੰ ਲੰਮੇ ਸਮੇਂ ਲਈ ਇਕੱਠਾ ਨਹੀਂ ਸੀ ਰੱਖਿਆ ਜਾ ਸਕਦਾ।
ਸਾਗਰਿਕਾ ਘੋਸ਼: ਪਰ ਕੀ ਤੁਹਾਨੂੰ ਹਜੂਮ ਦੇ ਅਕਾਰ, ਉਨ੍ਹਾਂ ਦੇ ਆਪਮੁਹਾਰੇ ਉਭਾਰ ਨੇ ਪ੍ਰਭਾਵਿਤ ਨਹੀਂ ਕੀਤਾ? ਇਹ ਤੱਥ ਕਿ ਲੋਕ ਸਾਹਮਣੇ ਆਏ, ਰੋਹ ਪ੍ਰਗਟਾਇਆ, ਰੋਸ ਜ਼ਾਹਿਰ ਕੀਤਾ, ਯਕੀਨਨ ਇਸ ਸਭ ਕਾਸੇ ਨੂੰ ਇਕੋ ਖ਼ਾਨੇ ‘ਚ ਨਹੀਂ ਰੱਖਿਆ ਜਾ ਸਕਦਾ।
ਅਰੁੰਧਤੀ ਰਾਏ: ਮੈਂ ਤੈਨੂੰ ਦੱਸਾਂ, ਸਾਗਰਿਕਾ? ਮੈਂ ਕਸ਼ਮੀਰ ਵਿਚ ਇਸ ਤੋਂ ਕਿਤੇ ਵੱਡੇ ਹਜੂਮ ਦੇਖੇ ਹਨ। ਇੱਥੋਂ ਤੱਕ ਕਿ ਦਿੱਲੀ ‘ਚ ਵੀ ਮੈਂ ਕਿਤੇ ਵੱਡੇ ਹਜੂਮ ਦੇਖੇ ਹਨ। ਕਿਸੇ ਨੇ ਇਨ੍ਹਾਂ ਦੀ ਰਿਪੋਰਟਿੰਗ ਨਹੀਂ ਕੀਤੀ। ਇਨ੍ਹਾਂ ਨੂੰ ਸਿਰਫ਼ ‘ਟਰੈਫਿਕ ਜਾਮ ਬਨਾ ਦੀਆ ਇਨਹੋਨੇ’ ਹੀ ਦੱਸਿਆ ਗਿਆ। ਮੈਂ ਐਸੀ ਵਿਅਕਤੀ ਨਹੀਂ ਹਾਂ, ਇਸ ਤੱਥ ਤੋਂ ਬਿਨਾਂ ਹਜੂਮਾਂ ਦੇ ਅਕਾਰ ਨੇ ਮੈਨੂੰ ਪ੍ਰਭਾਵਤ ਨਹੀਂ ਕੀਤਾ। ਮੈਨੂੰ ਪੱਕਾ ਯਕੀਨ ਹੈ ਕਿ ਬਾਬਰੀ ਮਸਜਿਦ ਨੂੰ ਢਾਹੁਣ ਵਾਲੇ ਹਜੂਮ ਇਸ ਤੋਂ ਕਿਤੇ ਵੱਡੇ ਸਨ, ਕੀ ਅਸੀਂ ਉਨ੍ਹਾਂ ਦੀ ਵੀ ਬੱਲੇ ਬੱਲੇ ਕਰਾਂਗੇ? ਇਹ ਗਿਣਤੀ ਦਾ ਸਵਾਲ ਨਹੀਂ ਹੈ।
ਸਾਗਰਿਕਾ ਘੋਸ਼: ਕੀ ਇਸ ਲਹਿਰ ਨੂੰ ਤੁਸੀਂ ਇਸ ਤਰ੍ਹਾਂ ਦੇਖਦੇ ਹੋ? ਕੀ ਤੁਸੀਂ ਇਸਨੂੰ ਇਕ ਕਿਸਮ ਦੀ ਦੂਜੀ ਰਾਜ ਜਨਮ ਭੂਮੀ ਲਹਿਰ ਸਮਝਦੇ ਹੋ?
ਅਰੁੰਧਤੀ ਰਾਏ: ਨਹੀਂ, ਬਿਲਕੁਲ ਨਹੀਂ। ਮੈਂ ਜੋ ਮਹਿਸੂਸ ਕੀਤਾ, ਉਹੀ ਕਿਹਾ ਹੈ। ਇੰਞ ਕਹਿਣਾ ਬੇਵਕੂਫ਼ੀ ਹੋਵੇਗਾ। ਪਰ ਮੈਂ ਇਸ ਨੂੰ ਸੱਚਮੁਚ ਚਿੰਤਾਜਨਕ, ਸੱਚਮੁਚ ਖ਼ਤਰਨਾਕ ਸਮਝਦੀ ਹਾਂ। ਇਸ ਲਈ ਮੇਰੀ ਸੋਚ ਹੈ ਕਿ ਸਾਨੂੰ ਪਿੱਛੇ ਮੁੜਕੇ ਕਾਫ਼ੀ ਸੋਚ-ਵਿਚਾਰ ਕਰਨ ਦੀ ਲੋੜ ਹੈ ਕਿ ਉੱਥੇ ਕੀ ਹੋ ਰਿਹਾ ਸੀ। ਸਾਨੂੰ ਮੌਜ ਨਾਲ ਹੀ ਨਤੀਜੇ ਨਹੀਂ ਕੱਢਣੇ ਚਾਹੀਦੇ ਅਤੇ ਨਿਖੇਧੀਆਂ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਸੱਚੀਓਂ ਹੀ ਸੋਚਣ ਦੀ ਲੋੜ ਹੈ ਉੱਥੇ ਕੀ ਹੋ ਰਿਹਾ ਸੀ; ਇਹ ਕਿਵੇਂ ਪੈਦਾ ਹੋਇਆ, ਕਿਵੇਂ ਵਾਪਰਿਆ, ਚੰਗਾ ਕੀ ਹੈ, ਮਾੜਾ ਕੀ ਹੈ, ਇਸ ਬਾਰੇ ਕੁਝ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਪਰ ਯਕੀਨਨ ਹੀ ਮੈਂ ਐਸੀ ਵਿਅਕਤੀ ਨਹੀਂ ਹਾਂ ਜੋ ਬਸ ਜਾਕੇ ਹਜੂਮ ਤੋਂ ਪ੍ਰਭਾਵਤ ਹੋ ਜਾਵੇ ਬਿਨਾਂ ਇਹ ਜਾਣੇ ਕਿ ਇਹ ਕੀ ਕਹਿ ਰਿਹੈ, ਕਿਹੜੇ ਨਾਅਰੇ ਲਾ ਰਿਹੈ, ਕੀ ਮੰਗ ਕਰ ਰਿਹਾ ਹੈ।
ਸਾਗਰਿਕਾ ਘੋਸ਼: ਪਰ ਅੰਨਾ ਹਜ਼ਾਰੇ ਦੀ ਸ਼ਖਸੀਅਤ ਬਾਰੇ ਕੀ ਕਹਿਣਾ ਚਾਹੋਗੇ? ਕਈ ਲੋਕ ਕਹਿੰਦੇ ਹਨ ਕਿ ਉਸਨੇ ਇਕ ਵੱਖਰੇ ਯੁੱਗ ਦੀ ਸ਼ੁਰੂਆਤ ਕੀਤੀ ਹੈ, ਉਸਨੇ ਆਜ਼ਾਦੀ ਦੇ ਸੰਘਰਸ਼ ਦੇ ਯੁੱਗ ਦਾ ਆਗਾਜ਼ ਕੀਤਾ ਹੈ, ਉਹ ਸਾਦਾ ਗਾਂਧੀਵਾਦੀ ਹੈ, ਉਹ ਬਹੁਤ ਹੀ ਸੰਜਮੀ ਜੀਵਨ ਜਿਊਂਦਾ ਹੈ, ਉਹ ਇਕ ਮੰਦਰ ਦੇ ਪਿਛਵਾੜੇ ਇਕ ਨਿੱਕੀ ਜਹੀ ਕੁਟੀਆ ਵਿਚ ਰਹਿ ਰਿਹਾ ਹੈ ਅਤੇ ਉਸ ਦੀ ਸ਼ਖਸੀਅਤ ਨੇ ਖ਼ਾਸ ਇਖ਼ਲਾਕੀ ਤਾਕਤ ਪੈਦਾ ਕੀਤੀ ਹੈ ਜਿਸਦੀ ਜ਼ਰੂਰਤ ਅੱਜ ਇਖ਼ਲਾਕੀ ਸੰਕਟ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਹੈ।
ਅਰੁੰਧਤੀ ਰਾਏ: ਮੈਂ ਸਮਝਦੀ ਹਾਂ ਅੰਨਾ ਹਜ਼ਾਰੇ ਇਕ ਤਰ੍ਹਾਂ ਦਾ ਖਾਲੀ ਭਾਂਡਾ ਸੀ ਜਿਸ ਵਿਚ ਤੁਸੀਂ ਆਪਣੀ ਮਰਜ਼ੀ ਦਾ ਅਰਥ ਭਰ ਸਕਦੇ ਸੀ, ਉਹ ਗਾਂਧੀ ਵਰਗੀ ਸ਼ਖਸੀਅਤ ਤੋਂ ਉਲਟ ਸੀ ਜੋ ਸੰਸਾਰ ਮੰਚ ‘ਤੇ ਆਪਣੀ ਹੀ ਕਿਸਮ ਦਾ ਬੰਦਾ ਸੀ। ਆਪਣੇ ਪਿੰਡ ਵਿਚ ਅੰਨਾ ਹਜ਼ਾਰੇ ਆਪਣੀ ਕਿਸਮ ਦਾ ਬੰਦਾ ਹੈ, ਪਰ ਇੱਥੇ ਜੋ ਕੁਝ ਵਾਪਰ ਰਿਹਾ ਸੀ ਉਹ ਉਸਦੀ ਨਿਗਰਾਨੀ ਹੇਠ ਨਹੀਂ ਸੀ ਹੋ ਰਿਹਾ। ਇਹ ਬਹੁਤ ਹੀ ਪ੍ਰਤੱਖ ਸੀ। ਜਿੱਥੋਂ ਤੱਕ ਉਹ ਜੋ ਕੁਝ ਹੈ ਉਸ ਦੇ ਜੋ ਸਬੰਧ ਅਤੇ ਪਿੱਛਲੇ ਕੰਮ ਹਨ, ਮੈਂ ਉਸ ਤੋਂ ਵੀ ਫ਼ਿਕਰਮੰਦ ਹਾਂ।
ਸਾਗਰਿਕਾ ਘੋਸ਼: ਤੁਸੀਂ ਕਿਓਂ ਫ਼ਿਕਰਮੰਦ ਹੋ?
ਅਰੁੰਧਤੀ ਰਾਏ: ਉਸ ਬਾਰੇ ਜੋ ਕੁਝ ਪੜ੍ਹਿਆ ਅਤੇ ਪਤਾ ਲੱਗਿਆ ਹੈ, ‘ਹਰੀਜਨਾਂ’ ਪ੍ਰਤੀ ਉਸਦਾ ਵਤੀਰਾ, ਕਿ ਹਰ ਪਿੰਡ ਵਿਚ ਇਕ ‘ਚਮਾਰ’, ਇਕ ‘ਸੁਨਿਆਰ’ ਅਤੇ ਇਕ ‘ਘੁਮਿਆਰ’ ਲਾਜ਼ਮੀ ਹੋਣਾ ਚਾਹੀਦਾ ਹੈ, ਭਾਵ ਕੁਝ ਪੱਖਾਂ ਤੋਂ ਇਹ ਗਾਂਧੀਵਾਦੀ ਹੋਣਾ ਹੈ। ਤੁਸੀਂ ਜਾਣਦੇ ਹੀ ਹੋ ਗਾਂਧੀ ਦਾ ਜਾਤਪਾਤੀ ਪ੍ਰਬੰਧ ਪ੍ਰਤੀ ਇਹ ਬੇਹੱਦ ਗੁੰਝਲਦਾਰ ਅਤੇ ਸਮੱਸਿਆ ਪੈਦਾ ਕਰਨ ਵਾਲਾ ਵਤੀਰਾ ਸੀ, ਜਿਸ ਕਿਸੇ ਨੂੰ ਗਾਂਧੀ ਅਤੇ ਅੰਬੇਡਕਰ ਦਰਮਿਆਨ ਬਹਿਸਾਂ ਦੀ ਜਾਣਕਾਰੀ ਹੈ ਤੁਹਾਨੂੰ ਇਹੋ ਦੱਸੇਗਾ। ਪਰ ਮੈਂ ਜੋ ਕਹਿ ਰਹੀ ਹਾਂ ਉਹ ਇਹ ਹੈ ਕਿ ਅਸੀਂ ਆਖ਼ਿਰ ਇਕ ਬਹੁਤ ਹੀ ਗੁੰਝਲਦਾਰ ਸਮਾਜ ਵਿਚ ਰਹਿ ਰਹੇ ਹਾਂ। ਇੱਥੇ ਮਜ਼ਬੂਤ ਖੱਬੀ ਛਾਪ ਵਾਲੇ ਲੋਕ ਹਨ ਜੋ ਨਹੀਂ ਜਾਣਦੇ ਕਿ ਜਾਤਪਾਤੀ ਪ੍ਰਬੰਧ ਨਾਲ ਕਿਵੇਂ ਨਜਿੱਠਿਆ ਜਾਵੇ। ਇੱਥੇ ਗਾਂਧੀਵਾਦੀ ਹਨ ਉਨ੍ਹਾਂ ਦੇ ਖ਼ਿਆਲ ਜਾਤਪਾਤੀ ਪ੍ਰਬੰਧ ਬਾਰੇ ਬਹੁਤ ਅਵੱਲੇ ਹਨ। ਇੱਥੇ ਘੋਰ ਰੂਪ ‘ਚ ਭਿਆਨਕ ਫਿਰਕਾਪ੍ਰਸਤ ਸਿਆਸਤ ਹੈ, ਇੱਥੇ ਨਵਉਦਾਰਵਾਦ ਅਤੇ ਕੌਮਾਂਤਰੀ ਸਰਮਾਏ ਦੀ ਘੁਸਪੈਠ ਦਾ ਪੂਰਾ ਨਵਾਂ ਯੁੱਗ ਹੈ। ਇਸ ਲਹਿਰ ਨੂੰ ਆਪਣੇ ਨੀਤੀ-ਸ਼ਾਸਤਰ ਦੀ ਸ਼ੁਰੂਆਤ ਦੀ ਜਾਣਕਾਰੀ ਨਹੀਂ ਸੀ। ਇਸਨੇ ਬੁਰੀ ਤਰ੍ਹਾਂ ਖ਼ਤਮ ਹੋਣਾ ਸੀ ਕਿਉਂਕਿ ਅਸਲ ਵਿਚ ਤੁਸੀਂ ਭ੍ਰਿਸ਼ਟਾਚਾਰ ਵਰਗੀ ਕੁਝ ਐਸੀ ਚੀਜ਼ ਚੁਣਦੇ ਹੋ। ਇਹ ਐਸਾ ਭਾਂਡਾ ਹੈ ਜਿਸ ਵਿਚ ਹਰ ਕੋਈ ਧਾਰ ਮਾਰ ਸਕਦਾ ਹੈ, ਮੇਰਾ ਭਾਵ ਹੈ ਖੱਬੇ ਪੱਖ ਦਾ ਵਿਰੋਧੀ, ਖੱਬੇਪੱਖੀ, ਸੱਜੇਪੱਖੀ ਹਰ ਕੋਈ। ਮੈਂ ਹੈਦਰਾਬਾਦ ਵਿਚ ਸੀ, ਜਗਨ ਮੋਹਨ ਰੈਡੀ ਅੰਨਾ ਲਹਿਰ ਦੇ ਵੱਡੇ ਹਮਾਇਤੀਆਂ ਵਿਚੋਂ ਇਕ ਸੀ ਜਿਸਦੇ ਸੀ ਬੀ ਆਈ ਛਾਪੇ ਮਾਰ ਰਹੀ ਸੀ। ਨਵੀਨ ਪਟਨਾਇਕ……
ਸਾਗਰਿਕਾ ਘੋਸ਼: ਪਰ ਕੀ ਇਹ ਇਸਦੀ ਤਾਕਤ ਨਹੀਂ? ਇਹ ਸਭ ਨੂੰ ਸ਼ਾਮਲ ਕਰਨ ਵਾਲਾ ਏਜੰਡਾ ਹੈ। ਭ੍ਰਿਸ਼ਟਾਚਾਰ ਵਿਰੋਧੀ ਲਹਿਰ ਲੋਕਾਂ ਨੂੰ ਪ੍ਰੇਰਤ ਕਰਦੀ ਹੈ।
ਅਰੁੰਧਤੀ ਰਾਏ: ਇਹ ਫਜ਼ੂਲ ਚੀਜ਼ ਹੈ। ਜਦੋਂ ਘੋਰ ਹੱਦ ਤੱਕ ਭ੍ਰਿਸ਼ਟ ਕਾਰਪੋਰੇਸ਼ਨਾਂ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਨੂੰ ਫੰਡ ਦੇ ਰਹੀਆਂ ਹੋਣ, ਇਸਦਾ ਕੀ ਅਰਥ ਰਹਿ ਜਾਂਦਾ ਹੈ? ਅਤੇ ਇਹ ਇਕ ਜੁੰਡੀਰਾਜ ਕਾਇਮ ਕਰਨ ਦੀ ਕੋਸ਼ਿਸ਼ ਹੈ ਜੋ ਅਸਲ ਵਿਚ ਜਮਹੂਰੀਅਤ ਦੇ ਕੁਚੱਜੇ ਕਾਰੋਬਾਰ ਨੂੰ ਲਿਸ਼ਕਾ-ਪੁਸ਼ਕਾ ਦਿੰਦੀ ਹੈ ਚਾਹੇ ਇਹ ਕਿੰਨੀ ਵੀ ਭੈੜੀ ਹੈ। ਯਕੀਨਨ ਹੀ ਇਹ ਇਸ ਸਚਾਈ ਬਾਰੇ ਟਿੱਪਣੀ ਹੈ ਕਿ ਸਾਡਾ ਦੇਸ਼ ਚੁਣੇ ਹੋਏ ਨੁਮਾਇੰਦਿਆਂ ਵਾਲੀ ਜਮਹੂਰੀਅਤ ਦੀ ਅਸਫ਼ਲਤਾ ਦਾ ਸ਼ਿਕਾਰ ਹੈ; ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਉਨ੍ਹਾਂ ਦੇ ਸਿਆਸਤਦਾਨ ਹੁਣ ਸੱਚਮੁਚ ਉਨ੍ਹਾਂ ਦੀ ਨੁਮਾਇੰਦਗੀ ਕਰਦੇ ਹਨ। ਇਕ ਵੀ ਜਮਹੂਰੀ ਸੰਸਥਾ ਐਸੀ ਨਹੀਂ ਹੈ ਜੋ ਲੋਕਾਂ ਦੀ ਪਹੁੰਚ ‘ਚ ਹੋਵੇ। ਇਸ ਲਈ ਤੁਹਾਡੇ ਕੋਲ ਐਸਾ ਹੱਲ ਹੈ ਜੋ ਸਮੱਸਿਆ ਨੂੰ ਮੁਖ਼ਾਤਬ ਨਹੀਂ ਹੋਣ ਜਾ ਰਿਹਾ।
ਸਾਗਰਿਕਾ ਘੋਸ਼: ਕੀ ਇਸ ਲਈ ਇਹ ਕਾਰਪੋਰੇਟਾਂ ਤੋਂ ਫੰਡ ਲੈਣ ਵਾਲੀ ਲਹਿਰ ਹੈ ਜੋ ਜਮਹੂਰੀ ਰਾਜ ਦੀ ਤਾਕਤ ਨੂੰ ਘਟਾਉਣਾ ਅਤੇ ਢਾਹ ਲਾਉਣਾ ਚਾਹੁੰਦੀ ਹੈ?
ਅਰੁੰਧਤੀ ਰਾਏ: ਮੈਂ ਕਹਾਂਗੀ ਕਿ ਇਸ ਬਿੱਲ ਨਾਲ ਕੌਮਾਂਤਰੀ ਸਰਮਾਏ ਦੀ ਘੁਸਪੈਠ ਦੀਆਂ ਸੰਭਾਵਨਾਵਾਂ ਵਧਣਗੀਆਂ ਜਿਸ ਦਾ ਸਿੱਟਾ ਪਹਿਲਾਂ ਹੀ ਦੇਸ਼ ‘ਚ ਵੱਡਾ ਸੰਕਟ ਪੈਦਾ ਹੋਣ ‘ਚ ਨਿਕਲਿਆ ਹੈ।
ਸਾਗਰਿਕਾ ਘੋਸ਼: ਇਕ ਹਟਵਾਂ ਸਵਾਲ, ਤੁਸੀਂ ਮਰਨ-ਵਰਤ ਬਾਰੇ ਕੀ ਸੋਚਦੇ ਹੋ? ਕਈਆਂ ਨੇ ‘ਬ੍ਰਹਮਅਸਤਰ’ ਵਜੋਂ ਇਸ ਦੀ ਆਲੋਚਨਾ ਕੀਤੀ ਹੈ ਜੋ ਸਿਆਸੀ ਅੰਦੋਲਨਾਂ ‘ਚ ਸਹਿਜੇ ਹੀ ਵਰਤੋਂ ‘ਚ ਨਹੀਂ ਆਵੇਗਾ। ਗਾਂਧੀ ਨੇ ਇਸ ਦੀ ਵਰਤੋਂ ਆਖ਼ਰੀ ਹੀਲੇ ਵਜੋਂ ਕੀਤੀ ਸੀ। ਤੁਹਾਡਾ ਭੁੱਖ ਹੜਤਾਲ ਜਾਂ ਮਰਨ ਵਰਤ ਬਾਰੇ ਕੀ ਨਜ਼ਰੀਆ ਹੈ?
ਅਰੁੰਧਤੀ ਰਾਏ: ਦੇਖੋ ਪੂਰੀ ਦੁਨੀਆ ਲੋਕਾਂ ਨਾਲ ਭਰੀ ਪਈ ਹੈ ਜੋ ਖ਼ੁਦ ਨੂੰ ਮਾਰ ਰਹੇ ਹਨ, ਜੋ ਵੱਖ-ਵੱਖ ਢੰਗਾਂ ਨਾਲ ਖ਼ੁਦ ਨੂੰ ਮਾਰਨ ਦੀ ਧਮਕੀ ਦੇ ਰਹੇ ਹਨ। ਆਤਮਘਾਤੀ ਬੰਬ ਤੋ ਲੈਕੇ ਤੇਲੰਗਾਨਾ ਬਾਰੇ ਆਤਮਦਾਹ ਕਰਨ ਵਾਲੇ ਲੋਕਾਂ ਤੱਕ। ਸਾਫ਼-ਸਾਫ਼ ਕਹਾਂ, ਮੈਂ ਉਨ੍ਹਾਂ ਲੋਕਾਂ ਵਿਚੋਂ ਨਹੀਂ ਹਾਂ ਜੋ ਵਿਰੋਧ ਦੀ ਸੰਵਿਧਾਨਕਤਾ ਬਾਰੇ ਉੱਠਕੇ ਭਾਸ਼ਣ ਦੇਣ ਲੱਗਦੇ ਹਨ ਕਿਉਂਕਿ ਮੈਂ ਅਜਿਹੀ ਵਿਅਕਤੀ ਨਹੀਂ ਹਾਂ। ਮੇਰੇ ਲਈ ਸਵਾਲ ਇਹ ਹੈ ਕਿ ਤੁਸੀਂ ਇਸ ਖ਼ਾਤਰ ਕੀ ਕਰ ਰਹੇ ਹੋ। ਮੇਰਾ ਅਸਲ ਸਵਾਲ ਇਹ ਹੈ—ਤੁਸੀਂ ਇਸ ਖ਼ਾਤਰ ਕੀ ਕਰ ਰਹੇ ਹੋ? ਤੁਸੀਂ ਕਿਸ ਦੀ ਖ਼ਾਤਰ ਅਜਿਹਾ ਕਰਨ ਜਾ ਰਹੇ ਹੋ? ਅਤੇ ਤੁਸੀਂ ਇਹ ਕਿਓਂ ਕਰ ਰਹੇ ਹੋ? ਮੈਂ ਜੋ ਸੋਚਦੀ ਹਾਂ ਉਸ ਤੋਂ ਬਿਨਾਂ ਮੇਰਾ ਨਿੱਜੀ ਤੌਰ ‘ਤੇ ਵਿਸ਼ਵਾਸ ਹੈ ਕਿ ਇਸ ਦੁਨੀਆਂ ‘ਚ ਜੋ ਵਾਪਰ ਰਿਹਾ ਹੈ ਤੁਹਾਨੂੰ ਸੱਚੀਓਂ ਇਸ ਵਿਰੁੱਧ ਉੱਠਣ ਦੀ ਅਤੇ ਜਿਸ ਢੰਗ ਨਾਲ ਵੀ ਤੁਸੀਂ ਕਰ ਸਕੋ ਇਸ ਦਾ ਟਾਕਰਾ ਕਰਨ ਦੀ ਲੋੜ ਹੈ। ਸਾਫ਼ ਕਹਿ ਦਿਆਂ, ਜਨ ਲੋਕਪਾਲ ਬਿੱਲ ਲਈ ਮਰਨ ਵਰਤ ‘ਚ ਮੇਰੀ ਦਿਲਚਸਪੀ ਨਹੀਂ ਹੈ।
ਸਾਗਰਿਕਾ ਘੋਸ਼: ਤਾਂ ਫੇਰ ਤੁਸੀਂ ਕੀ ਹੱਲ ਪੇਸ਼ ਕਰਦੇ ਹੋ? ਤੁਸੀਂ ਭ੍ਰਿਸ਼ਟਾਚਾਰ ਨਾਲ ਕਿਵੇਂ ਲੜੋਗੇ?
ਅਰੁੰਧਤੀ ਰਾਏ: ਸਾਗਰਿਕਾ, ਮੈਂ ਤੁਹਾਨੂੰ ਦੱਸ ਰਹੀ ਹਾਂ ਇਸ ਸਮੇਂ ਭ੍ਰਿਸ਼ਟਾਚਾਰ ਮੇਰੇ ਲਈ ਵੱਡਾ ਮੁੱਦਾ ਨਹੀਂ ਹੈ। ਮੈਂ ਸੁਧਾਰਵਾਦੀ ਨਹੀਂ ਹਾਂ ਜੋ ਤੁਹਾਨੂੰ ਦੱਸਾਂ ਕਿ ਭਾਰਤੀ ਰਾਜ ਨੂੰ ਸਾਫ਼-ਸੁਥਰਾ ਕਿਵੇਂ ਬਣਾਇਆ ਜਾਵੇ। ਦਸ ਸਾਲਾਂ ਤੋਂ ਮੈਂ ਪ੍ਰਮਾਣੂ ਤਾਕਤਾਂ ਬਾਰੇ, ਪ੍ਰਮਾਣੂ ਬੰਬਾਂ ਬਾਰੇ, ਵੱਡੇ ਡੈਮਾਂ ਬਾਰੇ, ਵਿਕਾਸ ਦੇ ਇਸ ਖ਼ਾਸ ਮਾਡਲ ਬਾਰੇ, ਉਜਾੜੇ ਬਾਰੇ, ਜ਼ਮੀਨ ਗ੍ਰਹਿਣ ਕਰਨ ਬਾਰੇ, ਖਾਣਾਂ ਬਾਰੇ, ਨਿੱਜੀਕਰਨ ਬਾਰੇ, ਲਿਖਦੀ ਆ ਰਹੀ ਹਾਂ; ਇਹ ਚੀਜ਼ਾਂ ਹਨ ਜਿਨ੍ਹਾਂ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ। ਮੈਂ ਵੈਦ ਨਹੀਂ ਹਾਂ ਕਿ ਭਾਰਤੀ ਰਾਜ ਨੂੰ ਮਸ਼ਵਰਾ ਦੇਵਾਂ ਕਿ ਆਪਣਾ ਸੁਧਾਰ ਇਹ ਕਿੰਞ ਕਰੇ।
ਸਾਗਰਿਕਾ ਘੋਸ਼: ਇਸ ਲਈ ਉਨ੍ਹਾਂ ਅਰਥਾਂ ‘ਚ ਭ੍ਰਿਸ਼ਟਾਚਾਰ ਬਾਰੇ ਤੁਹਾਨੂੰ ਸੱਚੀਓਂ ਹੀ ਕੋਈ ਸਰੋਕਾਰ ਨਹੀਂ ਹੈ?
ਅਰੁੰਧਤੀ ਰਾਏ: ਨਹੀਂ, ਸਰੋਕਾਰ ਹੈ, ਪਰ ਇਹ ਸੌੜੇ ਢੰਗ ਨਾਲ ਨਹੀਂ ਹੈ। ਅਸੀਂ ਜਿਸ ਸਮਾਜ ਵਿਚ ਰਹਿ ਰਹੇ ਹਾਂ ਉਸ ਦੀ ਅਸਲੋਂ ਹੀ ਘ੍ਰਿਣਤ ਨਾਬਰਾਬਰੀ ਬਾਰੇ ਮੈਨੂੰ ਸਰੋਕਾਰ ਹੈ।
ਸਾਗਰਿਕਾ ਘੋਸ਼: ਅਤੇ ਇਸ ਲਹਿਰ ਨੇ ਉਸ ਨੂੰ ਹੱਥ ਪਾਉਣ ਲਈ ਕੁਝ ਨਹੀਂ ਕੀਤਾ। ਕੀ ਇਸ ਨੇ ਭਵਿੱਖ ਦੀਆਂ ਰੋਸ ਲਹਿਰਾਂ ਲਈ ਕੋਈ ਮਿਸਾਲ ਪੇਸ਼ ਕੀਤੀ ਹੈ? ਕੀ ਤੁਸੀਂ ਸੋਚਦੇ ਹੋ ਇਹ ਭਵਿੱਖ ਦੀਆਂ ਲਹਿਰਾਂ ਲਈ ਮਿਸਾਲ ਬਣੀ ਹੈ?
ਅਰੁੰਧਤੀ ਰਾਏ: ਤਾਕਤਵਰ ਲੋਕਾਂ ਦੀਆਂ ਰੋਸ ਲਹਿਰਾਂ ਲਈ, ਰੋਸ ਲਹਿਰਾਂ ਜਿੱਥੇ ਮੀਡੀਆ ਤੁਹਾਡੇ ਨਾਲ ਹੈ, ਰੋਸ ਲਹਿਰਾਂ ਜਿੱਥੇ ਹਕੂਮਤ ਤੁਹਾਡੇ ਤੋਂ ਭੈਭੀਤ ਹੈ, ਰੋਸ ਲਹਿਰਾਂ ਜਿੱਥੇ ਪੁਲਿਸ ਬਿਨਾਂ ਹਥਿਆਰ ਆਉਂਦੀ ਹੈ, ਅਜਿਹੀਆਂ ਕਿੰਨੀਆਂ ਕੁ ਲਹਿਰਾਂ ਚੱਲਣ ਵਾਲੀਆਂ ਹਨ? ਮੈਂ ਨਹੀਂ ਜਾਣਦੀ। ਜਦੋਂ ਤੁਸੀਂ ਇਸ ਬਾਰੇ ਚਰਚਾ ਕਰ ਰਹੇ ਹੋ, ਫ਼ੌਜ ਇਸ ਦੇਸ਼ ਦੇ ਸਭ ਤੋਂ ਗ਼ਰੀਬ ਲੋਕਾਂ ਨਾਲ ਲੜਨ ਲਈ ਕੇਂਦਰੀ ਭਾਰਤ ਵਿਚ ਦਾਖ਼ਲ ਹੋਣ ਦੀ ਤਿਆਰੀ ‘ਚ ਜੁੱਟੀ ਹੋਈ ਹੈ ਅਤੇ ਮੈਂ ਤੁਹਾਨੂੰ ਦੱਸ ਸਕਦੀ ਹਾਂ ਉਹ ਬੇਹਥਿਆਰ ਨਹੀਂ ਜਾ ਰਹੀ। ਇਸ ਲਈ, ਮੈਂ ਨਹੀਂ ਜਾਣਦੀ ਉਸ ਰੋਸ ਲਹਿਰ ਤੋਂ ਤੁਸੀਂ ਕੀ ਸਬਕ ਲੈ ਸਕਦੇ ਹੋ ਜਿਸਨੂੰ ਐਸੀਆਂ ਸਹੂਲਤਾਂ ਹਨ ਜਿੰਨੀ ਮੈਨੂੰ ਜਾਣਕਾਰੀ ਹੈ ਇਹ ਕਿਸੇ ਹੋਰ ਲਹਿਰ ਨੂੰ ਨਹੀਂ ਮਿਲੀਆਂ।
ਸਾਗਰਿਕਾ ਘੋਸ਼: ਮੇਧਾ ਪਟਕਰ ਅਤੇ ਪ੍ਰਸ਼ਾਂਤ ਭੂਸ਼ਨ ਬਾਬਤ ਨੁਕਤੇ ਉੱਪਰ ਮੁੜ ਜ਼ੋਰ ਦੇਈਏ, ਸਰਗਰਮੀਆਂ ‘ਚ ਉਹ ਤੁਹਾਡੇ ਪੁਰਾਣੇ ਸੰਗੀ ਹਨ। ਉਹ ਇਸ ਖ਼ਾਸ ਲਹਿਰ ‘ਚ ਤਹਿ ਦਿਲੋਂ ਜੁੱਟੇ ਹੋਏ ਹਨ। ਜਿਸ ਲਹਿਰ ਦੇ ਤੁਸੀਂ ਐਨੇ ਆਲੋਚਕ ਹੋ, ਉਨ੍ਹਾਂ ਦੇ ਤਹਿ ਦਿਲੋਂ ਉਸ ਲਹਿਰ ‘ਚ ਸਰਗਰਮ ਹੋਣ ਬਾਰੇ ਤੁਹਾਡਾ ਪ੍ਰਤੀਕਰਮ ਕੀ ਹੈ?
ਅਰੁੰਧਤੀ ਰਾਏ: ਕੁਝ ਫ਼ਿਕਰ ਵਾਲਾ ਕਿਉਂਕਿ ਪ੍ਰਸ਼ਾਂਤ ਮੇਰਾ ਬਹੁਤ ਨਜ਼ਦੀਕੀ ਦੋਸਤ ਹੈ ਅਤੇ ਮੇਧਾ ਦਾ ਮੈਂ ਬਹੁਤ ਸਤਿਕਾਰ ਕਰਦੀ ਹਾਂ, ਪਰ ਮੈਂ ਸਮਝਦੀ ਹਾਂ ਕਿ ਕਿਸੇ ਨਾ ਕਿਸੇ ਢੰਗ ਨਾਲ ਉਨ੍ਹਾਂ ਦੀ ਪੁੱਛ-ਪ੍ਰਤੀਤ ਦਾ ਲਾਹਾ ਲਿਆ ਗਿਆ ਹੈ। ਅਸਲ ਵਿਚ ਮੈਨੂੰ ਬੁਰਾ ਲੱਗਦਾ ਹੈ ਕਿ ਉਹ ਇਸ ਵਿਚ ਸ਼ਾਮਲ ਹਨ।
ਸਾਗਰਿਕਾ ਘੋਸ਼: ਤੁਸੀਂ ਆਪਣੇ ਲੇਖ ਵਿਚ ਅਤੇ ਹੋਰ ਢੰਗਾਂ ਨਾਲ ਖ਼ਦਸ਼ੇ ਜ਼ਾਹਿਰ ਕੀਤੇ ਹਨ ਕਿ ਇਹ ਲਹਿਰ ਅਤੇ ਇਹ ਬਿੱਲ ਜਮਹੂਰੀ ਹਕੂਮਤ ਦੇ ਅਧਿਕਾਰਾਂ ਨੂੰ ਖ਼ੋਰਾ ਲਾਉਣ ਅਤੇ ਜਮਹੂਰੀ ਹਕੂਮਤ ਦੀਆਂ ਅਖ਼ਤਿਆਰੀ ਤਾਕਤਾਂ ਨੂੰ ਘਟਾਉਣ ਦਾ ਯਤਨ ਹੈ। ਇਸ ਲਈ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਜਮਹੂਰੀ ਤੌਰ ‘ਤੇ ਚੁਣੀ ਹਕੂਮਤ ਦੀਆਂ ਤਾਕਤਾਂ ਨੂੰ ਘਟਾਉਣ ਲਈ ਕਾਰਪੋਰੇਟ ਫੰਡਾਂ ਨਾਲ ਕੀਤੀ ਜਾਣ ਵਾਲੀ ਕਵਾਇਦ ਹੈ?
ਅਰੁੰਧਤੀ ਰਾਏ: ਕਾਰਪੋਰੇਟ ਫੰਡਾਂ ਨਾਲ ਨਹੀਂ, ਸਗੋਂ ਇਕ ਤਰ੍ਹਾਂ ਨਾਲ ਇਸਨੂੰ ਦੇਖਣ ਦਾ ਆਈ ਐੱਮ ਐੱਫ-ਸੰਸਾਰ ਬੈਂਕ ਦਾ ਢੰਗ ਹੈ, ਇਸ ਪੂਰੇ-ਸੂਰੇ ਰਾਹ ਨੂੰ ਝੁਲਕਾ ਦੇਣ ਦਾ ਢੰਗ ਕਿਉਂਕਿ ਜੇ ਤੁਹਾਨੂੰ 90ਵਿਆਂ ਦੇ ਸ਼ੁਰੂ ਦਾ ਚੇਤਾ ਹੋਵੇ ਜਦੋਂ ਉਨ੍ਹਾਂ ਨੇ ਉਦਾਰੀਕਰਨ ਅਤੇ ਨਿੱਜੀਕਰਨ ਦੇ ਇਸ ਰਾਹ ਉੱਪਰ ਚਲਣਾ ਸ਼ੁਰੂ ਕੀਤਾ। ਸਰਕਾਰ ਖ਼ੁਦ ਕਹਿੰਦੀ ਰਹੀ, ‘ਓਹ, ਅਸੀਂ ਕਿੰਨੇ ਭ੍ਰਿਸ਼ਟ ਹਾਂ। ਸਾਨੂੰ ਸਿਲਸਿਲੇਵਾਰ ਤਬਦੀਲੀ ਦੀ ਲੋੜ ਹੈ, ਅਸੀਂ ਭ੍ਰਿਸ਼ਟ ਬਣੇ ਨਹੀਂ ਰਹਿ ਸਕਦੇ,’ ਅਤੇ ਇਹ ਸਿਲਸਿਲੇਵਾਰ ਤਬਦੀਲੀ ਨਿੱਜੀਕਰਨ ਸੀ। ਜਦੋਂ ਨਿੱਜੀਕਰਨ ਪਹਿਲਾਂ ਨਾਲੋਂ ਵੀ ਵੱਧ ਭ੍ਰਿਸ਼ਟ ਸਿੱਧ ਹੋਇਆ ਹੈ, ਮੇਰਾ ਭਾਵ ਹੈ ਕਿ ਭ੍ਰਿਸ਼ਟਾਚਾਰ ਦਾ ਪੱਧਰ ਛੜੱਪੇ ਮਾਰਕੇ ਐਨਾ ਵੱਧ ਗਿਆ ਹੈ ਤਾਂ ਇਸ ਦਾ ਹੱਲ ਸਿਲਸਿਲੇਵਾਰ ਨਹੀਂ ਕੀਤਾ ਜਾ ਰਿਹੈ। ਇਹ ਜਾਂ ਤਾ ਇਖ਼ਲਾਕੀ ਹੈ ਜਾਂ ਹੋਰ ਵਧੇਰੇ ਨਿੱਜੀਕਰਨ, ਵਧੇਰੇ ਸੁਧਾਰ। ਇਹ ਲੋਕ ਸਰਕਾਰ ਦੀਆਂ ਅਖ਼ਤਿਆਰੀ ਤਾਕਤਾਂ ਨੂੰ ਖ਼ਤਮ ਕਰਨ ਲਈ ਸੁਧਾਰਾਂ ਦੇ ਦੂਜੇ ਗੇੜ ਦੇ ਸੱਦੇ ਦੇ ਰਹੇ ਹਨ। ਇਸ ਲਈ ਮੈਂ ਸਮਝਦੀ ਹਾਂ ਕਿ ਇਹ ਬਹੁਤ ਦਿਲਚਸਪ ਮਾਮਲਾ ਹੈ ਕਿ ਤੁਸੀਂ ਇਸ ਨੂੰ ਢਾਂਚਾਗਤ ਰੂਪ ‘ਚ ਨਹੀਂ ਵਿਚਾਰ ਰਹੇ, ਤੁਸੀਂ ਇਸਨੂੰ ਇਖ਼ਲਾਕੀ ਰੂਪ ‘ਚ ਲੈ ਰਹੇ ਹੋ ਅਤੇ ਜਿਹੜੇ ਕੁਝ ਕੰਟਰੋਲ ਬਾਕੀ ਹਨ ਤੁਸੀਂ ਉਨ੍ਹਾਂ ਨੂੰ ਹਟਾਉਣ ਦਾ ਯਤਨ ਕਰ ਰਹੇ ਹੋ ਜਾਂ ਇਕ ਵਾਰ ਫੇਰ ਕੌਮਾਂਤਰੀ ਸਰਮਾਏ ਦੀ ਘੁਸਪੈਠ ਦਾ ਰਾਹ ਅਖ਼ਤਿਆਰ ਕਰਦੇ ਹੋ।
ਸਾਗਰਿਕਾ ਘੋਸ਼: ਪਰ ਨੰਦਨ ਨੀਲਕਨੀ ਵਰਗੇ ਲੋਕਾਂ ਨੇ ਦਲੀਲ ਦਿੱਤੀ ਹੈ ਕਿ ਇਸ ਲਹਿਰ ਅਤੇ ਇਸ ਬਿੱਲ ਨਾਲ ਸੁਧਾਰ ਠੱਪ ਹੋ ਜਾਣਗੇ। ਅਸਲ ਵਿਚ ਇਹ ਵਿਸ਼ਾਲ ਅਫ਼ਸਰਸ਼ਾਹ ਢਾਂਚਾ—ਇਹ ਇੰਸਪੈਕਟਰ ਰਾਜ—ਕਾਇਮ ਹੋਣ ਨਾਲ ਸੁਧਾਰਾਂ ਦੇ ਅਮਲ ਦਾ ਭੋਗ ਪੈ ਜਾਵੇਗਾ। ਪਰ ਤੁਸੀਂ ਇਸ ਨਾਲ ਸਹਿਮਤ ਨਹੀਂ ਹੋ। ਤੁਹਾਡਾ ਵਿਸ਼ਵਾਸ ਹੈ ਕਿ ਇਹ ਸੁਧਾਰਾਂ ਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਇਕ ਢੰਗ ਹੈ।
ਅਰੁੰਧਤੀ ਰਾਏ: ਮੈਂ ਸਮਝਦੀ ਹਾਂ ਇਹ ਇਸ ‘ਤੇ ਮੁਨੱਸਰ ਹੈ ਕਿ ਅਫ਼ਸਰਸ਼ਾਹੀ ‘ਤੇ ਕੌਣ ਕਾਬਜ਼ ਹੁੰਦਾ ਹੈ। ਇਹੀ ਵਜਾ੍ਹ ਹੈ ਕਿ ਮੈਂ ਫੋਰਡ ਤੋਂ ਫੰਡ ਲੈਣ ਵਾਲੇ ਐੱਨ ਜੀ ਓ ਸੰਸਾਰ ਅਤੇ ਆਰ ਐੱਸ ਐੱਸ ਦੇ ਇਸ ਤਰ੍ਹਾਂ ਦੇ ਗੱਠਜੋੜ ਅਤੇ ਇਸ ਤਰ੍ਹਾਂ ਦੇ ਨਾਜ਼ੁਕ ਮੋੜ ‘ਤੇ ਜੁੜ ਰਹੇ ਇਸਤਰ੍ਹਾਂ ਦੇ ਲੋਕਾਂ ਤੋਂ ਫ਼ਿਕਰਮੰਦ ਹਾਂ। ਇਹ ਦੋ ਚੀਜ਼ਾਂ ਬਹੁਤ ਭਿਆਨਕ ਹਨ ਕਿਉਂਕਿ ਤੁਸੀਂ ਐਸੀ ਅਫ਼ਸਰਸ਼ਾਹੀ ਪੈਦਾ ਕਰਨ ਜਾ ਰਹੇ ਹੋ ਜਿਸਨੂੰ ਫੇਰ ਕਾਬੂ ਕੀਤਾ ਜਾ ਸਕੇਗਾ, ਜਿਸ ਕੋਲ 2000 ਕਰੋੜ ਰੁਪਏ ਹਨ ਜਾਂ ਜਿਸ ਕੋਲ ਭਾਰਤ ਸਰਕਾਰ ਦੇ ਮਾਲੀਏ ਦਾ 0.25 ਫ਼ੀ ਸਦੀ ਹੈ, ਪੁਲਿਸ ਵਾਲੇ ਅਧਿਕਾਰ ਹਨ, ਇਹ ਸਾਰਾ ਕੁਝ ਹੈ। ਇਸ ਲਈ ਇਹ ਜਮਹੂਰੀਅਤ ਦੇ ਕੁਚੱਜੇ ਕਾਰੋਬਾਰ ਨੂੰ ਪਾਸੇ ਕਰਨ ਦਾ ਢੰਗ ਹੈ।
ਸਾਗਰਿਕਾ ਘੋਸ਼: ਫੋਰਡ ਤੋਂ ਫੰਡ ਲੈਣ ਵਾਲੀਆਂ ਐੱਨ ਜੀ ਓ, ਧਨਾਢ ਐੱਨ ਜੀ ਓ ਅਤੇ ਹਿੰਦੂ ਅਵਾਮ ਦੀਆਂ ਜਥੇਬੰਦੀਆਂ ਦਾ ਗੱਠਜੋੜ ਦਿਲਚਸਪ ਹੈ। ਇੱਥੇ ਤੁਸੀਂ ਅਜਿਹਾ ਗੱਠਜੋੜ ਦੇਖਦੇ ਹੋ ਅਤੇ ਇਹੀ ਤੁਹਾਨੂੰ ਪ੍ਰੇਸ਼ਾਨ ਕਰ ਰਿਹਾ ਹੈ।
ਅਰੁੰਧਤੀ ਰਾਏ: ਬਿਲਕੁਲ, ਅਤੇ ਜਦੋਂ ਤੁਸੀਂ ਸੰਸਾਰ ਬੈਂਕ ਦੇ ਏਜੰਡੇ ਬਾਰੇ ਵਿਚਾਰ ਕਰਦੇ ਹੋ, ਇਸ ਵਿਚ 600 ਭ੍ਰਿਸ਼ਟਾਚਾਰ ਵਿਰੋਧੀ ਯੋਜਨਾਵਾਂ ਅਤੇ ਪ੍ਰਾਜੈਕਟ ਹਨ। ਜੋ ਕੁਝ ਇਹ ਕਹਿੰਦਾ ਹੈ, ਜਿਸ ਵਿਚ ਇਸ ਦਾ ਵਿਸ਼ਵਾਸ ਹੈ, ਉਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਇੱਥੇ ਕੀ ਹੋ ਰਿਹਾ ਹੈ।
ਸਾਗਰਿਕਾ ਘੋਸ਼: ਹੋ ਕੀ ਰਿਹਾ ਹੈ, ਜ਼ਰਾ ਦੱਸੋ?
ਅਰੁੰਧਤੀ ਰਾਏ: ਮੈਂ ਜੋ ਕਿਹਾ ਹੈ, ਕਿ ਜਦੋਂ ਤੁਸੀਂ ਸਰਕਾਰਾਂ, ਸਿਆਸਤਦਾਨਾਂ ਬਾਰੇ ਜਾਣਦੇ ਹੋ ਤਾਂ ਸਰਕਾਰੀ ਅਫ਼ਸਰਾਂ ਦੇ ਭ੍ਰਿਸ਼ਟਾਚਾਰ ‘ਤੇ ਕੇਂਦਰਤ ਕਰਨਾ ਅਤੇ ਵਿਸ਼ਾਲ ਕਾਰਪੋਰੇਟ ਦੁਨੀਆਂ, ਮੀਡੀਆ, ਐੱਨ ਜੀ ਓ ਨੂੰ ਛੱਡਣਾ ਬੰਦ ਕਰੋ ਜਿਨ੍ਹਾਂ ਨੇ ਬਿਜਲੀ, ਪਾਣੀ, ਖਾਣਾਂ, ਸਿਹਤ, ਇਸ ਤਰ੍ਹਾਂ ਦੇ ਸਾਰੇ ਰਵਾਇਤੀ ਕੰਮ ਸਾਂਭ ਲਏ ਹਨ। ਇਕ ‘ਤੇ ਕੇਂਦਰਤ ਕੀਤਾ ਜਾਵੇ ਅਤੇ ਦੂਜੇ ਉੱਤੇ ਕਿਓਂ ਨਹੀਂ? ਮੈਂ ਸਮਝਦੀ ਹਾਂ ਇਹ ਬਹੁਤ, ਬਹੁਤ ਵੱਡੀ ਸਮੱਸਿਆ ਹੈ।
ਸਾਗਰਿਕਾ ਘੋਸ਼: ਸੋ ਇਹ ਨਾਮਵਰ ਅਤੇ ਸਹੂਲਤਾਂ ਮਾਣਦੇ ਲੋਕਾਂ ਦੀ ਰੋਸ ਲਹਿਰ ਸੀ। ਅਰੁੰਧਤੀ ਰਾਏ ਸਾਡੇ ‘ਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ।

ਸੀ ਐੱਨ ਐੱਨ–ਆਈ ਬੀ ਐੱਨ ਟੀ ਵੀ ਚੈਨਲ ਨਾਲ ਇੰਟਰਵਿਊ, 31 ਅਗਸਤ 2011, http://www.ibnlive.com

Advertisements
 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s

 
%d bloggers like this: